ਰਾਗ ਬਸੰਤੁ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਬਸੰਤੁ
ਬਸੰਤੁ ਮਹਲਾ ੯ ॥
ਪਾਪੀ ਹੀਐ ਮੈ ਕਾਮੁ ਬਸਾਇ ॥
ਮਨੁ ਚੰਚਲੁ ਯਾ ਤੇ ਗਹਿਓ ਨ ਜਾਇ ॥੧॥ ਰਹਾਉ ॥
ਜੋਗੀ ਜੰਗਮ ਅਰੁ ਸੰਨਿਆਸ ॥
ਸਭ ਹੀ ਪਰਿ ਡਾਰੀ ਇਹ ਫਾਸ ॥੧॥
ਜਿਹਿ ਜਿਹਿ ਹਰਿ ਕੋ ਨਾਮੁ ਸਮਾਰਿ ॥
ਤੇ ਭਵ ਸਾਗਰ ਉਤਰੇ ਪਾਰਿ ॥੨॥
ਜਨ ਨਾਨਕ ਹਰਿ ਕੀ ਸਰਨਾਇ ॥
ਦੀਜੈ ਨਾਮੁ ਰਹੈ ਗੁਨ ਗਾਇ ॥੩॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੮੬)
ਭਾਵਾਰਥ-
ਪਾਪੀ (ਵਿਅਕਤੀ ਆਪਣੇ) ਹਿਰਦੇ ਵਿਚ ਕਾਮ (ਵਿਕਾਰ) ਨੂੰ ਵਸਾਉਂਦਾ ਹੈ। ਇਸ ਕਰਕੇ ਚੰਚਲ ਮਨ ਕਾਬੂ ਨਹੀਂ ਹੁੰਦਾ ।੧ ।ਰਹਾਉ। ਜੋਗੀ, ਜੰਗਮ ਅਤੇ ਸੰਨਿਆਸੀ, ਸਭ ਉਪਰ (ਕਾਮ ਨੇ) ਫਾਹੀ ਪਾਈ ਹੋਈ ਹੈ ।੧। ਜਿਸ ਜਿਸ ਨੇ ਹਰਿ ਦੇ ਨਾਮ ਨੂੰ ਚੇਤੇ ਕੀਤਾ ਹੈ, ਉਹ ਭਵ-ਸਾਗਰ ਤੋਂ ਪਾਰ ਉਤਰ ਗਿਆ ਹੈ ।੨। ਦਾਸ ਨਾਨਕ ਹਰਿ ਦੀ ਸ਼ਰਣ ਵਿਚ ਪਿਆ ਹੈ (ਅਤੇ ਯਾਚਨਾ ਕਰਦਾ ਹੈ ਕਿ ਮੈਨੂੰ) ਨਾਮ ਪ੍ਰਦਾਨ ਕਰੋ, (ਤਾਂ ਜੋ ਤੇਰਾ) ਗੁਣ-ਗਾਨ ਕਰਦਾ ਰਹਾਂ ।੩ ।੨।
ਥਾਟ ——————————- ਬਿਲਾਵਲ
ਵਾਦੀ ——————————- ਸ਼ਤ੍ਰਜ
ਸੰਵਾਦੀ —————————— ‘ਮ’ ਮਾਧਿਅਮ
ਜਾਤੀ —————————— ਔੜਵ-ਸੰਪੂਰਨ
ਆਰੋਹ —————————— ਸ ਗ ਮ, ਧ ਨੀ ਸਂ
ਅਵਰੋਹ —————————— ਸਂ ਨੀ ਧ ਪ ਮ, ਗ ਰੇ ਸ

ਬਸੰਤੁ ਮਹਲਾ ੯ ॥
ਮਾਈ ਮੈ ਧਨੁ ਪਾਇਓ ਹਰਿ ਨਾਮੁ ॥
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੇ ਬਿਸਰਾਮੁ ॥੧॥ ਰਹਾਉ ॥
ਮਾਇਆ ਮਮਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨੁ ॥
ਲੋਭ ਮੋਹ ਏਹ ਪਰਸਿ ਨ ਸਾਕੈ ਗਹੀ ਭਗਤਿ ਭਗਵਾਨ ॥੧॥
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥
ਤ੍ਰਿਸਨਾ ਸਕਲ ਬਿਨਾਸੀ ਮਨ ਤੇ ਨਿਜ ਸੁਖ ਮਾਹਿ ਸਮਾਇਆ ॥੨॥
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥੩॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੮੬)
ਭਾਵਾਰਥ-
ਹੇ ਮਾਤਾ! ਮੈਂ ਹਰਿ-ਨਾਮ ਰੂਪ ਧਨ ਪਾ ਲਿਆ ਹੈ। (ਹੁਣ) ਮੇਰਾ ਮਨ ਦੌੜ-ਭਜ ਤੋਂ ਰੁਕ ਗਿਆ ਹੈ ਅਤੇ ਠਿਕਾਣੇ ‘ਤੇ ਸਥਿਤ ਹੋ ਗਿਆ ਹੈ ।੧।ਰਹਾਉ। ਮਾਇਆ ਦੀ ਮਮਤਾ (ਮੇਰੇ) ਤਨ ਤੋਂ ਚਲੀ ਗਈ ਹੈ ਅਤੇ ਨਿਰਮਲ ਗਿਆਨ ਪੈਦਾ ਹੋ ਗਿਆ ਹੈ। ਲੋਭ ਅਤੇ ਮੋਹ, ਇਹ (ਮੈਨੂੰ) ਪੋਹ ਨਹੀਂ ਸਕਦੇ, (ਮੈਂ) ਪ੍ਰਭੂ ਦੀ ਭਗਤੀ ਗ੍ਰਹਿਣ ਕਰ ਲਈ ਹੈ।੧। ਜਦ (ਮੈਂ) ਨਾਮ ਰੂਪ ਰਤਨ ਪਾ ਲਿਆ, (ਤਾਂ) ਜਨਮ-ਜਨਮਾਂਤਰਾਂ ਦਾ ਸੰਸ਼ਾ ਦੂਰ ਹੋ ਗਿਆ ਹੈ। ਮਨ ਤੋਂ ਸਭ ਤਰ੍ਹਾਂ ਦੀ ਤ੍ਰਿਸ਼ਣਾ ਨਸ਼ਟ ਹੋ ਗਈ ਹੈ (ਅਤੇ ਮੇਰਾ ਮਨ ਆਪਣੇ) ਆਤਮਿਕ ਸੁਖ ਵਿਚ ਸਮਾ ਗਿਆ ਹੈ।੨। ਜਿਸ ਉਪਰ ਕ੍ਰਿਪਾ-ਨਿਧਾਨ (ਪ੍ਰਭੂ) ਦਿਆਲ ਹੁੰਦਾ ਹੈ, ਉਹ ਗੋਬਿੰਦ ਦੇ ਗੁਣਾਂ ਦਾ ਗਾਇਨ ਕਰਦਾ ਹੈ। ਨਾਨਕ ਦਾ ਕਥਨ ਹੈ ਕਿ ਇਸ ਤਰ੍ਹਾਂ ਦੀ (ਨਾਮ ਰੂਪ) ਸੰਪੱਤੀ ਕੋਈ ਗੁਰਮੁਖ ਹੀ ਪ੍ਰਾਪਤ ਕਰਦਾ ਹੈ ।੩।੩।

ਬਸੰਤੁ ਮਹਲਾ ੯ ॥
ਮਨ ਕਹਾ ਬਿਸਾਰਿਓ ਰਾਮ ਨਾਮੁ ॥
ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥੧॥ ਰਹਾਉ ॥
ਇਹੁ ਜਗੁ ਧੂਏ ਕਾ ਪਹਾਰ ॥
ਤੈ ਸਾਚਾ ਮਾਨਿਆ ਕਿਹ ਬਿਚਾਰਿ ॥੧॥
ਧਨੁ ਦਾਰਾ ਸੰਪਤਿ ਗ੍ਰੇਹ ॥
ਕਛੁ ਸੰਗਿ ਨ ਚਾਲੈ ਸਮਝ ਲੇਹ ॥੨॥
ਇਕ ਭਗਤਿ ਨਾਰਾਇਨ ਹੋਇ ਸੰਗਿ ॥
ਕਹੁ ਨਾਨਕ ਭਜੁ ਤਿਹ ਏਕ ਰੰਗਿ ॥੩॥੪॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੮੬)
ਭਾਵਾਰਥ-
ਹੇ ਮਨ! (ਤੂੰ) ਰਾਮ-ਨਾਮ ਕਿਉਂ ਭੁਲਾ ਦਿੱਤਾ ਹੈ ? ਸ਼ਰੀਰ ਦੇ ਨਸ਼ਟ ਹੋਣ ਨਾਲ ਜਮ ਨਾਲ ਵਾਸਤਾ ਪੈਂਦਾ ਹੈ ।੧ ।ਰਹਾਉ। ਇਹ ਸੰਸਾਰ ਧੂਏਂ ਦੇ ਪਹਾੜ (ਵਰਗਾ) ਹੈ। ਤੂੰ (ਇਸ ਨੂੰ) ਕਿਸ ਵਿਚਾਰ ਕਰਕੇ ਸੱਚਾ ਮੰਨਿਆ ਹੋਇਆ ਹੈ।੧। (ਹੇ ਮਨ। ਚੰਗੀ ਤਰ੍ਹਾਂ) ਸਮਝ ਲੈ ਕਿ ਧਨ, ਇਸਤਰੀ, ਸੰਪੱਤੀ ਅਤੇ ਘਰ- ਬਾਰ ਵਿਚੋਂ ਕੁਝ ਵੀ (ਪਰਲੋਕ ਗਮਨ ਵੇਲੇ) ਨਾਲ ਨਹੀਂ ਚਲਦਾ ।੨ । ਪ੍ਰਭੂ ਦੀ ਇਕ ਭਗਤੀ ਤੇਰੇ ਨਾਲ ਜਾਏਗੀ। ਨਾਨਕ ਦਾ ਕਥਨ ਹੈ ਕਿ (ਤੂੰ) ਪ੍ਰੇਮ-ਸਹਿਤ ਉਸ ਇਕ (ਪਰਮਾਤਮਾ) ਦਾ ਭਜਨ ਕਰ ੩ ॥੪।

ਬਸੰਤੁ ਮਹਲਾ ੯ ॥
ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥
ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥੧॥ ਰਹਾਉ ॥
ਸਮ ਸੁਪਨੈ ਕੈ ਇਹੁ ਜਗੁ ਜਾਨੁ ॥
ਬਿਨਸੈ ਛਿਨ ਮੈ ਸਾਚੀ ਮਾਨੁ ॥੧॥
ਸੰਗਿ ਤੇਰੈ ਹਰਿ ਬਸਤ ਨੀਤ ॥
ਨਿਸ ਬਾਸੁਰ ਭਜੁ ਤਾਹਿ ਮੀਤ ॥੨॥
ਬਾਰ ਅੰਤ ਕੀ ਹੋਇ ਸਹਾਇ ॥
ਕਹੁ ਨਾਨਕ ਗੁਨ ਤਾ ਕੇ ਗਾਇ ॥੩॥੫॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੧੧੮੭)
ਭਾਵਾਰਥ-
ਹੋ (ਜਿਗਿਆਸੂ । ਤੂੰ) ਝੂਠੇ ਲੋਭ ਵਿਚ ਲਗ ਕੇ (ਹਰਿ-ਨਾਮ ਨੂੰ) ਕਿਉਂ ਭੁਲਿਆ ਹੋਇਆ ਹੈ। ਹੁਣ ਵੀ ਜਾਗ ਜਾ (ਕਿਉਂਕਿ ਹਾਲੀ ਤਕ) ਕੁਝ ਵਿਗੜਿਆ ਨਹੀਂ ਹੈ ।੧ ।ਰਹਾਉ। ਇਸ ਜਗਤ ਨੂੰ ਸੁਪਨੇ ਵਰਗਾ ਸਮਝ। (ਇਹ ਗੱਲ) ਸੱਚੀ ਮੰਨ ਲੈ (ਕਿ ਇਹ ਜਗਤ) ਛਿਣ ਭਰ ਵਿਚ ਨਸ਼ਟ ਹੋ ਜਾਂਦਾ ਹੈ ।੧। ਹੇ ਮਿਤਰ ਹਰਿ ਨਿਤ ਤੇਰੇ ਨਾਲ ਵਸਦਾ ਹੈ, ਰਾਤ ਦਿਨ ਉਸ ਨੂੰ ਆਰਾਧਿਆ ਕਰ ।੨। ਅੰਤ ਵੇਲੇ (ਪ੍ਰਭੂ ਹੀ) ਸਹਾਈ ਹੁੰਦਾ ਹੈ। ਨਾਨਕ ਦਾ ਕਥਨ ਹੈ ਕਿ ਉਸ (ਪ੍ਰਭੂ) ਦੇ ਗੁਣਾਂ ਦਾ (ਸਦਾ) ਗਾਇਨ ਕਰਿਆ ਕਰ ।੩ ॥੫॥
