ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 74 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਖਿਆਲਾ ਕਲਾਂ ਵਿਖੇ ਪਹੁੰਚ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ ਅਤੇ ਆਪਣਾ ਤੀਰ ਚਲਾ ਕੇ ਉੱਥੇ ਪਾਣੀ ਦੀ ਘਾਟ ਵੀ ਦੂਰ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਭਿੱਖੀ ਪਿੰਡ ਵਿਖੇ ਪਹੁੰਚਦੇ ਹਨ ਅਤੇ ਲੋਕਾਂ ਨੂੰ ਕਬਰਾਂ ਦੀ ਪੂਜਾ ਛੱਡ ਕੇ ਇੱਕ ਅਕਾਲਪੁਰਖ ਦੀ ਪੂਜਾ ਕਰਨ ਦਾ ਉਪਦੇਸ਼ ਦਿੰਦੇ ਹਨ
ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਪਿੰਡਾਂ ਵਿੱਚ ਪ੍ਰਚਾਰ ਕਰਦੇ ਹੋਏ ਪਿੰਡ ਭਿੱਖੀ ਪਹੁੰਚਦੇ ਹਨ। ਭਿੱਖੀ ਪਿੰਡ, ਬਠਿੰਡੇ ਤੋਂ 70 ਕਿਲੋਮੀਟਰ ਅਤੇ ਸੰਗਰੂਰ ਤੋਂ ਤਕਰੀਬਨ 50 ਕਿਲੋਮੀਟਰ ਦੀ ਵਿੱਥ ਤੇ ਪੈਂਦਾ ਹੈ। ਇੱਥੇ ਭਾਈ ਦੇਸੂ ਜੀ ਰਹਿੰਦੇ ਸਨ। ਪਿੰਡ ਭਿੱਖੀ, ਭਿੱਖਾ ਨਾਮ ਦੇ ਚਹਿਲ ਗੌਤਰ ਦੇ ਇੱਕ ਜ਼ਿੰਮੀਦਾਰ ਨੇ ਵਸਾਇਆ ਸੀ। ਉਹ ਪਿੰਡ ਦਾ ਚੌਧਰੀ ਵੀ ਸੀ ਅਤੇ ਕਬਰਾਂ ਨੂੰ ਵੀ ਪੂਜਦਾ ਸੀ। ਜਦੋਂ ਇਹ ਗੁਰੂ ਤੇਗ ਬਹਾਦਰ ਜੀ ਦੀ ਸੰਗਤ ਵਿੱਚ ਆਇਆ ਤਾਂ ਗੁਰੂ ਸਾਹਿਬ ਜੀ ਨੇ ਉਸਨੂੰ ਬਾਣੀ ਰਾਹੀਂ ਸਮਝਾਇਆ-
“ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ
ਮੜੈ ਮਸਾਣਿ ਨ ਜਾਈ”
ਭਾਵ ਦੁਬਿਧਾ ਵਿੱਚ ਨਹੀਂ ਫਸਣਾ ਚਾਹੀਦਾ ਅਤੇ ਮੜੀਆਂ ਮਸਾਣਾਂ ਦੀ ਪੂਜਾ ਨਹੀਂ ਕਰਨੀ ਚਾਹੀਦੀ। ਗੁਰੂ ਸਾਹਿਬ ਜੀ ਨੇ ਭਾਈ ਦੇਸੂ ਨੂੰ ਸਮਝਾਇਆ-
“ਖਸਮੁ ਛੋਡਿ ਦੂਜੈ ਲਗੇ
ਡੂਬੇ ਸੇ ਵਣਜਾਰਿਆ”
ਭਾਵ ਜੋ ਇੱਕ ਪਰਮਾਤਮਾ ਨੂੰ ਛੱਡ ਕੇ ਕਬਰਾਂ ਨੂੰ ਪੂਜਦੇ ਹਨ, ਉਹ ਡੁੱਬਦੇ ਹਨ। ਭਾਈ ਦੇਸੂ ਜੀ ਨੇ ਗੁਰੂ ਸਾਹਿਬ ਜੀ ਦੀ ਬਾਣੀ ਤੋਂ ਪ੍ਰਭਾਵਿਤ ਹੋ ਕੇ ਕਬਰਾਂ ਦੀ ਪੂਜਾ ਕਰਨੀ ਛੱਡ ਦਿੱਤੀ ਅਤੇ ਗੁਰੂ ਸਾਹਿਬ ਜੀ ਦੇ ਚਰਨੀਂ ਪੈ ਕੇ ਗੁਰੂ ਜੀ ਦਾ ਸਿੱਖ ਸਜ ਗਿਆ। ਗੁਰੂ ਸਾਹਿਬ ਜੀ ਨੇ ਇਸਨੂੰ 5 ਤੀਰਾਂ ਦੀ ਬਖਸ਼ਿਸ਼ ਕੀਤੀ ਅਤੇ ਕਿਹਾ ਕਿ ਲੋੜ ਪਈ ਤਾਂ ਇਹਨਾਂ ਵਿੱਚੋਂ 1 ਤੀਰ ਛੱਡ ਦੇਵੀਂ ਤਾਂ ਤੇਰੇ ਸਾਰੇ ਕਾਰਜ ਰਾਸ ਹੋ ਜਾਣਗੇ।
ਜਦੋਂ ਪਿੰਡ ਦੇ ਚੌਧਰੀ ਭਾਈ ਦੇਸੂ ਨੇ ਸਿੱਖੀ ਪ੍ਰਾਪਤ ਕਰ ਲੲੀ, ਉਹ ਗੁਰਬਾਣੀ ਪੜ੍ਹਨ ਲੱਗ ਪਿਆ, ਕਬਰਾਂ ਦੀ ਪੂਜਾ ਕਰਨੀ ਛੱਡ ਦਿੱਤੀ ਤਾਂ ਉੱਥੋਂ ਦੇ ਕਬਰਾਂ ਪੂਜਣ ਵਾਲੇ ਆਗੂਆਂ ਨੂੰ ਚੰਗਾ ਨਹੀਂ ਲੱਗਿਆ।
ਕਬਰਾਂ ਦੀ ਪੂਜਾ ਕਰਨ ਵਾਲੇ ਪੁਜਾਰੀਆਂ ਨੇ ਗੁਰੂ ਤੇਗ ਬਹਾਦਰ ਜੀ ਦੇ ਜਾਣ ਤੋਂ ਬਾਅਦ ਭਾਈ ਦੇਸੂ ਜੀ ਦੀ ਘਰਵਾਲੀ ਨੂੰ ਸਿਖਾਇਆ ਕਿ ਜੇ ਤੁਸੀਂ ਕਬਰਾਂ ਦੀ ਪੂਜਾ ਕਰਨੀ ਛੱਡ ਦਿੱਤੀ, ਕਬਰਾਂ ਤੇ ਆਉਣਾ ਬੰਦ ਕਰ ਦਿੱਤਾ ਤਾਂ ਤੁਹਾਡੇ ਤੇ ਬਹੁਤ ਕਰੋਪੀ ਹੋ ਜਾਵੇਗੀ। ਜੇ ਤੂੰ ਆਪਣੇ ਘਰ ਨੂੰ ਕਰੋਪੀ ਤੋਂ ਬਚਾਉਣਾ ਚਾਹੁੰਦੀ ਹੈ ਤਾਂ ਆਪਣੇ ਘਰ ਵਿੱਚ ਪੲੇ ਤੀਰਾਂ ਨੂੰ ਤੋੜ ਦਿਓ। ਭਾਈ ਦੇਸੂ ਜੀ ਦੀ ਘਰਵਾਲੀ ਨੇ ਪੁਜਾਰੀਆਂ ਦੇ ਪਿੱਛੇ ਲੱਗ ਕੇ ਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਤੀਰ ਵੀ ਤੁੜਵਾ ਦਿੱਤੇ। ਜਦੋਂ ਗੁਰੂ ਤੇਗ ਬਹਾਦਰ ਜੀ ਪਿੰਡ ਮੋੜ੍ਹ ਵਿਖੇ ਪਹੁੰਚਦੇ ਹਨ ਤਾਂ ਗੁਰੂ ਜੀ ਨੂੰ ਇਹ ਸਾਰੀ ਗੱਲ ਪਤਾ ਲੱਗੀ। ਗੁਰੂ ਸਾਹਿਬ ਜੀ ਨੇ ਸਾਰਾ ਕੁਝ ਪਤਾ ਕਰਨ ਲਈ 2 ਵਾਰ ਪੰਚਾਇਤ ਭੇਜੀ ਪਰ ਪਿੰਡ ਦਾ ਚੌਧਰੀ ਭਾਈ ਦੇਸੂ ਵੀ ਆਪਣੀ ਘਰਵਾਲੀ ਦੇ ਪਿੱਛੇ ਲੱਗ ਕੇ ਸਿੱਖੀ ਤੋਂ ਮੁਨਕਰ ਹੋ ਚੁੱਕਾ ਸੀ ਭਾਵ ਸਿੱਖੀ ਨੂੰ ਗਵਾ ਚੁੱਕਾ ਸੀ। ਸੱਚ ਜਾਣਿਓ, ਹੁਣ ਭਾਈ ਦੇਸੂ ਨਾ ਇਸ ਪਾਸੇ ਦਾ ਰਿਹਾ, ਨਾ ਉਸ ਪਾਸੇ ਦਾ ਰਿਹਾ। ਉਹ ਮਨਮਤੀਆਂ ਦੇ ਪਿੱਛੇ ਲੱਗ ਕੇ ਆਪਣਾ ਵੰਸ਼ ਵੀ ਖ਼ਤਮ ਕਰਾ ਚੁੱਕਾ ਸੀ।
ਦੂਜੇ ਪਾਸੇ ਇਸ ਪਿੰਡ ਦਾ ਰਹਿਣ ਵਾਲਾ ਬਾਣੀਆ ਪਰਿਵਾਰ ਵੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਇਆ। ਜਦੋਂ ਗੁਰੂ ਸਾਹਿਬ ਜੀ ਨੂੰ ਪਤਾ ਲੱਗਿਆ ਕਿ ਉਹ ਤੰਬਾਕੂ ਵਰਤਦੇ ਹਨ ਤਾਂ ਗੁਰੂ ਜੀ ਨੇ ਉਹਨਾਂ ਨੂੰ ਤੰਬਾਕੂ ਵਰਤਣ ਤੋਂ ਵਰਜਿਆ ਅਤੇ ਕਿਹਾ ਕਿ ਜੇ ਤੁਸੀਂ ਬਖਸ਼ਿਸ਼ਾਂ ਲੈਣੀਆਂ ਹਨ ਤਾਂ ਕਦੇ ਵੀ ਤੰਬਾਕੂ ਦੀ ਵਰਤੋਂ ਨਾ ਕਰਨਾ ਅਤੇ ਇਸ ਪਰਿਵਾਰ ਨੇ ਗੁਰੂ ਜੀ ਦੇ ਕੀਤੇ ਬਚਨ ਮੰਨੇ। ਦੂਜੇ ਪਾਸੇ ਗੁਰੂ ਜੀ ਨੇ ਖੁਸ਼ੀ ਦੇ ਘਰ ਵਿੱਚ ਆ ਕੇ ਬਚਨ ਕੀਤੇ ਕਿ ਤੁਸੀਂ ਦਾਹੜ੍ਹੀ, ਕੇਸ ਨਾ ਕੱਟਿਓ। ਤੁਹਾਡੇ ਤੇ ਅਸੀਮ ਬਖਸ਼ਿਸ਼ਾਂ ਰਹਿਣਗੀਆਂ। ਇਸ ਪਰਿਵਾਰ ਨੇ ਕਿਹਾ ਕਿ ਗੁਰੂ ਜੀ, ਜਿਹੜੇ ਰੀਤੀ-ਰਿਵਾਜ(ਮੁੰਡਨ ਆਦਿ) ਜੋ ਪਿੱਛੋਂ ਚਲੇ ਆਉਂਦੇ ਹਨ, ਜੇ ਅਸੀਂ ਇਹ ਰਿਵਾਜ ਨਾ ਕੀਤੇ, ਕੇਸ ਰੱਖ ਲਏ, ਆਪਣੇ ਰੀਤੀ ਰਿਵਾਜਾਂ ਤੋਂ ਦੂਰ ਚਲੇ ਗਏ, ਤਾਂ ਹੋ ਸਕਦਾ ਹੈ ਕਿ ਕੋਈ ਸਾਡੇ ਨਾਲ ਰਿਸ਼ਤਾ ਨਾ ਕਰੇ।
ਸੰਗਤ ਜੀ, ਸੱਚ ਜਾਣਿਓ, ਗੁਰੂ ਤੇਗ ਬਹਾਦਰ ਜੀ ਨੇ ਇਸ ਪਰਿਵਾਰ ਤੇ ਬਹੁਤ ਕਿਰਪਾ ਕੀਤੀ ਅਤੇ ਗੁਰੂ ਜੀ ਨੇ ਬਚਨ ਕੀਤੇ ਕਿ ਤੁਹਾਡੇ ਲਈ ਤਾਂ 2-2 ਰਿਸ਼ਤੇ ਵੀ ਆਇਆ ਕਰਨਗੇ। ਦਾਸ ਨੂੰ ਇਸ ਪੂਰੇ ਪਰਿਵਾਰ ਨੂੰ ਮਿਲਣ ਦਾ ਮੌਕਾ ਮਿਲਿਆ। ਜੋ ਬਖਸ਼ਿਸ਼ਾਂ ਗੁਰੂ ਸਾਹਿਬ ਜੀ ਨੇ ਕੀਤੀਆਂ ਸਨ, ਅੱਜ ਵੀ ਇਹਨਾਂ ਦੇ 85 ਸਾਲ ਦੇ ਬਜ਼ੁਰਗ ਮੌਜੂਦ ਹਨ। ਇਹ ਸਾਰਾ ਪਰਿਵਾਰ ਗੁਰੂ ਘਰ ਨਾਲ ਜੁੜਿਆ ਹੋਇਆ ਹੈ। ਇਹ ਆਪਣੇ ਘਰ ਦੇ ਸਾਰੇ ਖੁਸ਼ੀ-ਗਮੀ ਦੇ ਕਾਰਜ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅਸੀਮ ਬਖਸ਼ਿਸ਼ਾਂ ਲੈ ਕੇ ਕਰਦੇ ਹਨ। ਇਹ ਗੁਰੂ ਘਰ ਆਉਂਦੇ ਹਨ ਅਤੇ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਨ। ਇਹਨਾਂ ਬਜ਼ੁਰਗਾਂ ਨੇ 85 ਸਾਲ ਦੀ ਉਮਰ ਵਿੱਚ ਅੱਜ ਵੀ ਕੇਸ ਤੇ ਦਾਹੜੀ ਰੱਖੇ ਹੋਏ ਹਨ।
ਇਹਨਾਂ ਬਜ਼ੁਰਗਾਂ ਦਾ ਕਹਿਣਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਤਲਵੰਡੀ ਸਾਬੋ ਆਏ ਸਨ ਤਾਂ ਉਦੋਂ ਸਾਡੇ ਬਜ਼ੁਰਗ ਖੇਤਾਂ ਵਿੱਚ ਹੱਲ ਚਲਾਉਂਦੇ ਸਨ। ਜਦੋਂ ਗੁਰੂ ਸਾਹਿਬ ਜੀ ਖੇਤਾਂ ਵਿੱਚ ਆਏ ਤਾਂ ਸਾਡੇ ਬਜ਼ੁਰਗਾਂ ਕੋਲ ਬੈਠ ਗੲੇ। ਉਹਨਾਂ ਨੇ ਗੁਰੂ ਜੀ ਨੂੰ ਪਾਣੀ ਪੀਣ ਲਈ ਕਿਹਾ ਪਰ ਗੁਰੂ ਜੀ ਨੇ ਮਨਾ ਕਰ ਦਿੱਤਾ ਕਿ ਤੁਸੀਂ ਹੁੱਕਾ ਪੀਂਦੇ ਹੋ ਅਤੇ ਕੇਸ ਦਾਹੜ੍ਹੀ ਨਹੀਂ ਰੱਖਦੇ। ਸਾਡੇ ਬਜ਼ੁਰਗਾਂ ਨੇ ਕਿਹਾ ਕਿ ਜੇ ਅਸੀਂ ਕੇਸ ਦਾਹੜ੍ਹੀ ਰੱਖ ਲਈ ਤਾਂ ਸਾਡੇ ਨਾਲ ਕਿਸੇ ਨੇ ਰਿਸ਼ਤਾ ਨਹੀਂ ਕਰਨਾ। ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਨੂੰ ਬਚਨ ਕੀਤੇ ਕਿ ਤੁਹਾਡੇ 1 ਨਹੀਂ ਸਗੋਂ 2-2 ਵਿਆਹ ਹੋਣਗੇ। ਸਾਡੇ ਬਜ਼ੁਰਗ ਦੀਵਾਨ ਸਿੰਘ ਦੇ ਚਾਰ ਪੁੱਤਰ ਸਨ- ਗੁਲਾਬ ਸਿੰਘ, ਮਹਿਤਾਬ ਸਿੰਘ, ਨਾਨੂੰ ਸਿੰਘ ਅਤੇ ਬਹਾਲ ਸਿੰਘ। ਨਾਨੂੰ ਸਿੰਘ ਅਤੇ ਬਹਾਲ ਸਿੰਘ ਤਲਵੰਡੀ ਸਾਬੋ ਸਨ। ਗੁਲਾਬ ਸਿੰਘ ਅਤੇ ਮਹਿਤਾਬ ਸਿੰਘ ਇੱਥੇ ਰਹਿੰਦੇ ਸਨ। ਗੁਲਾਬ ਸਿੰਘ ਦੇ ਅੱਗੇ 5 ਪੁੱਤਰ ਸਨ। ਉਹਨਾਂ ਨੇ ਦੱਸਿਆ ਕਿ ਸਾਡੇ ਪੜਦਾਦੇ ਦਾ ਨਾਮ ਕੌਸਿ਼ਆਲ ਸਿੰਘ ਹੈ। ਕੌਸਿ਼ਆਲ ਸਿੰਘ ਦੇ ਅੱਗੋਂ 8 ਪੁੱਤਰ ਸਨ। ਮੇਰੇ ਬਾਬੇ ਦਾ ਨਾਮ ਸਰਦਾਰਾ ਸਿੰਘ ਹੈ। ਸਰਦਾਰਾ ਸਿੰਘ ਦੇ 2 ਪੁੱਤਰ ਸਨ- ਬੁੱਧ ਸਿੰਘ ਅਤੇ ਸੋਹਣ ਸਿੰਘ। ਮੈਂ ਸੋਹਣ ਸਿੰਘ ਦਾ ਪੁੱਤਰ ਹਾਂ ਸੇਵਾ ਸਿੰਘ। ਮੇਰਾ ਜਨਮ 12-8-1935 ਨੂੰ ਹੋਇਆ ਹੈ ਅਤੇ ਮੈਂ ਹੁਣ 85 ਸਾਲ ਦਾ ਹੋਵਾਂਗਾ। ਮੈਂ ਕਦੇ ਬੀੜੀ, ਸਿਗਰਟ, ਸ਼ਰਾਬ ਨਹੀਂ ਪੀਤੀ ਅਤੇ ਨਾ ਹੀ ਕਦੇ ਕੇਸਾਂ ਅਤੇ ਦਾਹੜ੍ਹੀ ਨੁੂੰ ਕੈਂਚੀ ਨਹੀਂ ਲਗਾਈ। ਅਸੀਂ ਨਹਾ ਕੇ ਦਾਹੜ੍ਹੀ ਇਕੱਠੀ ਕਰਕੇ ਠਾਠਾ ਬੰਨ੍ਹ ਲੈਂਦੇ ਹਾਂ। ਉਦੋਂ ਤੋਂ ਸਾਨੂੰ ਵਰ ਮਿਲਿਆ ਹੈ। ਅਸੀਂ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਤੇ ਲੰਗਰ ਲਗਾਉਣਾ ਹੈ ਅਤੇ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਤੇ ਫਿਲਮ ਦਿਖਾ ਰਹੇ ਹਾਂ। ਸਾਨੂੰ ਇੱਥੇ ਆਇਆਂ ਨੂੰ ਤਕਰੀਬਨ 200 ਸਾਲ ਤੋਂ ਵੀ ਉੱਪਰ ਹੋ ਚੁੱਕੇ ਹਨ।
ਸੋ, ਇੱਥੇ ਗੁਰੂ ਤੇਗ ਬਹਾਦਰ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਹੋਈਆਂ ਹਨ। ਇਹ ਗੁਰੂ ਸਾਹਿਬ ਜੀ ਦੇ ਆਦਿ ਪਰਿਵਾਰ ਹਨ। ਅੱਜ ਵੀ ਪੂਰੇ ਭਿੱਖੀ ਵਿੱਚ 58 ਬਾਣੀਆ ਪਰਿਵਾਰ ਹਨ, ਜਿਹਨਾਂ ਨੂੰ ਸਿੰਘਾਂ ਦਾ ਪਰਿਵਾਰ ਕਿਹਾ ਜਾਂਦਾ ਹੈ। ਇਹ ਸਭ ਉੱਥੇ ਵਸਦੇ ਹਨ।ਪੁਰਾਣਾ ਬਜ਼ਾਰ ਸਿੰਘਾਂ ਦਾ ਮੁਹੱਲਾ ਅਤੇ ਇਹਨਾਂ ਦੀਆਂ ਪੁਰਾਣੀਆਂ 2 ਹਵੇਲੀਆਂ ਵੀ ਹੁੰਦੀਆਂ ਹਨ। ਮਾਨਸਾ ਵਿੱਚ ਵੀ ਤਕਰੀਬਨ 50 ਕੁ ਪਰਿਵਾਰ ਹੋਰ ਵਸਦੇ ਹਨ। ਗੁਰੂ ਸਾਹਿਬ ਜੀ ਨੇ ਕਿੰਨੀਆਂ ਬਖਸ਼ਿਸ਼ਾਂ ਇਸ ਪਰਿਵਾਰ ਤੇ ਕੀਤੀਆਂ ਹੋਈਆਂ ਹਨ। ਇਹਨਾਂ ਨੇ ਅੱਜ ਵੀ ਸਿੱਖੀ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਜਿੰਨੇ ਵੀ ਬਾਣੀਆ ਪਰਿਵਾਰ ਹਨ, ਉਹਨਾਂ ਨੂੰ ਸਿੰਘਾਂ ਦਾ ਪਰਿਵਾਰ ਕਿਹਾ ਜਾਂਦਾ ਹੈ। ਇਹਨਾਂ ਦੇ ਨਾਮ ਪਿੱਛੇ ਵੀ ਸਿੰਘ ਜ਼ਰੂਰ ਲੱਗਦਾ ਹੈ। ਸੋ, ਅੱਜ ਭਿੱਖੀ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਤੁਹਾਨੂੰ ਇੱਥੇ ਬਾਣੀਆ ਪਰਿਵਾਰਾਂ ਨੂੰ ਮਿਲਣ ਦਾ ਮੌਕਾ ਵੀ ਮਿਲੇਗਾ। ਗੁਰੂ ਸਾਹਿਬ ਜੀ ਕਿਰਪਾ ਰੱਖਣ ਤਾਂ ਇੱਥੇ ਹੋਰ ਵੀ ਬਹੁਤ ਸਾਰੇ ਪਰਿਵਾਰ ਹਨ, ਜਿਹਨਾਂ ਨੂੰ ਅਸੀਂ ਖੋਜ ਕੇ ਤੁਹਾਡੇ ਤੱਕ ਪਹੁੰਚਾਵਾਂਗੇ। ਬਾਕੀ ਇਤਿਹਾਸ ਅਗਲੀ ਲੜੀ ਵਿੱਚ ਜ਼ਰੂਰ ਸ੍ਰਵਨ ਕਰਨਾ ਜੀ।