ਪ੍ਰਸੰਗ ੯ : ਮੁਕਰਾਮਪੁਰ – ਉਹ ਪਵਿੱਤਰ ਥਾਂ ਜਿੱਥੇ ਚਮੜੀ ਦੇ ਰੋਗ ਮਿਟ ਜਾਂਦੇ ਹਨ
(ਸਫ਼ਰ-ਏ-ਪਾਤਸ਼ਾਹੀ ਨੌਵੀਂ – ਸ਼ਹੀਦੀ ਮਾਰਗ ਯਾਤਰਾ)
ਬੈਕਗ੍ਰਾਊੱਡ ਮਿਊਜ਼ਿਕ: (ਹੌਲੀ, ਰੁਹਾਨੀ ਲਹਿਰ; ਜਿਵੇਂ ਇਤਿਹਾਸ ਦੀਆਂ ਪਰਤਾਂ ਆਪ ਹੀ ਖੁਲਦੀਆਂ ਜਾਣ।)
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪੁਨਿਤ ਸ਼ਹੀਦੀ ਮਾਰਗ ’ਤੇ ਸਥਿਤ ਮੁਕਰਾਮਪੁਰ ਪਿੰਡ, ਸਦਾਵਰਤ- ਰੂਪੜ ਤੋਂ ਲਗਭਗ ਪੈਂਹਠ ਕਿਲੋਮੀਟਰ ਦੀ ਦੂਰੀ ’ਤੇ ਇੱਕ ਬਹੁਤ ਹੀ ਮਹੱਤਵਪੂਰਨ ਇਤਿਹਾਸਕ ਠਿਕਾਣਾ ਹੈ। ਇਸ ਥਾਂ ਤੱਕ ਪਹੁੰਚਣ ਲਈ ਦੋ ਮੁੱਖ ਮਾਰਗ ਵਰਤੇ ਜਾਂਦੇ ਹਨ- ਇੱਕ ਚੰਡੀਗੜ੍ਹ ਤੋਂ ਲਾਂਡਰਾ ਰਾਹੀਂ ਅਤੇ ਦੂਜਾ ਫਤਹਿਗੜ੍ਹ ਸਾਹਿਬ ਦੀ ਮੁੱਖ ਸੜਕ ਤੋਂ ਚੁੰਨੀ ਰੋਡ ਵੱਲ ਜਾਂਦਾ ਹੈ। ਸਥਾਨਕ ਸੰਗਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਹ ਵਿੱਚ ਵੱਡੀਆਂ-ਵੱਡੀਆਂ ਤਖਤੀਆਂ ਲਗਾਈਆਂ ਹਨ, ਜਿਨ੍ਹਾਂ ’ਤੇ ਸਪਸ਼ਟ ਲਿਖਿਆ ਹੈ ਕਿ ਇਹ ਉਹੀ ਪਵਿੱਤਰ ਰਸਤਾ ਹੈ ਜਿਸ ਰਾਹੀਂ ਗੁਰੂ ਪਾਤਸ਼ਾਹ ਜੀ ਆਪਣੀ ਅਮਰ ਸ਼ਹੀਦੀ ਲਈ ਦਿੱਲੀ ਵੱਲ ਪ੍ਰਸਥਾਨ ਕਰ ਰਹੇ ਸਨ।
ਪਿੰਡ ਵਿੱਚ ਦਾਖ਼ਲ ਹੋਣ ਨਾਲ ਹੀ ਵਾਤਾਵਰਨ ਵਿੱਚ ਇੱਕ ਠਹਿਰਾਓ, ਸ਼ਾਂਤੀ ਅਤੇ ਰੁਹਾਨੀ ਆਭਾ ਮਹਿਸੂਸ ਹੁੰਦੀ ਹੈ। ਜਿਵੇਂ ਹੀ ਅੱਗੇ ਵੱਧਦੇ ਹਾਂ, ਗੁਰਦੁਆਰਾ ਸਾਹਿਬ ਦੀ ਭਵਯ ਇਮਾਰਤ ਦਰਸ਼ਨ ਦਿੰਦੀ ਹੈ, ਜੋ ਆਪਣੀ ਸਾਦਗੀ – ਸੁੰਦਰਤਾ, ਵਿਰਲੈ ਸ਼ਿਲਪ ਅਤੇ ਗੰਭੀਰ ਰੂਹਾਨੀ ਪ੍ਰਸੰਨਤਾ ਨਾਲ ਮਨ ਵਿਚ ਗਹਿਰਾ ਸਤਿਕਾਰ ਜਗਾਉਂਦੀ ਹੈ। ਸਾਡੀ ਟੀਮ ਨੇ ਗੁਰਦੁਆਰੇ ਵਿੱਚ ਪ੍ਰਵੇਸ਼ ਕਰਕੇ ਨਿਮਰਤਾ ਨਾਲ ਮੱਥਾ ਟੇਕਿਆ ਅਤੇ ਉਸ ਵਾਹਿਗੁਰੂ ਦੀ ਕਿਰਪਾ ਨੂੰ ਅਪਨੇ ਅੰਦਰ ਮਹਿਸੂਸ ਕੀਤਾ ਜੋ ਅੱਜ ਵੀ ਇਸ ਧਰਤੀ ਦੇ ਕਣ-ਕਣ ਵਿੱਚ ਵਸਦੀ ਆ ਰਹੀ ਹੈ।
ਬੈਕਗ੍ਰਾਊੱਡ ਮਿਊਜ਼ਿਕ: (ਪਿਛੋਕੜ ਵਿੱਚ ਹੌਲੀ, ਰੁਹਾਨੀ ਧੁਨ; ਗੁਰੂ-ਸਿਮਰਣ ਨੂੰ ਜਗਾਉਂਦੀ ਹੋਈ।)
ਗੁਰਦੁਆਰੇ ਨਾਲ ਲੱਗਦਾ ਪਵਿੱਤਰ ਸਰੋਵਰ ਇਸ ਥਾਂ ਦੀ ਰੁਹਾਨੀ ਮਹੱਤਤਾ ਨੂੰ ਹੋਰ ਵਧਾ ਦਿੰਦਾ ਹੈ। ਸਰੋਵਰ ਦੀ ਬਣਾਵਟ ਬਹੁਤ ਹੀ ਸੁੰਦਰ, ਸੰਤੁਲਿਤ ਅਤੇ ਆਕਰਸ਼ਕ ਹੈ। ਇਸ ਦੀ ਸੁੱਚਤਾ ਨੂੰ ਦੇਖ ਕੇ ਇਹ ਸਪਸ਼ਟ ਹੁੰਦਾ ਹੈ ਕਿ ਸਥਾਨਕ ਸੇਵਾਦਾਰ ਗੁਰੂ-ਘਰ ਦੀ ਸੇਵਾ ਬੜੀ ਲਗਨ ਨਾਲ ਕਰ ਰਹੇ ਹਨ। ਇੱਥੇ ਪਹੁੰਚਣ ਵਾਲੀ ਸੰਗਤ ਅਰਦਾਸ ਕਰਦੀ ਹੈ, ਕੜਾਹ ਪ੍ਰਸਾਦ ਦੀ ਦੇਗ ਕਰਵਾਉਂਦੀ ਹੈ ਅਤੇ ਸਰੋਵਰ ਦੇ ਪਵਿੱਤਰ ਜਲ ਵਿੱਚ ਇਸ਼ਨਾਨ ਕਰਕੇ ਮਨ ਤੇ ਤਨ ਦੀ ਪਵਿੱਤਰਤਾ ਦਾ ਅਨੁਭਵ ਕਰਦੀ ਹੈ। ਗੁਰਦੁਆਰੇ ਵਿੱਚ ਲੱਗਿਆ ਇਤਿਹਾਸਕ ਪੱਟਾ ਇਸ ਥਾਂ ਦੀ ਪ੍ਰਮਾਣਿਕਤਾ ਦਾ ਮਹੱਤਵਪੂਰਨ ਸਬੂਤ ਹੈ, ਜਿਸ ਨੂੰ ਦੇਖ ਕੇ ਮਨ ਉਸ ਯੁੱਗ ਵੱਲ ਮੁੜ ਜਾਂਦਾ ਹੈ ਜਦ ਗੁਰੂ-ਪਰੰਪਰਾ ਦੇ ਪਵਿੱਤਰ ਚਰਨ ਇਨ੍ਹਾਂ ਧਰਤੀਆਂ ਨੂੰ ਚਰਨ-ਰਾਜ ਦਿੰਦੇ ਸਨ।
ਬੈਕਗ੍ਰਾਊੱਡ ਮਿਊਜ਼ਿਕ: (ਹੌਲੀ, ਗੰਭੀਰ ਧੁਨ; ਜਿਵੇਂ ਇਤਿਹਾਸ ਆਪ ਆਪਣੀ ਕਹਾਣੀ ਕਹਿ ਰਿਹਾ ਹੋਵੇ।)
ਇਸ ਪਿੰਡ ਦਾ ਇਤਿਹਾਸ ਸਥਾਨਕ ਬਜ਼ੁਰਗਾਂ ਦੀਆਂ ਯਾਦਾਂ ਵਿੱਚ ਵੀ ਉਤਨਾ ਹੀ ਜੀਵੰਤ ਹੈ। ਉਹ ਦੱਸਦੇ ਹਨ ਕਿ ਜਿਹੜੇ ਰਸਤੇ ਰਾਹੀਂ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਸ਼ਹੀਦੀ ਯਾਤਰਾ ’ਤੇ ਜਾ ਰਹੇ ਸਨ, ਉਹ ਰਸਤਾ ਪਹਿਲਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਚਰਨ-ਕਮਲਾਂ ਨਾਲ ਪਵਿੱਤਰ ਹੋ ਚੁੱਕਾ ਸੀ। ਕੀਰਤਪੁਰ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸਿੱਖੀ ਦੀ ਜੋਤ ਪਹਿਲਾਂ ਹੀ ਪ੍ਰਕਾਸ਼ਿਤ ਹੋ ਚੁੱਕੀ ਸੀ ਅਤੇ ਗੁਰੂ ਤੇਗ ਬਹਾਦੁਰ ਸਾਹਿਬ ਜੀ ਉਹੀ ਥਾਵਾਂ ਰੋਹਣੀ ਕਰਦੇ ਸਨ, ਜਿੱਥੇ ਸੰਗਤ ਦਾ ਪਿਆਰ ਤੇ ਸਤਿਕਾਰ ਉਨ੍ਹਾਂ ਦੀ ਪ੍ਰਤੀਖਿਆ ਕਰਦਾ ਸੀ। ਇਸੇ ਕਰਕੇ ਇਹ ਪਵਿੱਤਰ ਧਰਤੀ ਉਨ੍ਹਾਂ ਦੇ ਪੜਾਵ ਦੀ ਥਾੰ ਬਣੀ ਅਤੇ ਸੰਗਤ ਨੇ ਗੁਰੂ ਦਰਸ਼ਨ ਦਾ ਵਿਰਲਾ ਮੌਕਾ ਪ੍ਰਾਪਤ ਕੀਤਾ।
ਪ੍ਰਸਿੱਧ ਇਤਿਹਾਸਕਾਰ ਡਾ. ਭਗਵਾਨ ਸਿੰਘ ‘ਖੋਜੀ’ ਦੱਸਦੇ ਹਨ ਕਿ ਜਦ ਗੁਰੂ ਤੇਗ ਬਹਾਦੁਰ ਸਾਹਿਬ ਜੀ ਪਟਨਾ ਸਾਹਿਬ ਤੋਂ ਅਨੰਦਪੁਰ ਸਾਹਿਬ ਵੱਲ ਪਰਤ ਰਹੇ ਸਨ, ਉਸੇ ਸਮੇਂ ਬਾਲ ਗੋਵਿੰਦ ਰਾਇ ਜੀ- ਜੋ ਅੱਗੇ ਚਲ ਕੇ ਧੰਨ-ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਹੋਏ- ਵੀ ਇਸ ਪਿੰਡ ਵਿੱਚ ਪਹੁੰਚੇ ਸਨ। ਉਸ ਸਮੇਂ ਬਾਲ ਗੋਵਿੰਦ ਰਾਇ ਦੀ ਉਮਰ ਕੇਵਲ ਸੱਤ ਵਰ੍ਹੇ ਦੀ ਸੀ। ਔਹ ਸਮਾਂ ਸੰਕਟਮਈ ਸੀ, ਇਸ ਲਈ ਗੁਰੂ-ਪਰੀਵਾਰ ਉਹੀ ਥਾਵਾਂ ਤੇ ਪੜਾਵ ਕਰਦੇ ਸਨ ਜਿੱਥੇ ਸੁਰੱਖਿਆ ਅਤੇ ਭਰੋਸਾ ਮੌਜੂਦ ਹੋਵੇ। ਇਸ ਤਰ੍ਹਾਂ ਮੁਕਰਾਮਪੁਰ ਗੁਰੂ-ਯਾਤਰਾ ਦਾ ਇੱਕ ਮਹੱਤਵਪੂਰਨ ਕੇਂਦਰ ਬਣਿਆ।
ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਜਦ ਧਰਮ ਦੀ ਰੱਖਿਆ ਲਈ ਆਪਣਾ ਸੀਸ਼ ਅਰਪਣ ਕਰਨ ਦਿੱਲੀ ਵੱਲ ਅੱਗੇ ਵਧ ਰਹੇ ਸਨ, ਉਹ ਇਸੇ ਮਾਰਗ ਰਾਹੀਂ ਵੱਖ-ਵੱਖ ਪਿੰਡਾਂ ਅਤੇ ਨਗਰਾਂ ਵਿੱਚ ਰੁਕ ਕੇ ਸੰਗਤ ਨੂੰ ਉਪਦੇਸ਼ ਦਿੰਦੇ ਗਏ। ਜੇ ਆਧੁਨਿਕ ਮਾਪੇ ਅਨੁਸਾਰ ਦੇਖਿਆ ਜਾਵੇ, ਤਾਂ ਇੱਕ ਮਨੁੱਖ ਪ੍ਰਤੀ ਘੰਟਾ ਲਗਭਗ ਅੱਠ ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਦਾ ਹੈ; ਇਸ ਤਰ੍ਹਾਂ ਸਦਾਵਰਤ ਤੋਂ ਮੁਕਰਾਮਪੁਰ ਤਕ ਪਹੁੰਚਣ ਵਿੱਚ 13-14 ਘੰਟੇ ਲੱਗਦੇ ਹੋਣਗੇ। ਇਹ ਵੀ ਸੰਭਵ ਹੈ ਕਿ ਗੁਰੂ ਸਾਹਿਬ ਨੇ ਰਸਤੇ ਵਿੱਚ ਕਈ ਹੋਰ ਥਾਵਾਂ ਪੜਾਵ ਕੀਤਾ ਹੋਵੇ-ਇਹ ਅਜੇ ਵੀ ਖੋਜ ਦਾ ਵਿਸ਼ਾ ਹੈ।
ਗੁਰਦੁਆਰਾ ਪ੍ਰਬੰਧਕ ਕਮੇਟੀ, ਸਥਾਨਕ ਬਜ਼ੁਰਗਾਂ, ਗ੍ਰੰਥੀ ਸਿੰਘ ਅਤੇ ਸੰਗਤ ਦੀ ਮੌਖਿਕ ਪਰੰਪਰਾ- ਇਹ ਸਭ ਮਿਲ ਕੇ ਇਸ ਪਿੰਡ ਦੇ ਇਤਿਹਾਸ ਨੂੰ ਪੂਰਨਤਾ ਦਿੰਦੇ ਹਨ। ਇਤਿਹਾਸ ਦਾ ਇੱਕ ਹਿੱਸਾ ਦਸਤਾਵੇਜ਼ਾਂ ਵਿੱਚ ਦਰਜ ਰਹਿੰਦਾ ਹੈ ਅਤੇ ਦੂਜਾ ਲੋਕ-ਸਮਰਣ ਵਿੱਚ ਜੀਊਂਦਾ ਰਹਿੰਦਾ ਹੈ। ਮੁਕਰਾਮਪੁਰ ਵਿੱਚ ਇਹ ਦੋਵੇਂ ਧਾਰਾਵਾਂ ਇਕੱਠੇ ਵਗਦੀਆਂ ਹਨ, ਇਸ ਥਾਂ ਨੂੰ ਕੇਵਲ ਇੱਕ ਇਤਿਹਾਸਕ ਸਥਾਨ ਨਹੀਂ, ਸਗੋਂ ਗੁਰੂ ਪਾਤਸ਼ਾਹ ਦੀ ਤਪੱਸਿਆ ਨਾਲ ਪਵਿੱਤਰ ਹੋਈ ਰੁਹਾਨੀ ਧਰਤੀ ਬਣਾਉਂਦੀਆਂ ਹਨ।
ਮੁਕਰਾਮਪੁਰ ਦੇ ਬਜ਼ੁਰਗ ਵੱਲੋਂ ਸੁਣਾਇਆ ਗਿਆ ਜੀਵੰਤ ਇਤਿਹਾਸ
ਇਸ ਪਿੰਡ ਮੁਕਰਾਮਪੁਰ ਦੇ ਇੱਕ ਮਾਣਯੋਗ ਬਜ਼ੁਰਗ, ਸਰਦਾਰ ਜੋਰਾ ਸਿੰਘ- ਜੋ ਇਸੇ ਪਿੰਡ ਦੇ ਵਸਨੀਕ ਅਤੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ- ਵੱਡੇ ਨਿਮਰ ਭਾਵ ਨਾਲ ਇਤਿਹਾਸ ਦਾ ਵਰਣਨ ਕਰਦੇ ਹਨ। ਉਹ ਕਹਿੰਦੇ ਹਨ-
“ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ। ਜਦੋਂ ਅਸੀਂ ਇਸ ਥਾਂ ਦੇ ਇਤਿਹਾਸ ਦੀ ਵਾਰਤਾ ਕਰਦੇ ਹਾਂ, ਤਾਂ ਸਭ ਤੋਂ ਪਹਿਲਾਂ ਧੰਨ – ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਇਸ ਥਾਂ ਨਾਲ ਜੁੜਿਆ ਪੁਰਾਤਨ ਸਬੰਧ ਸਾਡੇ ਸਮੁੱਖ ਆਉਂਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਇਸ ਪਿੰਡ ਦੀ ਉਸ ‘ਥੇਹ’ ਉੱਤੇ ਪਧਾਰੇ ਸਨ। ਉਸ ਸਮੇਂ ਗੁਰੂ ਸਾਹਿਬ ਆਪਣੇ ਪਰਿਵਾਰ ਸਮੇਤ ਇਥੇ ਆਏ ਸਨ। ਸਥਾਨਕ ਸੰਗਤ ਨੇ ਬੇਨਤੀ ਕੀਤੀ ਕਿ ਗੁਰੂ ਜੀ ਪ੍ਰਸ਼ਾਦਾ ਛਕਣ, ਪਰ ਗੁਰੂ ਨਾਨਕ ਦੇਵ ਸਾਹਿਬ ਨੇ ਬਹੁਤ ਹੀ ਸਹਿਜਤਾ ਨਾਲ ਬਚਨ ਕੀਤਾ ਕਿ ਉਹ ਇਸ ਜਾਮੇ ਵਿੱਚ ਪ੍ਰਸ਼ਾਦਾ ਨਹੀਂ ਛਕਣਗੇ; ਜਦੋਂ ਉਹ ਅਗਲੇ ਜਾਮੇ- ਵਿਚ ਪ੍ਰਗਟ ਹੋਣਗੇ, ਤਾਂ ਪ੍ਰਸ਼ਾਦਾ ਜ਼ਰੂਰ ਛਕਣਗੇ।”
ਪਿੰਡ ਦਾ ਇਹ ਇਤਿਹਾਸ ਸਿਰਫ਼ ਪਹਿਲੇ ਪਾਤਸ਼ਾਹ ਤੱਕ ਸੀਮਿਤ ਨਹੀਂ। ਸਰਦਾਰ ਜੋਰਾ ਸਿੰਘ ਦੱਸਦੇ ਹਨ ਕਿ ਜਦੋਂ ਭਾਈ ਰੂਪਾ ਨਾਮਕ ਸਿੱਖ ਜੰਗ ਵਿੱਚ ਸ਼ਹੀਦ ਹੋਏ, ਤਾਂ ਛੇਵੇਂ ਪਾਤਸ਼ਾਹ- ਧੰਨ–ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਇਸ ਪਿੰਡ ਵਿਚ ਸ਼ੁਕਰਾਨਾ ਕਰਨ ਆਏ। ਉਸ ਸਮੇਂ ਵੀ ਸੰਗਤ ਨੇ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ, ਪਰ ਛੇਵੇਂ ਪਾਤਸ਼ਾਹ ਨੇ ਵੀ ਉਹੀ ਬਚਨ ਕੀਤਾ ਕਿ ਉਹ ਹੁਣੇ ਪ੍ਰਸ਼ਾਦਾ ਨਹੀਂ ਛਕਣਗੇ; ਅਗਲੇ ਜਾਮੇ ਵਿੱਚ ਹੀ ਪਿੰਡ ਦੀ ਸਭ ਸੇਵਾ ਇੱਕੋ ਵਾਰ ਵਿਚ ਸਵੀਕਾਰ ਕਰਨਗੇ।
ਬੈਕਗ੍ਰਾਊੱਡ ਮਿਊਜ਼ਿਕ:(ਗੰਭੀਰ ਪਰ ਮ੍ਰਦੁ ਧੁਨ; ਜਿਵੇਂ ਇਤਿਹਾਸ ਆਪ ਬੋਲ ਰਿਹਾ ਹੋਵੇ।)
ਸਰਦਾਰ ਜੋਰਾ ਸਿੰਘ ਅੱਗੇ ਦੱਸਦੇ ਹਨ- “ਜਦੋਂ ਬਾਲ ਸਵਰੂਪ ਵਿੱਚ ਧੰਨ–ਧੰਨ ਸ਼੍ਰੀ ਗੁਰੂ ਗੋਵਿੰਦ ਸਿੰਘ ਜੀ- ਜਿਨ੍ਹਾਂ ਨੂੰ ਉਸ ਵੇਲੇ ‘ਬਾਲ ਗੋਵਿੰਦ ਰਾਇ’ ਕਿਹਾ ਜਾਂਦਾ ਸੀ- ਪਟਨਾ ਸਾਹਿਬ ਤੋਂ ਸ਼੍ਰੀ ਆਨੰਦਪੁਰ ਸਾਹਿਬ ਵੱਲ ਯਾਤਰਾ ਕਰ ਰਹੇ ਸਨ, ਤਾਂ ਉਹ ਇਸ ਪਿੰਡ ਵਿੱਚ ਵੀ ਆਏ। ਇਥੋਂ ਦੇ ਪਰਿਵਾਰ ਨੇ ਫਿਰ ਤੋ ਪ੍ਰਸ਼ਾਦਾ ਛਕਣ ਲਈ ਬੇਨਤੀ ਕੀਤੀ, ਪਰ ਬਾਲ ਗੋਵਿੰਦ ਰਾਇ ਨੇ ਵੀ ਉਹੀ ਬਚਨ ਕੀਤਾ- ਕਿ ਉਹਨਾਂ ਦੇ ਵੱਡੇ – ਬਜ਼ੁਰਗ ਇਸ ਪਿੰਡ ਵਿੱਚ ਆ ਕੇ ਸੰਗਤ ਦੀ ਸੇਵਾ ਸਵੀਕਾਰ ਕਰਨਗੇ। ਉਨ੍ਹਾਂ ਨੇ ਯਕੀਨ ਦਵਾਇਆ ਕਿ ਗੁਰੂ ਪਰਿਵਾਰ ਦੇ ਵੱਡੇ ਜਲਦੀ ਹੀ ਇਸ ਧਰਤੀ ਨੂੰ ਧੰਨ ਕਰਨਗੇ।”
ਇਸ ਪਵਿੱਤਰ ਇਤਿਹਾਸ ਦਾ ਸਭ ਤੋਂ ਰੂਹਾਨੀ ਅਧਿਆਇ ਉਸ ਵੇਲੇ ਖੁਲ੍ਹਦਾ ਹੈ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸ਼ਹੀਦੀ ਮਿਸ਼ਨ ’ਤੇ ਦਿੱਲੀ ਵੱਲ ਜਾਂਦੇ ਸਮੇਂ ਮੁਕਰਾਮਪੁਰ ਪਹੁੰਚੇ। ਜਿੱਥੇ ਅੱਜ ਗੁਰਦੁਆਰਾ ਸਾਹਿਬ ਸਥਾਪਤ ਹੈ, ਉੱਥੇ ਉਸ ਸਮੇਂ ਇੱਕ ਪੁਰਾਤਨ ਬੇਰੀ ਦਾ ਵੱਡਾ ਰੁੱਖ ਸੀ, ਜਿਸ ਦੇ ਹੇਠਾਂ ਗੁਰੂ ਸਾਹਿਬ ਜੀ ਬਿਰਾਜਮਾਨ ਹੋਏ। ਉਸ ਸਮੇਂ ਮਾਤਾ ਮਾਈ ਮਾੜ੍ਹੀ ਆਪਣੇ ਪਤੀ, ਭਾਈ ਰੂਪਚੰਦ ਲਈ ਪ੍ਰਸ਼ਾਦਾ ਲੈ ਕੇ ਖੇਤਾਂ ਵੱਲ ਜਾ ਰਹੀ ਸੀ। ਮਾਤਾ ਹਰ ਰੋਜ਼ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਾ ਸਿਮਰਨ ਕਰਦੀ ਅਤੇ ਆਪਣੇ ਪਰਿਵਾਰਕ ਦੁੱਖਾਂ ਤੋਂ ਮੁਕਤੀ ਦੀ ਅਰਦਾਸ ਕਰਦੀ ਸੀ। ਗੁਰੂ ਸਾਹਿਬ ਨੂੰ ਬੈਠਾ ਦੇਖ ਕੇ ਉਹ ਦਰਸ਼ਨ ਕਰਦੀ ਹੋਈ ਬੜੇ ਹੀ ਨਿਮਰਤਾ ਭਾਵ ਨਾਲ ਬੇਨਤੀ ਕਰਦੀ ਹੈ-“ਗੁਰੂ ਸਾਹਿਬ, ਇਹ ਪ੍ਰਸ਼ਾਦਾ ਕਬੂਲ ਕਰੋ।”
ਗੁਰੂ ਪਾਤਸ਼ਾਹ ਨੇ ਬਚਨ ਕੀਤੇ-“ਜੋ ਭੁਜੰਗੀ ਤੜਕੇ ਤੋਂ ਹਲ ਚਲਾ ਰਿਹਾ ਹੈ, ਅਸੀਂ ਉਸ ਦੇ ਕੋਲ ਚਲਦੇ ਹਾਂ।” ਮਾਤਾ ਬੇਨਤੀ ਕਰਦੀ ਹੈ- “ਨਹੀਂ ਗੁਰੂ ਸਾਹਿਬ, ਇਹ ਭੋਜਨ ਤਾਂ ਤੁਹਾਡੇ ਲਈ ਹੈ। ਮੈਂ ਰੂਪਚੰਦ ਲਈ ਹੋਰ ਪ੍ਰਸ਼ਾਦਾ ਲੈ ਆਵਾਂਗੀ। ਇਹ ਤੁਸੀਂ ਹੀ ਛਕੋ।” ਮਾਤਾ ਦੇ ਅਤੁੱਟ ਪਿਆਰ ਨੇ ਗੁਰੂ ਸਾਹਿਬ ਦਾ ਹਿਰਦਾ ਪ੍ਰਸੰਨ ਕਰ ਦਿੱਤਾ। ਪਾਤਸ਼ਾਹ ਜੀ ਨੇ ਗੱਡੇ ਅਤੇ ਲੱਸੀ ਨਾਲ ਦੋ ਪ੍ਰਸ਼ਾਦੇ ਛਕੇ।
ਇਸ ਤੋਂ ਬਾਅਦ ਗੁਰੂ ਸਾਹਿਬ ਭਾਈ ਰੂਪਚੰਦ ਦੇ ਕੋਲ ਖੇਤਾਂ ਵਿੱਚ ਪਹੁੰਚੇ। ਜਦੋਂ ਪ੍ਰਸ਼ਾਦੇ ਦੀ ਗੱਠੜੀ ਖੋਲੀ ਗਈ, ਤਾਂ ਪ੍ਰਸ਼ਾਦਾ ਬਿਲਕੁਲ ਪਹਿਲਾਂ ਵਾਂਗ ਤਾਜ਼ਾ ਅਤੇ ਸੁਰੱਖਿਅਤ ਸੀ। ਇਹ ਨਜ਼ਾਰਾ ਵੇਖ ਕੇ ਰੂਪਚੰਦ ਦਾ ਮਨ ਗੁਰੂ-ਚਰਨਾਂ ਵਿੱਚ ਜੁਡ ਗਿਆ। ਉਸ ਨੇ ਹਲ ਦੀ ਕਿਲੀ ਕੱਢ ਦਿੱਤੀ, ਖੇਤੀ ਦਾ ਕੰਮ ਰੋਕ ਦਿੱਤਾ ਅਤੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਿਵਿੜ ਗਿਆ। ਮਾਤਾ ਮਾਈ ਮਾੜ੍ਹੀ ਨੇ ਕਿਹਾ- “ਇਹ ਉਹੀ ਗੁਰੂ ਸਾਹਿਬ ਹਨ ਜਿਨ੍ਹਾਂ ਦਾ ਸਿਮਰਨ ਅਸੀਂ ਹਰ ਰੋਜ਼ ਕਰਦੇ ਹਾਂ।”
ਗੁਰੂ ਸਾਹਿਬ ਨੂੰ ਘਰ ਲੈ ਜਾ ਕੇ ਇਸ ਜੌਡੇ ਨੇ ਸੇਵਾ ਦਾ ਸੁਭਾਗ ਪ੍ਰਾਪਤ ਕੀਤਾ। ਉਹਨਾਂ ਦੀ ਕੋਈ ਸੰਤਾਨ ਨਹੀਂ ਸੀ। ਜਦੋਂ ਗੁਰੂ ਸਾਹਿਬ ਨੇ ਮਨੋਕਾਮਨਾ ਪੁੱਛੀ, ਤਾਂ ਉਨ੍ਹਾਣੇ ਨੇ ਕਿਹਾ- “ਸਾਨੂੰ ਕੁਝ ਨਹੀਂ ਚਾਹੀਦਾ; ਤੁਸੀਂ ਦਰਸ਼ਨ ਦੇ ਦਿੱਤੇ, ਇਹੀ ਕਾਫ਼ੀ ਹੈ।” ਪਰ ਗੁਰੂ ਸਾਹਿਬ ਅੰਤਰਯਾਮੀ ਸਨ। ਉਹਨਾਂ ਨੇ ਕਿਰਪਾ ਕੀਤੀ, ਬਖ਼ਸ਼ਿਸ਼ ਦਿੱਤੀ ਅਤੇ ਬਚਨ ਕੀਤਾ-ਮ“ਆਪਣੇ ਕਮਰੇ ਵਿੱਚ ਪੰਜ ਈੱਟਾਂ ਰੱਖ ਕੇ ਗੁਰੂ-ਸਥਾਨ ਬਣਾਓ।” ਕੁਝ ਸਮੇਂ ਬਾਅਦ ਇਸ ਪਰਿਵਾਰ ਨੂੰ ਸੰਤਾਨ-ਸੁਖ ਪ੍ਰਾਪਤ ਹੋਇਆ ਅਤੇ ਸੱਤ ਸੰਤਾਨਾਂ ਦਾ ਜਨਮ ਇਸ ਕਿਰਪਾ ਦਾ ਜੀਵੰਤ ਸਬੂਤ ਬਣਿਆ।
ਇਸ ਪਿੰਡ ਦਾ ਇਤਿਹਾਸ ਉਸ ਸਮੇਂ ਹੋਰ ਵੀ ਉੱਚਾ ਹੋ ਜਾਂਦਾ ਹੈ ਜਦੋਂ ਇੱਕ ਸਮੇਂ ਪਿੰਡ ਦੇ ਲੋਕ ਗੰਭੀਰ ਚਮੜੀ ਰੋਗ ਨਾਲ ਪੀੜਤ ਸਨ। ਛੇਵੇਂ ਪਾਤਸ਼ਾਹ ਜੀ ਜਦ ਇਥੇ ਪਹੁੰਚੇ, ਤਾਂ ਸੰਗਤ ਨੇ ਅਰਦਾਸ ਕੀਤੀ ਕਿ ਕੋਈ ਉਪਾਏ ਦੱਸੋ। ਗੁਰੂ ਸਾਹਿਬ ਨੇ ਹੁਕਮ ਕੀਤਾ- “ਨਜ਼ਦੀਕੀ ਛੱਪੜ ਵਿੱਚ ਇਸ਼ਨਾਨ ਕਰੋ।” ਗੁਰੂ-ਕਿਰਪਾ ਨਾਲ ਉਸ ਛੱਪੜ ਦਾ ਜਲ ਔਸ਼ਧ ਬਣ ਗਿਆ। ਅਨੇਕ ਰੋਗੀ ਚੰਗੇ ਹੋਏ ਅਤੇ ਅੱਜ ਵੀ ਇਹ ਸਰੋਵਰ ਚਮੜੀ ਦੇ ਰੋਗਾਂ ਦੇ ਨਿਵਾਰਣ ਲਈ ਮਸ਼ਹੂਰ ਹੈ। ਇੱਥੇ ਸੰਤਾਨ-ਸੁਖ ਦੀ ਪ੍ਰਾਪਤੀ, ਰੋਗਾਂ ਤੋਂ ਮੁਕਤੀ ਅਤੇ ਮਨੋਕਾਮਨਾਵਾਂ ਦੀ ਪੂਰਤੀ ਦੇ ਬੇਸ਼ੁਮਾਰ ਸਬੂਤ ਮਿਲਦੇ ਹਨ। ਸੰਗਤ ਅੱਜ ਵੀ ਕਹਿੰਦੀ ਹੈ-“ਗੁਰੂ ਨੇ ਬਖ਼ਸ਼ ਦਿੱਤਾ; ਇਹ ਤਾਂ ਦੂਜਾ ਜਨਮ ਮਿਲ ਗਿਆ।”
ਅੰਤ ਵਿੱਚ ਸਰਦਾਰ ਜੋਰਾ ਸਿੰਘ ਡੂੰਘੇ ਭਾਵਨਾ ਨਾਲ ਕਹਿੰਦੇ ਹਨ- “ਜਿਸਨੂੰ ਗੁਰੂ ਸਾਹਿਬ ’ਤੇ ਵਿਸ਼ਵਾਸ ਹੈ, ਉਸਨੂੰ ਬਖ਼ਸ਼ਿਸ਼ ਜ਼ਰੂਰ ਮਿਲਦੀ ਹੈ।” ਉਹ ਇਤਿਹਾਸਕਾਰ ਡਾ. ਭਗਵਾਨ ਸਿੰਘ ‘ਖੋਜੀ’ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹਨ, ਜੋ ਗੁਰੂ-ਕਿਰਪਾ ਨਾਲ ਇਸ ਪਿੰਡ ਵਿੱਚ ਪਹੁੰਚੇ ਅਤੇ ਇਸ ਇਤਿਹਾਸ ਨੂੰ ਪ੍ਰਕਾਸ਼ਮਾਨ ਕਰਨ ਦੀ ਸੇਵਾ ਕਰ ਰਹੇ ਹਨ। ਉਹ ਅਰਦਾਸ ਕਰਦੇ ਹਨ ਕਿ ਗੁਰੂ ਪਾਤਸ਼ਾਹ ਦੀ ਕਿਰਪਾ ਸਦਾ ਸਭ ’ਤੇ ਬਣੀ ਰਹੇ ਅਤੇ ਇਹ ਪਵਿੱਤਰ ਧਰਤੀ ਯੁਗਾਂ-ਯੁਗਾਂ ਤੱਕ ਰੁਹਾਨੀ ਬਖ਼ਸ਼ਿਸ਼ਾਂ ਦਿੰਦੀ ਰਹੇ।
ਮੁਕਰਾਮਪੁਰ ਦੀ ਰੂਹਾਨੀ ਪਰੰਪਰਾ ਅਤੇ ਗੁਰਬਾਣੀ ਦਾ ਜੀਵੰਤ ਸਪੰਦਨ
ਬੈਕਗ੍ਰਾਊੱਡ ਮਿਊਜ਼ਿਕ: (ਗੰਭੀਰ, ਸ਼ਾਂਤ, ਰੂਹਾਨੀ ਸੁਰਾਂ ਦਾ ਉਦੇਅ—ਮਾਨੋ ਇਹ ਸ਼ਬਦ ਨਹੀਂ, ਖੁਦ ਇਤਿਹਾਸ ਆਪਣੀਆ ਆਪ ਬੋਲ ਰਿਹਾ ਹੋਵੇ…)
ਡਾ. ਭਗਵਾਨ ਸਿੰਘ ‘ਖੋਜੀ’ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ-
“ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥” (ਅੰਗ 450)।
ਭਾਵ- ਜਿੱਥੇ ਵੀ ਮੇਰਾ ਸੱਚਾ ਗੁਰੂ ਬਿਰਾਜਮਾਨ ਹੁੰਦਾ ਹੈ, ਉਹ ਥਾਂ ਆਪਣੇ ਆਪ ਹੀ ਸੁੰਦਰ, ਪੁਨਿਤ ਅਤੇ ਪਵਿੱਤਰ ਹੋ ਜਾਂਦੀ ਹੈ। ਜਦ ਮਨੁੱਖ ਸੱਚੇ ਦਿਲੋਂ ਗੁਰੂ ਦੀ ਸ਼ਰਣ ਵਿਚ ਆਉਂਦਾ ਹੈ, ਤਦ ਸੰਸਾਰਕ ਲੋੜਾਂ ਦੀ ਪੂਰਤੀ ਸੁਗਮਤਾਪੂਰਵਕ ਹੋ ਜਾਂਦੀ ਹੈ। ਇਹੋ ਜਿਹਾ ਕੌਣ ਹੈ ਜੋ ਗੁਰੂ ਦਰਬਾਰ ਤੋਂ ਖਾਲੀ ਵਾਪਸ ਗਿਆ ਹੋਵੇ? ਜਦ ਭਾਵਨਾਵਾਂ ਪਵਿੱਤਰ ਹੋਣ, ਤਾਂ ਇਹ ਲੋਕ ਹੀ ਨਹੀਂ ਪਰਲੋਕ ਤੱਕ ਪ੍ਰਸੰਨ ਹੋ ਜਾਂਦੇ ਹਨ।
ਡਾ. ਖੋਜੀ ਗੁਰਬਾਣੀ ਦਾ ਹਵਾਲਾ ਦਿੰਦੇ ਹਨ-
“ਚਾਰਿ ਪਦਾਰਥ ਜੇ ਕੋ ਮਾਗੈ॥ ਸਾਧ ਜਨਾ ਕੀ ਸੇਵਾ ਲਾਗੈ॥” (ਅੰਗ 266)।
ਅਰਥਾਤ- ਜੇ ਕੋਈ ਮਨੁੱਖ ਧਰਮ, ਅਰਥ, ਕਾਮ ਅਤੇ ਮੋਖ- ਇਹ ਚਾਰੇ ਪਦਾਰਥ ਪ੍ਰਾਪਤ ਕਰਨਾ ਚਾਹੇ, ਤਾਂ ਉਸ ਨੂੰ ਸਾਧ ਸੰਗਤ ਅਤੇ ਸੇਵਾ ਨਾਲ ਆਪਣਾ ਮਨ ਜੋੜਨਾ ਚਾਹੀਦਾ ਹੈ। ਦੁਨਿਆਵੀ ਖੁਸ਼ੀਆਂ ਤਾਂ ਸਹਿਜ ਹੀ ਮਿਲ ਜਾਂਦੀਆਂ ਹਨ- ਉਹ ਤਾਂ ਗੁਰੂ ਦੇ ਜੋੜਿਆਂ ਦੀ ਸੇਵਾ ਨਾਲ ਵੀ ਪ੍ਰਾਪਤ ਹੋ ਸਕਦੀਆਂ ਹਨ।
ਡਾ. ਖੋਜੀ ਅਗਾਂਹ ਕਹਿੰਦੇ ਹਨ- “ਜਦ ਇਸ ਪਵਿੱਤਰ ਸਥਾਨ ’ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹਾਜ਼ਿਰ-ਨਾਜ਼ਿਰ ਬਿਰਾਜਮਾਨ ਹਨ, ਤਦ ਜੇ ਕੁਝ ਮੰਗਣਾ ਹੈ, ਤਾਂ ਉਹੀ ਮੰਗੋ ਜੋ ਗੁਰਬਾਣੀ ਸਾਡੇ ਲਈ ਨਿਰਧਾਰਿਤ ਕਰਦੀ ਹੈ—
‘ਮੰਗਣਾ ਤ ਸਚੁ ਇਕੁ ਜਿਸੁ ਤੁਸੀ ਦੇਵੈ ਆਪਿ॥’ (ਅੰਗ 321)।
ਭਾਵ- ਸੱਚਾ ਮੰਗਣਾ ਉਹ ਹੈ ਜੋ ਵਾਹਿਗੁਰੂ ਆਪ ਜੀ ਨੂੰ ਅਪਣੇ ਅਨੁਗ੍ਰਹ ਨਾਲ ਬਖ਼ਸ਼ੇ।”
ਇਸੇ ਸੰਦਰਭ ਵਿੱਚ ਗੁਰਬਾਣੀ ਵਿੱਚ ਆਉਂਦਾ ਹੈ-
“ਮਾਗਣਾ ਮਾਗਨੁ ਨੀਕਾ ਹਰਿ ਜਸੁ ਗੁਰ ਤੇ ਮਾਗਣਾ॥” (ਅੰਗ 1018)।
ਅਰਥ- ਵਾਹਿਗੁਰੂ ਦੀ ਭਗਤੀ, ਉਸ ਦੀ ਬੰਦਗੀ ਮੰਗਣਾ ਹੀ ਜੀਵਨ ਦੀ ਸਰਵੋਤਮ ਪ੍ਰਾਪਤੀ ਹੈ। ਛੋਟੇ-ਮੋਟੇ ਦੁੱਖ, ਕਲੇਸ਼, ਰੋਗ ਅਤੇ ਕਠਨਾਈਆਂ- ਇਹ ਤਾਂ ਸੇਵਾ, ਸਿਮਰਨ ਅਤੇ ਸੱਚੀ ਅਰਦਾਸ ਨਾਲ ਆਪੇ ਹੀ ਦੂਰ ਹੋ ਜਾਂਦੀਆਂ ਹਨ। ਕਈ ਲੋਕ ਇਨ੍ਹਾਂ ਘਟਨਾਵਾਂ ਨੂੰ ਕਰਾਮਾਤ ਕਹਿੰਦੇ ਹਨ, ਪਰ ਡਾ. ਖੋਜੀ ਸਪਸ਼ਟ ਕਰਦੇ ਹਨ- “ਇਹ ਕਰਾਮਾਤ ਨਹੀਂ, ਇਹ ਗੁਰੂ ਦੀ ਬਖ਼ਸ਼ਿਸ਼ ਹੈ।”
ਸਥਾਨਕ ਬਜ਼ੁਰਗ ਦੱਸਦੇ ਹਨ ਕਿ ਇਸ ਥਾਂ ਤੇ ਅਨੇਕਾਂ ਲੋਕ ਗੁਰੂ ਚਰਨਾਂ ਵਿੱਚ ਬੇਨਤੀ ਕਰਦੇ ਹਨ ਅਤੇ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਂਦੇ ਹਨ। ਕੋਈ ਵਿਦਵਾਨ ਭਾਵੇਂ ਕਿੰਨੀ ਵੀ ਕਿਤਾਬਾਂ ਲਿਖ ਲਏ, ਆਪਣੀ ਤਰਕ-ਸ਼ਕਤੀ ਨਾਲ ਕਿਉਂ ਨਾ ਕਹੇ ਕਿ ਇਹ ਸਭ ਸੰਭਵ ਨਹੀਂ; ਪਰ ਜਦ ਮਨ ਵਿੱਚ ਵਿਸ਼ਵਾਸ ਉਤਪੰਨ ਹੁੰਦਾ ਹੈ, ਤਦ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਅੰਧਵਿਸ਼ਵਾਸ ਗਲਤ ਹੈ, ਪਰ ਗੁਰੂ ’ਤੇ ਦ੍ਰਿੜ ਵਿਸ਼ਵਾਸ ਮਨੁੱਖ ਦਾ ਸਭ ਤੋਂ ਵੱਡਾ ਆਸਰਾ ਹੈ। ਜਿਸ ਨੂੰ ਗੁਰੂ ਸਾਹਿਬ ’ਤੇ ਭਰੋਸਾ ਨਹੀਂ, ਉਹ ਜਿੱਥੇ ਵੀ ਚਲਾ ਜਾਵੇ- ਉਸ ਦਾ ਭਲਾ ਨਹੀਂ ਹੋ ਸਕਦਾ।
ਬੈਕਗ੍ਰਾਊੱਡ ਮਿਊਜ਼ਿਕ: (ਰੂਹਾਨੀ, ਮ੍ਰਦੁ, ਇਤਿਹਾਸ ਦੀ ਗਹਿਰਾਈ ਨੂੰ ਮਹਿਸੂਸ ਕਰਵਾਉਂਦੀ ਅਵਾਜ਼ਾਂ।)
ਇਸ ਪ੍ਰਸੰਗ ਵਿੱਚ ਇੱਕ ਹੋਰ ਸੇਵਾਦਾਰ ਦੱਸਦਾ ਹੈ- “ਮੁਕਰਾਮਪੁਰ ਪਿੰਡ ਧੰਨ–ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਚਰਨ-ਕਮਲਾਂ ਨਾਲ ਪਵਿੱਤਰ ਹੋਇਆ ਹੈ। ਇਸ ਪਿੰਡ ਵਿੱਚ ਗੁਰੂ ਸਾਹਿਬ ਦੀਆਂ ਹੋਰ ਵੀ ਅਨੇਕਾਂ ਨਿਸ਼ਾਨੀਆਂ ਮੌਜੂਦ ਹਨ, ਹੋਰ ਗੁਰਦੁਆਰੇ ਹਨ ਅਤੇ ਕਈ ਸ਼ਹੀਦ ਸਿੰਘਾਂ ਦੇ ਸਮਾਰਕ ਵੀ ਹਨ। ਇੱਥੇ ਇਕ ਪੁਰਾਤਨ ਪੱਟਾ ਸਾਹਿਬ ਵੀ ਸਜਿਆ ਹੈ- ਭਾਵੇਂ ਉਹ ਗੁਰੂ ਸਾਹਿਬ ਦਾ ਹਸਤਲਿਖਤ ਨਹੀਂ, ਪਰ ਉਸ ਸਮੇਂ ਦੇ ਸਿੱਖ ਸੇਵਾਦਾਰਾਂ ਦੁਆਰਾ ਲਿਖਿਆ ਗਿਆ ਹੈ।”
ਉਹ ਅੱਗੇ ਦੱਸਦਾ ਹੈ ਕਿ ਸਿੱਖ ਮੂਵਮੈਂਟ ਵਿੱਚ ਇਸ ਪਿੰਡ ਦੇ ਬਹੁਤ ਲੋਕ ਸ਼ਾਮਲ ਨਹੀਂ ਹੋਏ, ਪਰ ਸਰਦਾਰ ਦਰਸ਼ਨ ਸਿੰਘ ਜੀ- ਜੋ ਅੱਜ ਵੀ ਜੀਵਿਤ ਹਨ- ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਹਨਾਂ ਨੇ ਸਿੱਖ ਮੂਵਮੈਂਟ ਵਿੱਚ ਸਖ਼ਤ ਸੇਵਾ ਨਿਭਾਈ ਅਤੇ ਜੇਲ੍ਹਾਂ ਤੱਕ ਕੱਟੀਆਂ। ਇਸ ਪਿੰਡ ਦੀ ਖ਼ਾਸੀਅਤ ਇਹ ਹੈ ਕਿ ਇੱਥੇ ਦੇ ਬਹੁਤੇ ਪਰਿਵਾਰ ਅਮ੍ਰਿਤਧਾਰੀ ਹਨ, ਪਿੰਡ ਕਰੀਬ-ਕਰੀਬ ਨਸ਼ਾ-ਮੁਕਤ ਹੈ ਅਤੇ ਸਿੱਖ ਰਹਿਤ-ਮਰਯਾਦਾ ਦਾ ਪਾਲਣ ਵੱਡੀ ਪਵਿੱਤਰਤਾ ਨਾਲ ਹੁੰਦਾ ਹੈ।
ਸੇਵਾਦਾਰ ਕਹਿੰਦਾ ਹੈ- “ਜੇ ਕੋਈ ਵੀ ਚਮੜੀ ਰੋਗੀ ਸ਼ਰਧਾ ਨਾਲ, ਸਤਿਕਾਰ ਭਾਵ ਨਾਲ ਅਤੇ ਗੁਰੂ ਚਰਨਾਂ ਨਾਲ ਜੁਡ ਕੇ ਸਰੋਵਰ ਵਿਚ ਇਸ਼ਨਾਨ ਕਰੇ, ਤਾਂ ਉਸ ਨੂੰ ਰੋਗਾਂ ਤੋਂ ਛੁਟਕਾਰਾ ਮਿਲਦਾ ਹੈ। ਸਾਨੂੰ ਤਾਂ ਗੁਰੂ ਦੇ ਇਤਿਹਾਸਕ ਸਥਾਨਾਂ ’ਤੇ ਦਰਸ਼ਨਾ ਲੇਇ ਆਉਣਾ ਹੀ ਚਾਹੀਦਾ ਹੈ।”
ਬੈਕਗ੍ਰਾਊੱਡ ਮਿਊਜ਼ਿਕ: (ਗੁਰੂ-ਸਿਮਰਨ ਨਾਲ ਰੰਗੀ ਹੋਈ ਪਵਿੱਤਰ, ਹੌਲੀ ਸੁਰਲਹਿਰ ਪਿਛੋਕੜ ਵਿੱਚ ਚਲ ਰਹੀ ਹੈ।)
ਡਾ. ਖੋਜੀ ਫਿਰ ਇੱਕ ਮਹੱਤਵਪੂਰਨ ਇਤਿਹਾਸਕ ਅਧਿਆਇ ਦਾ ਜ਼ਿਕਰ ਕਰਦੇ ਹਨ- “ਸਥਾਨਕ ਬਜ਼ੁਰਗ ਦੱਸਦੇ ਹਨ ਕਿ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਇਸ ਪਿੰਡ ਵਿੱਚ ਪਧਾਰ ਕੇ ਇੱਕ ਪੁਰਾਤਨ ਬੇਰੀ ਦੇ ਰੁੱਖ ਹੇਠਾਂ ਬਿਰਾਜਮਾਨ ਹੋਏ ਸਨ। ਸੰਗਤ ਜੀ, ਬੇਰੀ ਦਾ ਰੁੱਖ ਬਹੁਤ ਲੰਬੀ ਉਮਰ ਵਾਲਾ ਹੁੰਦਾ ਹੈ। ਇਸ ਦੀਆਂ ਜੜ੍ਹਾਂ ਤੋਂ ਮੁੜ ਕਈ ਸ਼ਾਖਾਂ ਉੱਗਦੀਆਂ ਹਨ ਅਤੇ ਨਵੇਂ ਰੁੱਖ ਤਿਆਰ ਹੋ ਜਾਂਦੇ ਹਨ। ਪਰ ਜਦ ਅਸੀਂ ਇਸ ਥਾਂ ਆਏ, ਤਾਂ ਵੇਖਿਆ ਕਿ ਉਹ ਪੁਰਾਤਨ ਬੇਰੀ ਦਾ ਰੁੱਖ ਆਪਣੇ ਮੂਲ ਸਥਾਨ ’ਤੇ ਮੌਜੂਦ ਨਹੀਂ ਹੈ।”
ਉਹ ਕਹਿੰਦੇ ਹਨ ਕਿ ਕਈ ਇਤਿਹਾਸਕ ਸਥਾਨਾਂ ’ਤੇ ਇਹ ਦੁਖਦਾਈ ਘਟਨਾ ਵਾਪਰਦੀ ਹੈ- ਜਦ ਨਵਾਂ ਨਿਰਮਾਣ ਕੀਤਾ ਜਾਂਦਾ ਹੈ, ਤਾਂ ਪੁਰਾਣੀਆਂ ਧਰੋਹਰਾਂ, ਰੁੱਖਾਂ ਅਤੇ ਨਿਸ਼ਾਨੀਆਂ ਨੂੰ ਮਿਟਾ ਦਿੱਤਾ ਜਾਂਦਾ ਹੈ। ਬਾਅਦ ਵਿੱਚ ਜਦ ਇਤਿਹਾਸ ਆਪਣੀ ਗੈਰਹਾਜ਼ਰੀ ਨਾਲ ਦਰਦ ਜਗਾਉਂਦਾ ਹੈ, ਤਦ ਸਥਾਨਕ ਲੋਕ ਹੀ ਪਛਤਾਉਂਦੇ ਹਨ- “ਸਾਨੂੰ ਕੀ ਹੋ ਗਿਆ ਸੀ? ਅਸੀਂ ਆਪਣੀ ਧਰੋਹਰ ਨੂੰ ਸਮਝ ਨਹੀਂ ਸਕੇ।”
ਇਸੇ ਥਾਂ ’ਤੇ ਡਾ. ਖੋਜੀ ਸਥਾਨਕ ਬਜ਼ੁਰਗ ਸਰਦਾਰ ਜੋਰਾ ਸਿੰਘ ਨੂੰ ਪੁੱਛਦੇ ਹਨ- “ਇਸ ਥਾਂ ਦੀ ਬੇਰੀ ਸੁਭਾਵਿਕ ਤੌਰ ’ਤੇ ਖ਼ਤਮ ਹੋ ਗਈ ਸੀ?”
ਸਰਦਾਰ ਜੋਰਾ ਸਿੰਘ ਜਵਾਬ ਦਿੰਦੇ ਹਨ- “ਜੀ ਨਹੀਂ। ਉਹ ਪੁਰਾਤਨ ਬੇਰੀ ਸਾਹਮਣੇ ਨਿਸ਼ਾਨ ਸਾਹਿਬ ਦੇ ਕੋਲ ਹੀ ਖੜੀ ਸੀ। ਬਹੁਤ ਘਨੀ, ਬਹੁਤ ਛਾਂਵ ਵਾਲੀ। ਪਰ ਜਦ ਗੁਰਦੁਆਰਾ ਸਾਹਿਬ ਦਾ ਨਵਾਂ ਨਿਰਮਾਣ ਸ਼ੁਰੂ ਹੋਇਆ, ਤਾਂ ਦੋ ਰਾਏ ਬਣੀਆਂ- ਇਕ ਟੋਲ਼ਾ ਕਹਿੰਦਾ ਸੀ ਰੁੱਖ ਨੂੰ ਨਾ ਛੇੜਿਆ ਜਾਵੇ, ਪਰ ਕਮੇਟੀ ਨੇ ਫ਼ੈਸਲਾ ਕਰਕੇ ਉਹ ਰੁੱਖ ਮੁਕਾ ਦਿੱਤਾ। ਕਈ ਸੰਗਤ-ਜਨਾਂ ਨੇ ਵਿਰੋਧ ਵੀ ਕੀਤਾ, ਪਰ ਜਿਨ੍ਹਾਂ ਨੇ ਇਹ ਭੁੱਲ ਕੀਤੀ- ਉਹਨਾਂ ਨੂੰ ਇਸਦਾ ਭੋਗ ਵੀ ਭੁਗਤਣਾ ਪਿਆ।”
ਡਾ. ਖੋਜੀ ਪੁੱਛਦੇ ਹਨ—“ਅੱਛਾ ਜੀ?”
ਸਰਦਾਰ ਜੋਰਾ ਸਿੰਘ ਦੱਸਦੇ ਹਨ- “ਹਾਂ, ਕਈ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋਏ ਕੁਝ ਤਾਂ ਕੈਂਸਰ ਵਰਗੀ ਬਿਮਾਰੀ ਨਾਲ ਵੀ। ਫਿਰ ਉਹਨਾਂ ਨੇ ਅਰਦਾਸਾਂ ਕੀਤੀਆਂ, ਅਤੇ ਗੁਰੂ-ਕਿਰਪਾ ਨਾਲ ਉਹ ਬੇਰੀ ਮੁੜ ਉੱਗ ਆਈ- ਹੁਣ ਗੁਰਦੁਆਰਾ ਸਾਹਿਬ ਦੇ ਪਿੱਛੇ ਹਰੀ-ਭਰੀ ਖੜੀ ਹੈ।”
ਡਾ. ਖੋਜੀ ਕਹਿੰਦੇ ਹਨ- “ਸੰਗਤ ਜੀ, ਕਈ ਥਾਵਾਂ ’ਤੇ ਇਹ ਵੀ ਵਾਪਰਦਾ ਹੈ ਕਿ ਰੁੱਖ ਦੀ ਹੀ ਪੂਜਾ ਸ਼ੁਰੂ ਹੋ ਜਾਂਦੀ ਹੈ ਅਤੇ ਗੁਰੂ ਦੀ ਮਹੱਤਾ ਪਿੱਛੇ ਰਹਿ ਜਾਂਦੀ ਹੈ। ਇਸ ਸਮੇਂ ਸਾਨੂੰ ਸਮਝਣ ਦੀ ਲੋੜ ਹੈ, ਪਰ ਅਕਸਰ ਹੁੰਦਾ ਇਸਦਾ ਉਲਟ ਹੀ ਹੈ।”
ਬੇਰੀ ਦੇ ਰੁੱਖ ਦੀ ਪੁਨਰ-ਜਨਮੀ ਯਾਦ ਅਤੇ ਗੁਰੂ-ਪਰੰਪਰਾ ਦੀ ਸਦੀਵੀ ਬਖ਼ਸ਼ਿਸ਼
ਮੁਕਰਾਮਪੁਰ ਦੇ ਸਥਾਨਕ ਬਜ਼ੁਰਗ ਦੱਸਦੇ ਹਨ ਕਿ ਜਦ ਗੁਰਦੁਆਰਾ ਸਾਹਿਬ ਦੇ ਨਿਰਮਾਣ ਸਮੇਂ ਸੰਗਤ ਨੇ ਪੁਰਾਤਨ ਬੇਰੀ ਦੇ ਰੁੱਖ ਨੂੰ ਉਖਾੜ ਦਿੱਤਾ, ਤਾਂ ਇਹ ਗਲਤੀ ਸਿਰਫ਼ ਕੁਦਰਤ ਦੇ ਵਿਰੁੱਧ ਨਹੀਂ ਸੀ, ਬਲਕਿ ਗੁਰੂ-ਪਰੰਪਰਾ ਦੀਆਂ ਜੀਵੰਤ ਯਾਦਾਂ ਨੂੰ ਮਿਟਾਉਣ ਦਾ ਇੱਕ ਦੁਖਦਾਈ ਉਦਾਹਰਨ ਸੀ। ਇਤਿਹਾਸ ਨੂੰ ਸਮਝਾਉਣ, ਸਾਂਭਣ ਅਤੇ ਸੰਭਾਲਣ ਦੇ ਸਥਾਨ ’ਤੇ ਅਸੀਂ ਉਸਨੂੰ ਹੀ ਕੱਟਣ, ਫਾੜਨ ਅਤੇ ਸਮਾਪਤ ਕਰਨ ਵਿੱਚ ਜ਼ਿਆਦਾ ਤੱਤਪਰ ਰਹੇ। ਆਉਣ ਵਾਲੀਆਂ ਪੀੜ੍ਹੀਆਂ ਜਦ ਪੁੱਛਣਗੀਆਂ ਕਿ ਉਹ ਗੁਰੂ-ਸਮ੍ਰਿਤੀ ਵਾਲਾ ਬੇਰੀ ਦਾ ਰੁੱਖ ਕਿੱਥੇ ਗਿਆ- ਤਾਂ ਸਾਡੇ ਕੋਲ ਕੋਈ ਜਵਾਬ ਨਹੀਂ ਬਚੇਗਾ।
ਪਰ ਗੁਰੂ ਸਾਹਿਬ ਦੀ ਬੇਅੰਤ ਬਖ਼ਸ਼ਿਸ਼ ਵੇਖੋ- ਉਸੇ ਰੁੱਖ ਦੀ ਜੜ੍ਹਾਂ ਵਿਚੋਂ ਦੁਬਾਰਾ ਇੱਕ ਨਵੀਂ ਕੋਪਲ ਉਗ ਆਈ ਅਤੇ ਅੱਜ ਗੁਰਦੁਆਰਾ ਸਾਹਿਬ ਦੇ ਪਿੱਛੇ ਇੱਕ ਘਣਾ, ਹਰਾ-ਭਰਾ ਬੇਰੀ ਦਾ ਰੁੱਖ ਖੜਾ ਹੈ, ਜਿਸਨੂੰ ਦੇਖ ਕੇ ਸੰਗਤ ਸਰੋਬਰ ਹੋਊਂਦੀ ਹੈ ਅਤੇ ਸ੍ਰਧਾ ਨਾਲ ਨਣਮਸ਼ਟਕ ਹੋ ਜਾਂਦੀ ਹੈ।
ਬੈਕਗ੍ਰਾਊੱਡ ਮਿਊਜ਼ਿਕ: (ਕੋਮਲ, ਆਤਮਿਕ ਧੁਨ—ਜਿਵੇਂ ਕੁਦਰਤ ਆਪ ਗੁਰੂ-ਸਮ੍ਰਿਤੀ ਦਾ ਪਾਠ ਸੁਣਾ ਰਹੀ ਹੋ…)
ਡਾ. ਖੋਜੀ ਕਹਿੰਦੇ ਹਨ- “ਸੰਗਤ ਜੀ, ਇਸ ਸਥਾਨ ’ਤੇ ਆਉਣ ਵਾਲੇ ਸ਼ਰਧਾਲੂ ਇਸ ਪੁਨਰਜੀਵਿਤ ਰੁੱਖ ਹੇਠ ਬੈਠ ਕੇ ਗੁਰੂ ਸਾਹਿਬ ਨੂੰ ਯਾਦ ਕਰਦੇ ਹਨ। ਇਹ ਸਪਸ਼ਟ ਹੈ ਕਿ ਸਾਡੇ ਗੁਰੂ ਸਾਹਿਬ ਕੁਦਰਤ-ਪ੍ਰੇਮੀ ਸਨ। ਧੰਨ – ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਅਨੇਕਾਂ ਸਥਾਨਾਂ ’ਤੇ ਆਪਣੇ ਹਥਾ ਨਾਲ ਬੂਟੇ ਤੇ ਪੌਦੇ ਰੋਪੇ, ਜਿਨ੍ਹਾਂ ਵਿੱਚੋਂ ਕਈ ਅੱਜ ਵੀ ਜੀਵੰਤ ਹਨ। ਜਦ ਅਸੀਂ ਆਪ ਹੀ ਅਜਿਹੇ ਇਤਿਹਾਸਕ ਰੁੱਖ ਮਿਟਾ ਦਿੰਦੇ ਹਾਂ, ਤਾਂ ਕੀ ਇਹ ਗੁਰੂ ਸਾਹਿਬ ਨੂੰ ਦੁਖ ਨਹੀਂ ਪਹੁੰਚਾਉਂਦਾ? ਕੀ ਗੁਰੂ ਸਾਹਿਬ ਇਹ ਨਹੀਂ ਪੁੱਛਦੇ ਹੋਣਗੇ-
‘ਤੁਸੀਂ ਮੇਰੀਆਂ ਜੜ੍ਹਾਂ ਨੂੰ, ਮੇਰੇ ਰੋਪੇ ਹੋਏ ਰੁੱਖਾਂ ਨੂੰ ਕਿਉਂ ਉਖਾੜਿਆ?’”
ਕਈ ਲੋਕ ਪੁੱਛਦੇ ਹਨ ਕਿ ਕੀ ਬੇਰੀ ਦਾ ਰੁੱਖ ਵਾਕਈ ਇੰਨਾ ਲੰਮਾ ਜੀਅ ਸਕਦਾ ਹੈ? ਇਸਦਾ ਜਵਾਬ ਆਪ ਇਤਿਹਾਸ ਦੇਂਦਾ ਹੈ- ਅਤੇ ਇਸ ਲਈ ਅਸੀਂ ਵਧਦੇ ਹਾਂ ਬਿਹਾਰ ਦੇ ਇਤਿਹਾਸਕ ਸ਼ਹਿਰ ਸਸਾਰਾਮ ਵੱਲ।
ਬੈਕਗ੍ਰਾਊੱਡ ਮਿਊਜ਼ਿਕ: (ਰੂਹਾਨੀ, ਮ੍ਰਦੁ, ਇਤਿਹਾਸ ਦੀ ਗਹਿਰਾਈ ਨੂੰ ਮਹਿਸੂਸ ਕਰਵਾਉਂਦੀ ਅਵਾਜ਼ਾਂ।)
ਸਸਾਰਾਮ ਵਿੱਚ ਅੱਜ ਵੀ ਉਹ ਪੁਰਾਤਨ ਬੇਰੀ ਦਾ ਰੁੱਖ ਖੜਾ ਹੈ, ਜਿਸਦੇ ਦਰਸ਼ਨ ਕਰਕੇ ਮਨ ਗੁਰੂ-ਸਮ੍ਰਿਤੀਆਂ ਨਾਲ ਭਰ ਜਾਂਦਾ ਹੈ। ਡਾ. ਖੋਜੀ ਸਮਝਾਉਂਦੇ ਹਨ- “ਜਦ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਮਾਲਵੇ ਦੇ ਦੌਰੇ ਤੋਂ ਧਮਤਾਨ ਸਾਹਿਬ, ਇਟਾਵਾ ਹੁੰਦੇ ਹੋਏ ਬਨਾਰਸ ਪਹੁੰਚੇ ਅਤੇ ਉੱਥੋਂ ਸਸਾਰਾਮ ਵਿੱਚ ਚਾਚਾ ਫੱਗੂ ਮਲ ਦੇ ਘਰ ਆਏ, ਤਾਂ ਇਤਿਹਾਸ ਦੀ ਅਖੰਡ ਲੜੀ ਇੱਕ ਜੀਵੰਤ ਸਰੂਪ ਵਿੱਚ ਪ੍ਰਗਟ ਹੋ ਜਾਂਦੀ ਹੈ।”
ਉਹ ਸੰਗਤ ਨੂੰ ਦੱਸਦੇ ਹਨ- “ਗੁਰੂ ਸਾਹਿਬ ਨੇ ਚਾਚਾ ਫੱਗੂ ਮਲ ਤੋਂ ਉਨ੍ਹਾਂ ਦਾ ਦਸਵੰਧ ਮੰਗਿਆ। ਚਾਚਾ ਜੀ ਨੇ ਸਾਰੇ ਧਨ-ਦੌਲਤ ਨੂੰ ਪ੍ਰੇਮ ਨਾਲ ਗੁਰੂ ਦੇ ਚਰਨਾਂ ਵਿੱਚ ਅਰਪਿਤ ਕਰ ਦਿੱਤਾ, ਪਰ ਗੁਰੂ ਸਾਹਿਬ ਕਹਿੰਦੇ ਹਨ- ‘ਚਾਚਾ ਜੀ, ਤੁਸੀਂ ਇੱਕ ਭੇਂਟ ਚੀਜ਼ ਅਜੇ ਵੀ ਮੇਰੇ ਤੋਂ ਛੁਪਾ ਲਈ ਹੈ।’
ਚਾਚਾ ਫੱਗੂ ਮਲ ਨਿਵਿੜ ਕੇ ਕਹਿੰਦੇ ਹਨ- ‘ਮਹਾਰਾਜ, ਮੈਂ ਤਾਂ ਸਭ ਕੁਝ ਸਮਰਪਿਤ ਕਰ ਦਿੱਤਾ ਹੈ।’
ਤਦ ਗੁਰੂ ਸਾਹਿਬ ਕਹਿੰਦੇ ਹਨ- ‘ਨਹੀਂ, ਇੱਕ ਭੇਂਟ ਚੀਜ਼ ਅਜੇ ਵੀ ਤੁਹਾਡੇ ਕੋਲ ਹੈ।’
ਚਾਚਾ ਜੀ ਦੱਸਦੇ ਹਨ- ਮਹਾਰਾਜ ‘ਮੈਂ ਇੱਕ ਮਾਈ ਦੇ ਘਰ ਭੇਂਟ ਲੈਣ ਗਿਆ ਸੀ। ਉਸਨੇ ਮੈਨੂੰ ਕੂੜਾ-ਕਰਕਟ ਦੀ ਇੱਕ ਢੇਰੀ ਦੇ ਦਿੱਤੀ। ਜਦ ਮੈਂ ਉਸਨੂੰ ਛਾਣਿਆ, ਤਾਂ ਉਸ ਵਿੱਚੋਂ ਬੇਰ ਦਾ ਇੱਕ ਬੀਜ ਮਿਲਿਆ। ਉਹ ਬੀਜ ਮੇਰੇ ਕੋਲ ਰਹਿ ਗਿਆ।’
ਗੁਰੂ ਸਾਹਿਬ ਪ੍ਰੇਮ ਨਾਲ ਕਹਿੰਦੇ ਹਨ- ‘ਚਾਚਾ ਜੀ, ਸਾਨੂੰ ਉਹੀ ਭੇਂਟ ਚਾਹੀਦੀ ਹੈ।’
ਅਤੇ ਉਹ ਬੇਰ ਦਾ ਉਹ ਬੀਜ ਸਸਾਰਾਮ ਦੀ ਧਰਤੀ ਵਿੱਚ ਰੋਪ ਦਿੰਦੇ ਹਨ।
ਅੱਜ ਜੋ ਵਿਸ਼ਾਲ, ਮਜ਼ਬੂਤ ਅਤੇ ਹਰਾ-ਭਰਾ ਬੇਰੀ ਦਾ ਰੁੱਖ ਉੱਥੇ ਖੜਾ ਹੈ- ਉਹ ਉਸੇ ਬੀਜ ਦੀ ਪਵਿੱਤਰ ਕਿਰਣ ਹੈ- ਗੁਰੂ-ਸਮ੍ਰਿਤੀ ਦਾ ਅਵਿਨਾਸ਼ੀ ਪ੍ਰਤੀਕ।
ਡਾ. ਖੋਜੀ ਕਹਿੰਦੇ ਹਨ- “ਜੇ ਸਸਾਰਾਮ ਵਿੱਚ ਗੁਰੂ ਸਾਹਿਬ ਦੇ ਆਪਣੇ ਹੱਥਾਂ ਨਾਲ ਰੋਪਿਆ ਰੁੱਖ ਅੱਜ ਵੀ ਸ਼ਾਨ ਨਾਲ ਖੜਾ ਹੈ, ਤਾਂ ਮੁਕਰਾਮਪੁਰ ਵਾਲਾ ਬੇਰ ਕਿਉਂ ਨਾਹ ਬਚ ਸਕਿਆ? ਜਵਾਬ ਸਪਸ਼ਟ ਹੈ- ਕੁਝ ਲੋਕਾਂ ਦੀਆਂ ਗਲਤ ਸੇਵਾਵਾਂ ਕਾਰਨ ਉਹ ਰੁੱਖ ਨਾਸ਼ ਹੋ ਗਿਆ। ਪਰ ਉਹਨਾਂ ਨੂੰ ਇਸਦੀ ਸਜ਼ਾ ਵੀ ਮਿਲੀ- ਕਈ ਲੋਕ ਭਾਰੀ ਬਿਮਾਰੀਆਂ ਨਾਲ ਪੀੜਤ ਹੋਏ। ਪਰ ਵੇਖੋ ਗੁਰੂ-ਕਿਰਪਾ- ਜਿਵੇਂ ਹੀ ਖਰੀ ਅਰਦਾਸ ਹੋਈ, ਪੁਰਾਣੀਆਂ ਜੜ੍ਹਾਂ ਵਿੱਚੋਂ ਨਵਾਂ ਰੁੱਖ ਮੁੜ ਜਨਮ ਲੈ ਗਿਆ। ਗੁਰੂ ਦੀਆਂ ਯਾਦਾਂ ਕਦੇ ਸਮਾਪਤ ਨਹੀਂ ਹੁੰਦੀਆਂ- ਉਹ ਸਿਰਫ਼ ਰੂਪ ਬਦਲਦੀਆਂ ਹਨ।”
ਉਹ ਗੁਰਬਾਣੀ ਦਾ ਭਾਵ ਪ੍ਰਗਟ ਕਰਦੇ ਹੋਏ ਕਹਿੰਦੇ ਹਨ-
“ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥੧॥ ਰਹਾਉ॥” (ਅੰਗ 469)।
ਭਾਵ- ਮੈਂ ਉਸ ਕੁਦਰਤ ‘ਤੇ ਬਲਿਹਾਰ ਜਾਂਦਾ ਹਾਂ ਜਿਸ ਵਿੱਚ ਪਰਮਾਤਮਾ ਵਿਆਪਕ ਹੈ; ਉਸਦਾ ਅੰਤ ਕੋਈ ਨਹੀਂ ਪਾ ਸਕਦਾ।
ਡਾ. ਖੋਜੀ ਸੰਗਤ ਨੂੰ ਕਹਿੰਦੇ ਹਨ- “ਜੇ ਪੰਜਾਬ ਦੇ ਪਿੰਡਾਂ ਵਿੱਚ ਘਣੇ ਰੁੱਖ ਲੱਗਦੇ ਰਹਿੰਦੇ, ਤਾਂ ਅੱਜ ਹਡ ਵਰਗੀਆਂ ਆਫ਼ਤਾਂ ਨਾਲ ਇੰਨਾ ਨੁਕਸਾਨ ਨਾ ਹੁੰਦਾ। ਸਾਨੂੰ ਗੁਰੂ ਸਾਹਿਬ ਦੁਆਰਾ ਰੋਪੇ ਰੁੱਖਾਂ ਦੀ ਰੱਖਿਆ ਦਾ ਪਰਣ ਲੈਣਾ ਚਾਹੀਦਾ ਹੈ ਅਤੇ ਨਵੇਂ ਰੁੱਖ ਲਗਾਉਣੇ ਚਾਹੀਦੇ ਹਨ। ਇੰਝ ਗੁਰੂ ਸਾਹਿਬ ਵੀ ਪ੍ਰਸੰਨ ਹੁੰਦੇ ਹਨ ਅਤੇ ਕੁਦਰਤ ਦਾ ਸੰਤੁਲਨ ਵੀ ਬਣਿਆ ਰਹਿੰਦਾ ਹੈ।”
ਅੰਤ ਵਿੱਚ ਉਹ ਮੁਕਰਾਮਪੁਰ ਦੀ ਸੰਗਤ, ਬਜ਼ੁਰਗਾਂ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਾਰਦਿਕ ਧੰਨਵਾਦ ਕਰਦੇ ਹਨ।
ਉਹ ਕਹਿੰਦੇ ਹਨ- “ਇਹ ਸਥਾਨ ਪਟਿਆਲਾ ਅਤੇ ਚੰਡੀਗੜ੍ਹ ਦੋਹਾਂ ਦੇ ਨੇੜੇ ਹੈ। ਜੋ ਵੀ ਸੰਗਤ ਦਰਸ਼ਨ ਲਈ ਆਉਣਾ ਚਾਹੇ, ਨਿਸ਼ਚਿੰਤ ਹੋ ਕੇ ਆ ਸਕਦੀ ਹੈ। ਇੱਥੇ ਲੰਗਰ ਦੀ ਬਹੁਤ ਚੰਗੀ ਸੇਵਾ ਹੈ, ਲਗਭਗ ਚੌਬੀਸੇ ਘੰਟੇ ਲੰਗਰ ਚੱਲਦਾ ਹੈ। ਕੋਈ ਵੀ ਸ੍ਰਧਾਲੂ ਇੱਥੋਂ ਭੁੱਖਾ ਨਹੀਂ ਜਾਂਦਾ। ਹਵਾ, ਮਾਹੌਲ, ਅਤੇ ਇਹ ਝੂਮਦਾ ਨਿਸ਼ਾਨ ਸਾਹਿਬ- ਸਭ ਬੁਲਾ ਰਹੇ ਹਨ-
ਆਓ, ਗੁਰੂ ਦੇ ਦਰ ਨਾਲ ਜੁੜੋ ਅਤੇ ਗੁਰੂ ਦੀ ਬਖ਼ਸ਼ਿਸ਼ ਨੂੰ ਆਪਣੇ ਜੀਵਨ ਦਾ ਅੰਗ ਬਣਾਓ।”
ਇਸਰਹੀਲ ਨਗਰ – ਇਤਿਹਾਸ, ਕੁਦਰਤ ਅਤੇ ਗੁਰੂ-ਪਰੰਪਰਾ ਦੇ ਅਵਿਨਾਸ਼ੀ ਸੂਤਰ
ਅਸੀਂ ਅੱਜ ਮੁਕਰਾਮਪੁਰ ਪਿੰਡ/ਨਗਰ ਵਿੱਚ ਹਾਜ਼ਿਰ ਹਾਂ। ਇਸ ਸਥਾਨ ’ਤੇ ਦੋ ਗੁਰਦੁਆਰੇ ਸਥਿਤ ਹਨ- ਇੱਕ ਬਾਹਰਲੇ ਹਿੱਸੇ ਵਿੱਚ, ਅਤੇ ਦੂਜਾ ਅੰਦਰਲਾ ਪੁਰਾਤਨ ਗੁਰਦੁਆਰਾ ਸਾਹਿਬ, ਜਿਥੇ ਗੁਰੂ-ਪਰੰਪਰਾ ਦੇ ਪਵਿੱਤਰ ਚਰਨ-ਚਿੰਨ੍ਹ ਅਜੇ ਵੀ ਧਰਤੀ ਨੂੰ ਪਵਿਤਰਤਾ ਦੇ ਰਹੇ ਹਨ।
ਬੈਕਗ੍ਰਾਊੱਡ ਮਿਊਜ਼ਿਕ: (ਗੁਰਬਾਣੀ-ਰਸ ਨਾਲ ਭਰੀ, ਸ਼ਾਂਤ ਅਤੇ ਕੋਮਲ ਧੁਨ- ਵਾਤਾਵਰਣ ਆਪ ਨਿਵਿੜ ਜਾਂਦਾ ਹੈ…)
ਡਾ. ਭਗਵਾਨ ਸਿੰਘ ‘ਖੋਜੀ’ ਦੱਸਦੇ ਹਨ ਕਿ ਹੁਣ ਅਸੀਂ ਮੁਕਰਾਮਪੁਰ ਤੋਂ ਅੱਗੇ ਵਧਦੇ ਹੋਏ ਸੜਕ ਪਾਰ ਕਰ ਇਸਰਹੀਲ ਨਗਰ ਵਿੱਚ ਪਹੁੰਚੇ ਹਾਂ, ਜਿੱਥੇ ਇੱਕ ਉੱਚੇ ਟੀਲੇ ’ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਅਸੀ ਸਥਾਨਕ ਬਾਪੂ ਜੀ ਨੂੰ ਪੁੱਛਦੇ ਹਾਂ-
“ਇਸ ਸਥਾਨ ਦਾ ਇਤਿਹਾਸ ਕੀ ਹੈ? ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ, ਧੰਨ ਧੰਨਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਅਤੇ ਬਾਲ-ਰੂਪ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਲਾਕੇ ਵਿੱਚ ਆਏ ਸਨ। ਦੱਸੋ ਕਿ ਬੰਦਾ ਸਿੰਘ ਬਹਾਦੁਰ ਦਾ ਇਸ ਸਥਾਨ ਨਾਲ ਕਿਹੋ ਜਿਹਾ ਨਾਤਾ ਹੈ?”
ਬੈਕਗ੍ਰਾਊੱਡ ਮਿਊਜ਼ਿਕ: (ਗੁਰੂ-ਸਮ੍ਰਿਤੀ ਦੀ ਮਿੱਠੀ, ਸ਼ਾਂਤ ਲਹਿਰ ਮਨ ਵਿੱਚ ਉਤਰ ਰਹੀ ਹੈ…)
ਸਥਾਨਕ ਬਜ਼ੁਰਗ ਬਾਪੂ ਹਰਬੰਸ ਸਿੰਘ ਲੰਬਰਦਾਰ ਦੱਸਦੇ ਹਨ- “ਮੈਂ ਇਸਰਹੀਲ ਪਿੰਡ ਦਾ ਵਸਨੀਕ ਹਾਂ। ਸਾਡੇ ਇਸ ਟੀਲੇ ’ਤੇ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸੱਤ ਦਿਨਾਂ ਤੱਕ ਰੁਕੇ ਸਨ। ਇਸਦਾ ਜ਼ਿਕਰ ਮੁਕਰਾਮਪੁਰ ਸਾਹਿਬ ਦੇ ਪੁਰਾਤਨ ਪੱਟੇ ਵਿੱਚ ਸਪਸ਼ਟ ਤੌਰ ’ਤੇ ਮਿਲਦਾ ਹੈ। ਇਹ ਉਹੀ ਅਸਲ ਪ੍ਰਮਾਣ ਹੈ ਜੋ ਦੱਸਦਾ ਹੈ ਕਿ ਪਹਿਲੇ ਪਾਤਸ਼ਾਹ ਨੇ ਇਸ ਧਰਤੀ ’ਤੇ ਸੱਤ ਪਵਿੱਤਰ ਦਿਨ ਬਿਤਾਏ ਸਨ।”
ਉਹ ਅੱਗੇ ਦੱਸਦੇ ਹਨ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਕੇਂਦਰ ਸਰਕਾਰ ਵੱਲੋਂ ਉਹਨਾਂ ਸਾਰੇ ਸਥਾਨਾਂ ਦੀ ਮੁੜ ਸੇਵਾ-ਸੰਭਾਲ ਲਈ ਰਾਸ਼ੀ ਜਾਰੀ ਹੋਈ ਸੀ ਜਿੱਥੇ ਪਹਿਲੇ ਪਾਤਸ਼ਾਹ ਦੇ ਪਵਿੱਤਰ ਚਰਨ ਪਏ ਹਨ। ਉਸ ਸਮੇਂ ਇਸ ਟੀਲੇ ਉੱਤੇ ਸਥਿਤ ਗੁਰਦੁਆਰਾ ਸਾਹਿਬ ਦਾ ਵਿਸ਼ਾਲ ਅਤੇ ਭਵਯ ਰੂਪ ਵਿੱਚ ਨਿਰਮਾਣ ਕੀਤਾ ਗਿਆ।
ਬਾਪੂ ਜੀ ਕਰੀਰ ਦੇ ਰੁੱਖ ਬਾਰੇ ਦੱਸਦੇ ਹਨ- “ਸ਼੍ਰੀ ਸ਼ਿਵਦਯਾਲ ਜੀ (ਡਿਪਟੀ ਕਲੈਕਟਰ) ਨੇ ਇਸ ਰੁੱਖ ਦੇ ਇਤਿਹਾਸ ਬਾਰੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਰੁੱਖ 20 ਫੁੱਟ ਉੱਚੇ ਟੀਲੇ ਦੀ ਚੋਟੀ ’ਤੇ ਸਥਿਤ ਸੀ। ਮੇਰੀ ਉਮਰ 75 ਸਾਲ ਹੈ, ਅਤੇ ਮੈਂ ਆਪ ਇਸ ਕਰੀਰ ਦੇ ਰੁੱਖ ਨੂੰ 44 ਬੀਘੇ ਖੇਤਰ ਵਿੱਚ ਫੈਲਦੇ ਹੋਏ ਵੇਖਿਆ ਹੈ। ਪਰ ਇੱਕ ਸਮਾਂ ਏਹੋ ਜਿਆ ਵੀ ਆਯਾ ਜਦ ਲੋਕਾਂ ਨੇ ਇਥੋਂ ਮਿੱਟੀ ਉਠਾਉਣੀ ਸ਼ੁਰੂ ਕਰ ਦਿੱਤੀ- ਕੋਈ ਕਾਰ ਸੇਵਾ ਲਈ, ਕੋਈ ਪੁਲਿਸ ਲਈ, ਅਤੇ ਕੋਈ ਸਥਾਨਕ ਲੋੜਵੰਦ ਲੋਕ। ਉਸ ਵੇਲੇ ਕਰੀਰ ਦੇ ਰੁੱਖ ਨੂੰ ਅਗਿਆਨਤਾ ਕਾਰਨ ਵਾਰ-ਵਾਰ ਕੱਟਿਆ ਗਿਆ। ਮੈਂ ਆਪਣੇ ਅੱਖਾਂ ਨਾਲ ਦੇਖਿਆ- ਇਸਨੂੰ 20 ਫੁੱਟ ਤੱਕ ਖੋਦ ਕੇ ਕੱਟਿਆ ਗਿਆ, ਫਿਰ ਵੀ ਇਹ ਰੁੱਖ ਹਰ ਵਾਰੀ ਮੁੜ ਹਰਾ-ਭਰਾ ਹੋ ਜਾਂਦਾ ਸੀ।”
ਅੱਜ ਪ੍ਰਸ਼ਾਸਨ ਵੱਲੋਂ ਸਪਸ਼ਟ ਨਿਰਦੇਸ਼ ਹਨ ਕਿ ਇਸ ਰੁੱਖ ਨੂੰ ਕੋਈ ਹੱਥ ਨਾ ਲਗਾਵੇ। ਇਹ ਰੁੱਖ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦਾ ਹੈ- ਇਸੇ ਕਰਕੇ ਇਹ ਅਜਿਹਾ ਅਵਿਨਾਸ਼ੀ ਹੈ ਕਿ ਕਟਣ ਉਪਰੰਤ ਵੀ ਮੁੜ ਜੀਵੰਤ ਹੋ ਜਾਂਦਾ ਹੈ। ਹੁਣ ਇਸਦੇ ਚਾਰੋਂ ਪਾਸੇ ਚਬੂਤਰਾ ਬਣਾ ਕੇ ਇਸਨੂੰ ਸੰਰਕਸ਼ਿਤ ਕੀਤਾ ਗਿਆ ਹੈ।
ਜਦ ਪੰਚਾਇਤ ਨੂੰ ਫੰਡ ਮਿਲਿਆ, ਤਾਂ ਇਥੇ “ਗੁਰੂ ਨਾਨਕ ਬਾਗ” ਸਥਾਪਿਤ ਕੀਤਾ ਗਿਆ। ਟੀਲੇ ਦੀ ਮਿੱਟੀ ਹਟਾਉਣ ਤੋਂ ਬਾਅਦ ਪੂਰੇ ਖੇਤਰ ਨੂੰ ਸਮਤਲ ਕਰਕੇ ਖੁੱਲ੍ਹੇ ਮੈਦਾਨ ਵਿੱਚ ਤਬਦੀਲ ਕੀਤਾ ਗਿਆ। ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਧਰਤੀ ਤੋਂ 20 ਫੁੱਟ ਉੱਚਾ ਕਰਕੇ ਬੇਹੱਦ ਮਜ਼ਬੂਤ ਅਤੇ ਰੂਹਾਨੀ ਢੰਗ ਨਾਲ ਤਿਆਰ ਕੀਤਾ ਹੈ। ਇੱਥੇ ਹਰ ਮਹੀਨੇ ਮੱਸਿਆ ਦੇ ਦਿਨ ਪੂਰੀ ਸ਼ਰਧਾ, ਪ੍ਰੇਮ ਅਤੇ ਇਕੱਠ ਨਾਲ ਸਮਾਗਮ ਮਨਾਇਆ ਜਾਂਦਾ ਹੈ।
ਅੱਜ ਵੀ ਮੱਸਿਆ ਦਾ ਦਿਨ ਹੈ- ਗੁਰਦੁਆਰਾ ਸਾਹਿਬ ਵਿੱਚ ਕੀਰਤਨ ਦੀ ਧੁਨ ਗੂੰਜ ਰਹੀ ਹੈ… ਲੰਗਰ ਦੀ ਸੇਵਾ ਨਿਰੰਤਰ ਚੱਲ ਰਹੀ ਹੈ… ਅਤੇ 11:30 ਵਜੇ ਦੀਵਾਨ ਦਾ ਭੋਗ ਹੋਵੇਗਾ।
ਡਾ. ਖੋਜੀ ਸੰਗਤ ਨੂੰ ਦੱਸਦੇ ਹਨ- “ਹੁਣ ਅਸੀਂ ਇਥੋਂ ਹੱਸਨਪੁਰ, ਕਬੂਲਪੁਰ ਅਤੇ ਨਣਹੇਰੀ ਵੱਲ ਚੱਲਾਂਗੇ- ਉਹ ਪਿੰਡ ਜਿੱਥੇ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਪਵਿੱਤਰ ਕਦਮ ਰੱਖ ਚੁੱਕੇ ਹਨ। ਉਥੇ ਅੱਜ ਵੀ ਉਸ ਮਸੰਦ ਦਾ ਪਰਿਵਾਰ ਵਸਦਾ ਹੈ, ਜਿਸਦੀ ਉਸ ਸਮੇਂ ਅਲੱਗ ਹੀ ਭੂਮਿਕਾ ਸੀ। ਅਸੀਂ ਉਹਨਾਂ ਪਰਿਵਾਰਾਂ ਨਾਲ ਵੀ ਭੇਟ ਕਰਾਂਗੇ। ਅਸੀਂ ਉਹੀ ਰਸਤੇ ਤੈਅ ਕਰਾਂਗੇ ਜਿਥੇ ਗੁਰੂ ਸਾਹਿਬ ਦੀਆਂ ਨਿਸ਼ਾਨੀਆਂ, ਹੁਕਮਨਾਮੇ ਅਤੇ ਇਤਿਹਾਸਕ ਸਬੂਤ ਅੱਜ ਵੀ ਮੌਜੂਦ ਹਨ। ਇਤਿਹਾਸ ਦੇ ਇਸ ਅਧਿਆਇ ਨੂੰ ਅੱਜ ਇਥੇ ਸਮਾਪਤ ਕਰਦੇ ਹਾਂ- ਪਰ ਸਫ਼ਰ ਅਜੇ ਵੀ ਜਾਰੀ ਹੈ…
ਅਗਲੇ ਪ੍ਰਸੰਗ ਵਿੱਚ ਮੁੜ ਹਾਜ਼ਿਰ ਹੋਵਾਂਗੇ।”
ਅੰਤ ਵਿੱਚ, ਡਾ. ਖੋਜੀ ਦੀ ਸੰਗਤ ਨੂੰ ਬੇਨਤੀ:
“ਇਤਿਹਾਸ ਦੀ ਖੋਜ, ਸਥਲਾਂ ਦਾ ਦਰਸ਼ਨ, ਮਾਰਗ-ਯਾਤਰਾਵਾਂ ਅਤੇ ਵਿਸਤ੍ਰਿਤ ਦਸਤਾਵੇਜ਼ੀਕਰਨ- ਇਹ ਸਾਰਾ ਕਾਰਜ ਬਹੁਤ ਵੱਡੇ ਖ਼ਰਚ ਨਾਲ ਹੁੰਦਾ ਹੈ। ਜੇਕਰ ਤੁਸੀਂ ਇਸ ਇਤਿਹਾਸਕ ਕਥਾ, ਸ਼ਹੀਦੀ ਮਾਰਗ ਯਾਤਰਾ ਅਤੇ ਭਵਿੱਖ ਦੇ ਇਤਿਹਾਸਕ ਉਪਰਾਲਿਆਂ ਵਿੱਚ ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ- ਮੋਬਾਈਲ ਨੰਬਰ: 97819 13113 ’ਤੇ ਸੰਪਰਕ ਕਰੋ।
ਤੁਹਾਡਾ ਨਿਮਾਣਾ ਯੋਗਦਾਨ ਵੀ ਗੁਰੂ ਦੀ ਮਹਿਮਾ ਅਤੇ ਇਤਿਹਾਸ ਦੀ ਸੱਚਾਈ ਨੂੰ ਘਰ-ਘਰ ਤੱਕ ਪਹੁੰਚਾਉਣ ਵਿੱਚ ਬੇਅੰਤ ਮਹੱਤਵਪੂਰਨ ਹੋਵੇਗਾ।”
ਬੈਕਗ੍ਰਾਊੱਡ ਮਿਊਜ਼ਿਕ: (ਗੰਭੀਰ, ਸ਼ਰਧਾਮਈ, ਰੂਹਾਨੀ ਧੁਨ—ਗੁਰੂ-ਚਰਿਤਰ ਦੀ ਪ੍ਰਤਾਪਤਾ ਨੂੰ ਉਜਾਗਰ ਕਰਦੀ ਹੋਈ…)
ਸੰਗਤ ਜੀ- ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ।
ਤੁਹਾਡਾ ਆਪਣਾ ਵੀਰ ਇਤਿਹਾਸਕਾਰ- ਡਾ. ਭਗਵਾਨ ਸਿੰਘ ‘ਖੋਜੀ’।