ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 91 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਥਾਨੇਸਰ ਤੋਂ ਅੱਗੇ ਪਿੰਡ ਮੁਨੀਅਰਪੁਰ, ਡੂਡੀ ਅਤੇ ਸਲੇਮਪੁਰ ਪਿੰਡਾਂ ਵਿੱਚ ਪਹੁੰਚਦੇ ਹਨ ਜਿੱਥੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਏ ਸਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਸਲੇਮਪੁਰ ਤੋਂ ਅੱਗੇ ਖਾਨਪੁਰ ਅਤੇ ਬਨੀ ਬਦਨਪੁਰ ਆਦਿ ਪਿੰਡਾਂ ਵਿੱਚ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਮੰਜੀ ਵੀ ਬਖਸ਼ਿਸ਼ ਕੀਤੀ ਸੀ ਅਤੇ ਪਾਣੀ ਦੀ ਕਮੀ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਏ ਸਨ। ਅੱਜ ਉੱਥੇ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ
ਸਲੇਮਪੁਰ ਤੋਂ ਅੱਗੇ ਪਿੰਡ ਖ਼ਾਨਪੁਰ ਆਉਂਦਾ ਹੈ। ਖਾਨਪੁਰ, ਸਲੇਮਪੁਰ ਤੋਂ ਤਕਰੀਬਨ 11 ਕਿਲੋਮੀਟਰ ਤੇ ਪੈਂਦਾ ਹੈ। ਜਦੋਂ ਸਾਡੀ ਟੀਮ ਪਿੰਡ ਖ਼ਾਨਪੁਰ ਵਿੱਚ ਪਹੁੰਚੀ ਤਾਂ ਖਾਨਪੁਰ ਦੀ ਫਿਰਨੀ ਦੇ ਉੱਤੇ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਗੁਰਦੁਆਰਾ ਸਾਹਿਬ ਦੀ ਕੰਧ ਤੇ ਲਿਖਿਆ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਇੱਥੇ ਦੁਪਹਿਰ ਕੱਟੀ ਅਤੇ ਆਰਾਮ ਕੀਤਾ। ਅਸੀਂ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਇੱਕ ਬੋਹੜ ਦਾ ਰੁੱਖ ਵੀ ਮੌਜੂਦ ਹੈ। ਅਸੀਂ ਇੱਥੋਂ ਦੇ ਇਤਿਹਾਸ ਦਾ ਪਤਾ ਕੀਤਾ ਕਿ ਅਸੀਂ ਜਿਸ ਗੁਰਦੁਆਰਾ ਸਾਹਿਬ ਵਿੱਚ ਖੜ੍ਹੇ ਹਾਂ, ਅੱਜ ਇਸੇ ਪਰਿਵਾਰ ਕੋਲ ਇਹ ਗੁਰਦੁਆਰਾ ਸਾਹਿਬ ਹੈ। ਅੱਜ ਇਸੇ ਪਰਿਵਾਰ ਕੋਲ ਗੁਰਦੁਆਰਾ ਸਾਹਿਬ ਦੀ ਜ਼ਿੰਮੇਵਾਰੀ ਹੈ ਜਿਸ ਵਿੱਚ ਸਰਦਾਰ ਜਸਬੀਰ ਸਿੰਘ ਜੀ, ਸਰਦਾਰ ਜਗਤ ਸਿੰਘ ਜੀ ਨੇ ਦੱਸਿਆ ਕਿ ਸਾਡੇ ਪੁਰਾਣੇ ਬਜੁਰਗ ,ਜੋ ਕਿ ਤਰਨਤਾਰਨ ਤੋਂ ਆ ਕੇ ਇੱਥੇ ਵਸੇ ਸਨ, ਉਹਨਾਂ ਨੇ ਖਾਨਾਂ ਕੋਲੋਂ ਇੱਕ ਕਿਲ੍ਹਾ ਲਿਆ ਸੀ। ਉਸ ਕਿਲ੍ਹੇ ਦੇ ਅੰਸ਼ ਪੁਰਾਣੇ ਕਿਲ੍ਹੇ ਦੇ ਰੂਪ ਵਿੱਚ ਮੌਜੂਦ ਹਨ ਪਰ ਹੁਣ ਸਿਰਫ਼ ਕੰਧ ਹੀ ਬਚੀ ਹੈ, ਜੋ ਕਿ ਤੁਸੀਂ ਦਰਸ਼ਨ ਕਰ ਰਹੇ ਹੋ। ਸਾਨੂੰ ਪਿੰਡ ਦੇ ਬਜ਼ੁਰਗਾਂ ਜਾਂ ਇਹਨਾਂ ਦੇ ਪਰਿਵਾਰ ਤੋਂ ਪਤਾ ਲੱਗਿਆ ਕਿ ਇੱਥੇ ਬਹੁਤ ਵੱਡਾ ਕਿਲ੍ਹਾ ਹੁੰਦਾ ਸੀ। ਇੱਕ ਹੋਰ ਜਗ੍ਹਾ ਸੀ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਇੱਕ ਬੋਹੜ ਦਾ ਰੁੱਖ ਵੀ ਮੌਜੂਦ ਹੈ। ਪਹਿਲਾਂ ਇੱਥੇ ਪਿੱਪਲ ਦਾ ਰੁੱਖ ਹੁੰਦਾ ਸੀ। ਇੱਥੇ ਇਸੇ ਪਰਿਵਾਰ ਵਿੱਚੋਂ ਭਾਈ ਖੁਸ਼ਹਾਲਾ ਚੌਧਰੀ ਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਇੱਥੋਂ ਗੁਜ਼ਰ ਰਹੇ ਹਨ ਤਾਂ ਭਾਈ ਖੁਸ਼ਹਾਲੇ ਚੌਧਰੀ ਨੇ ਬੇਨਤੀ ਕਰਕੇ ਗੁਰੂ ਤੇਗ ਬਹਾਦਰ ਜੀ ਨੂੰ ਇਸ ਜਗ੍ਹਾ ਤੇ ਠਹਿਰਾਇਆ ਅਤੇ ਗੁਰੂ ਦੇ ਲੰਗਰ ਦੀ ਸੇਵਾ ਕੀਤੀ। ਗੁਰੂ ਤੇਗ ਬਹਾਦਰ ਜੀ ਨੇ ਉਸ ਉੱਤੇ ਅਸੀਮ ਬਖਸ਼ਿਸ਼ਾਂ ਕੀਤੀਆਂ, ਜਿਹੜੀਆਂ ਬਖਸ਼ਿਸ਼ਾਂ ਅੱਜ ਇਸ ਪਰਿਵਾਰ ਤੇ ਹਨ। ਉਸੇ ਪਰਿਵਾਰ ਵੱਲੋਂ ਇਹ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਪਹਿਲਾਂ ਇੱਥੇ ਜੋ ਪਿੱਪਲ ਦਾ ਰੁੱਖ ਸੀ, ਉਹ ਤਾਂ ਅੱਜ ਮੌਜੂਦ ਨਹੀਂ ਹੈ ਪਰ ਉਸੇ ਜਗ੍ਹਾ ਤੇ ਇੱਕ ਬੋਹੜ ਦਾ ਰੁੱਖ ਮੌਜੂਦ ਹੈ। ਇਹ ਵੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਹੈ।
ਇੱਥੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਪਿੰਡ ਬਨੀ ਬਦਨਪੁਰ ਪਹੁੰਚਦੇ ਹਨ। ਖਾਨਪੁਰ ਤੋਂ ਤਕਰੀਬਨ 10 ਕਿਲੋਮੀਟਰ ਤੇ ਇਹ ਪਿੰਡ ਬਨੀ ਬਦਨਪੁਰ ਪੈਂਦਾ ਹੈ। ਬਨੀ ਅਤੇ ਬਦਨਪੁਰ ਪਿੰਡ ਦੋਨੋਂ ਵੱਖ-ਵੱਖ ਹਨ। ਜਦੋਂ ਸਾਡੀ ਟੀਮ ਇਸ ਪਿੰਡ ਵਿੱਚੋਂ ਗੁਜ਼ਰ ਕੇ ਗੁਰਦੁਆਰਾ ਸਾਹਿਬ ਪਹੁੰਚੀ ਤਾਂ ਅਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ। ਉੱਥੋਂ ਦੇ ਗ੍ਰੰਥੀ ਸਿੰਘ ਜੀ ਨੂੰ ਵੀ ਮਿਲੇ। ਗ੍ਰੰਥੀ ਸਿੰਘ ਤੋਂ ਵੀ ਇਤਿਹਾਸ ਦਾ ਪਤਾ ਲੱਗਿਆ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਤਾਂ ਉਹਨਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਸੀ। ਉਹਨਾਂ ਨੂੰ ਗੁਰਬਾਣੀ ਦਾ ਉਪਦੇਸ਼ ਦਿੱਤਾ ਸੀ। ਨਾਲ਼ ਹੀ ਇੱਥੋਂ ਦੇ ਲੋਕਾਂ ਨੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੀ ਮੁਸ਼ਕਿਲ ਦੱਸੀ ਕਿ ਇੱਥੇ ਪਾਣੀ ਦੀ ਬਹੁਤ ਕਮੀ ਹੈ। ਪਾਣੀ ਦੀ ਘਾਟ ਕਾਰਨ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਉਸ ਇਲਾਕੇ ਦੇ ਮੁਖੀ ਰਾਮ ਬਖਸ਼ ਨੂੰ ਕੋਲ ਸੱਦਿਆ ਅਤੇ ਭਰੀ ਸੰਗਤ ਵਿੱਚ ਗੁਰੂ ਸਾਹਿਬ ਜੀ ਨੇ ਮਾਇਆ ਦੀ ਵੱਡੀ ਥੈਲੀ, ਜਿਸ ਵਿੱਚ ਕਾਫ਼ੀ ਮਾਇਆ ਸੀ ਅਤੇ ਜਿਸਨੂੰ ਮਾਇਆ ਦੀ ਬਦਰ ਕਿਹਾ ਜਾਂਦਾ ਸੀ। ਉਹ ਮਾਇਆ ਦੀ ਬਦਰ ਰਾਮ ਬਖਸ਼ ਨੂੰ ਦੇ ਕੇ ਕਿਹਾ ਕਿ ਇੱਥੇ ਲੋਕਾਂ ਦੀ ਭਲਾਈ ਲਈ ਖੂਹ ਅਤੇ ਬਾਗ਼ ਲਗਵਾਓ। ਨਾਮ ਬਾਣੀ ਦਾ ਪ੍ਰਵਾਹ ਚਲਾ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ ਕੇ ਰੱਖੋ। ਸੰਗਤ ਕਰਦੇ ਰਹੋ, ਗੁਰੂ ਦੇ ਅਟੁੱਟ ਲੰਗਰ ਵਰਤਦੇ ਰਹਿਣ ਅਤੇ ਹੋਰ ਵੀ ਲੋਕ ਭਲਾਈ ਦੇ ਕਾਰਜ ਕਰਦੇ ਰਹੋ। ਇਹ ਕਹਿ ਕੇ ਗੁਰੂ ਸਾਹਿਬ ਜੀ ਨੇ ਉਹ ਮਾਇਆ ਉਸ ਮੁਖੀਏ ਰਾਮ ਬਖਸ਼ ਨੂੰ ਦੇ ਦਿੱਤੀ। ਮਾਇਆ ਦੇ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਦਿੱਲੀ ਦੇ ਰਸਤੇ ਮਥੁਰਾ ਵੱਲ ਨੂੰ ਚਲੇ ਜਾਂਦੇ ਹਨ। ਜਦੋਂ ਗੁਰੂ ਤੇਗ ਬਹਾਦਰ ਜੀ ਕੲੀ ਸਾਲਾਂ ਬਾਅਦ ਪਟਨਾ ਸਾਹਿਬ ਤੋਂ ਵਾਪਸ ਪੰਜਾਬ ਆਉਂਦੇ ਹਨ ਤਾਂ ਦੂਜੀ ਵਾਰ ਗੁਰੂ ਤੇਗ ਬਹਾਦਰ ਜੀ ਪਿੰਡ ਬਨੀ ਬਦਨਪੁਰ ਪਹੁੰਚਦੇ ਹਨ। ਗੁਰੂ ਸਾਹਿਬ ਜੀ ਨੂੰ ਉਸ ਰਾਮ ਬਖਸ਼ ਬਾਰੇ ਪਤਾ ਲੱਗਿਆ ਕਿ ਉਸਨੇ ਉਹ ਮਾਇਆ ਆਪਣੇ ਨਿੱਜੀ ਕੰਮਾਂ ਲਈ ਵਰਤ ਲੲੀ ਸੀ। ਉਸਨੇ ਕੋਈ ਵੀ ਖੂਹ ਅਤੇ ਬਾਗ਼ ਨਹੀਂ ਲਗਵਾਇਆ ਸੀ। ਗੁਰੂ ਤੇਗ ਬਹਾਦਰ ਜੀ ਨੇ ਇੱਥੇ ਦੁਬਾਰਾ ਸੰਗਤਾਂ ਨੂੰ ਜੋੜਿਆ ਅਤੇ ਪ੍ਰੇਰਿਤ ਕੀਤਾ। ਉਸ ਮੁਖੀਏ ਨੂੰ ਵੀ ਗੁਰੂ ਸਾਹਿਬ ਨੇ ਝਾੜ ਪਾਈ। ਪਿੰਡ ਦੇ ਲੋਕਾਂ ਦੇ ਮੁਤਾਬਕ ਗੁਰੂ ਸਾਹਿਬ ਜੀ ਨੇ ਆਪਣੇ ਹੱਥੀਂ ਇੱਥੇ 7 ਖੂਹ ਲਗਵਾਏ। ਇੱਕ ਖੂਹ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਹੈ, ਜੋ ਕਿ ਚਾਲੂ ਹਾਲਤ ਵਿੱਚ ਹੈ ਅਤੇ ਜਲਦੀ ਹੀ ਇਸ ਖੂਹ ਦਾ ਵਧੀਆ ਨਿਰਮਾਣ ਹੋ ਜਾਵੇਗਾ।
ਇੱਕ ਖੂਹ ਹੋਰ ਹੈ ਜੋ ਕਿ ਉਪਰੋਂ ਦੱਬ ਚੁੱਕਿਆ ਹੈ। ਬਾਕੀ 5 ਖੂਹਾਂ ਦਾ ਕੋਈ ਪਤਾ ਟਿਕਾਣਾ ਨਹੀਂ ਹੈ ਕਿ ਉਹ 5 ਖੂਹ ਕਿੱਥੇ ਹਨ। ਕੁੱਲ 7 ਖੂਹ ਸਨ। ਪਿੰਡ ਦੇ ਅੰਦਰ ਜੋ ਤੁਸੀਂ ਇਹ ਜਗ੍ਹਾ ਦੇਖ ਰਹੇ ਹੋ, ਇੱਥੇ ਪਹਿਲਾਂ ਗੁਰੂ ਕਾ ਬਾਗ ਹੁੰਦਾ ਸੀ। ਅੱਜ ਇਸ ਜਗ੍ਹਾ ਤੇ ਬਾਊਂਡਰੀ ਕੀਤੀ ਹੋਈ ਹੈ। ਨਿਸ਼ਾਨ ਸਾਹਿਬ ਵੀ ਲੱਗਿਆ ਹੋਇਆ ਹੈ। ਇੱਥੇ ਪਹਿਲਾਂ ਮੰਜੀ ਸਾਹਿਬ ਵੀ ਮੌਜੂਦ ਸੀ। ਇੱਕ ਛੋਟਾ ਕਮਰਾ ਵੀ ਬਣਿਆ ਹੋਇਆ ਸੀ ਪਰ ਹੁਣ ਇਹ ਜਗ੍ਹਾ ਖ਼ਤਮ ਹੋ ਚੁੱਕੀ ਹੈ। ਜਲਦੀ ਹੀ ਇਸ ਜਗ੍ਹਾ ਤੇ ਹੋਰ ਨਿਰਮਾਣ ਹੋਣ ਜਾ ਰਿਹਾ ਹੈ। ਇੱਕ ਹੋਰ ਗੱਲ ਇਹ ਹੈ ਕਿ ਅੱਜ ਤੋਂ ਤਕਰੀਬਨ 15 ਸਾਲ ਪਹਿਲਾਂ ਗੁਰੂ ਤੇਗ ਬਹਾਦਰ ਜੀ ਦਾ ਜੋ ਗੁਰਦੁਆਰਾ ਬਨੀ ਬਦਨਪੁਰ ਵਿੱਚ ਮੌਜੂਦ ਹੈ,ਜਦੋਂ ਇਸਦੀ ਖੁਦਾਈ ਕੀਤੀ ਗਈ ਭਾਵ ਗੁਰੂਦੁਆਰੇ ਨੂੰ ਢਾਹ ਕੇ ਨਵਾਂ ਨਿਰਮਾਣ ਕੀਤਾ ਗਿਆ ਤਾਂ ਖੁਦਾਈ ਦੇ ਸਮੇਂ ਜ਼ਮੀਨ ਵਿੱਚੋਂ ਗੁਰੂ ਤੇਗ ਬਹਾਦਰ ਜੀ ਦੀ ਮੰਜੀ ਨਿਕਲੀ ਸੀ। ਅੱਜ ਵੀ ਇਹ ਪੱਥਰ ਦੀ ਮੰਜੀ, ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉਸਦੇ ਨੀਚੇ ਭੋਰਾ ਸਾਹਿਬ ਬਣਿਆ ਹੋਇਆ ਹੈ, ਉੱਥੇ ਇਸ ਮੰਜੀ ਨੂੰ ਉਸੇ ਤਰ੍ਹਾਂ ਨਗਰ ਨਿਵਾਸੀਆਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ। ਤੁਸੀਂ ਬਨੀ ਬਦਨਪੁਰ ਵਿੱਚ ਇਸ ਮੰਜੀ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਵਿਦਵਾਨਾਂ ਦੇ ਅਨੁਸਾਰ ਕਿਸ ਰਸਤੇ ਤੇ ਜਾਂਦੇ ਹਨ ਅਤੇ ਅਸੀਂ ਕਿਹੜੇ ਰਸਤੇ ਜਾਵਾਂਗੇ, ਇਹ ਅਸੀਂ ਅਗਲੀ ਲੜੀ ਨੰ 93 ਵਿੱਚ ਸ੍ਰਵਨ ਕਰਾਂਗੇ।