ਪ੍ਰਸੰਗ ਨੰਬਰ 69: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਨਾਲ ਸਬੰਧਤ ਗੁਰਦੁਆਰਾ ਟਾਹਲਾ ਸਾਹਿਬ ਜੀ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 68 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਲੋਕਾਂ ਵਿੱਚ ਜਾਤ ਪਾਤ ਦੇ ਵਿਤਕਰੇ ਨੂੰ ਦੂਰ ਕਰਕੇ ਉਹਨਾਂ ਵਿੱਚ ਸਮਾਨਤਾ ਦਾ ਭਾਵ ਪੈਦਾ ਕਰਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਬਠਿੰਡੇ ਵਿੱਚ ਪ੍ਰਚਾਰ ਦੌਰਾਨ ਇੱਕ ਟਾਹਲੀ ਦੇ ਰੁੱਖ ਥੱਲੇ ਬਿਰਾਜਮਾਨ ਹੁੰਦੇ ਹਨ, ਜਿਸ ਦਾ ਇਤਿਹਾਸ ਅੱਜ ਵੀ ਮੌਜੂਦ ਹੈ

ਗੁਰੂ ਤੇਗ ਬਹਾਦਰ ਜੀ ਪੰਜਾਬ ਵਿੱਚ ਮਾਲਵੇ ਦੇ ਦੌਰੇ ਦੌਰਾਨ ਜਿੱਥੇ ਬਠਿੰਡੇ ਦੇ ਨੇੜੇ ਤੇੜੇ ਪਿੰਡਾਂ ਵਿੱਚ ਪ੍ਰਚਾਰ ਪ੍ਰਸਾਰ ਕਰ ਰਹੇ ਸਨ, ਉੱਥੇ ਹੀ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਵੀ ਕਰ ਰਹੇ ਸਨ। ਗੁਰੂ ਸਾਹਿਬ ਜੀ ਇਸ ਇਲਾਕੇ ਵਿੱਚ ਪਹੁੰਚੇ ਤਾਂ ਇੱਥੇ ਇੱਕ ਛੋਟਾ ਜਿਹਾ ਜੰਗਲ ਸੀ। ਕਾਫੀ ਦਰੱਖਤਾਂ ਦੇ ਝੁੰਡ ਮੌਜੂਦ ਸਨ। ਗੁਰੂ ਸਾਹਿਬ ਜੀ ਨੇ ਇੱਥੇ ਆ ਕੇ ਆਪਣਾ ਡੇਰਾ ਕੀਤਾ। ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਗੁਰੂ ਜੀ ਨੇ ਫਿਰ ਪ੍ਰਚਾਰ ਕੀਤਾ। ਇਸ ਜਗ੍ਹਾ ਤੇ ਵੀ ਗੁਰੂ ਜੀ ਨੇ ਪਾਣੀ ਦਾ ਪ੍ਰਬੰਧ ਕੀਤਾ। ਅੱਜ ਇਸ ਜਗ੍ਹਾ ਤੇ ਸਰੋਵਰ ਸਾਹਿਬ ਅਤੇ ਇੱਕ ਖੂਹ ਵੀ ਮੌਜੂਦ ਹੈ। ਇੱਥੇ ਇੱਕ ਬੇਰੀ ਦਾ ਦਰੱਖਤ ਹੈ,ਜੋ ਕਿ ਸਰੋਵਰ ਸਾਹਿਬ ਅਤੇ ਖੂਹ ਦੇ ਬਿਲਕੁਲ ਕਿਨਾਰੇ ਉੱਤੇ ਹੈ। ਇਸ ਤੇ ਇੱਕ ਸਾਲ ਵਿੱਚ 2 ਵਾਰ ਫ਼ਲ ਆਉਂਦੇ ਹਨ।

ਜਿਸ ਟਾਹਲੀ ਦੇ ਰੁੱਖ ਥੱਲੇ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹੋਏ ਸਨ, ਉਹ ਟਾਹਲੀ ਦੇ ਰੁੱਖ ਦਾ ਇਤਿਹਾਸ ਅੱਜ ਵੀ ਮੌਜੂਦ ਹੈ। ਟਾਹਲੀ ਦਾ ਰੁੱਖ ਪੰਜਾਬ ਦਾ ਰਾਜ ਰੁੱਖ ਹੈ ਅਤੇ ਇਸਨੂੰ ਮਾਲਵੇ ਦੀ ਸਾਗਬਾਨ ਵੀ ਕਿਹਾ ਜਾਂਦਾ ਹੈ। ਜੇ ਟਾਹਲੀ ਦੇ ਰੁੱਖ ਨੂੰ ਵਿਗਿਆਨਕ ਪੱਖ ਤੋਂ ਦੇਖਿਆ ਜਾਵੇ ਤਾਂ ਇਸ ਵਿੱਚੋ ਇੱਕ ਟੈਨਿਕ ਪ੍ਰਾਪਤ ਹੁੰਦਾ ਹੈ, ਜਿਸ ਤੋਂ ਅਨੇਕਾਂ ਹੀ ਦੇਸੀ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਸ ਨਾਲ ਕੋਹੜ, ਪੇਟ ਦੇ ਕੀੜੇ, ਬਲਗਮ, ਉਲਟੀਆਂ, ਪੀਲੀਆ ਅਤੇ ਹੋਰ ਅਨੇਕਾਂ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ।ਦਾਸ ਨੇ ਖ਼ੁਦ ਬਚਪਨ ਵਿੱਚ ਟਾਹਲੀ  ਦੇ ਪੱਤਿਆਂ ਨੂੰ ਉਬਾਲ ਕੇ ਉਸ ਨਾਲ ਕੇਸ ਧੋਤੇ ਹਨ ਜਿਸ ਵਿੱਚ ਕੇਸਾਂ ਵਿੱਚ ਪਈ ਸਿਕਰੀ ਵੀ ਦੂਰ ਹੋਈ ਸੀ। ਉਸ ਸਮੇਂ ਇਹ ਪੰਜਾਬ ਦਾ ਰਾਜ ਰੁੱਖ ਸੀ। ਇੱਕ ਹੋਰ ਗੱਲ ਇਹ ਹੈ ਕਿ ਇਸ ਰੁੱਖ ਨੂੰ ਰੋਜ਼ਵੁੱਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇੱਥੇ ਸਮਾਂ ਪਾ ਕੇ ਉਹ ਟਾਹਲੀ ਦਾ ਰੁੱਖ ਖ਼ਤਮ ਹੋ ਚੁੱਕਿਆ ਹੈ ਪਰ ਪਿੰਡ ਵਾਲਿਆਂ ਦੀ ਸੂਝ- ਬੂਝ ਨਾਲ ਉਹ ਕੰਮ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਹੈਰਾਨ ਹੋ ਜਾਓਗੇ। ਪਿੰਡ ਵਾਲਿਆਂ ਨੇ ਮਿਸਤਰੀ ਦੀ ਸਹਾਇਤਾ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਚੌਗਾਠ ਵੀ ਉਸ ਟਾਹਲੀ ਦੇ ਰੁੱਖ ਦੀ ਬਣਾਈ ਹੈ। ਗੁਰਦੁਆਰਾ ਸਾਹਿਬ ਦੇ ਅੰਦਰ ਮੰਜੀ ਸਾਹਿਬ ਵੀ ਇਸੇ ਰੁੱਖ ਦੇ ਤਣੇ ਦਾ ਬਣਾਇਆ ਗਿਆ ਹੈ। ਇਹ ਕੰਮ ਬਹੁਤ ਸੋਹਣੇ ਕਾਰੀਗਰ  ਦੇ ਹਨ। ਇਹਨਾਂ ਨੇ ਲੱਕੜ ਦੇ ਪਾਵੇ ਬਣਾ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਸੁਸ਼ੋਭਿਤ ਕੀਤੇ ਹਨ। ਬਾਕੀ ਜਗ੍ਹਾ ਤੇ ਵੀ ਜਿੱਥੇ ਜਦੋਂ ਕਿਤੇ ਕੋਈ ਰੁੱਖ ਖਰਾਬ ਹੋ ਜਾਂਦਾ ਹੈ, ਤਾਂ ਉਸ ਨੂੰ ਇਸ ਤਰੀਕੇ ਨਾਲ ਸੰਭਾਲ ਕੇ ਰੱਖਿਆ ਜਾ ਸਕਦਾ ਹੈ। ਇਸੇ ਅਸਥਾਨ ਤੇ ਇੱਕ ਮਾਤਾ ਨੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਕਿ ਤੁਸੀਂ ਕਿਰਪਾ ਕਰਕੇ ਮੇਰੀ ਕੁੱਖ ਨੂੰ ਭਾਗ ਲਾਓ। ਲੋਕ ਮੇਰੇ ਤੋਂ ਪਾਸਾ ਵੱਟ ਕੇ ਲੰਘ ਜਾਂਦੇ ਹਨ। ਮੇਰੇ ਘਰ ਕੋਈ ਔਲਾਦ ਨਹੀਂ ਹੈ। ਗੁਰੂ ਸਾਹਿਬ ਜੀ ਨੇ ਉਸ ਮਾਤਾ ਨੁੰ ਬਚਨ ਕੀਤੇ ਕਿ ਸਮਾਂ ਆਉਣ ਤੇ ਤੇਰਾ ਪਰਿਵਾਰ ਬਹੁਤ ਵਧੇ -ਫੁੱਲੇਗਾ। ਸੱਚ ਜਾਣਿਓ, ਗੁਰੂ ਸਾਹਿਬ ਜੀ ਦੇ ਕੀਤੇ ਬਚਨ ਅੱਜ ਵੀ ਪੂਰੇ ਹਨ। ਸਮਾਂ ਪਾ ਕੇ ਉਸ ਮਾਤਾ ਦੇ 5 ਪੁੱਤਰ ਹੋਏ। ਉਹਨਾਂ ਪੁੱਤਰਾਂ ਦੇ ਨਾਂ ਤੇ 5 ਖਾਨੇ ਬਣੇ ਹਨ। ਉਹਨਾਂ 5 ਪਿੰਡਾਂ ਦੇ ਨਾਮ 5 ਖਾਨਿਆਂ ਦੇ ਨਾਮ ਨਾਲ ਜਾਣੇ ਜਾਂਦੇ ਹਨ- ਮੈਸਰਖਾਨਾ, ਮਾਣਕਖਾਨਾ, ਧੰਨ ਸਿੰਘ ਖਾਨਾ, ਰਾਇਖਾਨਾ, ਚਲਾਲਥਨਖਾਨਾ। ਇਹ 5 ਪਿੰਡ ਉਸ ਮਾਤਾ ਦੇ ਪੁੱਤਰਾਂ ਦੇ ਨਾਮ ਤੇ ਵਸੇ ਹੋਏ ਹਨ। ਅੱਜ ਵੀ ਬਠਿੰਡੇ ਵਿੱਚ ਇਹਨਾਂ 5 ਖਾਨਿਆਂ ਵਿੱਚ ਮਾਤਾ ਦਾ ਪਰਿਵਾਰ ਵੱਸਦਾ ਹੈ। ਇਹ ਸਾਡੇ ਗੁਰੂ ਸਾਹਿਬ ਜੀ ਦੇ ਬਚਨ ਹਨ, ਜੋ ਅੱਜ ਤੱਕ ਪੂਰੇ ਹੋ ਰਹੇ ਹਨ। ਅਗਲਾ ਇਤਿਹਾਸ ਅਸੀਂ ਲੜੀ ਨੰ 70 ਵਿੱਚ ਸ੍ਰਵਨ ਕਰਾਂਗੇ। ਗੁਰੂ ਤੇਗ ਬਹਾਦਰ ਜੀ ਜਿੱਥੇ-ਜਿੱਥੇ ਗੲੇ ਸਨ, ਉੱਥੇ ਅਸੀਂ ਇੱਕ-ਇੱਕ ਪਿੰਡ ਵਿੱਚ ਜਾ ਕੇ ਉੱਥੋਂ ਦਾ ਇਤਿਹਾਸ ਲੱਭ ਕੇ ਤੁਹਾਡੇ ਤੱਕ ਪਹੁੰਚਾਦੇ ਰਹਾਂਗੇ।

ਪ੍ਰਸੰਗ ਨੰਬਰ 70: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਚਾਰ ਯਾਤਰਾ ਨਾਲ ਸਬੰਧਤ ਪਿੰਡ ਮੋੜ ਕਲਾਂ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments