ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 90 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਥਾਨੇਸਰ ਵਿਖੇ ਪਹੁੰਚ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਸੁਚੇਤ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਥਾਨੇਸਰ ਤੋਂ ਅੱਗੇ ਮੁਨੀਅਰਪੁਰ, ਡੁੱਢੀ ਅਤੇ ਸਲੇਮਪੁਰ ਪਿੰਡਾਂ ਵਿੱਚ ਪਹੁੰਚਦੇ ਹਨ ਜਿੱਥੇ ਪਾਣੀ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਖੂਹ ਵੀ ਮੌਜੂਦ ਹਨ
ਥਾਨੇਸਰ ਤੋਂ 18 ਕਿਲੋਮੀਟਰ ਅੱਗੇ ਪਿੰਡ ਮੁਨੀਅਰਪੁਰ ਆਉਂਦਾ ਹੈ। ਅੱਜ ਜੇ ਅਸੀਂ ਪਿੰਡ ਮੁਨੀਅਰਪੁਰ ਪਹੁੰਚਣਾ ਹੋਵੇ ਤਾਂ ਕੁਰੂਕਸ਼ੇਤਰ ਤੋਂ ਪਿਪਲੀ ਹੁੰਦੇ ਹੋਏ ਲਾਂਡਵੇ ਦੇ ਕੋਲ 18 ਕਿਲੋਮੀਟਰ ਤੇ ਇਹ ਪਿੰਡ ਪੈਂਦਾ ਹੈ। ਪਿੰਡ ਮੁਨੀਅਰਪੁਰ ਵਿੱਚ ਗੁਰੂ ਸਾਹਿਬ ਜੀ ਟਿਕਾਣਾ ਕਰਦੇ ਹਨ। ਇੱਥੇ ਸੰਗਤਾਂ ਨੂੰ ਰੋਕਦੇ ਹਨ ਪਰ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਕੁਝ ਸਿੱਖਾਂ ਵੱਲੋਂ ਘੋੜੇ ਅਤੇ ਊਠ ਖੋਲੇ ਜਾਂਦੇ ਹਨ। ਨਾਲ਼ ਹੀ ਇੱਕ ਪਿੰਡ ਡੁੱਢੀ ਪੈਂਦਾ ਹੈ। ਇੱਥੇ ਇੱਕ ਖੂਹ ਲੱਗਿਆ ਹੋਇਆ ਸੀ। ਉੱਥੇ ਬਹੁਤ ਪਾਣੀ ਸੀ। ਉੱਥੇ ਹੀ ਖੂਹ ਵਿੱਚੋਂ ਜਿਹੜਾ ਪਾਣੀ ਆਉਂਦਾ ਸੀ, ਉੱਥੇ ਘੋੜਿਆਂ, ਊਠਾਂ ਅਤੇ ਲੰਗਰਾਂ ਲਈ ਪਾਣੀ ਵਰਤਿਆ ਗਿਆ। ਕਾਫ਼ੀ ਮਾਤਰਾ ਵਿੱਚ ਪਾਣੀ ਦੀ ਵਰਤੋਂ ਕੀਤੀ ਗਈ ਪਰ ਕੁਝ ਮਨਮਤੀ ਲੋਕਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਕਿ ਜਿਹੜਾ ਪਾਣੀ ਅਸੀਂ ਵਰਤਣਾ ਹੈ,ਉਹ ਸਾਰਾ ਪਾਣੀ ਘੋੜੇ ਅਤੇ ਊਠ ਪੀ ਜਾਂਦੇ ਹਨ। ਕੁਝ ਸ਼ਰਾਰਤੀ ਲੋਕਾਂ ਨੇ ਖੂਹ ਦੇ ਮਾਲਕ ਨਾਲ ਮਿਲ ਕੇ ਖ਼ੂਹ ਦੇ ਸਾਫ਼ ਪਾਣੀ ਵਿੱਚ ਗੋਹਾ ਜਾਂ ਮਿੱਟੀ ਘੋਲ ਦਿੱਤੀ ਤਾਂ ਕਿ ਪਾਣੀ ਪੀਣ ਯੋਗ ਨਾ ਰਹੇ।ਇਸ ਗੱਲ ਦਾ ਪਤਾ ਜਦੋਂ ਗੁਰੂ ਸਾਹਿਬ ਜੀ ਨੂੰ ਲੱਗਾ ਤਾਂ ਗੁਰੂ ਜੀ ਵਾਪਸ ਮੁਨੀਅਰਪੁਰ ਆ ਜਾਂਦੇ ਹਨ। ਗੁਰੂ ਜੀ ਦੇ ਮੁਨੀਅਰਪੁਰ ਪਹੁੰਚਣ ਤੇ ਪਿੰਡ ਵਾਲਿਆਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉੱਥੇ ਨਾਲ ਹੀ ਜਦੋਂ ਹੋਰ ਪਾਣੀ ਦੀ ਭਾਲ ਕੀਤੀ ਗਈ ਤਾਂ ਨੇੜੇ ਹੀ ਡੁੱਢੀ ਪਿੰਡ ਤੋਂ ਡੇਢ਼-2 ਕਿਲੋਮੀਟਰ ਤੇ ਪਿੰਡ ਸਲੇਮਪੁਰ ਪੈਂਦਾ ਹੈ। ਸਲੇਮਪੁਰ ਪਿੰਡ ਵਿੱਚ ਵੀ ਖੂਹ ਲੱਭਿਆ ਗਿਆ। ਇਸ ਖੂਹ ਕੋਲ ਆ ਕੇ ਸਿੱਖਾਂ ਨੇ ਪਾਣੀਂ ਦੀ ਵਰਤੋਂ ਕੀਤੀ। ਅੱਜ ਤਿੰਨੇ ਪਿੰਡਾਂ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ।
ਮੁਨੀਅਰਪੁਰ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਹਰ ਮੱਸਿਆ ਨੂੰ ਜੋੜ ਮੇਲਾ ਲੱਗਦਾ ਹੈ। ਇੱਥੇ ਪਿੰਡਾਂ ਤੋਂ ਆਈਆਂ ਸੰਗਤਾਂ ਵੱਲੋਂ ਗੁਰੂ ਦੇ ਲੰਗਰ ਤਿਆਰ ਕੀਤੇ ਜਾਂਦੇ ਹਨ। ਸਾਨੂੰ ਗੁਰਦੁਆਰਾ ਡੁੱਢੀ ਸਾਹਿਬ ਵਿਖੇ ਵੀ ਜਾਣ ਦਾ ਮੌਕਾ ਮਿਲਿਆ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇੱਥੇ ਸਾਨੂੰ ਪ੍ਰਬੰਧਕਾਂ ਨੂੰ ਮਿਲ਼ਣ ਦਾ ਮੌਕਾ ਵੀ ਮਿਲਿਆ। ਤੁਸੀਂ ਪ੍ਰਬੰਧਕਾਂ ਕੋਲੋਂ ਵੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਸ੍ਰਵਣ ਕਰੋ ਜੀ।
ਉਹ ਦੱਸਦੇ ਹਨ , ” 1656 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਮੁਨੀਅਰਪੁਰ ਤੋਂ ਹੁੰਦੇ ਹੋਏ ਇੱਥੇ ਆਏ ਸਨ। ਪਹਿਲਾਂ ਉਹਨਾਂ ਨੇ ਮੁਨੀਅਰਪੁਰ ਵਿੱਚ ਆਪਣਾ ਪੜਾਅ ਕੀਤਾ ਸੀ। ਉੱਥੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਇਸ ਪਿੰਡ ਵਿੱਚ ਪਹੁੰਚੇ ਸਨ। ਇੱਥੇ ਪਿੰਡ ਵਿੱਚ ਖੂਹ ਸੀ ਤਾਂ ਪਿੰਡ ਦੇ ਲੋਕਾਂ ਨੇ ਘੋੜਿਆਂ ਅਤੇ ਸੰਗਤਾਂ ਨੂੰ ਪਾਣੀ ਨਹੀਂ ਪੀਣ ਦਿੱਤਾ ਅਤੇ ਪਾਣੀ ਵਿੱਚ ਗੰਦਗੀ ਘੋਲ ਦਿੱਤੀ ਜਿਸ ਕਾਰਨ ਗੁਰੂ ਸਾਹਿਬ ਜੀ ਦੀਆਂ ਸੰਗਤਾਂ ਨੂੰ ਸਲੇਮਪੁਰ ਵਿੱਚ ਪਾਣੀ ਪਿਲਾਇਆ ਗਿਆ। ਗੁਰੂ ਤੇਗ ਬਹਾਦਰ ਜੀ ਨੇ ਇੱਥੇ ਸਹਿਜ ਸੁਭਾਇ ਕਹਿ ਦਿੱਤਾ ਸੀ ਕਿ ਤੁਹਾਡੀ ਡੁੱਢੀ ਨਾ ਉਜੜੇਗੀ ਅਤੇ ਨਾ ਹੀ ਵਸੇਗੀ। ਇੱਥੇ ਜ਼ਿਆਦਾਤਰ ਘਰਜਵਾਈ ਹੀ ਰਹਿੰਦੇ ਸਨ। ਇੱਥੇ ਸੰਗਤਾਂ ਆ ਕੇ ਸੇਵਾ ਕਰਦੀਆਂ ਹਨ। ਸਾਲ ਵਿੱਚ ਇੱਕ ਪ੍ਰੋਗਰਾਮ ਵੀ ਕਰਦੇ ਹਨ। ਹੁਣ ਇਹਨਾਂ ਦੇ ਪਰਿਵਾਰਾਂ ਵਿੱਚ ਮੁੰਡੇ ਹੋਣ ਨਾਲ ਪਰਿਵਾਰਾਂ ਵਿੱਚ ਵਾਧਾ ਹੋਣ ਲੱਗ ਪਿਆ ਹੈ। ” ਡੁੱਢੀ ਪਿੰਡ ਦੇ ਬਾਹਰਵਾਰ ਉਸ ਖੂਹ ਬਾਰੇ ਜਦੋਂ ਅਸੀਂ ਪੁੱਛਿਆ ਤਾਂ ਪਿੰਡ ਵਾਲਿਆਂ ਨੇ ਸਾਨੂੰ ਦੱਸਿਆ ਕਿ ਪਿੰਡ ਦੇ ਬਾਹਰਵਾਰ ਉਹ ਖੂਹ ਵਾਲੀ ਜਗ੍ਹਾ ਮੌਜੂਦ ਹੈ ਪਰ ਉੱਥੇ ਖੂਹ ਨਹੀਂ ਹੈ। ਉੱਥੇ ਇੱਕ ਪਿੱਪਲ ਦਾ ਰੁੱਖ ਮੌਜੂਦ ਹੈ। ਨਾਲ਼ ਹੀ ਇੱਕ ਕਬਰ ਵੀ ਬਣੀ ਹੋਈ ਹੈ। ਖੂਹ ਦੇ ਨੇੜੇ ਇੱਕ ਪਿੱਪਲ ਦਾ ਰੁੱਖ ਮੌਜੂਦ ਹੈ ਜੋ ਕਿ ਕਿਸੇ ਕਾਰਣਾਂ ਕਰਕੇ ਉਸਦੀਆਂ ਜੜ੍ਹਾਂ ਵਧਣ ਕਰਕੇ ਖੂਹ ਨੂੰ ਨੁਕਸਾਨ ਪਹੁੰਚਣਾ ਸ਼ੁਰੂ ਹੋ ਗਿਆ ਸੀ। ਇਸ ਕਰਕੇ ਖੂਹ ਨੂੰ ਉਥੋਂ ਹਟਾਉਣਾ ਪਿਆ। ਇਹ 3 ਪਿੰਡਾਂ ਦੇ ਗੁਰਦੁਆਰਿਆਂ ਦਾ ਇਤਿਹਾਸ ਤੁਸੀਂ ਸ੍ਰਵਨ ਕਰ ਰਹੇ ਹੋ। ਇਹ ਬਿਲਕੁਲ ਨੇੜੇ-ਨੇੜੇ ਹੀ ਤਿੰਨੋਂ ਪਿੰਡ ਵਸਦੇ ਹਨ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ ਕਿਹੜੇ ਪਿੰਡ ਜਾਂਦੇ ਹਨ,ਇਹ ਅਸੀਂ ਅਗਲੀ ਲੜੀ ਨੰ 92 ਵਿੱਚ ਸ੍ਰਵਨ ਕਰਾਂਗੇ।