ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 87 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਕਾਂਝਲਾ, ਭੈਣੀਮਰਾਜ ਅਤੇ ਮੂੜੋਵਾਲ ਆਦਿ ਪਿੰਡਾਂ ਵਿੱਚੋਂ ਹੁੰਦੇ ਹੋਏ ਧਮਤਾਨ ਸਾਹਿਬ ਵਿਖੇ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਧਮਤਾਨ ਸਾਹਿਬ ਵਿਖੇ ਭਾਈ ਦਗੋ ਜੀ ਨੂੰ ਸਿੱਖੀ ਨਾਲ ਜੋੜਦੇ ਹਨ ਜਿਸਦੀ ਪੀੜ੍ਹੀ ਅੱਜ ਵੀ ਉੱਥੇ ਵਸਦੀ ਹੈ ਅਤੇ ਗੁਰੂ ਘਰ ਨਾਲ ਜੁੜੀ ਹੋਈ ਹੈ
ਅੱਜ ਅਸੀਂ ਗੁਰਦੁਆਰਾ ਧਮਤਾਨ ਸਾਹਿਬ ਦੀ ਗੱਲ ਕਰਾਂਗੇ। ਇੱਥੇ ਗੁਰੂ ਤੇਗ ਬਹਾਦਰ ਜੀ 3 ਕੁ ਵਾਰ ਦੇ ਕਰੀਬ ਆਏ ਸਨ। ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ 1665 ਈਸਵੀ ਦੀ ਵਿਸਾਖੀ ਨੂੰ ਆਏ ਸਨ ਅਤੇ ਦੂਜੀ ਵਾਰ 1665 ਈਸਵੀ ਦੀ ਦੀਵਾਲੀ ਦਾ ਜੋੜਮੇਲਾ ਵੀ ਗੁਰੂ ਸਾਹਿਬ ਨੇ ਇੱਥੇ ਆ ਕੇ ਕੀਤਾ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਸਿੱਖੀ ਦਾ ਧਰਮ ਪ੍ਰਚਾਰ ਕੇਂਦਰ ਵੀ ਸਥਾਪਿਤ ਕੀਤਾ। ਅਸੀਂ ਪਿਛਲੀ ਲੜੀ ਨੰ 64 ਵਿੱਚ ਭਾਈ ਦਗੋ ਜੀ ਅਤੇ ਭਾਈ ਮੀਹਾਂ ਜੀ ਦਾ ਇਤਿਹਾਸ ਸ੍ਰਵਣ ਕੀਤਾ ਸੀ। ਪਹਿਲੀ ਵਾਰ ਜਦੋਂ ਗੁਰੂ ਤੇਗ ਬਹਾਦਰ ਜੀ ਵਿਸਾਖੀ ਦੇ ਮੌਕੇ ਤੇ ਇੱਥੇ ਆਏ ਤਾਂ ਉਹਨਾਂ ਨੇ ਭਾਈ ਦਗੋ ਜੀ ਨੂੰ ਮਾਇਆ ਦੇ ਕੇ ਬਚਨ ਕੀਤਾ ਕਿ ਤੁਸੀਂ ਸੰਗਤਾਂ ਦੀ ਸੁਵਿਧਾ ਲਈ ਇੱਥੇ ਬਾਗ਼ ਅਤੇ ਖੂਹ ਲਗਵਾਉਣੇ ਹਨ।
ਦੂਜੀ ਵਾਰ ਜਦੋਂ ਗੁਰੂ ਤੇਗ ਬਹਾਦਰ ਜੀ ਦੀਵਾਲੀ ਦੇ ਮੌਕੇ ਤੇ ਇੱਥੇ ਆਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਭਾਈ ਦਗੋ ਨੇ ਉਹ ਮਾਇਆ ਆਪਣੇ ਪਰਿਵਾਰ ਦੇ ਨਿੱਜੀ ਕੰਮਾਂ ਲਈ ਵਰਤ ਲੲੀ ਸੀ ਅਤੇ ਉਸਨੇ ਆਪਣੇ ਖੇਤਾਂ ਵਿੱਚ ਖੂਹ ਲਗਵਾ ਲਿਆ ਸੀ। ਗੁਰੂ ਸਾਹਿਬ ਨੇ ਉਸਨੂੰ ਸਮਝਾਇਆ। ਸੱਚ ਜਾਣਿਓ, ਜਦੋਂ ਦਾਸ ਇਸ ਜਗ੍ਹਾ ਤੇ ਪਹੁੰਚਿਆ ਤਾਂ ਦਾਸ ਨੂੰ ਭਾਈ ਦਗੋ ਜੀ ਦੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ ਕਿਉਂਕਿ ਗੁਰੂ ਸਾਹਿਬ ਜੀ ਕਿਸੇ ਨੂੰ ਸਰਾਪ ਨਹੀਂ ਦੇ ਸਕਦੇ। ਅਸੀਂ ਇਸ ਜਗ੍ਹਾ ਤੇ ਪਹੁੰਚੇ ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਹ ਭਾਈ ਦਗੋ ਜੀ ਦੀ ਜ਼ਮੀਨ ਸੀ ਜਿੱਥੇ ਉਸਨੇ ਖੂਹ ਲਗਵਾਇਆ ਸੀ।
ਉਹਨਾਂ ਦੇ ਪਰਿਵਾਰ ਵਿੱਚੋਂ ਭਾਈ ਕਰਮਬੀਰ ਸਿੰਘ ਜੀ ਨੇ ਦੱਸਿਆ ਕਿ ਸਾਡੇ ਕੋਲ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਕੋਈ ਕਮੀ ਨਹੀਂ ਹੈ। ਮੈਂ ਭਾਈ ਦਗੋ ਦੀ ਭੈਣ ਦੀ ਔਲਾਦ ਦੀ ਅਗੋਂ ਪੀੜ੍ਹੀ ਵਿੱਚੋਂ ਹਾਂ। ਅਸੀਂ 2 ਭਰਾ ਹਾਂ ਅਤੇ ਸਾਡੇ ਪਿਤਾ ਜੀ ਫੌਜ ਵਿੱਚੋਂ ਰਿਟਾਇਰ ਹੋ ਚੁੱਕੇ ਹਨ। ਵੱਡਾ ਭਰਾ ਡਾਕਟਰ ਹੈ ਅਤੇ ਦਿੱਲੀ ਹਸਪਤਾਲ ਵਿੱਚ ਚੰਗੀ ਨੌਕਰੀ ਕਰਦਾ ਹੈ। ਮੈਂ ਇੱਕ ਸਰਕਾਰੀ ਟੀਚਰ ਦੇ ਤੌਰ ਤੇ ਆਪਣੀਆਂ ਸੇਵਾਵਾਂ ਦੇ ਰਿਹਾ ਹਾਂ। ਮੈਂ ਦੱਸਣਾ ਚਾਹੁੰਦਾ ਹਾਂ ਕਿ ਗੁਰੂ ਸਾਹਿਬ ਜੀ ਨੇ ਕਿਸੇ ਨੂੰ ਕੋਈ ਸਰਾਪ ਨਹੀਂ ਦਿੱਤਾ ਸੀ। ਜੇ ਕੋਈ ਕਿਸੇ ਨੂੰ ਸਰਾਪ ਦਿੰਦਾ ਹੈ ਤਾਂ ਸਰਾਪ ਨਾਲ ਉਸਦਾ ਸਾਰਾ ਕੁਝ ਖ਼ਤਮ ਹੋ ਜਾਂਦਾ ਹੈ ਪਰ ਜੇ ਅਸੀਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਰੀਏ ਤਾਂ ਗੁਰੂ ਸਾਹਿਬ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣ ਦਿੰਦੇ। ਸਾਡਾ ਪੂਰਾ ਪਰਿਵਾਰ ਸੁੱਖ ਨਾਲ ਜੀਵਨ ਬਤੀਤ ਕਰ ਰਿਹਾ ਹੈ।
ਸੋ, ਇਹ ਪਰਿਵਾਰ ਗੁਰੂ ਘਰ ਨਾਲ ਬਹੁਤ ਜੁੜਿਆ ਹੋਇਆ ਹੈ। ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਉਹਨਾਂ ਨੇ ਦੱਸਿਆ ਕਿ ਭਾਈ ਦਗੋ ਦਾ ਪਰਿਵਾਰ ਅੱਜ ਵੀ ਗੁਰੂ ਘਰ ਦੀ ਬਹੁਤ ਸੇਵਾ ਕਰਦਾ ਹੈ। ਇਹ ਉਹ ਜਗ੍ਹਾ ਹੈ ਜਿੱਥੇ ਭਾਈ ਦਗੋ ਜੀ ਨੇ ਖੂਹ ਲਗਵਾਇਆ ਸੀ। ਇਹ ਭਾਈ ਦਗੋ ਜੀ ਦੀ ਭੈਣ ਦਾ ਪਰਿਵਾਰ ਹੈ। ਇਸ ਧਮਤਾਨ ਸਾਹਿਬ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇੱਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਧਰਮ ਪ੍ਰਚਾਰ ਦਾ ਕੇਂਦਰ ਥਾਪਿਆ ਅਤੇ ਨੇੜੇ ਤੇੜੇ ਜਾ ਕੇ ਪ੍ਰਚਾਰ ਵੀ ਕੀਤਾ। ਅੱਜ ਵੀ ਇੱਥੇ ਸੰਗਤਾਂ ਜੁੜਦੀਆਂ ਹਨ। ਇਸ ਅਸਥਾਨ ਦਾ ਬਹੁਤ ਵੱਡਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ। ਇੱਥੋਂ ਅੱਗੇ ਗੁਰੂ ਤੇਗ ਬਹਾਦਰ ਜੀ ਅਸਾਮ ਦੀ ਯਾਤਰਾ ਨੂੰ ਚਲਦੇ ਹਨ। ਧਮਤਾਨ ਸਾਹਿਬ ਤੋਂ ਗੁਰੂ ਜੀ ਬੈਹਰ ਸਾਹਿਬ ਜਾਂਦੇ ਹਨ। ਇਸ ਇਤਿਹਾਸ ਬਾਰੇ ਅਸੀਂ ਅਗਲੀ ਲੜੀ ਨੰ 89 ਵਿੱਚ ਸ੍ਰਵਨ ਕਰਾਂਗੇ।