ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 86 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਜਹਾਂਗੀਰ, ਬਵਨਪੁਰ ਅਤੇ ਰਾਜੋਮਾਜਰਾ ਵਿਖੇ ਪਹੁੰਚਦੇ ਹਨ ਅਤੇ ਉੱਥੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਉਂਦੇ ਹਨ ਅਤੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਕਾਂਝਲਾ, ਭੈਣੀਮਰਾਜ ਅਤੇ ਮੂਲੋਵਾਲ ਆਦਿ ਪਿੰਡਾਂ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕਰਦੇ ਹੋਏ ਧਮਤਾਨ ਸਾਹਿਬ ਵਿਖੇ ਪਹੁੰਚਦੇ ਹਨ, ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ
ਅੱਜ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅਸੀਂ ਪਿੰਡ ਕਾਂਝਲਾ , ਭੈਣੀਮਰਾਜ ਅਤੇ ਮੂਲੋਵਾਲ ਆਦਿ ਪਿੰਡਾਂ ਦੀ ਗੱਲ ਕਰਾਂਗੇ। ਕਾਂਝਲਾ ਪਿੰਡ ਵਿੱਚ ਬਣੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਅਸਥਾਨ ਤੇ ਗੁਰੂ ਸਾਹਿਬ ਜੀ ਦੇ ਚਰਨ ਪੲੇ ਹੋਏ ਹਨ। ਪਹਿਲੀ ਵਾਰ ਗੁਰੂ ਨਾਨਕ ਸਾਹਿਬ ਜੀ ਨੇ ਆ ਕੇ ਇਸ ਪਿੰਡ ਵਿੱਚ ਸਿੱਖੀ ਦਾ ਬੂਟਾ ਲਾਇਆ ਸੀ। ਬਾਅਦ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਵੀ ਇਸ ਨਗਰ ਵਿੱਚ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋ 4 ਜੰਗਾਂ ਲੜੀਆਂ ਸਨ, ਉਹਨਾਂ ਜੰਗਾਂ ਵਿੱਚ ਵੀ ਇਸ ਪਿੰਡ ਦੇ ਸਿੱਖਾਂ ਵੱਲੋਂ ਗੁਰੂ ਸਾਹਿਬ ਜੀ ਦੀ ਹਮਾਇਤ ਵਿੱਚ ਜੰਗਾਂ ਯੁੱਧਾਂ ਵਿੱਚ ਹਿੱਸਾ ਲਿਆ ਗਿਆ ਸੀ। ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪਿੰਡਾਂ ਦਾ ਦੌਰਾ ਕਰਦੇ ਹੋਏ ਇਸ ਪਿੰਡ ਵਿੱਚ ਪਹੁੰਚੇ ਸਨ। ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਨੇ ਕੁਝ ਕੋਹੜੀ ਹੋ ਚੁੱਕੇ ਲੋਕਾਂ ਦਾ ਆਪਣੇ ਹੱਥੀਂ ਇਲਾਜ ਕੀਤਾ ਅਤੇ ਉਹਨਾਂ ਨੂੰ ਠੀਕ ਵੀ ਕੀਤਾ। ਅੱਜ ਕਾਂਝਲੇ ਪਿੰਡ ਵਿੱਚ ਉਹਨਾਂ ਲੋਕਾਂ ਦੇ ਪਰਿਵਾਰ ਵਸਦੇ ਹਨ ਜੋ ਕਿ ਬਿਲਕੁਲ ਠੀਕ ਹੋ ਚੁੱਕੇ ਹਨ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ।
ਇਸ ਤੋਂ ਬਾਅਦ 14 ਕਿਲੋਮੀਟਰ ਅੱਗੇ ਪਿੰਡ ਭੈਣੀਮਰਾਜ ਆਉਂਦਾ ਹੈ। ਇਸ ਭੈਣੀਮਰਾਜ ਪਿੰਡ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਕਾਫਲੇ ਨਾਲ ਪਹੁੰਚੇ ਜਿਸ ਵਿੱਚ 300 ਸੰਗਤਾਂ, ਘੋੜੇ, ਊਠ, ਸਮਾਨ ਢੋਣ ਵਾਲੀਆਂ ਗੱਡੀਆਂ ( ਬੈਲ, ਬਲਦ) ਆਦਿ ਸ਼ਾਮਿਲ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਤਾਂ ਇੱਥੇ ਇੱਕ ਘੋੜੀ ਬੀਮਾਰ ਹੋ ਗੲੀ। ਘੋੜੀ ਦੇ ਕਾਰਨ ਇੱਥੇ ਰੁਕਣਾ ਪਿਆ ਅਤੇ ਘੋੜੀ ਵੱਲੋਂ ਵਛੇਰਾ ਦਿੱਤਾ ਗਿਆ। ਗੁਰੂ ਸਾਹਿਬ ਜੀ ਉਦੋਂ ਤੱਕ ਉੱਥੇ ਹੀ ਰਹੇ ਜਦੋਂ ਤੱਕ ਘੋੜੀ ਚਲਣਯੋਗ ਨਾ ਹੋ ਗਈ। ਉਸ ਤੋਂ ਬਾਅਦ ਅੱਗੇ ਚਾਲੇ ਪਾ ਦਿੱਤੇ। ਉਦੋਂ ਤੱਕ ਗੁਰੂ ਸਾਹਿਬ ਨੇ ਉੱਥੇ ਰਹਿ ਕੇ ਦੀਵਾਨ ਲਗਾ ਕੇ ਪ੍ਰਚਾਰ ਵੀ ਕੀਤਾ। ਜਿੱਥੇ ਪਿੰਡ ਦੇ ਲੋਕਾਂ ਨੂੰ ਨਾਮ ਬਾਣੀ ਨਾਲ ਜੋੜਿਆ, ਉੱਥੇ ਦੂਰ-ਦੂਰਾਡੇ ਤੋਂ ਸੰਗਤਾਂ ਵੀ ਆ ਕੇ ਗੁਰਬਾਣੀ ਨਾਲ ਜੁੜੀਆਂ। ਇਸੇ ਜਗ੍ਹਾ ਤੇ ਪਿੰਡ ਭੈਣੀਮਰਾਜ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ।
ਇਸ ਤੋਂ ਅੱਗੇ ਪਿੰਡ ਮੂਲੋਵਾਲ ਪੈਂਦਾ ਹੈ। ਭਾਈ ਸਤਵੀਰ ਸਿੰਘ ਜੀ ਦੀ ਕਿਤਾਬ ‘ਇਤੀ ਜਿਨ ਕਰੀ‘ ਦੇ ਅਨੁਸਾਰ ਗੁਰੂ ਸਾਹਿਬ ਜੀ ਇਸ ਜਗ੍ਹਾ ਤੇ ਦੁਪਹਿਰ ਵੇਲੇ ਪਹੁੰਚੇ ਸਨ। ਘੋੜਿਆਂ ਅਤੇ ਸਿੱਖ ਸੰਗਤਾਂ ਨੂੰ ਪਾਣੀ ਦੀ ਪਿਆਸ ਲੱਗੀ ਸੀ। ਜਦੋਂ ਸਿੱਖਾਂ ਨੇ ਉੱਥੇ ਜਾ ਕੇ ਪਾਣੀ ਮੰਗਿਆ ਤਾਂ ਦੱਸਿਆ ਗਿਆ ਕਿ ਇਸ ਖੂਹ ਦਾ ਪਾਣੀ ਖਾਰਾ ਹੈ। ਜਦੋਂ ਤੱਕ ਦੂਜੀ ਜਗ੍ਹਾ ਤੋਂ ਪਾਣੀ ਲੈ ਕੇ ਆਇਆ ਗਿਆ, ਉਦੋਂ ਤੱਕ ਗੁਰੂ ਜੀ ਨੇ ਉੱਥੇ ਇੰਤਜ਼ਾਰ ਕੀਤਾ। ਜਦੋਂ ਦੂਜੀ ਜਗ੍ਹਾ ਤੋਂ ਪਾਣੀ ਲਿਆਂਦਾ ਗਿਆ ਤਾਂ ਗੁਰੂ ਜੀ ਨੇ ਇਸ ਪਰੇਸ਼ਾਨੀ ਦਾ ਹੱਲ ਲੱਭਦੇ ਹੋਏ ਦਸਵੰਧ ਦੀ ਮਾਇਆ ਨਾਲ ਉਸ ਖੂਹ ਨੂੰ ਹੋਰ ਡੂੰਘਾ ਪੁਟਵਾਇਆ, ਜਿਸ ਨਾਲ ਖਾਰੇ ਪਾਣੀ ਤੋਂ ਮਿੱਠਾ ਪਾਣੀ ਹੋ ਗਿਆ। ਜਦੋਂ ਤੁਸੀਂ ਇਸ ਮੂਲੋਵਾਲ ਪਿੰਡ ਵਿੱਚ ਪਹੁੰਚੋਗੇ ਤਾਂ ਇੱਥੇ 2 ਗੁਰਦੁਆਰਾ ਸਾਹਿਬ ਮੌਜੂਦ ਹਨ। ਇੱਕ ਪਿੰਡ ਦੇ ਬਾਹਰਵਾਰ ਹੈ, ਜਿੱਥੇ ਦੱਸਿਆ ਜਾਂਦਾ ਹੈ ਕਿ ਇੱਥੇ ਗੁਰੂ ਗੋਬਿੰਦ ਸਾਹਿਬ ਜੀ ਆਏ ਸਨ ਪਰ ਇਤਿਹਾਸ ਦੇ ਪੁੱਖਤਾ ਸਬੂਤ ਨਹੀਂ ਮਿਲਦੇ। ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿੱਚ ਪਿੰਡ ਦੇ ਬਾਹਰਵਾਰ ਗੁਰਦੁਆਰਾ ਸਾਹਿਬ ਬਣਾਇਆ ਗਿਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ।
ਇਸ ਅਸਥਾਨ ਤੇ ਪਿੰਡ ਮੂਲੋਵਾਲ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਉਸ ਖੂਹ ਨੂੰ ਡੂੰਘਾ ਪੁੱਟਵਾ ਕੇ ਜਦੋਂ ਪਾਣੀ ਕਢਵਾਇਆ ਤਾਂ ਪਾਣੀ ਮਿੱਠਾ ਨਿਕਲਿਆ। ਇੱਥੋਂ ਦੇ ਹੀ ਭਾਈ ਗੋਇੰਦੇ ਚੌਧਰੀ ਨੇ ਗੁਰੂ ਸਾਹਿਬ ਜੀ ਨਾਲ ਮਿਲ ਕੇ ਸੇਵਾ ਵਿੱਚ ਹਿੱਸਾ ਪਾਇਆ। ਗੁਰੂ ਜੀ ਦੀ ਸਿੱਖੀ ਧਾਰਨ ਕੀਤੀ ਅਤੇ ਗੁਰੂ ਸਾਹਿਬ ਜੀ ਨੇ ਉਸਦੇ ਪਰਿਵਾਰ ਨੂੰ 7 ਦਸਤਾਰਾਂ ਦੀ ਬਖਸ਼ਿਸ਼ ਕੀਤੀ ਅਤੇ ਨਾਲ ਦੇ ਨਾਲ ਹੀ ਸਿੱਖੀ ਦੇ ਪ੍ਰਚਾਰ ਲਈ ਭਾਈ ਨਾਨੂੰ ਜੀ ਨੂੰ ਇੱਥੋਂ ਦਾ ਪ੍ਰਚਾਰਕ ਥਾਪ ਕੇ ਗੁਰੂ ਸਾਹਿਬ ਜੀ ਹੋਰ ਕੲੀ ਪਿੰਡਾਂ ਵਿੱਚੋਂ ਹੁੰਦੇ ਹੋਏ ਧਮਤਾਨ ਸਾਹਿਬ ਦੇ ਰਸਤੇ ਚਲੇ ਗਏ। ਮਾਲਵੇ ਦੇ ਇਲਾਕੇ ਵਿੱਚ ਕੲੀ ਪਿੰਡਾਂ ਵਿੱਚ ਵਿਚਰਦੇ ਹੋਏ ਗੁਰੂ ਸਾਹਿਬ ਦਾ ਕਾਫ਼ਲਾ ਦੂਜੀ ਵਾਰ ਵੀ ਗਿਆ ਹੋਵੇਗਾ। ਪਿੰਡ ਮੂੜੋਵਾਲ ਤੋਂ ਤਕਰੀਬਨ 66 ਕਿਲੋਮੀਟਰ ਤੇ ਇੱਕ ਕਸਬਾ ਬੁਢਲਾਡਾ ਪੈਂਦਾ ਹੈ। ਇੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਬੁਢਲਾਡੇ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਪੲੇ ਸਨ। ਇੱਥੋਂ ਦੇ ਸਿੱਖਾਂ ਨੂੰ ‘ਭਾਈਕੇ‘ ਕਿਹਾ ਜਾਂਦਾ ਹੈ। ਇਹਨਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ। ਇੱਕ ਰਵਾਇਤ ਇਹ ਵੀ ਹੈ ਕਿ ਪਿੰਡ ਬਰ੍ਹੇ ਤੋਂ ਗੁਰੂ ਤੇਗ ਬਹਾਦਰ ਜੀ ਇਸ ਰਸਤੇ ਤੇ ਆਏ ਸਨ। ਇੱਥੇ ਇੱਕ ਸਰੋਵਰ ਅਤੇ ਖੂਹ ਵੀ ਮੌਜੂਦ ਹੈ। ਤੁਸੀਂ ਇਸ ਬੁਢਲਾਡੇ ਪਿੰਡ ਵਿੱਚ ਨੌਵੀਂ ਪਾਤਸ਼ਾਹੀ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ।
ਇੱਥੋਂ ਹੋਰ ਅੱਗੇ 17 ਕਿਲੋਮੀਟਰ ਜਾ ਕੇ ਪਿੰਡ ਸੰਗਰੇੜੀ ਆਉਂਦਾ ਹੈ। ਪਿੰਡ ਸੰਗਰੇੜੀ ਵਿੱਚ ਵੀ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਉਹ ਪੁਰਾਣੀ ਮੰਜੀ ਵੀ ਮੌਜੂਦ ਹੈ। 8’8″ ਦਾ ਇੱਕ ਛੋਟਾ ਜਿਹਾ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਤੁਸੀਂ ਇਸ ਪੁਰਾਤਨ ਮੰਜੀ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਨਾਲ਼ ਹੀ ਵੱਡਾ ਗੁਰਦੁਆਰਾ ਸਾਹਿਬ ਵੀ ਮੌਜੂਦ ਹੈ। ਇੱਥੇ ਸਾਨੂੰ ਪਿੰਡ ਦੀ ਪ੍ਰਬੰਧਕ ਕਮੇਟੀ ਨੂੰ ਮਿਲਣ ਦਾ ਮੌਕਾ ਵੀ ਮਿਲਿਆ। ਇੱਥੇ ਜ਼ਿਆਦਾ ਇਤਿਹਾਸ ਨਹੀਂ ਲਿਖਿਆ ਮਿਲਦਾ। ਸੋ, ਖੋਜ ਅਜੇ ਹੋਰ ਵੀ ਜਾਰੀ ਹੈ। ਇੱਥੋਂ ਤਕਰੀਬਨ 50 ਕਿਲੋਮੀਟਰ ਅੱਗੇ ਗੁਰਦੁਆਰਾ ਧਮਤਾਨ ਸਾਹਿਬ ਆਉਂਦਾ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦੂਜੀ ਵਾਰ ਪਹੁੰਚੇ ਸਨ। ਇਸ ਤੋਂ ਅੱਗੇ ਅਸੀਂ ਅਗਲੀ ਲੜੀ ਵਿੱਚ ਗੁਰੂ ਸਾਹਿਬ ਜੀ ਦੇ ਧਮਤਾਨ ਸਾਹਿਬ ਪਹੁੰਚਣ ਬਾਰੇ ਅਤੇ ਉਸ ਤੋਂ ਅੱਗੇ ਆਸਾਮ ਤੱਕ ਦੇ ਸਫ਼ਰ ਦਾ ਇਤਿਹਾਸ ਸ੍ਰਵਣ ਕਰਾਂਗੇ ਅਤੇ ਇਤਿਹਾਸ ਵਿੱਚ ਅਸੀਂ ਤੁਹਾਨੂੰ ਹੋਰ ਨਵੀਆਂ ਥਾਵਾਂ ਤੇ ਵੀ ਲੈ ਕੇ ਜਾਵਾਂਗੇ।