ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 71 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਮਾਈਸਰਖਾਨਾ ਅਤੇ ਭੈਣੀ ਬਾਘਾ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਖਿਆਲਾ ਕਲਾਂ ਵਿਖੇ ਪਹੁੰਚ ਕੇ ਉੱਥੋਂ ਦੇ ਸ਼ਰਧਾਲੂਆਂ ਨੂੰ ਬਖਸ਼ਿਸ਼ਾਂ ਦਿੰਦੇ ਹਨ ਅਤੇ ਉਨ੍ਹਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ
ਗੁਰੂ ਤੇਗ ਬਹਾਦਰ ਜੀ ਪਿੰਡ ਭੈਣੀ ਬਾਘਾ ਤੋਂ ਲੰਘ ਕੇ ਇਸ ਪਿੰਡ ਖਿਆਲਾ ਕਲਾਂ ਵਿਖੇ ਪਹੁੰਚਦੇ ਹਨ। ਇੱਥੇ ਉਸ ਸਮੇਂ ਦਾ ਇੱਕ ਬੇਰੀ ਦਾ ਰੁੱਖ ਮੌਜੂਦ ਹੈ। ਇਸ ਬੇਰੀ ਦੇ ਰੁੱਖ ਥੱਲੇ ਗੁਰੂ ਤੇਗ ਬਹਾਦਰ ਜੀ ਨੇ ਆ ਕੇ ਡੇਰੇ ਲਗਾਏ ਸਨ। ਇੱਥੇ ਪਿੰਡ ਦੇ ਲੋਕ ਵੀ ਗੁਰੂ ਸਾਹਿਬ ਜੀ ਕੋਲ ਜੁੜਨੇ ਸ਼ੁਰੂ ਹੋ ਗੲੇ। ਇੱਥੇ ਹੀ ਪਿੰਡ ਦਾ ਇੱਕ ਪੰਡਿਤ ਸ੍ਰੀ ਗੁੱਜਰ ਰਾਮ ਅਤੇ ਉਸਦਾ ਜਜਮਾਨ ਭਾਈ ਮੱਕਾ ਜੀ ਗੁਰੂ ਸਾਹਿਬ ਜੀ ਕੋਲ ਹਾਜ਼ਰ ਹੋਏ। ਜਦੋਂ ਗੁਰੂ ਸਾਹਿਬ ਜੀ ਨੇ ਬਚਨ ਕੀਤੇ ਤਾਂ ਸ੍ਰੀ ਗੁੱਜਰ ਰਾਮ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ, ਤੁਸੀਂ ਸਾਰਿਆਂ ਦੇ ਦਿਲ ਦੀ ਗੱਲ ਜਾਣਦੇ ਹੋ । ਤੁਸੀਂ ਮੇਰੇ ਤੇ ਵੀ ਕਿਰਪਾ ਕਰੋ। ਇੱਥੇ ਬਹੁਤ ਥੋੜੇ ਪਰਿਵਾਰ ਹਨ। ਇਹ ਬਹੁਤ ਛੋਟਾ ਜਿਹਾ ਪਿੰਡ ਹੈ। ਇਹ ਮੇਰਾ ਜਜਮਾਨ ਭਾਈ ਮੱਕਾ ਜੀ , ਪਿੰਡ ਦਾ ਨੰਬਰਦਾਰ ਹੈ। ਸ੍ਰੀ ਗੁੱਜਰ ਰਾਮ ਜੀ ਨੇ ਆਪਣੇ ਘਰੋਂ ਕਾੜ੍ਹਨੀ ਵਿੱਚ ਲਿਆਂਦਾ ਹੋਇਆ ਦੁੱਧ ਬੜੇ ਪਿਆਰ ਨਾਲ ਗੁਰੂ ਸਾਹਿਬ ਜੀ ਨੂੰ ਛਕਾਇਆ ਅਤੇ ਗੁਰੂ ਸਾਹਿਬ ਜੀ ਨੇ ਉਹ ਦੁੱਧ ਵਾਲਾ ਛੰਨਾ ਭਾਈ ਗੁੱਜਰ ਰਾਮ ਨੂੰ ਦੇ ਦਿੱਤਾ। ਅੱਜ ਵੀ ਉਹ ਦੁੱਧ ਵਾਲਾ ਛੰਨਾ ਭਾਈ ਗੁੱਜਰ ਰਾਮ ਜੀ ਦੇ ਘਰ ਸਾਂਭਿਆ ਹੋਇਆ ਹੈ ਅਤੇ ਉਹਨਾਂ ਦੇ ਘਰ ਵਿੱਚ ਬਹੁਤ ਕਿਰਪਾ ਹੈ। ਤੁਸੀਂ ਉਸ ਛੰਨੇ ਦੇ ਦਰਸ਼ਨ ਕਰ ਰਹੇ ਹੋ।
ਇਸ ਪਿੰਡ ਵਿੱਚ ਜਦੋਂ ਤੁਸੀਂ ਭਾਈ ਗੁੱਜਰ ਰਾਮ ਜੀ ਦੇ ਪਰਿਵਾਰ ਕੋਲ ਆਓਗੇ ਤਾਂ ਉਹਨਾਂ ਦੇ ਘਰ ਵਿੱਚ ਤੁਸੀਂ ਇਸ ਛੰਨੇ ਦੇ ਦਰਸ਼ਨ ਕਰ ਸਕਦੇ ਹੋ। ਭਾਈ ਗੁੱਜਰ ਰਾਮ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਨੰਬਰਦਾਰ ਤੇ ਕਿਰਪਾ ਕਰੋ ਕਿਉਂਕਿ ਇਸਦੇ ਘਰ ਕੋਈ ਔਲਾਦ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੇ ਭਾਈ ਮੱਕਾ ਨੂੰ ਬਚਨ ਕੀਤੇ ਕਿ ਭਾਈ ਮੱਕਾ, ਤੇਰੇ ਘਰ ਹਮੇਸ਼ਾ ਨੰਬਰਦਾਰੀ ਬਣੀ ਰਹੇਗੀ। ਤੇਰੇ ਘਰ ਪੁੱਤਰਾਂ ਦੀ ਦਾਤ ਵੀ ਪ੍ਰਾਪਤ ਹੋਵੇਗੀ। ਸੋ, ਸਮਾਂ ਪਾ ਕੇ ਇਸ ਨੰਬਰਦਾਰ ਦੇ ਘਰ ਇੱਕ ਧੀ ਅਤੇ 4 ਪੁੱਤਰਾਂ ਨੇ ਜਨਮ ਲਿਆ। ਸੱਚ ਜਾਣਿਓ, ਗੁਰੂ ਤੇਗ ਬਹਾਦਰ ਜੀ ਦੇ ਕੀਤੇ ਹੋਏ ਬਚਨ ਅੱਜ ਇਸ ਪਰਿਵਾਰ ਤੇ ਲਾਗੂ ਹਨ ਅਤੇ ਇਸ ਪਰਿਵਾਰ ਵਿੱਚ ਨੰਬਰਦਾਰੀ ਚਲੀ ਆਉਂਦੀ ਹੈ। ਜਿਹੜੇ-ਜਿਹੜੇ ਪਿੰਡਾਂ ਵਿੱਚ ਇਹਨਾਂ ਦਾ ਪਰਿਵਾਰ ਵੱਸਦਾ ਹੈ, ਉਹਨਾਂ ਪਿੰਡਾਂ ਵਿੱਚ ਵੀ ਇਹਨਾਂ ਨੂੰ ਨੰਬਰਦਾਰੀ ਮਿਲੀ ਹੋਈ ਹੈ। ਉਹਨਾਂ ਪਿੰਡਾਂ ਦੇ ਨਾਮ ਹਨ- ਪਿੰਡ ਨਿਵੇਰਾ (ਤਲਵੰਡੀ ਸਾਬੋ ਦੇ ਨੇੜੇ) , ਦੂਜਾ ਪਿੰਡ ਹਰਿਆਣੇ ਵਿੱਚ ਹੈ- ਧੰਨਪੁਰ (ਇਹ ਕਾਲਿਆਂਵਾਲੀ ਦੇ ਬਿਲਕੁਲ ਨੇੜੇ ਹੈ)। ਉਸ ਤੋਂ ਬਾਅਦ ਮੁਕਤਸਰ ਵਿੱਚ ਪਿੰਡ ਮੱਕੇ ਦੇ ਨਾਮ ਉੱਤੇ ਪਿੰਡ ਮੱਕਾਮਤੀ ਹੈ, ਜਿੱਥੇ ਨੰਬਰਦਾਰੀ ਬਣੀ ਹੋਈ ਹੈ। ਪਿੰਡ ਖਿਆਲਾ ਕਲਾਂ ਵਿੱਚ ਵੀ ਇਸ ਪਰਿਵਾਰ ਦੀ ਨੰਬਰਦਾਰੀ ਚਲੀ ਆਉਂਦੀ ਹੈ। ਜੋ ਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤੇ ਸਨ, ਉਹ ਅੱਜ ਵੀ ਪੂਰੇ ਹੋ ਰਹੇ ਹਨ। ਜਿੱਥੇ ਗੁੱਜਰ ਰਾਮ ਜੀ ਨੇ ਆਪਣਾ ਭਲਾ ਕੀਤਾ, ਉੱਥੇ ਹੀ ਆਪਣੇ ਜਜਮਾਨ ਦਾ ਵੀ ਭਲਾ ਕੀਤਾ। ਇਸ ਦੇ ਘਰ ਵੀ ਸਿੱਖੀ ਆਈ ਅਤੇ ਨੰਬਰਦਾਰ ਮੱਕੇ ਦੇ ਘਰ ਵੀ ਸਿੱਖੀ ਆਈ। ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਅੱਜ ਇਸ ਅਸਥਾਨ ਤੇ ਗੁਰਦੁਆਰਾ ਮੰਜੀ ਸਾਹਿਬ ਮੌਜੂਦ ਹੈ। ਇੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਨੇ ਦੁੱਧ ਛਕਿਆ ਸੀ।
ਗੁਰੂ ਤੇਗ ਬਹਾਦਰ ਜੀ ਵਾਤਾਵਰਨ ਦੇ ਇਤਨੇ ਪ੍ਰੇਮੀ ਸਨ ਕਿ ਗੁਰੂ ਸਾਹਿਬ ਜੀ ਨੇ ਪੰਡਿਤ ਗੁੱਜਰ ਰਾਮ ਨੂੰ ਵੀ ਇੱਥੇ ਇੱਕ ਬਰੋਟੇ ਦਾ ਰੁੱਖ ਅਤੇ ਪਾਣੀ ਲਈ ਖੂਹ ਲਗਵਾਉਣ ਲਈ ਕਿਹਾ। ਅੱਜ ਵੀ ਇਸ ਅਸਥਾਨ ਤੇ ਪੰਡਿਤ ਗੁੱਜਰ ਰਾਮ ਵੱਲੋਂ ਲਗਾਇਆ ਗਿਆ ਬਰੋਟੇ ਦਾ ਰੁੱਖ ਮੌਜੂਦ ਹੈ। ਉਹ ਖੂਹ ਵੀ ਅੱਜ ਮੌਜੂਦ ਹੈ,ਜੋ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਬਚਨਾਂ ਨਾਲ ਲਗਾਇਆ ਗਿਆ ਸੀ। ਗੁਰਦੁਆਰਾ ਸਾਹਿਬ ਦੇ ਸਾਹਮਣੇ ਇੱਕ ਦੂਜਾ ਸਥਾਨ ਵੀ ਮੌਜੂਦ ਹੈ। ਇਸ ਅਸਥਾਨ ਨੂੰ ਗੁਰੂਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਸਨ ਅਤੇ ਉਹਨਾਂ ਨੂੰ ਪਤਾ ਸੀ ਕਿ ਕਿਹੜਾ ਰੁੱਖ ਲਗਾਉਣਾ ਹੈ। ਬੋਹੜ ਦੇ ਰੁੱਖ ਨੂੰ ਬਾਬਾ ਬੋਹੜ ਕਰਕੇ ਵੀ ਜਾਣਿਆ ਜਾਂਦਾ ਹੈ। ਬੋਹੜ ਦਾ ਦਰਖੱਤ, ਰਾਸ਼ਟਰੀ ਦਰਖੱਤ ਮੰਨਿਆ ਜਾਂਦਾ ਹੈ। ਇਸ ਰੁੱਖ ਤੋਂ ਭਿਆਨਕ ਤੋਂ ਭਿਆਨਕ ਬੀਮਾਰੀਆਂ ਤੋਂ ਬਚਣ ਲਈ ਇਲਾਜ ਕੀਤਾ ਜਾਂਦਾ ਰਿਹਾ ਹੈ। ਇਸ ਰੁੱਖ ਨੂੰ ਤਾਕਤ ਦਾ ਖਜ਼ਾਨਾ ਮੰਨਿਆ ਗਿਆ ਹੈ। ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਜਿੱਥੇ ਗੁਰਦੁਆਰਾ ਸਾਹਿਬ ਬਣੇ ਹੋਏ ਹਨ, ਉੱਥੇ ਹੀ ਕਿੰਨੇ ਹੀ ਖੂਹਾਂ ਅਤੇ ਰੁੱਖਾਂ ਦੇ ਵੀ ਤੁਸੀਂ ਦਰਸ਼ਨ ਕਰ ਰਹੇ ਹੋ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਬਿਰਾਜਮਾਨ ਸਨ ਤਾਂ ਪਿੰਡ ਦੇ ਲੋਕਾਂ ਨੇ ਆ ਕੇ ਗੁਰੂ ਜੀ ਕੋਲ ਆ ਕੇ ਬੇਨਤੀ ਕੀਤੀ, ਜਿਸ ਕਰਕੇ ਗੁਰੂ ਜੀ ਨੂੰ ਆਪਣਾ ਤੀਰ ਵੀ ਚਲਾਉਣਾ ਪਿਆ। ਉਸ ਬੇਨਤੀ ਬਾਰੇ ਅਸੀਂ ਲੜੀ ਨੰ 73 ਵਿੱਚ ਸ੍ਰਵਨ ਕਰਾਂਗੇ।