ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 78 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਧਲੇਵਾਂ ਵਿਖੇ ਪਹੁੰਚ ਕੇ ਇੱਕ ਸਿੱਖ ਨੂੰ ਦਰਸ਼ਨ ਦੇ ਕੇ ਨਿਹਾਲ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਧਲੇਵਾਂ ਤੋਂ ਹੁੰਦੇ ਹੋਏ ਪਿੰਡ ਸਮਾਉਂ ਅਤੇ ਕਣਕਵਾਲ ਵਿਖੇ ਪਹੁੰਚਦੇ ਹਨ, ਜਿੱਥੋਂ ਕਿ ਦੂਰੋਂ-ਦੂਰੋਂ ਸੰਗਤਾਂ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦੀਆਂ ਹਨ
ਗੁਰੂ ਤੇਗ ਬਹਾਦਰ ਜੀ ਧਲੇਵਾਂ ਤੋਂ ਚੱਲ ਕੇ ਪਿੰਡ ਸਮਾਉਂ ਪਹੁੰਚਦੇ ਹਨ। ਪਿੰਡ ਸਮਾਉਂ, ਧਲੇਵਾਂ ਤੋਂ ਤਕਰੀਬਨ 8 ਕੁ ਕਿਲੋਮੀਟਰ ਦੀ ਦੂਰੀ ਤੇ ਪੈਂਦਾ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪ੍ਰਚਾਰ ਦੌਰੇ ਕਰ ਰਹੇ ਸਨ ਤਾਂ ਆਪਣੇ ਸਿੱਖਾਂ ਨੂੰ ਚੱਕ ਨਾਨਕੀ ਭੇਜ ਕੇ ਖਬਰਾਂ ਵੀ ਮੰਗਵਾਉਂਦੇ ਰਹਿੰਦੇ ਸਨ। ਕੁਝ ਸਿੱਖ ਜਦੋਂ ਚੱਕ ਨਾਨਕੀ ਪਹੁੰਚੇ ਹੋਏ ਸਨ ਤਾਂ ਅਫ਼ਗ਼ਾਨਿਸਤਾਨ ਕਾਬਲ ਕੰਧਾਰ ਤੋਂ ਕੁਝ ਸੰਗਤ ਘੋੜਿਆਂ ਤੇ ਸਵਾਰ ਹੋ ਕੇ ਤਕਰੀਬਨ 1000-1100 ਕਿਲੋਮੀਟਰ ਦਾ ਪੈਂਡਾ ਤੈਅ ਕਰਕੇ ਚੱਕ ਨਾਨਕੀ ਪਹੁੰਚੀ। ਉਹਨਾਂ ਨੇ ਜਦੋਂ ਸਿੱਖਾਂ ਨੂੰ ਪੁੱਛਿਆ ਕਿ ਅਸੀਂ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਸਿੱਖਾਂ ਨੇ ਦੱਸਿਆ ਕਿ ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪਿੰਡਾਂ ਵਿੱਚ ਪ੍ਰਚਾਰ ਦੌਰੇ ਕਰ ਰਹੇ ਹਨ ਤਾਂ ਕਾਬਲ ਤੋਂ 1000 ਕਿਲੋਮੀਟਰ ਚੱਲ ਕੇ ਆਈਆਂ ਹੋਈਆਂ ਸੰਗਤਾਂ ਨੇ ਕਿਹਾ ਕਿ ਅਸੀਂ ਉੱਥੇ ਹੀ ਜਾ ਕੇ ਹੀ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਾਂਗੇ। ਜੋ ਸੰਗਤਾਂ ਪਿਆਰ ਵਿੱਚ ਭਿੱਜੀਆਂ ਹੋਈਆਂ ਕਾਬਲ ਕੰਧਾਰ ਤੋਂ 1000-1100 ਕਿਲੋਮੀਟਰ ਚੱਲ ਕੇ ਚੱਕ ਨਾਨਕੀ (ਆਨੰਦਪੁਰ ਸਾਹਿਬ ) ਪਹੁੰਚੀਆਂ ਸਨ ਤਾਂ ਧਲੇਵਾਂ ਪਿੰਡ ਤੱਕ ਡੇਢ- ਦੋ ਕਿਲੋਮੀਟਰ ਦਾ ਸਫ਼ਰ ਕਰਨਾ ਉਹਨਾਂ ਲੲੀ ਕੋੲੀ ਜ਼ਿਆਦਾ ਔਖਾ ਨਹੀਂ ਸੀ। ਸੋ, ਚੱਕ ਨਾਨਕੀ ਤੋਂ ਕਾਬਲ ਕੰਧਾਰ ਦੀਆਂ ਸੰਗਤਾਂ ਪਿੰਡ ਧਲੇਵਾਂ ਪਹੁੰਚਦੀਆਂ ਹਨ। ਨਗਰ ਨਿਵਾਸੀਆਂ ਨੂੰ ਜਦੋਂ ਪਤਾ ਲਗਦਾ ਹੈ ਕਿ ਇੰਨੀ ਦੂਰ ਤੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਤਾਂ ਪਿੰਡ ਦੀਆਂ ਸੰਗਤਾਂ ਨੇ ਦੂਰੋਂ ਆਈਆਂ ਹੋਈਆਂ ਸੰਗਤਾਂ ਲਈ ਕਾਲੀਨ ਵਿਛਾ ਕੇ ਸੇਵਾ ਕੀਤੀ। ਸੰਗਤਾਂ ਦੇ ਰਹਿਣ ਲਈ ਬਹੁਤ ਸੋਹਣੇ ਪ੍ਰਬੰਧ ਕੀਤੇ ਗਏ। ਦੀਵਾਨ ਸਜਣੇ ਸ਼ੁਰੂ ਹੋ ਗਏ। ਪਿੰਡ ਸਮਾਉਂ ਵਿਖੇ ਹੀ ਇਹਨਾਂ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅਤੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਧਾਰਨ ਕੀਤੀ। ਉੱਥੇ ਨੇੜੇ ਹੀ ਖੇਤਾਂ ਦੇ ਮਾਲਕ ਜਿਊਣਾ ਜੀ ਨੇ ਵੀ ਗੁਰੂ ਤੇਗ ਬਹਾਦਰ ਜੀ ਦੀ ਸਿੱਖੀ ਧਾਰਨ ਕੀਤੀ। ਅੱਜ ਇੱਥੇ ਪਿੰਡ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਨੇੜੇ ਤੇੜੇ ਦੀ ਸੰਗਤ ਵੀ ਇੱਥੇ ਆ ਕੇ ਗੁਰੂ ਘਰ ਨਾਲ ਜੁੜ ਕੇ ਅਤੇ ਬਾਣੀ ਪੜ੍ਹ ਕੇ ਆਪਣਾ ਜੀਵਨ ਸਫਲ ਕਰਦੀ ਹੈ। ਸਮਾਉਂ ਪਿੰਡ ਤੋਂ ਹੀ ਅਗਲਾ ਪਿੰਡ ਕਣਕਵਾਲ ਪੈਂਦਾ ਹੈ। ਇਹ ਕਣਕਵਾਲ ਪਿੰਡ ਵਿੱਚ ਵੀ ਵਣ ਦਾ ਰੁੱਖ ਮੌਜੂਦ ਹੈ, ਜਿਸ ਰੁੱਖ ਨਾਲ ਗੁਰੂ ਜੀ ਨੇ ਆਪਣਾ ਘੋੜਾ ਬੰਨ੍ਹਿਆ ਸੀ। ਇੱਥੇ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਹੁਣ ਤੱਕ ਅਸੀਂ ਜਿੰਨੇ ਵੀ ਅਸਥਾਨਾਂ ਤੇ ਜਾ ਕੇ ਆਏ ਹਾਂ, ਇਸ ਅਸਥਾਨ ਦੀ ਖਾਸੀਅਤ ਇਹ ਹੈ ਕਿ ਇੱਥੇ ਧਾਰਮਿਕ ਵਿਦਿਆ, ਗੁਰਮਤਿ ਸੰਗੀਤ, ਗੁਰਬਾਣੀ ਸੰਥਿਆ ਅਤੇ ਕਥਾ ਵੀਚਾਰ ਦਾ ਇੱਕ ਬਹੁਤ ਵੱਡਾ ਵਿਦਿਆਲਯ ਚਲਦਾ ਹੈ। ਇੱਥੇ ਕਾਫ਼ੀ ਸਿੰਘ ਰੋਜ਼ਾਨਾ ਨੇੜੇ ਤੇੜੇ ਦੇ ਪਿੰਡਾਂ ਵਿੱਚ ਪ੍ਰਚਾਰ ਵੀ ਕਰਨ ਜਾਂਦੇ ਹਨ ਅਤੇ ਦੂਰੋਂ ਆ ਕੇ ਵਿਦਿਆ ਵੀ ਪ੍ਰਾਪਤ ਕਰਦੇ ਹਨ। ਇੱਥੇ ਰਹਿਣ ਲਈ ਅਤੇ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਹੈ। ਜਿਹੜੇ ਵੀਰ ਧਾਰਮਿਕ ਵਿਦਿਆ ਪ੍ਰਾਪਤ ਕਰਨਾ ਚਾਹੁੰਦੇ ਹਨ, ਉਹ ਪਿੰਡ ਕਣਕਵਾਲ ਵਿਖੇ ਆ ਕੇ ਧਾਰਮਿਕ ਵਿਦਿਆ ਪ੍ਰਾਪਤ ਕਰ ਸਕਦੇ ਹਨ।
ਇਹ ਗੁਰਦੁਆਰਾ ਸਾਹਿਬ ਪਿੰਡ ਦੇ ਬਾਹਰਵਾਰ ਹੈ। ਪਿੰਡ ਦੇ ਅੰਦਰ ਇੱਕ ਸਰੋਵਰ ਸਾਹਿਬ ਵੀ ਮੌਜੂਦ ਹੈ। ਇਸ ਸਰੋਵਰ ਦਾ ਨਾਮ ਕਪੂਰਸਰ ਹੈ। ਇਸ ਸਰੋਵਰ ਦੇ ਦਰਸ਼ਨ ਕਰਨ ਦਾ ਵੀ ਸਾਨੂੰ ਸੁਭਾਗ ਪ੍ਰਾਪਤ ਹੋਇਆ। ਬੜੀ ਦੂਰੋਂ ਆ ਕੇ ਸੰਗਤਾਂ ਇਸ ਸਰੋਵਰ ਵਿੱਚ ਆ ਕੇ ਇਸ਼ਨਾਨ ਵੀ ਕਰਦੀਆਂ ਹਨ। ਸੰਗਤਾਂ ਦੀ ਇੱਥੇ ਸ਼ਰਧਾ ਬਣੀ ਹੋਈ ਹੈ ਕਿ ਇੱਥੇ ਕਾਫ਼ੀ ਰੋਗਾਂ ਦਾ ਨਿਵਾਰਨ ਵੀ ਹੁੰਦਾ ਹੈ। ਪਿੰਡ ਦੇ ਨਿਵਾਸੀਆਂ ਵੱਲੋਂ ਹਰ ਸਾਲ ਇੱਥੇ ਅਖੰਡ ਪਾਠ ਵੀ ਰੱਖਿਆ ਜਾਂਦਾ ਹੈ। ਇੱਥੇ ਹਰ ਸਾਲ ਛਬੀਲ ਵੀ ਲਗਾਈ ਜਾਂਦੀ ਹੈ। ਸੋ, ਪਿੰਡ ਕਣਕਵਾਲ ਵਿਖੇ 2 ਅਸਥਾਨ ਮੌਜੂਦ ਹਨ- ਇੱਕ ਬਾਹਰਵਾਰ ਗੁਰਦੁਆਰਾ ਸਾਹਿਬ ਹੈ, ਜਿਸਦੇ ਤੁਸੀਂ ਦਰਸ਼ਨ ਕਰ ਰਹੇ ਹੋ, ਜਿੱਥੇ ਵਿਦਿਆਲਯ ਵੀ ਚਲਦਾ ਹੈ। ਦੂਜਾ ਪਿੰਡ ਦੇ ਵਿਚਕਾਰ ਸਰੋਵਰ ਕਪੂਰਸਰ ਸਾਹਿਬ ਹੈ।
ਸੋ, ਅਗਲੀ ਲੜੀ ਵਿੱਚ ਅਸੀਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਦੇ ਉਸ ਸਿੱਖ ਦੇ ਦਰਸ਼ਨ ਕਰਾਂਗੇ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਜੰਗਾਂ- ਯੁੱਧਾਂ ਭਾਵ ਮੈਦਾਨੇ-ਏ-ਜੰਗ ਵਿੱਚ ਲੜ ਚੁੱਕਾ ਸੀ। ਉਸਦੇ ਮਨ ਦੀ ਇੱਕ ਕਾਮਨਾ ਸੀ। ਉਹ ਮਨੋਕਾਮਨਾ ਕੀ ਸੀ। ਉਹ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਜੰਗਾਂ-ਯੁੱਧਾਂ ਵਿੱਚ ਹਿੱਸਾ ਲੈ ਕੇ ਜੰਗਾਂ ਯੁੱਧਾਂ ਨੂੰ ਜਿੱਤ ਚੁੱਕਾ ਸੀ। ਉਹ ਸਿੱਖ ਕੌਣ ਸੀ ਜਿਸਨੂੰ ਗੁਰੂ ਤੇਗ ਬਹਾਦਰ ਜੀ ਮਿਲਣ ਪਹੁੰਚਦੇ ਹਨ। ਇਹ ਅਸੀਂ ਅਗਲੀ ਲੜੀ ਨੰ 80 ਵਿੱਚ ਸ੍ਰਵਨ ਕਰਾਂਗੇ।