ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 82 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਪੰਧੇਰ ਵਿਖੇ ਘੁਮਿਆਰਾਂ ਦੇ ਮੁਹੱਲੇ ਪਹੁੰਚ ਕੇ ਉਹਨਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਕੱਟੂ, ਕੁੰਬੜਵਾਲ , ਸੂਹਿਆਣਾ, ਹੰਡਿਆਇਆ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਪਹੁੰਚਦੇ ਹਨ, ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ
ਪਿਛਲੀ ਲੜੀ ਨੰ 81 ਵਿੱਚ ਅਸੀਂ ਭਾਈ ਸੰਘਾ ਜੀ ਦਾ ਇਤਿਹਾਸ ਸ੍ਰਵਣ ਕੀਤਾ ਸੀ, ਜਿੱਥੇ ਕਿ ਹੁਣ ਪਿੰਡ ਖੀਵਾ ਕਲਾਂ ਵਿਖੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਹੁਣ ਅਸੀਂ ਅਗਲੇ ਪਿੰਡ ਕੱਟੂ ਪਹੁੰਚੇ ਹਾਂ। ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਕੱਟੂ ਪਹੁੰਚਦੇ ਹਨ ਤਾਂ ਉੱਥੇ ਇੱਕ ਸਾਧੂ ਰਹਿੰਦਾ ਸੀ ਜਿਸਨੂੰ ਭਾਈ ਧਿਆਨਾ ਜੀ ਜਾਂ ਭਾਈ ਧੰਨਾ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਜਦੋਂ ਭਾਈ ਧਿਆਨਾ ਜੀ ਗੁਰੂ ਸਾਹਿਬ ਜੀ ਨੂੰ ਮਿਲਣ ਆਇਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਬਾਣੀ ਰਾਹੀਂ ਭਾਈ ਧਿਆਨਾ ਜੀ ਨੂੰ ਅਸਲੀ ਜੁਗਤੀ ਸਮਝਾਈ-
“ਕਾਹੇ ਰੇ ਬਨ ਖੋਜਨ ਜਾਈ,
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ”
ਅਗਲੇ ਸ਼ਬਦ ਰਾਹੀਂ ਗੁਰੂ ਸਾਹਿਬ ਜੀ ਨੇ ਸਮਝਾਇਆ-
“ਬੰਦੇ ਖੋਜੁ ਦਿਲ ਹਰ ਰੋਜ
ਨਾ ਫਿਰੁ ਪਰੇਸਾਨੀ ਮਾਹਿ”
ਗੁਰੂ ਤੇਗ ਬਹਾਦਰ ਜੀ ਨੇ ਹੋਰ ਬੜੇ ਪਿਆਰ ਭਰੇ ਸ਼ਬਦਾਂ ਨਾਲ ਉਸਨੂੰ ਸਮਝਾਇਆ-
“ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣ ਕੰਢਾ ਮੋੜੇਹਿ
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ”
ਜਦੋਂ ਤੇਗ਼ ਬਹਾਦਰ ਜੀ ਨੇ ਇਹ ਬਾਣੀ ਰਾਹੀਂ ਸਮਝਾਇਆਂ ਤਾਂ ਭਾਈ ਧਿਆਨੂ ਜੀ ਗੁਰੂ ਸਾਹਿਬ ਜੀ ਦੇ ਸਿੱਖ ਬਣ ਗਏ ਅਤੇ ਉਹਨਾਂ ਨੇ ਆਪਣੇ ਮਨ ਵਿੱਚ ਸ਼ਰਧਾ ਅਤੇ ਵਿਸ਼ਵਾਸ ਲੈ ਕੇ ਆਉਂਦਾ। ਗੁਰੂ ਤੇਗ ਬਹਾਦਰ ਜੀ ਨੇ ਭਾਈ ਧਿਆਨੂ ਜੀ ਨੂੰ ਸੱਚੀ ਭਗਤੀ ਦਾ ਮਾਰਗ ਦੱਸਿਆ ਅਤੇ ਬਚਨ ਕੀਤੇ-
“ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ”
ਭਾਈ ਧਿਆਨਾ ਜੀ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਬਣਿਆ। ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਵੀ ਸੰਗਤ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਆਉਂਦੀ ਰਹੀ। ਉੱਥੇ ਨੇੜੇ ਹੀ ਪਿੰਡ ਕੁੰਬੜਵਾਲ ਦੀ ਮਾਈ ਨੇ ਆ ਕੇ ਦੁੱਧ ਅਤੇ ਲੱਸੀ ਦੀ ਸੇਵਾ ਕੀਤੀ। ਇੱਥੋਂ ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਜਾਣ ਲੱਗੇ ਤਾਂ ਥੋੜੀ ਦੂਰ ਜਾ ਕੇ ਗੁਰੂ ਸਾਹਿਬ ਜੀ ਦਾ ਘੋੜਾ ਅੱਗੇ ਜਾਣ ਤੋਂ ਰੁਕ ਗਿਆ। ਗੁਰੂ ਸਾਹਿਬ ਜੀ ਸੰਗਤਾਂ ਦੀ ਅਗਵਾਈ ਕਰ ਰਹੇ ਸਨ। ਸਭ ਤੋਂ ਅੱਗੇ ਗੁਰੂ ਸਾਹਿਬ ਜੀ ਦਾ ਘੋੜਾ ਸੀ। ਜਦੋਂ ਘੋੜਾ ਅੱਗੇ ਨਾ ਗਿਆ ਤਾਂ ਗੁਰੂ ਸਾਹਿਬ ਜੀ ਨੂੰ ਲੱਗਿਆ ਕਿ ਕੋਈ ਤਾਂ ਕਾਰਨ ਹੈ। ਗੁਰੂ ਤੇਗ ਬਹਾਦਰ ਜੀ ਨੇ ਸਿੱਖਾਂ ਨੂੰ ਪਤਾ ਕਰਨ ਲਈ ਭੇਜਿਆ ਕਿ ਸਾਡਾ ਘੋੜਾ ਅੱਗੇ ਕਿਉਂ ਨਹੀਂ ਜਾ ਰਿਹਾ। ਸਿੱਖਾਂ ਨੇ ਪਤਾ ਕਰਕੇ ਦੱੱਸਿਆ ਕਿ ਅੱਗੇ ਕਿਸੇ ਨੇ ਤੰਬਾਕੂ ਦਾ ਖੇਤ ਬੀਜਿਆ ਹੋਇਆ ਹੈ। ਸੱਚ ਜਾਣਿਓ, ਇਸ ਲਈ ਗੁਰੂ ਸਾਹਿਬ ਜੀ ਦਾ ਘੋੜਾ ਵੀ ਅੱਗੇ ਨਾ ਵਧਿਆ। ਅੱਜ ਉਸ ਜਗ੍ਹਾ ਤੇ ਗੁਰਦੁਆਰਾ ਅੜੀਸਰ ਸਾਹਿਬ ਸੁਸ਼ੋਭਿਤ ਹੈ।
ਸੋ, ਇੱਥੋਂ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਸੂਹਿਆਣਾ ਵੱਲ ਚਲ ਪਏ। ਇੱਥੇ ਕਿੱਕਰ ਦੇ ਰੁੱਖ ਹੇਠਾਂ ਗੁਰੂ ਸਾਹਿਬ ਜੀ ਨੇ ਆਪਣਾ ਘੋੜਾ ਬੰਨ੍ਹਿਆ। ਕੁਝ ਦੇਰ ਉੱਥੇ ਰੁਕਣ ਤੋਂ ਬਾਅਦ ਗੁਰੂ ਸਾਹਿਬ ਜੀ ਅੱਗੇ ਚਲੇ ਗਏ। ਅੱਜ ਇਸ ਜਗ੍ਹਾ ਤੇ ਵੀ ਗੁਰਦੁਆਰਾ ਸੂਹਿਆਣਾ ਸਾਹਿਬ ਮੌਜੂਦ ਹੈ। ਨੇੜੇ ਹੀ ਪਿੰਡ ਹੰਡਿਆਇਆ ਪੈਂਦਾ ਹੈ। ਜਦੋਂ ਪਿੰਡ ਹੰਡਿਆਇਆ ਦੀਆਂ ਸੰਗਤਾਂ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਜਿਸ ਪਿੰਡ ਵਿੱਚ ਵੀ ਆਪਣੇ ਚਰਨ ਪਾਉਂਦੇ ਹਨ, ਉੱਥੇ ਮਾਨਸਿਕ ਰੋਗੀ ਤਾਂ ਠੀਕ ਹੁੰਦੇ ਹੀ ਹਨ, ਨਾਲ ਹੀ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਨਾਲ ਤਨ ਦੇ ਰੋਗ ਵੀ ਦੂਰ ਹੁੰਦੇ ਹਨ। ਇੱਥੇ ਪਿੰਡ ਹੰਡਿਆਇਆ ਵਿੱਚ ਵੀ ਗੁਰੂ ਸਾਹਿਬ ਜੀ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ ਅਤੇ ਪਿੰਡ ਵਿੱਚ ਗਲਘੋਟੂਏ ਦੀ ਬੀਮਾਰੀ ਨੂੰ ਵੀ ਦੂਰ ਕੀਤਾ। ਕੲੀ ਵਾਰ ਅਸੀਂ ਦੇਖਦੇ ਹਾਂ ਕਿ ਕੲੀਆਂ ਨੂੰ ਗਲਘੋਟੂਏ ਦੀ ਬੀਮਾਰੀ ਹੋ ਜਾਂਦੀ ਹੈ, ਜਿਸ ਨਾਲ ਗਲੇ ਵਿੱਚ ਗਿਲਟੀਆਂ ਪੈਣ ਕਾਰਨ ਗਲਾ ਮੋਟਾ ਹੋ ਕੇ ਫੁੱਲ ਜਾਂਦਾ ਹੈ। ਗੁਰੂ ਸਾਹਿਬ ਜੀ ਨੇ ਇਸ ਬੀਮਾਰੀ ਨੂੰ ਵੀ ਦੂਰ ਕੀਤਾ। ਉੱਥੇ ਨੇੜੇ ਹੀ ਇੱਕ ਛੱਪੜੀ ਸੀ,ਜਿਸ ਵਿੱਚ ਲੋਕ ਡਰਦੇ ਹੋਏ ਇਸ਼ਨਾਨ ਨਹੀਂ ਕਰਦੇ ਸਨ। ਗੁਰੂ ਸਾਹਿਬ ਜੀ ਨੇ ਇੱਥੇ ਇਸ਼ਨਾਨ ਨਾ ਕਰਨ ਦਾ ਕਾਰਨ ਪੁੱਛਿਆ ਤਾਂ ਦੱਸਿਆ ਗਿਆ ਕਿ ਇੱਥੇ ਪਾਣੀ ਤਾਂ ਠੀਕ ਹੈ ਭਾਵ ਪਾਣੀ ਵਿੱਚ ਕੋਈ ਕਮੀ ਨਹੀਂ ਹੈ ਪਰ ਪਿੰਡ ਦੇ ਚਮਿਆਰ ਇਸ ਪਾਣੀ ਵਿੱਚ ਚਮੜਾ ਧੋਂਦੇ ਹਨ। ਇਸ ਕਰਕੇ ਅਸੀਂ ਇੱਥੇ ਇਸ਼ਨਾਨ ਨਹੀਂ ਕਰਦੇ। ਗੁਰੂ ਸਾਹਿਬ ਜੀ ਹੱਸ ਕੇ ਕਹਿਣ ਲੱਗੇ ਕਿ ਇਹ ਜਾਤ-ਪਾਤ ਦੇ ਕੋਹੜ ਨੂੰ ਕੱਢਣਾ ਬਹੁਤ ਜ਼ਰੂਰੀ ਹੈ। ਗੁਰੂ ਸਾਹਿਬ ਜੀ ਨੇ ਆਪ ਹੀ ਉੱਥੇ ਪਹਿਲਾਂ ਖੁਦ ਇਸ਼ਨਾਨ ਕੀਤਾ ਅਤੇ ਬਾਅਦ ਵਿੱਚ ਸਾਰੀਆਂ ਸਿੱਖ ਸੰਗਤਾਂ ਨੇ ਉੱਥੇ ਇਸ਼ਨਾਨ ਕੀਤਾ। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਇਸਨੂੰ ਕਿਸੇ ਇੱਕ ਜਾਤ ਦੀ ਛੱਪੜੀ ਕਹਿ ਕੇ ਇਸਨੂੰ ਭਿੱਟਦੇ ਹੋ, ਇਹ ਕੋਈ ਚੰਗਾ ਕੰਮ ਨਹੀਂ ਹੈ।
“ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ”
ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਗੁਰਬਾਣੀ ਰਾਹੀਂ ਬਹੁਤ ਸੋਹਣਾ ਸਮਝਾਇਆ ਅਤੇ ਪਿੰਡ ਦੇ ਲੋਕਾਂ ਦਾ ਜਾਤ-ਪਾਤ ਦੇ ਨਾਮ ਤੇ ਪਿਆ ਹੋਇਆ ਵਹਿਮ ਦੂਰ ਕੀਤਾ। ਗੁਰੂ ਸਾਹਿਬ ਜੀ ਨੇ ਉਸ ਛੱਪੜੀ ਨੂੰ ਵੀ ਵੱਡਾ ਕਰਵਾਇਆ। ਉਸਨੂੰ ਸਾਫ ਵੀ ਕਰਵਾਇਆ ਅਤੇ ਕਿਹਾ ਕਿ ਇੱਥੇ ਵੱਧ ਤੋਂ ਵੱਧ ਇਸ਼ਨਾਨ ਕਰੋ ਅਤੇ ਕਿਸੇ ਵੀ ਤਰ੍ਹਾਂ ਦਾ ਵਹਿਮ ਨਾ ਕਰੋ। ਅੱਜ ਉਸ ਛੱਪੜੀ ਤੋਂ ਸਰੋਵਰ ਬਣ ਚੁੱਕਿਆ ਹੈ ਅਤੇ ਜਿੱਥੇ ਗੁਰੂ ਸਾਹਿਬ ਜੀ ਬਿਰਾਜੇ ਸਨ, ਉੱਥੇ ਬਹੁਤ ਸੋਹਣਾ ਗੁਰਦੁਆਰਾ ਗੁਰੂਸਰ ਸਾਹਿਬ ਵੀ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ।
ਅੱਗੇ ਲੜੀ ਨੰ 84 ਵਿੱਚ ਅਸੀਂ ਅਗਲਾ ਇਤਿਹਾਸ ਸ੍ਰਵਣ ਕਰਾਂਗੇ।