1593-94 ਦੇ ਵਿਚਕਾਰ ਗੁਰੂ ਅਰਜਨ ਦੇਵ ਜੀ ਨੇ ਟਾਹਲੀ ਦਾ ਇਕ ਮੋਟਾ ਥੰਮ੍ਹ ਗੱਡ ਕੇ ਕਰਤਾਰਪੁਰ ਨਗਰ ਵਸਾਇਆ ਅਤੇ ਆਪਣੇ ਰਿਹਾਇਸ਼ੀ ਮਕਾਨ ਵੀ ਬਣਾਏ। ਜਿਸ ਜਗ੍ਹਾ ਤੇ ਥੰਮ੍ਹ ਗੱਡਿਆ ਗਿਆ, ਉੱਥੇ ਅੱਜ ‘ਗੁਰਦੁਆਰਾ ਥੰਮ੍ਹ ਸਾਹਿਬ‘ ਬਣਿਆ ਹੋਇਆ ਹੈ। ਕਰਤਾਰਪੁਰ ਵੀ 2 ਹਨ- ਇੱਕ ਗੁਰੂ ਨਾਨਕ ਦੇਵ ਜੀ ਦਾ ਕਰਤਾਰਪੁਰ, ਜੋ ਹੁਣ ਪਾਕਿਸਤਾਨ ਵਿੱਚ ਹੈ ਅਤੇ ਦੂਜਾ ਇਹ ਕਰਤਾਰਪੁਰ, ਜੋ ਕਿ ਅੰਮ੍ਰਿਤਸਰ ਤੋਂ 65 ਕਿਲੋਮੀਟਰ ਅਤੇ ਜਲੰਧਰ ਤੋਂ ਤਕਰੀਬਨ 15 ਕਿਲੋਮੀਟਰ ਦੀ ਵਿੱਥ ਤੇ ਪੈਂਦਾ ਹੈ। ਦਿੱਲੀ ਵਲੋਂ ਜਦੋਂ ਅੰਮ੍ਰਿਤਸਰ ਜਾਂਦੇ ਹਾਂ ਤਾਂ ਜਲੰਧਰ ਤੋਂ ਅੱਗੇ 15 ਕਿਲੋਮੀਟਰ ਕਰਤਾਰਪੁਰ ਸ਼ਹਿਰ ਆਉਂਦਾ ਹੈ। ਇੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਨਗਰ ਵਸਾਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਤੀਜੀ ਜੰਗ ‘ਮਹਿਰਾਜ ਦੀ ਜੰਗ‘ ਤੋਂ ਬਾਅਦ ਆਪਣੇ ਪਰਿਵਾਰ ਨੂੰ ਕਰਤਾਰਪੁਰ ਲਿਆ ਕੇ ਨਿਵਾਸ ਸਥਾਨ ਬਣਾ ਲਿਆ ਸੀ। ਇਹ ਅਸਥਾਨ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਹੀ ਧਰਮ ਪ੍ਰਚਾਰ ਦਾ ਕੇਂਦਰ ਰਿਹਾ।
ਇੱਥੇ ਹੀ ਰਿਹਾਇਸ਼ ਲਈ ਸ਼ੀਸ਼ ਮਹਿਲ ਵੀ ਬਣਾਇਆ ਗਿਆ। ਅੱਜ ਇਸਦੇ ਕੁਝ ਅੰਸ਼ ਸਾਨੂੰ ਦੇਖਣ ਨੂੰ ਮਿਲਦੇ ਹਨ। ਇਹ ਪੂਰੀ ਹਵੇਲੀ, ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਪਰਿਵਾਰ ਨਾਲ ਰਹਿੰਦੇ ਰਹੇ, ਹੁਣ ਇਹ ਧੀਰਮਲੀਆਂ ਦੇ ਕੋਲ ਹੈ। ਇੱਥੇ ਰਹਿੰਦਿਆਂ ਹੋਇਆਂ ਹੀ ਗੁਰੂ ਜੀ ਦੇ ਪੁੱਤਰ ਸੂਰਜ ਮੱਲ ਦਾ ਵਿਆਹ ‘ਪ੍ਰੇਮ ਚੰਦ ਸਿੱਲੀ‘ ਦੀ ਪੁੱਤਰੀ ‘ਖੇਮ ਕੌਰ‘ ਨਾਲ ਕੀਤਾ ਗਿਆ। ਇਸੇ ਵਿਆਹ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਸੀਸ ਤੇ ਕਲਗੀ ਅਤੇ ਸੋਹਣੇ ਸ਼ਸ਼ਤਰ ਪਹਿਨੇ ਹੋਏ ਸਨ ।ਹਰ ਕਿਸੇ ਦਾ ਮਨ ਗੁਰੂ ਤੇਗ ਬਹਾਦਰ ਜੀ ਵੱਲ ਮੋਹਿਆ ਜਾਂਦਾ ਹੈ। ਇਸੇ ਵਿਆਹ ਵਿੱਚ ਭਾਈ ਲਾਲ ਚੰਦ ਜੀ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ ਤਾਂ ਮਨ ਵਿੱਚ ਧਾਰ ਲਿਆ ਕਿ ਮੇਰੀ ਪੁੱਤਰੀ , ਗੁਜਰੀ ਦਾ ਵਿਆਹ ਜੇ ਗੁਰੂ ਤੇਗ ਬਹਾਦਰ ਜੀ ਨਾਲ ਹੋ ਜਾਵੇ ਤਾਂ ਮੇਰਾ ਅਤੇ ਮੇਰੀ ਪੁੱਤਰੀ ਦਾ ਜੀਵਨ ਸਫ਼ਲ ਹੋ ਜਾਵੇਗਾ।
ਭਾਈ ਲਾਲ ਚੰਦ ਜੀ ਦਾ ਪਰਿਵਾਰ ਪਿਛੋਂ ‘ਲਖ਼ਨੌਰ‘ ਦਾ ਰਹਿਣ ਵਾਲਾ ਸੀ। ਇਨ੍ਹਾਂ ਦੇ 2 ਪੁੱਤਰ ਸਨ- ਇੱਕ ਭਾਈ ਕਿਰਪਾਲ ਚੰਦ ਜੀ, ਅਤੇ ਦੂਜਾ ਭਾਈ ਮਿਹਰ ਚੰਦ ਜੀ ਅਤੇ ਇੱਕ ਬੇਟੀ ਸੀ- ਗੁਜਰੀ ਜੀ। ਮਿਹਰ ਚੰਦ ਜੀ ਲਖਨੌਰ ਰਹਿੰਦੇ ਸਨ ਅਤੇ ਭਾਈ ਲਾਲ ਚੰਦ ਜੀ ਨੇ ਆਪਣੇ ਪੁੱਤਰ ਕਿਰਪਾਲ ਚੰਦ ਜੀ ਨੂੰ ਲੈ ਕੇ ਕਰਤਾਰਪੁਰ ਵਿਖੇ ਹੀ ਨਿਵਾਸ ਸਥਾਨ ਬਣਾ ਲਿਆ ਸੀ। ਅਕਸਰ ਲਾਲ ਚੰਦ ਜੀ ਦੀ ਪਤਨੀ ਮਾਤਾ ਬਿਸ਼ਨ ਕੌਰ, ਗੁਰੂ ਹਰਿਗੋਬਿੰਦ ਜੀ ਦੀ ਪੁੱਤਰੀ ਨਾਨਕੀ ਜੀ ਦੀ ਸੇਵਾ ਵਿੱਚ ਜਾਂਦੇ ਰਹਿੰਦੇ ਸਨ। ਉੱਥੇ ਹੀ ਇਹਨਾਂ ਨੇ ਮਾਤਾ ਨਾਨਕੀ ਜੀ ਕੋਲ ਆਪਣੇ ਮਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਇਹ ਗੱਲ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਪਹੁੰਚ ਗਈ। ਫਿਰ ਇਹ ਮੰਗਣੀ ਕੀਤੀ ਗਈ ਅਤੇ ਜਲਦੀ ਹੀ ਇਹ ਰਿਸ਼ਤਾ ਪ੍ਰਵਾਨ ਕਰ ਲਿਆ ਗਿਆ।
ਹੁਣ ਗੁਰੂ ਤੇਗ ਬਹਾਦਰ ਜੀ 11 ਸਾਲ ਦੇ ਹੋ ਚੁੱਕੇ ਸਨ ਅਤੇ ਉਨ੍ਹਾਂ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਸਾਰੇ ਰਿਸ਼ਤੇਦਾਰਾਂ ਤੱਕ ਖ਼ਬਰਾਂ ਪਹੁੰਚਾ ਦਿਤੀਆਂ ਗਈਆਂ ਕਿ ਗੁਰੂ ਪੁੱਤਰ ਤੇਗ ਬਹਾਦਰ ਜੀ ਦਾ ਵਿਆਹ ਕਰਤਾਰਪੁਰ ਵਿਖੇ ਰਖਿੱਆ ਜਾਵੇਗਾ। ਸਾਰੇ ਰਿਸ਼ਤੇਦਾਰ ਆਉਣੇ ਸ਼ੁਰੂ ਹੋ ਗਏ ਜਿਸ ਵਿੱਚ ਗੁਰੂ ਅਮਰਦਾਸ ਜੀ ਦੇ ਪਰਿਵਾਰ ਵਿੱਚੋਂ ਬਾਬਾ ਸੁੰਦਰ ਜੀ ਵੀ ਪੂਰੇ ਪਰਿਵਾਰ ਸਮੇਤ ਪਹੁੰਚੇ। ਇਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਦੀਨੇ ਕਾਂਗੜ ਤੋਂ ‘ ਰਾਏ ਜੋਧ ‘ ਜੀ , ਜਿੰਨ੍ਹਾਂ ਨੇ ਗੁਰੂਸਰ ਦੀ ਜੰਗ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਬਹੁਤ ਵੱਡੀ ਮਦਦ ਕੀਤੀ ਸੀ, ਪੂਰੇ ਪਰਿਵਾਰ ਸਮੇਤ ਵਿਆਹ ਵਿੱਚ ਸ਼ਾਮਲ ਹੋਏ। ਦੂਰ ਦੂਰਾਡੇ ਤੋਂ ਗੁਰੂ ਦੀਆਂ ਸੰਗਤਾਂ, ਸਿੱਖ ਅਤੇ ਰਿਸ਼ਤੇਦਾਰ ਪਹੁੰਚਣੇ ਸ਼ੁਰੂ ਹੋ ਗਏ। ਕਰਤਾਰਪੁਰ ਵਿੱਚ ਦੀਪਮਾਲਾ ਕੀਤੀ ਗਈ ਅਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾਏ ਗਏ। ਅਗਲੇ ਦਿਨ ਜਲਦੀ ਹੀ ਬਰਾਤ ਤਿਆਰ ਹੋ ਕੇ ਚੱਲ ਪਈ। ਅੰਮ੍ਰਿਤ ਵੇਲੇ ਸਾਰੀਆਂ ਸੰਗਤਾਂ ਵੱਲੋਂ ਆਸਾ ਦੀ ਵਾਰ ਦਾ ਕੀਰਤਨ ਹੋਇਆ। ਉਸ ਤੋਂ ਬਾਅਦ ਬਰਾਤ ਤਿਆਰ ਹੋ ਕੇ, ਸੋਹਣੇ ਕੱਪੜੇ ਪਾ ਕੇ, ਸ਼ੀਸ਼ ਮਹਿਲ ਤੋਂ ਜਾਣ ਲੱਗੀ। ‘ ਰਬਾਬੀਆਂ ਵਾਲ਼ੀ ਗਲੀ ‘ ਵਿੱਚੋਂ ਲੰਘ ਕੇ ਬਰਾਤ ਲਾਲ ਚੰਦ ਜੀ ਦੇ ਘਰ ਪਹੁੰਚ ਗਈ, ਉੱਥੇ ਅੱਜ ਕੱਲ੍ਹ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ। ਇਸੇ ਸਥਾਨ ਤੇ ਮਿਲਣੀ ਹੋਈ। ਜਦੋਂ ਲਾਲ ਚੰਦ ਜੀ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨਾਂ ਤੇ ਮੱਥਾ ਟੇਕਣ ਲਗਦੇ ਹਨ ਤਾਂ ਗੁਰੂ ਜੀ ਕਹਿੰਦੇ , ” ਨਾ, ਤੇਰੀ ਜਗ੍ਹਾ ਤਾਂ ਮੇਰੇ ਦਿਲ ਵਿੱਚ ਹੈ ” ਗੁਰੂ ਜੀ ਨੇ ਲਾਲ ਚੰਦ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾਇਆ।ਪੰਡਾਲ ਸਜਿਆ ਹੋਇਆ ਸੀ ਅਤੇ ਬਾਣੀ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਬਾਬਾ ਬੁੱਢਾ ਜੀ ਦੇ ਪੁੱਤਰ, ‘ ਭਾਨਾ ਜੀ ਅਤੇ ਹੋਰ ਰਬਾਬੀਆਂ ਵਲੋਂ ਅਨੰਦ ਕਾਰਜ ਕੀਤੇ ਗਏ।
ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਉਮਰ 11 ਸਾਲ ਅਤੇ ਮਾਤਾ ਗੁਜਰ ਕੌਰ ਜੀ ਦੀ ਉਮਰ 13 ਸਾਲ ਦੀ ਸੀ। ਮਾਤਾ ਗੁਜਰ ਕੌਰ ਜੀ, ਗੁਰੂ ਤੇਗ ਬਹਾਦਰ ਜੀ ਕੋਲੋਂ 2 ਸਾਲ ਉਮਰ ਵਿੱਚ ਵੱਡੇ ਸਨ। ਅਨੰਦ ਕਾਰਜ ਹੋਣ ਮਗਰੋਂ ਲੋਕੀਂ ਵਧਾਈਆਂ ਦਿੰਦੇ ਹਨ ਕਿ ਇਹ ਜੋੜੀ ਬੜੀ ਸੋਹਣੀ ਲੱਗਦੀ ਹੈ। ਲਿਖਦੇ ਹਨ-
” ਕਹੈ ਤੇਗ ਬਹਾਦਰ ਜੋਰੀ , ਬਿਧ ਰਚੀ ਰੁਚਰ ਰੁਚ ਬੋਰੀ “
ਅਨੰਦ ਕਾਰਜ ਤੋਂ ਬਾਅਦ ਜਦੋਂ ਬਰਾਤ ਦੀ ਵਿਦਾਇਗੀ ਹੁੰਦੀ ਹੈ ਤਾਂ ਉਦੋਂ ਲਾਲ ਚੰਦ ਜੀ ਹੱਥ ਜੋੜ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਆ ਕੇ ਕਹਿਣ ਲਗੇ –
” ਨਹਿ ਸਰਯੋ ਕਛ ਢਿਗ ਮੋਰੈ ”
ਭਾਵ , ਪਾਤਸ਼ਾਹ ਜੀ, ਮੇਰੇ ਗਰੀਬ ਕੋਲੋਂ ਉਹ ਸੇਵਾ ਨਹੀਂ ਹੋ ਸਕੀ ਜੋ ਸੇਵਾ ਆਪ ਜੀ ਦੀ ਹੋਣੀ ਚਾਹੀਦੀ ਸੀ। ਮੇਰੇ ਗਰੀਬ ਕੋਲ ਆਪ ਜੀ ਨੂੰ ਭੇਟਾ ਕਰਨ ਲਈ ਕੁਝ ਨਹੀਂ ਹੈ। ਮੇਰੇ ਕੋਲ ਆਪਣੀ ਬੱਚੀ ਨੂੰ ਦੇਣ ਲਈ ਵੀ
ਕੁਝ ਨਹੀਂ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ, ਲਾਲ ਚੰਦ ਨੂੰ ਕਹਿਣ ਲੱਗੇ ਕਿ-
” ਜਿਨ ਤਨੁਜਾ ਅਰਪਨ ਕੀਨੋ ,
ਕਿਆ ਪਾਛੈ ਤਿਨ ਰਖ ਲੀਨੋ”
ਭਾਵ ਲਾਲ ਚੰਦ ਜੀ, ਜਿਹਨੇ ਆਪਣੇ ਦਿਲ ਦਾ ਟੁਕੜਾ, ਆਪਣੀ ਬੇਟੀ ਹੀ ਦੇ ਦਿਤੀ, ਦਸੋ, ਉਸ ਤੋਂ ਬਾਅਦ ਉਸ ਕੋਲ ਹੋਰ ਰਹਿ ਕੀ ਗਿਆ।
ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਆਪਣੇ ਘਰ ਸ਼ੀਸ਼ ਮਹਿਲ ਵਿੱਚ ਆ ਜਾਂਦੇ ਹਨ, ਜਿੱਥੇ ਸੰਗਤਾਂ ਦੁਆਰਾ ਵਧਾਈਆਂ ਦਿੱਤੀਆਂ ਜਾਂਦੀਆਂ ਹਨ।
ਵਿਆਹ ਤੋਂ ਕੁਝ ਸਮੇਂ ਬਾਅਦ ਹੀ ਕਰਤਾਰਪੁਰ ਦੀ ਜੰਗ ਹੁੰਦੀ ਹੈ। ਕੀ ਕਾਰਨ ਬਣਦੇ ਹਨ ਕਰਤਾਰਪੁਰ ਦੀ ਜੰਗ ਦੇ , ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ, ਤੇਗਾਂ ਪਕੜ ਕੇ ਲੜਾਈ ਲੜਦੇ ਹਨ, ਇਹ ਅਸੀਂ ਲੜੀ ਨੰ 9 ਵਿੱਚ ਜ਼ਿਕਰ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ ਲੜੀ ਨੰ 9..