ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 70 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਮੋੜ ਕਲਾਂ ਵਿਖੇ ਪਹੁੰਚ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਤੋਂ ਦੂਰ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਮਾਇਸਰਖਾਨਾ ਅਤੇ ਪਿੰਡ ਭੈਣੀ ਬਾਘਾ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹਨ
ਅੱਜ ਅਸੀਂ ਪਿੰਡ ਮਾਇਸਰਖਾਨਾ ਦੀ ਗੱਲ ਕਰਾਂਗੇ। ਪਿੱਛੇ ਅਸੀਂ ਗੁਰਦੁਆਰਾ ਟਾਹਲਾ ਸਾਹਿਬ ਜੀ ਦਾ ਇਤਿਹਾਸ ਸੁਣਿਆ ਸੀ, ਜਿਸ ਵਿੱਚ ਇੱਕ ਮਾਤਾ ਦੇ ਘਰ 5 ਪੁੱਤਰਾਂ ਦਾ ਜਨਮ ਹੋਇਆ ਸੀ, ਜਿਹਨਾਂ ਦੇ ਨਾਮ ਤੇ 5 ਖਾਨੇ ਬਣੇ ਹੋਏ ਹਨ। ਉਹਨਾਂ ਪਿੰਡਾਂ ਵਿੱਚੋਂ ਇੱਕ ਮਾਇਸਰਖਾਨਾ ਵੀ ਹੈ। ਇਸ ਮਾਇਸਰਖਾਨੇ ਵਿੱਚ ਗੁਰੂ ਤੇਗ ਬਹਾਦਰ ਜੀ ਆਉਂਦੇ ਹਨ। ਇੱਥੇ ਗੁਰਦੁਆਰਾ ਮੰਜੀ ਸਾਹਿਬ ਸੁਸ਼ੋਭਿਤ ਹੈ। ਇਸ ਗੁਰਦੁਆਰਾ ਸਾਹਿਬ ਦੇ ਨਾਲ਼ ਲਗਦਾ ਇੱਕ ਭੋਰਾ ਵੀ ਮੌਜੂਦ ਹੈ। ਇਸ ਭੋਰੇ ਅੰਦਰ ਮੰਜੀ (ਥੜ੍ਹਾ ਸਾਹਿਬ) ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਿਆ ਹੋਇਆ ਹੈ। ਇੱਥੇ ਸਾਨੂੰ ਗੁਰੂ ਤੇਗ ਬਹਾਦਰ ਜੀ ਦਾ ਜ਼ਿਆਦਾ ਇਤਿਹਾਸ ਨਹੀਂ ਮਿਲਦਾ। ਇਸ ਤੋਂ ਅੱਗੇ ਪਿੰਡ ਡਿੱਖ ਆਉਂਦਾ ਹੈ। ਡਿੱਖ ਪਿੰਡ ਦੇ ਬਾਹਰਵਾਰ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦੋਂ ਅਸੀਂ ਇਸ ਅਸਥਾਨ ਤੇ ਪਹੁੰਚੇ ਤਾਂ ਸਾਨੂੰ ਬਹੁਤ ਆਨੰਦ ਮਿਲਿਆ। ਇਹ ਬੜਾ ਰੌਣਕਮਈ ਅਤੇ ਸ਼ਾਂਤਮਈ ਅਸਥਾਨ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਹੋਣਗੇ ਤਾਂ ਉਦੋਂ ਕਿਵੇਂ ਦਾ ਮਾਹੌਲ ਹੋਵੇਗਾ। ਇਸ ਜਗ੍ਹਾ ਤੇ ਵੀ ਗੁਰੂ ਸਾਹਿਬ ਜੀ ਨੇ ਸਿੱਖੀ ਦਾ ਪ੍ਰਚਾਰ ਕੀਤਾ। ਸਿੱਖਾਂ ਨੂੰ ਨਾਮ ਬਾਣੀ ਨਾਲ ਜੋੜਿਆ। ਲੋਕਾਂ ਨੂੰ ਜਾਤਾਂ-ਪਾਤਾਂ ਤੋਂ ਦੂਰ ਕਰਕੇ ਇੱਕ ਅਕਾਲਪੁਰਖ ਦੀ ਬੰਦਗੀ ਕਰਨ ਨੂੰ ਕਿਹਾ। ਇੱਥੇ ਹੀ ਬਾਬਾ ਬਲਾਕੀ ਜੀ ਦੇ ਪਰਿਵਾਰ ਵਿੱਚੋਂ ਇੱਕ ਮਾਤਾ ਗੁਰੂ ਸਾਹਿਬ ਜੀ ਕੋਲ ਆਈ ਅਤੇ ਉਸਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੇ ਕੋਲ ਅਕਾਲਪੁਰਖ ਦਾ ਬਖ਼ਸ਼ਿਆ ਹੋਇਆ ਸਭ ਕੁਝ ਹੈ। ਮੇਰੇ ਕੋਲ ਇੱਕ ਧੀ ਵੀ ਹੈ ਪਰ ਮੇਰੇ ਘਰ ਵੰਸ਼ ਨੂੰ ਚਲਾਉਣ ਵਾਲਾ ਕੋਈ ਪੁੱਤਰ ਨਹੀਂ ਹੈ। ਰਵਾਇਤ ਅਨੁਸਾਰ ਗੁਰੂ ਸਾਹਿਬ ਜੀ ਨੇ ਬਚਨ ਕੀਤੇ-
“ਆਇਆ ਸੂਰਾ, ਆਇਆ ਕਪੂਰਾ
ਆਇਆ ਹਮੀਰਾ, ਆਇਆ ਬੀਰਾ”
ਸਾਨੂੰ ਅੱਗੇ ਪਤਾ ਲੱਗਿਆ ਕਿ ਉਸ ਮਾਤਾ ਦੇ 4 ਪੁੱਤਰ ਹੋਏ ਸਨ ਜਿਹਨਾਂ ਦੇ ਨਾਮ ਭਾਈ ਸੂਰਾ ਜੀ, ਭਾਈ ਕਪੂਰਾ ਜੀ, ਭਾਈ ਹਮੀਰਾ ਜੀ ਅਤੇ ਭਾਈ ਬੀਰਾ ਜੀ ਸਨ। ਇਹਨਾਂ ਦਾ ਵੀ ਅੱਗੋਂ ਪਰਿਵਾਰ ਚਲਿਆ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ ਤਾਂ ਇੱਥੇ ਇੱਕ ਬਹੁਤ ਵੱਡਾ ਟਿੱਬਾ ਸੀ। ਜਦੋਂ ਬਾਅਦ ਵਿੱਚ ਸੰਗਤਾਂ ਵੱਲੋਂ ਨਿਸ਼ਾਨਦੇਹੀ ਕਰਕੇ ਉਸ ਟਿੱਬੇ ਤੋਂ ਮਿੱਟੀ ਹਟਾਈ ਗੲੀ ਤਾਂ ਉੱਥੋਂ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਪੁਰਾਣੇ ਬਜ਼ੁਰਗਾਂ ਦਾ ਬਣਾਇਆ ਹੋਇਆ ਥੜ੍ਹਾ ਵੀ ਨਿਕਲਿਆ। ਅੱਜ ਉਸੇ ਅਸਥਾਨ ਤੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤਾ ਗਿਆ ਹੈ। ਇਹ ਗੁਰਦੁਆਰਾ ਸਾਹਿਬ ਸੰਨ 1917 ਤੋਂ ਬਾਅਦ ਵਿੱਚ ਹੋਂਦ ਵਿੱਚ ਆਇਆ। ਅੱਜ ਇੱਥੇ ਗੁਰਦੁਆਰਾ ਸਾਹਿਬ ਪਿੰਡ ਡਿੱਖ ਪਾਤਸ਼ਾਹੀ ਨੌਵੀਂ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ।
ਹੁਣ ਜਦੋਂ ਗੁਰੂ ਸਾਹਿਬ ਜੀ ਪਿੰਡ ਭੈਣੀ ਬਾਘਾ ਪਹੁੰਚਦੇ ਹਨ ਤਾਂ ਉੱਥੇ ਗੁਰੂ ਸਾਹਿਬ ਜੀ ਦੇ ਘੋੜੇ ਦੀ ਰਕਾਬ ਟੁੱਟ ਜਾਂਦੀ ਹੈ। ਇਸ ਪਿੰਡ ਦੇ ਰਵੀਦਾਸੀਏ ਭਾਈਚਾਰੇ ਦੇ ਵੀਰਾਂ ਤੋਂ ਪਤਾ ਲੱਗਿਆ ਕਿ ਇੱਥੇ ਸਾਡੇ ਕੋਲ ਇੱਕ ਵੀਰ ਮੌਜੂਦ ਹੈ ਜਿਸਨੇ ਗੁਰੂ ਤੇਗ ਬਹਾਦਰ ਜੀ ਦੇ ਘੋੜੇ ਦੀ ਰਕਾਬ ਦੁਬਾਰਾ ਗੰਢੀ ਸੀ। ਗੁਰੂ ਤੇਗ ਬਹਾਦਰ ਜੀ ਬੇਝਿਜਕ ਹੋ ਕੇ ਉਹਨਾਂ ਲੋਕਾਂ ਵਿੱਚ ਜਾ ਕੇ ਬੈਠੇ ਸਨ ਜਿਹਨਾਂ ਨੂੰ ਪੁਜਾਰੀ ਵਰਗ ਨੇ ਨੀਵੀਂ ਜਾਤ ਦਾ ਕਹਿ ਕੇ ਫਿਟਕਾਰਿਆ ਸੀ। ਗੁਰੂ ਸਾਹਿਬ ਜੀ ਨੇ ਉਹਨਾਂ ਲੋਕਾਂ ਨੂੰ ਗਲ਼ ਨਾਲ ਲਾਇਆ ਅਤੇ ਪਿਆਰ ਬਖ਼ਸ਼ਿਆ ਸੀ। ਅੱਜ ਇੱਥੇ ਗੁਰਦੁਆਰਾ ਰਕਾਬਸਰ ਸਾਹਿਬ ਮੌਜੂਦ ਹੈ ਅਤੇ ਪੂਰੇ ਪਿੰਡ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਹੈ। ਸੋ, ਇਸ ਪਿੰਡ ਦੇ ਰਵੀਦਾਸੀਏ ਭਾਈਚਾਰੇ ਦੇ ਸਿੱਖ, ਗੁਰੂ ਸਾਹਿਬ ਜੀ ਦੇ ਸਿੱਖ ਹਨ। ਸੋ,ਇਸ ਪਿੰਡ ਵਿੱਚ ਵੀ ਗੁਰੂ ਸਾਹਿਬ ਜੀ ਦੇ ਵੇਲੇ ਤੋਂ ਸਿੱਖੀ ਦਾ ਪ੍ਰਚਾਰ ਹੁੰਦਾ ਆ ਰਿਹਾ ਹੈ। ਇਸ ਪਿੰਡ ਵਿੱਚ ਸਿੰਘ ਸਜੇ ਹੋਏ ਹਨ। ਗੁਰੂ ਸਾਹਿਬ ਜੀ ਪਿੰਡ ਦੇ ਬਾਹਰ ਥੋੜੀ ਦੂਰ ਹੀ ਅੱਗੇ ਨਿਕਲੇ ਸਨ ਤਾਂ ਪਿੰਡ ਦੀ ਮਾਤਾ ਗੁਰੂ ਸਾਹਿਬ ਜੀ ਅਤੇ ਸੰਗਤਾਂ ਲੲੀ ਦੁੱਧ ਲੈ ਕੇ ਆਈ। ਉਸਨੇ ਬੜੇ ਪਿਆਰ ਨਾਲ ਸਿੱਖ ਸੰਗਤਾਂ ਨੂੰ ਦੁੱਧ ਛਕਾਇਆ। ਇੱਥੇ ਵੀ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ। ਅੱਜ ਉੱਥੇ ਪਿੱਪਲ ਦਾ ਰੁੱਖ ਮੌਜੂਦ ਹੈ। ਗੁਰਦੁਆਰਾ ਸਾਹਿਬ ਦਾ ਨਾਮ ਵੀ ਪਿਪਲੀਸਰ ਕਹਿ ਕੇ ਜਾਣਿਆ ਜਾਂਦਾ ਹੈ। ਇਸ ਪਿੰਡ ਭੈਣੀ ਬਾਘਾ ਵਿਖੇ 2 ਗੁਰਦੁਆਰਾ ਸਾਹਿਬ ਮੌਜੂਦ ਹਨ- ਇੱਕ ਗੁਰਦੁਆਰਾ ਰਕਾਬਸਰ ਸਾਹਿਬ ਅਤੇ ਦੂਜਾ ਗੁਰਦੁਆਰਾ ਪਿਪਲੀਸਰ ਸਾਹਿਬ। ਸੋ ਅਸੀਂ ਅੱਗੇ ਲੜੀ ਨੰ 72 ਵਿੱਚ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਦਾ ਤੀਰ ਅਤੇ ਜਿਸ ਬਰਤਨ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਦੁੱਧ ਛਕਿਆ ਸੀ, ਉਹ ਕਿੱਥੇ ਪੲੇ ਹਨ।