ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 69 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਬਠਿੰਡੇ ਵਿੱਚ ਪ੍ਰਚਾਰ ਕਰਦੇ ਹੋਏ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਮੋੜ ਕਲਾਂ ਵਿਖੇ ਪਹੁੰਚ ਕੇ ਉੱਥੋਂ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸਾਂ ਤੋਂ ਦੂਰ ਕਰਦੇ ਹਨ
ਅੱਜ ਅਸੀਂ ਪਿੰਡ ਮੋੜ ਕਲਾਂ ਵਿਖੇ ਪਹੁੰਚੇ ਹਾਂ। ਮੋੜ ਕਲਾਂ ਪਿੰਡ ਇੱਕ ਜ਼ਿਮੀਂਦਾਰ ਨੇ ਵਸਾਇਆ ਸੀ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਵੇਲੇ ਹੀ ਇਸ ਪਿੰਡ ਵਿੱਚ ਸਿੱਖੀ ਆ ਚੁੱਕੀ ਸੀ।ਇਸ ਜ਼ਿਮੀਂਦਾਰ ਦੇ ਪਰਿਵਾਰ ਵਿੱਚੋਂ ਗੁਰੂ ਹਰਿਗੋਬਿੰਦ ਜੀ ਕੋਲ ਜੋ ਸਿੱਖ ਭੇਜੇ ਗਏ ਸਨ, ਉਹਨਾਂ ਦੇ ਨਾਮ ਸਨ- ਭਾਈ ਨੱਥੂ ਜੀ, ਭਾਈ ਰਘੂ ਜੀ, ਭਾਈ ਲੋਲਾ ਜੀ, ਭਾਈ ਮਿਰਜਾ ਜੀ, ਭਾਈ ਆਸਾ ਜੀ। ਸੋ,ਜਿਸ ਜ਼ਿਮੀਂਦਾਰ ਨੇ ਇਹ ਨਗਰ ਵਸਾਇਆ ਸੀ, ਉਸਦਾ ਪਰਿਵਾਰ ਵੀ ਸਿੱਖੀ ਧਾਰਨ ਕਰ ਚੁੱਕਾ ਸੀ ਪਰ ਬਾਅਦ ਵਿੱਚ ਇਸ ਪਿੰਡ ਦੀ ਇਸ ਜਗ੍ਹਾ ਨੂੰ ਲੈ ਕੇ ਬਹੁਤ ਵੱਡਾ ਵਹਿਮ ਬਣਿਆ ਹੋਇਆ ਸੀ।ਕੋਈ ਵੀ ਪਿੰਡ ਦਾ ਬੰਦਾ ਇਸ ਜਗ੍ਹਾ ਵੱਲ ਨਹੀਂ ਆਉਂਦਾ ਸੀ। ਖਾਸ ਕਰਕੇ ਰਾਤ ਨੂੰ ਲੋਕ ਡਰ ਕਾਰਨ ਇੱਥੇ ਨਹੀਂ ਆਉਂਦੇ ਸਨ ਕਿਉਂਕਿ ਲੋਕਾਂ ਵਿੱਚ ਇਸ ਗੱਲ ਦਾ ਡਰ ਸੀ ਕਿ ਇੱਥੇ ਕੋਈ ਪ੍ਰੇਤ ਆਤਮਾ ਜਾਂ ਜਿੰਨ ਰਹਿੰਦਾ ਹੈ। ਹੋ ਸਕਦਾ ਹੈ ਕਿ ਕੋਈ ਕਾਲ਼ੇ ਧੰਧੇ ਹੁੰਦੇ ਹੋਣ, ਜਿਹਨਾਂ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਹੋਵੇ। ਗੁਰੂ ਤੇਗ ਬਹਾਦਰ ਜੀ ਤੱਕ ਇਹ ਸਾਰੀਆਂ ਗੱਲਾਂ ਪਹੁੰਚ ਰਹੀਆਂ ਸਨ। ਗੁਰੂ ਸਾਹਿਬ ਜੀ ਨੇ ਇਸ ਵਹਿਮ ਨੂੰ ਦੂਰ ਕਰਨ ਲਈ ਇਸ ਜਗ੍ਹਾ ਤੇ ਆ ਕੇ ਆਪਣੇ ਤੰਬੂ ਅਤੇ ਟੈਂਟ ਲਗਾਏ। ਗੁਰੂ ਜੀ ਨਾਲ 300 ਦੇ ਕਰੀਬ ਸਿੱਖ ਮੌਜੂਦ ਸਨ। ਗਿਣਤੀ ਘੱਟ ਵੱਧ ਵੀ ਹੋ ਸਕਦੀ ਹੈ ਕਿਉਂਕਿ ਸਿੱਖ, ਪ੍ਰਚਾਰ ਤੇ ਜਾਂਦੇ ਹੋਣ ਅਤੇ ਨਾਲ ਹੋਰ ਸੰਗਤ ਜੁੜ ਜਾਂਦੀ ਹੋਵੇ। 300 ਦੇ ਕਰੀਬ ਸੰਗਤਾਂ ਨੇ ਇੱਥੇ ਆ ਕੇ ਡੇਰੇ ਲਗਾਏ। ਸ਼ਾਮ ਨੂੰ ਕੀਰਤਨ ਕੀਤਾ ਗਿਆ। ਅਗਲੇ ਦਿਨ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਿਆ ਤਾਂ ਪਿੰਡ ਵਾਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਜਿਸ ਜਗ੍ਹਾ ਤੇ ਜਿੰਨ ਜਾਂ ਪ੍ਰੇਤ ਆਤਮਾ ਰਹਿੰਦੀ ਸੀ, ਉੱਥੇ ਕੋਈ ਸਾਧੂ ਸੰਤ ਆ ਕੇ ਬੈਠ ਗਿਆ ਹੈ ਅਤੇ ਉਹਨਾਂ ਨੂੰ ਕੁਝ ਨਹੀਂ ਹੋਇਆ।
ਪਿੰਡ ਦੇ ਮੋਹਤਵਾਰ ਲੋਕ ਗੁਰੂ ਸਾਹਿਬ ਜੀ ਕੋਲ ਆਏ ਅਤੇ ਡਰਦੇ ਹੋਏ ਉਹਨਾਂ ਨੇ ਸਿੱਖਾਂ ਨੂੰ ਪੁੱਛਿਆ ਕਿ ਤੁਹਾਨੂੰ ਕੋਈ ਡਰ ਨਹੀਂ ਲੱਗਿਆ? ਤੁਹਾਨੂੰ ਕੋਈ ਪ੍ਰੇਤ ਆਤਮਾ ਨਹੀਂ ਮਿਲੀ? ਤੁਹਾਨੂੰ ਕਿਸੇ ਜਿੰਨ ਨੇ ਨਹੀਂ ਡਰਾਇਆ? ਤਾਂ ਸਿੱਖਾਂ ਨੇ ਕਿਹਾ ਕਿ ਸਭ ਗੁਰੂ ਸਾਹਿਬ ਜੀ ਨੂੰ ਪਤਾ ਹੈ। ਪਿੰਡ ਦੇ ਇਹ ਮੋਹਤਵਾਰ ਲੋਕ ਇਕੱਠੇ ਹੋ ਕੇ ਗੁਰੂ ਜੀ ਕੋਲ ਗਏ । ਇੱਕ ਵਹਿਮ ਨੂੰ ਕੱਢਣ ਲੲੀ ਦੂਜੇ ਵਹਿਮ ਦਾ ਸਹਾਰਾ ਲੈਣਾ ਪੈਂਦਾ ਹੈ। ਗੁਰੂ ਸਾਹਿਬ ਜੀ ਦੇ ਕਹਿਣ ਤੇ ਉਹਨਾਂ ਸਿੱਖਾਂ ਨੇ ਪਿੰਡ ਦੇ ਲੋਕਾਂ ਵਿੱਚ ਇਹ ਕਹਿ ਕੇ ਵਹਿਮ ਕੱਢ ਦਿੱਤਾ ਕਿ ਗੁਰੂ ਸਾਹਿਬ ਨੇ ਤਾਂ ਰਾਤ ਨੂੰ ਜਿੰਨ ਨੂੰ ਕੁੱਟ ਕੇ ਮਾਰ ਕੇ ਭਜਾ ਦਿੱਤਾ ਹੈ। ਇਸ ਕਰਕੇ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈ। ਹੁਣ ਤੁਸੀਂ ਆ ਸਕਦੇ ਹੋ। ਜਦੋਂ ਪਿੰਡ ਦੇ ਲੋਕ ਗੁਰੂ ਸਾਹਿਬ ਜੀ ਕੋਲ ਆਏ ਤਾਂ ਗੁਰੂ ਜੀ ਨੇ ਦੀਵਾਨ ਸਜਾਇਆ। ਉਸ ਦੀਵਾਨ ਵਿੱਚ ਗੁਰੂ ਜੀ ਨੇ ਗੁਰਬਾਣੀ ਰਾਹੀਂ ਉਹਨਾਂ ਲੋਕਾਂ ਨੂੰ ਸਮਝਾਇਆ –
“ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ”
ਭਾਵ ਮਾਇਆ ਦਾ ਮੋਹ ਹੀ ਸਭ ਤੋਂ ਵੱਡਾ ਪਰੇਤ ਹੈ। ਗੁਰੂ ਸਾਹਿਬ ਜੀ ਨੇ ਇਹ ਵੀ ਕਿਹਾ –
” ਕਲਿ ਮਹਿ ਪ੍ਰੇਤ ਜਿਨੀ੍ ਰਾਮੁ ਨਾ ਪਛਾਤਾ”
ਭਾਵ ਕਲਜੁਗ ਵਿੱਚ ਉਹ ਸਭ ਤੋਂ ਵੱਡੇ ਪ੍ਰੇਤ ਉਹ ਹਨ ਜੋ ਪਰਮਾਤਮਾ ਦਾ ਨਾਮ ਨਹੀਂ ਜਪਦੇ। ਗੁਰਬਾਣੀ ਸਾਰੇ ਵਹਿਮ ਦੂਰ ਕਰਦੀ ਹੈ। ਗੁਰੂ ਸਾਹਿਬ ਜੀ ਨੇ ਸਮਝਾਇਆ ਕਿ ਸਭ ਤੋਂ ਵੱਡੇ ਜਿੰਨ ਤਾਂ ਸਾਡੇ ਘਰ ਅੰਦਰ ਹਨ।
“ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅਉਤਾਰੁ
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ”
ਭਾਵ ਪੁੱਤਰ, ਧੀ ਅਤੇ ਮਾਂ ਵੀ ਜਿੰਨ ਹਨ ਜੋ ਪਰਮਾਤਮਾ ਦੀ ਬੰਦਗੀ ਨਹੀਂ ਕਰਦੇ ਭਾਵ ਸੱਚੇ ਮਾਰਗ ਤੇ ਨਹੀਂ ਚਲਦੇ। ਇਹਨਾਂ ਤੋਂ ਵੱਡਾ ਜਿੰਨ ਹੋਰ ਕੋਈ ਨਹੀਂ ਹੈ। ਇਹਨਾਂ ਤੋਂ ਡਰਨ ਦੀ ਲੋੜ ਹੈ। ਸਾਨੂੰ ਬਾਕੀ ਚੀਜ਼ਾਂ ਤੋਂ ਡਰਨ ਦੀ ਲੋੜ ਨਹੀਂ ਹੈ। ਗੁਰੂ ਤੇਗ ਬਹਾਦਰ ਜੀ ਨੇ ਲੋਕਾਂ ਵਿੱਚ ਪੲੇ ਵਹਿਮ ਨੂੰ ਦੂਰ ਕੀਤਾ ਅਤੇ ਅੱਜ ਉਸ ਜਗ੍ਹਾ ਤੇ ਇਹ ਪੁਰਾਤਨ ਗੁਰਦੁਆਰਾ ਸਾਹਿਬ ਮੌਜੂਦ ਹੈ। ਨਾਲ ਹੀ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਵੀ ਬਣ ਰਹੀ ਹੈ। ਇੱਥੇ ਸਰੋਵਰ ਸਾਹਿਬ ਵੀ ਮੌਜੂਦ ਹੈ। ਸੋ, ਇਸ ਜਗ੍ਹਾ ਤੇ ਪਿੰਡ ਮੋੜ ਕਲਾਂ ਜ਼ਿਲ੍ਹਾ ਬਠਿੰਡਾ ਵਿਖੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਮੌਜੂਦ ਹੈ ਜਿੱਥੇ ਹਰ ਸਮੇਂ ਲੰਗਰ ਚਲਦੇ ਰਹਿੰਦੇ ਹਨ। ਅਸੀਂ ਅੱਗੇ ਲੜੀ ਨੰ 71 ਵਿੱਚ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਕਿਹੜੇ ਪਿੰਡਾਂ ਵਿੱਚ ਜਾਂਦੇ ਹਨ ਅਤੇ ਉਥੋਂ ਦਾ ਕੀ ਇਤਿਹਾਸ ਹੈ।