ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 84 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਰੁੜੇ ਕੇ ਕਲਾਂ, ਕੈਲੋਂ, ਢਿਲਵਾਂ, ਦੁੱਲਮੇਕੀ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਨੇ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਖੂਹ ਵੀ ਲਗਵਾਏ ਸਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਫਰਵਾਹੀ ਅਤੇ ਸੇਖਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ ਅਤੇ ਇੱਕ ਚੌਧਰੀ ਦਾ ਹੰਕਾਰ ਵੀ ਤੋੜਦੇ ਹਨ
ਅੱਜ ਅਸੀਂ ਪਿੰਡ ਫਰਵਾਹੀ ਪਹੁੰਚੇ ਹਾਂ। ਫਰਵਾਹੀ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਇਸ ਪਿੰਡ ਵਿੱਚ ਪਹੁੰਚੇ ਤਾਂ ਇੱਥੇ ਹੈਜੇ ਦੀ ਬਹੁਤ ਭਿਆਨਕ ਬੀਮਾਰੀ ਫੈਲੀ ਹੋਈ ਸੀ। ਸਾਨੂੰ ਪਤਾ ਹੈ ਕਿ ਹੈਜੇ ਦੀ ਬੀਮਾਰੀ ਗੰਦਾ ਜਾਂ ਦੂਸ਼ਿਤ ਪਾਣੀ ਪੀਣ ਨਾਲ ਬਹੁਤ ਜ਼ਿਆਦਾ ਫ਼ੈਲਦੀ ਹੈ। ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਜੀ ਨੇ ਇਸ ਤੋਂ ਬਚਣ ਲਈ ਸਾਫ਼ ਪਾਣੀ ਦਾ ਪ੍ਰਬੰਧ ਕੀਤਾ। ਅੱਜ ਇੱਥੇ ਪਿੰਡ ਫਰਵਾਹੀ ਵਿੱਚ ਨੌਵੀਂ ਪਾਤਸ਼ਾਹੀ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਇੱਥੇ ਇੱਕ ਸਰੋਵਰ ਵੀ ਮੌਜੂਦ ਹੈ।
ਫਰਵਾਹੀ ਤੋਂ ਗੁਰੂ ਸਾਹਿਬ ਜੀ ਅੱਗੇ ਪਿੰਡ ਸੇਖਾਂ ਪਹੁੰਚਦੇ ਹਨ। ਸੇਖਾਂ ਵਿੱਚ ਵੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵੀ ਦਰਸ਼ਨ ਕਰ ਰਹੇ ਹੋ। ਗੁਰੂ ਤੇਗ ਬਹਾਦਰ ਜੀ ਇੱਥੇ ਕੁਝ ਸਮਾਂ ਰੁਕੇ ਸਨ। ਇੱਥੇ ਰੁਕ ਕੇ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਇੱਥੇ 22 ਪਿੰਡਾਂ ਦਾ ਇੱਕ ਚੌਧਰੀ ਵੀ ਰਹਿੰਦਾ ਸੀ, ਜਿਸਦਾ ਨਾਮ ਭਾਈ ਤਿ੍ਲੋਕਾ ਜੀ ਸੀ। ਇਹ ਆਪਣੀ ਮਾਇਆ ਦੇ ਹੰਕਾਰ ਵਿੱਚ ਰਹਿੰਦਾ ਸੀ। ਇਹ ਗੁਰੂ ਸਾਹਿਬ ਜੀ ਦੇ ਦੀਵਾਨ ਵਿੱਚ ਆ ਕੇ ਸੰਗਤ ਵਿੱਚ ਆਕੜ ਕੇ ਤੁਰਦਾ ਸੀ ਅਤੇ ਆਪਣੀ ਮਾਇਆ ਦਾ ਵਿਖਾਵਾ ਵੀ ਕਰਦਾ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਸੰਬੋਧਨ ਕਰਕੇ ਕਿਹਾ-
” ਧਨ ਭੂਮਿ ਕਾ ਜੋ ਕਰੈ ਗੁਮਾਨ
ਸੋ ਮੂਰਖੁ ਅੰਧਾ ਅਗਿਆਨੁ”
ਜਦੋਂ ਉਸਨੇ ਗੁਰਬਾਣੀ ਦੇ ਸ਼ਬਦ ਸੁਣੇ ਤਾਂ ਉਸਦੇ ਮਨ ਤੇ ਬਹੁਤ ਡੂੰਘਾ ਅਸਰ ਹੋਇਆ। ਇਹ ਕਿਸੇ ਬੈਰਾਗੀ ਸਾਧੂ ਦਾ ਚੇਲਾ ਵੀ ਸੀ। ਇਸਨੇ ਇਹ ਗੱਲ ਬੈਰਾਗੀ ਸਾਧੂ ਨੂੰ ਜਾ ਕੇ ਦੱਸੀ। ਬੈਰਾਗੀ ਸਾਧੂ ਨੇ ਉਸਨੂੰ ਸਮਝਾਇਆ ਕਿ ਉਹ ਗੁਰੂ ਤੇਗ ਬਹਾਦਰ ਜੀ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ। ਉਹਨਾਂ ਦੀ ਸ਼ਰਨ ਵਿੱਚ ਜਾ ਕੇ ਦਿਖਾਵਾ ਕਰਨ ਦੀ ਲੋੜ ਨਹੀਂ ਹੈ। ਜਦੋਂ ਹੁਣ ਚੌਧਰੀ ਗੁਰੂ ਸਾਹਿਬ ਜੀ ਕੋਲ ਆਇਆ ਤਾਂ ਗੁਰੂ ਜੀ ਨੇ ਇਸਨੂੰ ਬੜੇ ਪਿਆਰ ਨਾਲ ਸੱਦਿਆ ਅਤੇ ਕੋਲ ਬਿਠਾਇਆ ਕਿਉਂਕਿ ਗੁਰੂ ਸਾਹਿਬ ਜੀ ਦਾ ਸੁਭਾਅ ਹੀ ਇੰਨਾ ਪਿਆਰਾ ਹੈ-
” ਜੋ ਸਰਣਿ ਆਵੈ ਤਿਸੁ ਕੰਠਿ ਲਾਵੈ
ਇਹੁ ਬਿਰਦੁ ਸੁਆਮੀ ਸੰਦਾ”
ਇਹ ਸਾਡੇ ਗੁਰੂ ਜੀ ਦਾ ਸੁਭਾਅ ਹੈ ਕਿ ਜੋ ਗੁਰੂ ਸਾਹਿਬ ਜੀ ਦੀ ਸ਼ਰਣ ਵਿੱਚ ਆ ਗਿਆ, ਗੁਰੂ ਸਾਹਿਬ ਜੀ ਨੇ ਉਸਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਗੁਰੂ ਸਾਹਿਬ ਦਾ ਕਲਾਵਾ ਹੀ ਇੰਨਾ ਵੱਡਾ ਹੈ ਕਿ ਪੂਰੀ ਦੁਨੀਆ ਇਸ ਵਿੱਚ ਸਮਾ ਸਕਦੀ ਹੈ। ਅਸੀਂ ਇਸ ਗੁਰੂ ਦੀ ਗੱਲ ਨੂੰ ਪੂਰੀ ਦੁਨੀਆ ਤੱਕ ਪਹੁੰਚਾਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਇੰਨਾ ਵੱਡਾ ਹੈ ਕਿ ਇਹ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿੱਚ ਲੈਣ ਲਈ ਤਿਆਰ ਹੈ ਪਰ ਅਸੀਂ ਆਪਣੇ ਕੱਟੜਪੁਣੇ ਕਾਰਨ ਖੁਦ ਹੀ ਨਹੀਂ ਜੁੜੇ ਤਾਂ ਦੂਜਿਆਂ ਨੂੰ ਕਿਵੇਂ ਜੋੜਾਂਗੇ। ਸੋ, ਭਾਈ ਤਿ੍ਲੋਕਾ ਜੀ ਗੁਰੂ ਸਾਹਿਬ ਜੀ ਦਾ ਸਿੱਖ ਬਣਿਆ। ਇਹ ਆਪ ਹੀ ਸਿੱਖ ਨਹੀਂ ਬਣਿਆ ਸਗੋਂ ਇਸਨੇ ਸਿੱਖੀ ਦਾ ਪ੍ਰਚਾਰ ਵੀ ਕੀਤਾ ਅਤੇ ਨੇੜੇ-ਤੇੜੇ ਦੇ 22 ਪਿੰਡਾਂ ਨੂੰ ਵੀ ਗੁਰਸਿੱਖੀ ਨਾਲ ਜੋੜਿਆ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਤੱਕ ਇਹ ਗ੍ਰਾਊਂਡ ਲੈਵਲ ਤਿਆਰ ਹੋ ਚੁੱਕਾ ਸੀ। ਸੋ, ਗੁਰੂ ਤੇਗ ਬਹਾਦਰ ਜੀ ਪਿੰਡਾ- ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਕੇ ਇਸ ਗੱਲ ਦਾ ਸੱਦਾ ਦੇ ਰਹੇ ਸਨ-
” ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ “
ਇਸ ਤਰੀਕੇ ਨਾਲ ਗੁਰੂ ਸਾਹਿਬ ਜੀ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ। ਜਦੋਂ ਅਸੀਂ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੀ ਕਿਤਾਬ ‘ਇਤੀ ਜਿਨ ਕਰੀ’ ਦੇ ਪੰਨਾ ਨੰ 83 ਨੂੰ ਪੜ੍ਹਿਆ ਤਾਂ ਸਾਨੂੰ ਪਤਾ ਲੱਗਿਆ ਕਿ ਚੌਧਰੀ ਜਵੰਦਾ ਦਾ ਖਾਨਦਾਨ ਅੱਗੇ ਜਾ ਕੇ ਬਲੋਗੜ ਦੇ ਇਲਾਕੇ ਵਿੱਚ ਜਾ ਵਸਿਆ। ਕਾਸਮਗੜ੍ਹ ਅਤੇ ਯੂ਼ਪੀ ਦੇ ਇਲਾਕੇ ਸਹਾਰਨਪੁਰ ਤੇ ਕਾਸਮਪੁਰ ਵਿੱਚ ਜਾ ਕੇ ਇਹਨਾਂ ਦੀ ਸਰਦਾਰੀ ਕਾਇਮ ਹੋਈ। ਇਹਨਾਂ ਦੇ ਖਾਨਦਾਨ ਵਿਚੋਂ ਹੀ ਭਾਈ ਧਰਮ ਸਿੰਘ ਜੀ ਪੰਜ ਪਿਆਰਿਆਂ ਵਿੱਚੋਂ ਹੋਏ ਹਨ। ਖੋਜ ਦਾ ਵਿਸ਼ਾ ਅਜੇ ਜਾਰੀ ਹੈ। ਅਜੇ ਹੋਰ ਖੋਜ ਕਰਕੇ ਅਸੀਂ ਸੰਗਤਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ। ਇਹ ਸੇਖਾਂ ਪਿੰਡ ਵਿੱਚ ਭਾਈ ਮੁਕੰਦ ਜੀ ਦੇ ਘਰ ਵੀ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ। ਤੁਸੀਂ ਇਸ ਪਿੰਡ ਸੇਖਾਂ ਵਿੱਚ ਇਹਨਾਂ ਗੁਰੁਦੁਆਰਾ ਸਾਹਿਬਾਨ ਦੇ ਦਰਸ਼ਨ ਕਰ ਰਹੇ ਹੋ। ਅਸੀਂ ਅੱਗੇ ਲੜੀ ਨੰ 86 ਵਿੱਚ ਪਿੰਡ ਜਹਾਂਗੀਰ ਦਾ ਇਤਿਹਾਸ ਸ੍ਰਵਣ ਕਰਾਂਗੇ।