ਰਾਗ ਧਨਾਸਰੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਰਾਗੁ ਧਨਾਸਰੀ
ੴ ਸਤਿਗੁਰ ਪ੍ਰਸਾਦਿ ॥
ਧਨਾਸਰੀ ਮਹਲਾ ੯ ॥
ਕਾਹੇ ਰੇ ਬਨ ਖੋਜਨ ਜਾਈ ॥
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥੧॥ ਰਹਾਉ ॥
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥੧॥
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥੨॥੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੮੪)
ਭਾਵਾਰਥ-
ਹੇ ਜਿਗਿਆਸੂ ! ਤੂੰ) ਕਿਸ ਲਈ ਬਨ ਵਿਚ (ਪ੍ਰਭੂ ਨੂੰ) ਖੋਜਣ ਜਾਂਦਾ ਹੈ ? ਸਰਬਤ੍ਰ ਨਿਵਾਸ ਕਰਨ ਵਾਲਾ ਅਤੇ ਸਦਾ ਨਿਰਲੇਪ ਰਹਿਣ ਵਾਲਾ) ਤੇਰੇ ਨਾਲ ਹੀ ਮੌਜੂਦ ਰਹਿੰਦਾ ਹੈ।੧।ਰਹਾਉ। ਫੁਲ ਵਿਚ ਜਿਵੇਂ ਖ਼ੁਸ਼ਬੂ ਵਸਦੀ ਹੈ ਅਤੇ ਦਰਪਣ (ਮੁਕਰ) ਵਿਚ ਜਿਵੇਂ ਪਰਛਾਈ ਰਹਿੰਦੀ ਹੈ, ਉਸੇ ਤਰ੍ਹਾਂ ਹਰਿ ਨਿਰੰਤਰ (ਸਾਡੇ ਅੰਦਰ) ਵਸ ਰਿਹਾ ਹੈ, (ਉਸ ਨੂੰ) ਹੇ ਭਾਈ! ਸ਼ਰੀਰ ਵਿਚੋਂ ਹੀ ਲੱਭੋ ।੧। ਬਾਹਰ ਅਤੇ ਅੰਦਰ ਇਕੋ (ਪ੍ਰਭੂ) ਨੂੰ ਹੀ ਸਮਝੋ, ਇਹ (ਭੇਦ) ਗੁਰੂ ਦੇ ਗਿਆਨ ਨੇ ਦਸਿਆ ਹੈ। ਨਾਨਕ (ਦਾ ਕਥਨ ਹੈ ਕਿ) ਆਪਣੇ ਆਪ ਨੂੰ ਸਮਝੇ ਬਿਨਾ, (ਮਨ ਤੋਂ) ਭਰਮ ਦੀ ਕਾਈ ਨਹੀਂ ਮਿਟਦੀ ।੨ ।੧।

ਧਨਾਸਰੀ ਮਹਲਾ ੯ ॥
ਸਾਧੋ ਇਹੁ ਜਗੁ ਭਰਮ ਭੁਲਾਨਾ ॥
ਰਾਮ ਨਾਮ ਕਾ ਸਿਮਰਨੁ ਛੋਡਿਆ ਮਾਇਆ ਹਾਥਿ ਬਿਕਾਨਾ ॥੧॥ ਰਹਾਉ ॥
ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥੧॥
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥੨॥੨॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੮੪)
ਭਾਵਾਰਥ-
ਹੇ ਸਾਧ-ਪੁਰਸ਼ੋ! ਇਹ ਜਗਤ (ਮਾਇਆ ਦੇ) ਭਰਮ ਵਿਚ ਭੁਲਿਆ ਹੋਇਆ ਹੈ। (ਇਸ ਕਰਕੇ ਇਸ ਨੇ) ਰਾਮ ਦੇ ਨਾਮ ਦਾ ਸਿਮਰਨ ਛਡ ਦਿੱਤਾ ਹੈ ਅਤੇ ਮਾਇਆ ਦੇ ਹੱਥ ਵਿਕ ਗਿਆ ਹੈ ।੧ ।ਰਹਾਉ। (ਇਹ ਜਗਤ) ਮਾਤਾ, ਪਿਤਾ, ਭਰਾ, ਪੁੱਤਰ ਅਤੇ ਇਸਤਰੀ ਦੇ (ਮੋਹ-) ਰਸ ਵਿਚ ਲਿਪਟਿਆ ਹੋਇਆ ਹੈ। ਜੋਬਨ, ਧਨ, ਐਸ਼ਵਰਜ ਦੇ ਨਸ਼ੇ ਵਿਚ ਦਿਨ ਰਾਤ ਦੀਵਾਨਾ ਹੋਇਆ ਰਹਿੰਦਾ ਹੈ ।੧ । ਦੀਨਾਂ ਉਪਰ ਦਇਆ ਕਰਨ ਵਾਲੇ ਅਤੇ ਦੁਖਾਂ ਨੂੰ ਖ਼ਤਮ ਕਰਨ ਵਾਲੇ ਉਸ (ਪ੍ਰਭੂ) ਨਾਲ (ਇਸ ਜਗਤ ਨੇ) ਮਨ ਨਹੀਂ ਲਗਾਇਆ। ਦਾਸ ਨਾਨਕ (ਦਾ ਕਥਨ ਹੈ ਕਿ) ਕਰੋੜਾਂ ਵਿਚੋਂ ਕਿਸੇ (ਵਿਰਲੇ) ਨੇ ਗੁਰੂ ਦੇ ਉਪਦੇਸ਼ ਰਾਹੀਂ (ਇਸ ਪ੍ਰਭੂ ਨੂੰ) ਪਛਾਣਿਆ ਹੈ ।੨।੨।

ਧਨਾਸਰੀ ਮਹਲਾ ੯ ॥
ਤਿਹ ਜੋਗੀ ਕਉ ਜੁਗਤਿ ਨ ਜਾਨਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਜਿਹ ਘਟਿ ਮਾਹਿ ਪਛਾਨਉ ॥੧॥ ਰਹਾਉ ॥
ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ ॥
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥੧॥
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥੨॥੩॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੮੫)
ਭਾਵਾਰਥ-
ਜਿਸ (ਜੋਗੀ) ਦੇ ਹਿਰਦੇ ਵਿਚ ਲੋਭ, ਮਾਇਆ ਦਾ ਮੋਹ ਅਤੇ ਮਮਤਾ ਵੇਖਦੇ ਹੋ, ਉਸ ਯੋਗੀ ਨੂੰ ਸਮਝੋ ਕਿ ਜੀਵਨ ਦੀ (ਸਹੀ) ਜੁਗਤ ਦਾ ਬੋਧ ਨਹੀਂ ਹੈ ।੧।ਰਹਾਉ। ਜਿਸ ਦੇ (ਹਿਰਦੇ ਵਿਚ) ਪਰਾਈ ਨਿੰਦਿਆ ਅਤੇ ਉਸਤਤ ਨਹੀਂ ਹੈ ਅਤੇ ਜੋ ਸੋਨੇ ਤੇ ਲੋਹੇ ਨੂੰ ਸਮਾਨ ਸਮਝਦਾ ਹੈ, ਖ਼ੁਸ਼ੀ ਅਤੇ ਗ਼ਮੀ ਤੋਂ ਦੂਰ ਰਹਿੰਦਾ ਹੈ, ਉਸੇ ਨੂੰ ਹੀ (ਸਹੀ) ਜੋਗੀ ਆਖੋ ।੧। ਚੰਚਲ ਮਨ ਦਸਾਂ ਦਿਸ਼ਾਵਾਂ ਨੂੰ ਦੌੜਦਾ ਹੈ । ਜਿਸ ਨੇ (ਇਸ ਨੂੰ) ਸਥਿਰ ਕਰਕੇ ਟਿਕਾ ਲਿਆ ਹੈ, ਨਾਨਕ ਦਾ ਕਥਨ ਹੈ ਕਿ ਇਸ ਢੰਗ ਦਾ ਜੋ ਮਨੁੱਖ ਹੈ, ਉਸ ਨੂੰ ਤੁਸੀਂ ਮੁਕਤ ਹੋਇਆ ਸਮਝੋ ।੨ ।੩।

ਧਨਾਸਰੀ ਮਹਲਾ ੯ ॥
ਅਬ ਮੈ ਕਉਨੁ ਉਪਾਉ ਕਰਉ ॥
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥੧॥ ਰਹਾਉ ॥
ਜਨਮੁ ਪਾਇ ਕਛੁ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥
ਮਨ ਬਚ ਕ੍ਰਮ ਹਰਿ ਗੁਨ ਨਹੀ ਗਾਏ ਯਹ ਜੀਅ ਸੋਚ ਧਰਉ ॥੧॥
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥੨॥੪॥੯॥੯॥੧੩॥੫੮॥੪॥੯੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੬੮੫)
ਭਾਵਾਰਥ-
(ਹੇ ਪਿਆਰਿਓ!) ਹੁਣ ਮੈਂ ਕਿਹੜਾ ਉਪਾ ਕਰਾਂ ਜਿਸ ਢੰਗ ਨਾਲ ਮਨ ਦਾ ਸੰਸ਼ਾ ਦੂਰ ਹੋ ਜਾਏ ਅਤੇ ਭਵ-ਸਾਗਰ ਤੋਂ ਪਾਰ ਹੋ ਜਾਵਾਂ ।੧ ।ਰਹਾਉ। (ਮੈਂ ਮਨੁੱਖ) ਜਨਮ ਪ੍ਰਾਪਤ ਕਰਕੇ ਕੋਈ ਭਲਾ (ਕੰਮ) ਨਹੀਂ ਕੀਤਾ, ਇਸ ਕਰਕੇ ਬਹੁਤ ਡਰਦਾ ਹਾਂ। (ਮੈਂ) ਮਨ, ਬਚਨ ਅਤੇ ਕਰਮ ਦੁਆਰਾ ਹਰਿ ਦੇ ਗੁਣਾਂ ਦਾ ਗਾਇਨ ਨਹੀਂ ਕੀਤਾ, ਇਹ ਸੋਚ ਮੇਰੇ ਹਿਰਦੇ ਵਿਚ ਪਈ ਹੋਈ ਹੈ ।੧। ਗੁਰੂ ਦੀ ਮਤਿ ਸੁਣ ਕੇ (ਮੇਰੇ ਮਨ ਵਿਚ) ਕੁਝ ਗਿਆਨ ਪੈਦਾ ਨਹੀਂ ਹੋਇਆ, (ਮੈਂ) ਪਸ਼ੂ ਵਾਂਗ ਪੇਟ ਭਰਦਾ ਰਿਹਾ। ਨਾਨਕ ਦਾ ਕਥਨ ਹੈ ਕਿ ਹੇ ਪ੍ਰਭੂ! (ਤੁਸੀਂ ਆਪਣੀ) ਪਰੰਪਰਾਗਤ ਮਰਯਾਦਾ ਪਛਾਣੋ, ਤਾਂ ਮੈਂ ਪਤਿਤ ਤਰ ਸਕਦਾ ਹਾਂ ।੨। ੪। ੯। ੯। ੧੩। ੫੮।੪। ੯੩।
