ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 97 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਕਾਨਪੁਰ ਤੋਂ ਬਾਅਦ ਕੜਾ ਮਾਣਕਪੁਰ ਵਿਖੇ ਪਹੁੰਚ ਕੇ ਸੰਤ ਮਲੂਕ ਦਾਸ ਜੀ ਨੂੰ ਗੁਰਬਾਣੀ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ ਅਤੇ ਸਿੱਖੀ ਦਾ ਪ੍ਰਚਾਰ ਵੀ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਕਰਦੇ ਹੋਏ ਪ੍ਰਯਾਗ ਵਿਖੇ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਤਿ੍ਬੇਣੀ ਨਦੀ ਨੇੜੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਕੜਾ ਮਾਣਕਪੁਰ ਤੋਂ ਚੱਲ ਕੇ ਤਕਰੀਬਨ 70 ਕਿਲੋਮੀਟਰ ਦੀ ਦੂਰੀ ਤੇ ਪ੍ਰਯਾਗ ਰਾਜ ਪੈਂਦਾ ਹੈ ,ਜਿੱਥੇ ਗੁਰੂ ਤੇਗ ਬਹਾਦਰ ਜੀ ਪਹੁੰਚਦੇ ਹਨ। ਜਦੋਂ ਦਾਸ ਦੀ ਟੀਮ ਇਸ ਇਲਾਕੇ ਵਿੱਚ ਖੋਜ ਕਰ ਰਹੀ ਸੀ ਤਾਂ ਸਾਡੀ ਟੀਮ ਦੇ ਰਹਿਣ ਦਾ ਪ੍ਰਬੰਧ ਸਰਦਾਰ ਪਰਮਿੰਦਰ ਸਿੰਘ ਜੀ ਪੱਪੂ ਭਾਟੀਆ ਰਾਇਪੁਰ ਵਾਲੇ ਬਹੁਤ ਬਾਖੂਬੀ ਨਾਲ ਕਰ ਰਹੇ ਸਨ। ਉੱਥੇ ਹੀ ਸਰਦਾਰ ਰਣਜੀਤ ਸਿੰਘ ਜੀ ਅਰਸ਼ ਅਰੋੜਾ ਪੂਨੇ ਤੋਂ, ਜੋ ਕਿ ਹਿੰਦੀ ਵਿੱਚ ਸਾਹਿਤ ਨੂੰ ਬਹੁਤ ਵਧੀਆ ਢੰਗ ਨਾਲ ਲਿਖ ਰਹੇ ਹਨ, ਇਹਨਾਂ ਦਾ ਵੀ ਪੂਰਾ ਸਹਿਯੋਗ ਸਾਨੂੰ ਮਿਲ ਰਿਹਾ ਸੀ। ਜਦੋਂ ਦਾਸ ਦੀ ਟੀਮ ਇਲਾਹਾਬਾਦ ਪਹੁੰਚੀ ਤਾਂ ਇਲਾਹਾਬਾਦ ਦੇ ਸਰਦਾਰ ਜੋਗਿੰਦਰ ਸਿੰਘ ਜੀ, ਜੋ ਕਿ ਬਹੁਤ ਪਿਆਰ ਅਤੇ ਸਤਿਕਾਰ ਵਾਲੇ ਗੁਰਸਿੱਖ ਵੀਰ ਹਨ ਅਤੇ ਮੌਜੂਦਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਹਨ। ਇਹਨਾਂ ਵੱਲੋਂ ਦਾਸ ਦੀ ਟੀਮ ਦੇ ਰਹਿਣ ਦਾ ਪ੍ਰਬੰਧ ਆਪਣੇ ਹੋਟਲ ਮਿਲਨ ਵਿੱਚ ਕੀਤਾ ਗਿਆ। ਸਾਡੀ ਟੀਮ 13 ਨਵੰਬਰ 2020 ਨੂੰ ਇਲਾਹਾਬਾਦ ਪਹੁੰਚੀ। 14 ਨਵੰਬਰ ਦੀ ਦੀਵਾਲੀ ਸੀ। ਸੰਗਤਾਂ ਨੂੰ ਦੀਵਾਲੀ ਦੇ ਮੌਕੇ ਤੇ ਰੁੱਝਿਆ ਹੋਣ ਕਰਕੇ ਉਹਨਾਂ ਨੂੰ ਇਤਿਹਾਸ ਨੂੰ ਖੋਜਣ ਦਾ ਮੌਕਾ ਘੱਟ ਮਿਲਣਾ ਸੀ। ਇਸ ਕਰਕੇ ਸਾਡੀਆਂ 2 – 3 ਦਿਨ ਇਲਾਹਾਬਾਦ ਵਿਖੇ ਸਰਦਾਰ ਜੋਗਿੰਦਰ ਸਿੰਘ ਜੀ ਨਾਲ ਮੀਟਿੰਗਾਂ ਹੁੰਦੀਆਂ ਰਹੀਆਂ ਜਿੱਥੇ ਸਰਦਾਰ ਜੋਗਿੰਦਰ ਸਿੰਘ ਜੀ ਅਤੇ ਹੋਰ ਸੰਗਤਾਂ ਤੋਂ ਸਾਨੂੰ ਇਤਿਹਾਸ ਨੂੰ ਜਾਣਨ ਦਾ ਮੌਕਾ ਮਿਲਿਆ। ਤਿ੍ਬੇਣੀ ਨਦੀ ਤੇ ਵੀ 2 ਵਾਰ ਜਾ ਕੇ ਇਤਿਹਾਸ ਨੂੰ ਵਾਚਣ ਦਾ ਮੌਕਾ ਮਿਲਿਆ।
ਗੁਰੂ ਨਾਨਕ ਸਾਹਿਬ ਜੀ ਜਦੋਂ ਇਲਾਹਾਬਾਦ ਵਿੱਚ ਆਏ ਸਨ ਤਾਂ ਉੱਥੇ ਪੰਡਿਤਾਂ ਵੱਲੋਂ ਇੱਕ ਬਹੁਤ ਵੱਡਾ ਭਰਮ ਜਾਲ ਪਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਸੀ। ਦੱਸਿਆ ਜਾਂਦਾ ਸੀ ਕਿ ਇਲਾਹਾਬਾਦ ਵਿੱਚ ਇੱਕ ਸ਼ਿਵ ਜੀ ਦਾ ਆਰਾ ਪਿਆ ਹੈ। ਜੋ ਇਸ ਸ਼ਿਵ ਜੀ ਦੇ ਆਰੇ ਤੇ ਗਿਰ ਕੇ ਆਪਣੇ ਪ੍ਰਾਣ ਤਿਆਗ ਦੇਵੇਗਾ, ਉਸਨੂੰ ਮੁਕਤੀ ਮਿਲ ਜਾਵੇਗੀ। ਇਸ ਤਰ੍ਹਾਂ ਜੋ ਮੁਕਤੀ ਦੀ ਆਸ ਰੱਖ ਕੇ ਇੱਥੇ ਆਉਂਦਾ ਸੀ, ਪੰਡਿਤਾਂ ਵੱਲੋਂ ਭਰਮ ਜਾਲ ਵਿੱਚ ਫਸਾ ਕੇ ਉਸਨੂੰ ਖੂਹ ਵਿੱਚ ਚਲਦੇ ਹੋਏ ਆਰੇ ਤੇ ਸੁੱਟ ਕੇ ਮਾਰ ਦਿਤਾ ਜਾਂਦਾ ਸੀ ਅਤੇ ਉਸਦੀ ਸੰਪਤੀ ਆਪ ਜ਼ਬਤ ਕਰ ਲੲੀ ਜਾਂਦੀ ਸੀ। ਗੁਰੂ ਨਾਨਕ ਸਾਹਿਬ ਜੀ ਨੇ ਇੱਥੇ ਸਭ ਤੋਂ ਪਹਿਲਾਂ ਆ ਕੇ ਇਸ ਗੱਲ ਤੋਂ ਵਰਜਿਆ। ਇਸ ਗੱਲ ਦਾ ਹੋਕਾ ਦਿੱਤਾ ਕਿ ਇਸ ਤਰੀਕੇ ਨਾਲ ਮੌਤ, ਮੁਕਤੀ ਦਾ ਹੱਲ ਨਹੀਂ ਹੈ। ਜੀਵਨ ਜਾਚ ਦੀ ਮੁਕਤੀ ਹੋਰ ਚੀਜ਼ ਹੈ। ਸਰਦਾਰ ਜੋਗਿੰਦਰ ਸਿੰਘ ਜੀ ਦੀ ਦਿਲੀ ਇੱਛਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਦੀ ਕੋਈ ਵੀ ਯਾਦਗਾਰ ਇਲਾਹਾਬਾਦ ਵਿੱਚ ਨਹੀਂ ਹੈ। ਪਹਿਲਾਂ ਇੱਥੇ ਯਾਦਗਾਰ ਹੁੰਦੀ ਸੀ ਪਰ ਖੋਜ ਕਰਕੇ ਇਸ ਇਤਿਹਾਸ ਨੂੰ ਸੰਗਤਾਂ ਸਾਹਮਣੇ ਲੈ ਕੇ ਆਉਣਾ ਚਾਹੀਦਾ ਹੈ। 2 – 3 ਦਿਨ ਇਲਾਹਾਬਾਦ ਰੁਕ ਕੇ ਇਤਿਹਾਸ ਦੇ ਪੰਨਿਆਂ ਨੂੰ ਵਾਚਣ ਤੋਂ ਬਾਅਦ ਦਾਸ ਦੀ ਟੀਮ ਨੂੰ 15 ਨਵੰਬਰ 2028 ਨੂੰ ਉਸ ਅਸਥਾਨ ਤੇ ਜਾਣ ਦਾ ਮੌਕਾ ਮਿਲਿਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਮਾਤਾ ਗੁਜਰ ਕੌਰ ਜੀ ਦੇ ਗਰਭ ਵਿੱਚ ਹੋਇਆ ਸੀ। ਗੁਰੂ ਤੇਗ ਬਹਾਦਰ ਜੀ ਕਿਵੇਂ ਇਸ ਅਸਥਾਨ ਤੇ ਪਹੁੰਚਦੇ ਹਨ। ਇਸਦਾ ਕੀ ਇਤਿਹਾਸ ਹੈ,ਇਹ ਅਸੀਂ ਅਗਲੀ ਲੜੀ ਨੰ 98 ਵਿੱਚ ‘ਤਹੀ ਪ੍ਰਕਾਸ਼ ਹਮਾਰਾ ਭਇਓ’ ਦਾ ਇਤਿਹਾਸ ਸ੍ਰਵਨ ਕਰਾਂਗੇ।