ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 79 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਸਮਾਉਂ ਅਤੇ ਕਣਕਵਾਲ ਵਿਖੇ ਪਹੁੰਚਦੇ ਹਨ ਜਿੱਥੇ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਭਾਈ ਮੁਗਲੂ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ ਅਤੇ ਉਸਦੀ ਮਨੋਕਾਮਨਾ ਪੂਰੀ ਕਰਦੇ ਹਨ
ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪਿੰਡਾਂ ਵਿੱਚ ਪ੍ਰਚਾਰ ਦੌਰੇ ਕਰ ਰਹੇ ਸਨ। ਗੁਰੂ ਸਾਹਿਬ ਜੀ ਨਾਲ 300 ਦੇ ਕਰੀਬ ਸੰਗਤਾਂ ਅਤੇ ਨਾਲ ਪਰਿਵਾਰ ਵੀ ਮੌਜੂਦ ਸੀ। ਅੱਜ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਗੁਰੂ ਸਾਹਿਬ ਜੀ ਇੱਕ ਪਿੰਡ ਵਿੱਚ ਪਹੁੰਚਦੇ ਹਨ ਅਤੇ ਇੱਕ ਸਿੱਖ ਦੇ ਦਰਵਾਜ਼ੇ ਅੱਗੇ ਲਿਆ ਕੇ ਆਪਣਾ ਘੋੜਾ ਖੜ੍ਹਾ ਕਰ ਦਿੰਦੇ ਹਨ। ਗੁਰੂ ਸਾਹਿਬ ਆਵਾਜ਼ ਮਾਰਦੇ ਹਨ ਕਿ ਭਾਈ ਮੁਗਲੂ ਜੀ ਦਰਵਾਜ਼ਾ ਖੋਲ੍ਹੋ, ਅਸੀਂ ਆ ਗੲੇ ਹਾਂ। ਜਦੋਂ ਉਸ ਬਜ਼ੁਰਗ ਨੇ ਆ ਕੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਗੁਰੂ ਸਾਹਿਬ ਜੀ ਦੀ ਜੋਤ ਨੂੰ ਦੇਖਿਆ , ਜਿਹੜੇ ਗੁਰੂ ਸਾਹਿਬ ਜੀ ਤੋਂ ਊਹ 31 ਸਾਲ ਪਹਿਲਾਂ ਵਿਛੜ ਕੇ ਆਏ ਸਨ।ਯਾਦ ਰੱਖਿਓ, ਇਹ ਭਾਈ ਮੁਗਲੂ ਜੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿੱਖ ਸਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅੰਗ-ਸੰਗ ਰਹੇ ਸਨ। ਜੋ 4 ਜੰਗਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 1634 ਈਸਵੀ ਤੱਕ ਲੜੀਆਂ ਸਨ, ਉਸ ਵਿੱਚ ਉਹਨਾਂ ਨੇ ਹਿੱਸਾ ਲਿਆ ਸੀ। ਅੱਜ 1634 ਤੋਂ ਲੈ ਕੇ 1665 ਈਸਵੀ ਤੱਕ ਗੁਰੂ ਸਾਹਿਬ ਜੀ ਤੋਂ ਵਿਛੜੇ ਹੋਏ ਪੂਰੇ 31 ਸਾਲ ਹੋ ਚੁੱਕੇ ਸਨ। ਗੁਰੂ ਹਰਿਗੋਬਿੰਦ ਸਾਹਿਬ ਜੀ ਉਹਨਾਂ ਸਿੱਖਾਂ ਨੂੰ ਮਾਣ ਅਤੇ ਵਡਿਆਈ ਬਖ਼ਸ਼ ਰਹੇ ਸਨ ਜਿਹਨਾਂ ਸਿੱਖਾਂ ਨੇ ਜੰਗਾਂ ਯੁੱਧਾਂ ਵਿੱਚ ਹਿੱਸਾ ਲਿਆ ਸੀ। ਜਦੋਂ ਭਾਈ ਮੁਗਲੂ ਜੀ ਜੰਗ ਜਿੱਤ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਆਏ ਤਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਮੁਗਲੂ ਜੀ ਨੂੰ ਬੁਲਾ ਕੇ ਕਿਹਾ ਕਿ ਤੁਸੀਂ ਬਹੁਤ ਨਿਡਰ ਯੋਧੇ ਹੋ। ਤੁਸੀਂ ਬਹੁਤ ਫੁਰਤੀ ਨਾਲ ਜੰਗ ਲੜੀ। ਜੋ ਤੁਸੀਂ ਮੰਗਣਾ ਹੈ,ਉਹ ਤੁਸੀਂ ਮੰਗ ਸਕਦੇ ਹੋ। ਉਸ ਸਮੇਂ ਭਾਈ ਮੁਗਲੂ ਜੀ ਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਤੁਹਾਡੀਆਂ ਅਸੀਮ ਬਖਸ਼ਿਸ਼ਾਂ ਹਨ। ਜਦੋਂ ਤੋਂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਉਸ ਦਿਨ ਤੋਂ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਰਿਹਾ।
“ਨਿਰਭਉ ਜਪੈ ਸੇ ਨਿਰਭਉ ਹੋਵੈ‘
ਉਸਨੇ ਕਿਹਾ ਕਿ ਤੁਹਾਡੀ ਸ਼ਰਨ ਵਿੱਚ ਆਉਣ ਨਾਲ ਮੈਨੂੰ ਮੌਤ ਦਾ ਡਰ ਵੀ ਨਹੀਂ ਹੈ ਪਰ ਮੇਰੀ ਇੱਕ ਬੇਨਤੀ ਹੈ ਕਿ ਜਦੋਂ ਮੇਰੀ ਜਿੰਦ ਨਿਕਲੇ ਤਾਂ ਮੈਂ ਤੁਹਾਡੀ ਝੋਲੀ ਵਿੱਚ ਸਵਾਸ ਤਿਆਗਾਂ।
*ਕਬੀਰ ਮੁਹਿ ਮਰਨੇ ਕਾ ਚਾਉ ਹੈ
ਮਰਉ ਤਾ ਹਰਿ ਕੇ ਦੁਆਰ”
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਭਾਈ ਮੁਗਲੂ, ਆਉਣਾ ਅਤੇ ਜਾਣਾ ਉਸ ਰੱਬ ਦੇ ਹੱਥ ਵਿੱਚ ਹੈ। ਕੋਈ ਪਤਾ ਨਹੀਂ ਕਿ ਅਸੀਂ ਤੇਰੇ ਤੋਂ ਪਹਿਲਾਂ ਹੀ ਚਲੇ ਜਾਈਏ ਪਰ ਅਸੀਂ ਬਚਨ ਕਰਦੇ ਹਾਂ ਕਿ ਜਦੋਂ ਤੇਰਾ ਅੰਤਿਮ ਸਮਾਂ ਆਵੇਗਾ ਤਾਂ ਸਾਡੀ ਜੋਤ ਤੇਰੇ ਕੋਲ ਜ਼ਰੂਰ ਆਏਗੀ। ਅੱਜ ਪੂਰੇ 31 ਸਾਲਾਂ ਬਾਅਦ ਬਜ਼ੁਰਗ ਹੋ ਚੁੱਕਿਆ ਭਾਈ ਮੁਗਲੂ ਆਪਣੇ ਅੰਤਿਮ ਸਵਾਸਾਂ ਤੇ ਸਨ। ਜਾਣੀ-ਜਾਣ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੁੱਤਰ ਗੁਰੂ ਤੇਗ ਬਹਾਦਰ ਜੀ ਉਹੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਸਨ, ਜੋ ਪਹਿਲਾਂ 8 ਗੁਰੂਆਂ ਵਿੱਚ ਵਰਤ ਕੇ ਆਈ ਸੀ, ਉਹੀ
ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਰੂਪ ਵਿੱਚ ਵਰਤ ਕੇ ਆਈ ਸੀ। ਅੱਜ ਭਾਈ ਮੁਗਲੂ ਦੇ ਦਰਵਾਜ਼ੇ ਤੇ ਖੜ੍ਹ ਕੇ ਗੁਰੂ ਸਾਹਿਬ ਜੀ ਨੇ ਭਾਈ ਮੁਗਲੂ ਦਾ ਦਰਵਾਜ਼ਾ ਖੜਕਾਇਆ ਅਤੇ ਭਾਈ ਮੁਗਲੂ ਨੂੰ ਆਵਾਜ਼ ਮਾਰੀ। ਜਦੋਂ ਭਾਈ ਮੁਗਲੂ ਨੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ, ਆਪਣੇ ਪੁੱਤਰ ਗੁਰੂ ਤੇਗ ਬਹਾਦਰ ਜੀ ਵਿੱਚ ਵਰਤ ਰਹੇ ਸਨ। ਇਹ ਉਹੀ ਜੋਤ ਸੀ, ਜਿਸਨੇ ਕਦੇ 31 ਸਾਲ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਸਨ, ਹੁਣ ਉਸ ਵਿੱਚ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਹੋ ਰਹੇ ਸਨ। ਭਾਈ ਮੁਗਲੂ ਜੀ ਨੇ ਕੰਬਦੇ ਹੋਏ ਹੱਥਾਂ ਨਾਲ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਕਿਹਾ ਕਿ ਤੁਸੀਂ ਮੇਰੇ ਤੇ ਕਿਰਪਾ ਕਰਨ ਆਏ ਹੋ। ਮੇਰਾ ਜਨਮ ਮਰਨ ਕੱਟਿਆ ਗਿਆ ਹੈ। ਉਹਨਾਂ ਨੇ ਬੇਨਤੀਆਂ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਸੀਸ ਰੱਖ ਕੇ ਆਪਣੇ ਪ੍ਰਾਣ ਤਿਆਗ ਦਿੱਤੇ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਇਹਨਾਂ ਦੇ ਜੀਵਨ ਬਾਰੇ ਸੰਗਤਾਂ ਨੂੰ ਦੱਸਿਆ ਕਿ ਇਹਨਾਂ ਦਾ ਗੁਰੂ ਸਾਹਿਬ ਜੀ ਨਾਲ ਬਹੁਤ ਪਿਆਰ ਸੀ। ਗੁਰੂ ਤੇਗ ਬਹਾਦਰ ਜੀ ਨੇ ਆਪਣੇ ਹੱਥੀਂ ਭਾਈ ਮੁਗਲੂ ਜੀ ਦਾ ਸਸਕਾਰ ਕੀਤਾ। ਅੱਜ ਇਸੇ ਜਗ੍ਹਾ ਤੇ ਪਿੰਡ ਗੰਡੂਆਂ(ਮਾਨਸਾ) ਵਿੱਚ ਪਾਤਸ਼ਾਹੀ ਨੌਵੀਂ ਦਾ ਭਾਈ ਮੁਗਲੂ ਜੀ ਦੇ ਨਾਮ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਸੋ, ਇਸੇ ਤਰੀਕੇ ਨਾਲ ਅਸੀਂ ਅਗਲੀ ਲੜੀ ਨੰ 81 ਵਿੱਚ ਅਗਲੇ ਪਿੰਡ ਦਾ ਜ਼ਿਕਰ ਕਰਾਂਗੇ।