ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 64 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਮਕਰੌੜ ਸਾਹਿਬ ਵਿਖੇ ਪਹੁੰਚ ਕੇ ਉੱਥੇ ਲੋਕਾਂ ਨੂੰ ਤੰਬਾਕੂ ਅਤੇ ਹੋਰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਧਮਤਾਨ ਸਾਹਿਬ ਵਿਖੇ ਪਹੁੰਚਦੇ ਹਨ ਅਤੇ ਇੱਕ ਸਿੱਖ ਦੀ ਸੇਵਾ ਪ੍ਰਵਾਨ ਕਰਦੇ ਹਨ
ਅੱਜ ਅਸੀਂ ਧਮਤਾਨ ਸਾਹਿਬ ਦੀ ਗੱਲ ਕਰਾਂਗੇ। ਇਹ ਗੁਰਦੁਆਰਾ ਧਮਤਾਨ ਸਾਹਿਬ ਹਰਿਆਣੇ ਵਿੱਚ ਸੁਸ਼ੋਭਿਤ ਹੈ। ਗੁਰੂ ਤੇਗ ਬਹਾਦਰ ਜੀ 2 ਵਾਰ ਇੱਥੇ ਆਉਂਦੇ ਹਨ। ਕੁਝ ਸਰੋਤਾਂ ਅਨੁਸਾਰ ਖੇਮਕਰਨ, ਭਾਈ ਕੇ ਡਰੋਲੀ, ਤਲਵੰਡੀ ਸਾਬੋ ਤੋਂ ਹੁੰਦੇ ਹੋਏ 1665 ਈਸਵੀ ਦੀ ਵਿਸਾਖੀ ਵਾਲੇ ਦਿਨ ਗੁਰੂ ਜੀ ਧਮਤਾਨ ਸਾਹਿਬ ਵਿਖੇ ਪਹੁੰਚਦੇ ਹਨ। ਦੂਜੀ ਵਾਰ ਗੁਰੂ ਸਾਹਿਬ ਜੀ ਨਵੰਬਰ ਦੀ ਦੀਵਾਲੀ ਨੂੰ ਇੱਥੇ ਪਹੁੰਚਦੇ ਹਨ। 2 ਵਾਰ ਗੁਰੂ ਸਾਹਿਬ ਜੀ ਦਾ ਧਮਤਾਨ ਸਾਹਿਬ ਪਹੁੰਚਣ ਦਾ ਜ਼ਿਕਰ ਮਿਲਦਾ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਦੇ ਧਮਤਾਨ ਸਾਹਿਬ ਪਹੁੰਚਣ ਉੱਤੇ ਰਸਤਿਆਂ ਨੂੰ ਲੈ ਕੇ ਵੱਖ-ਵੱਖ ਵਿਦਵਾਨਾਂ ਦੀ ਵੱਖ ਵੱਖ ਰਾਇ ਹੈ। ਆਉਣ ਵਾਲੇ ਸਮੇਂ ਵਿੱਚ ਸਾਰੇ ਵਿਦਵਾਨਾਂ ਨੂੰ ਮਿਹਨਤ ਕਰਕੇ, ਇੱਕ-ਜੁੱਟ ਹੋ ਕੇ ਦੁਬਾਰਾ ਮਾਲਵੇ ਦੀ ਧਰਤੀ ਤੇ ਜਾ ਕੇ ਰਸਤਿਆਂ ਦਾ ਨਕਸ਼ਾ ਤਿਆਰ ਕਰਨ ਦੀ ਲੋੜ ਹੈ , ਤਾਂ ਕਿ ਜਿਹੜੀਆਂ ਉਲਝਣਾਂ ਅੱਜ ਬਣੀਆਂ ਹੋਈਆਂ ਹਨ, ਉਹ ਦੂਰ ਹੋ ਜਾਣ।
ਇਸਤੇ ਕਾਫੀ ਮਿਹਨਤ ਕਰਨ ਦੀ ਲੋੜ ਹੈ। ਸਾਡੇ ਪੰਥਕ ਵਿਦਵਾਨਾਂ ਵੱਲੋਂ ਇਸਨੂੰ ਵਾਚਣ ਦੀ ਲੋੜ ਹੈ। ਸੋ, ਦਾਸ ਵੱਲੋਂ ਜਿੰਨਾ ਕੁ ਉਪਰਾਲਾ ਕੀਤਾ ਗਿਆ, ਇਹ ਸਭ ਗ੍ਰੰਥਾਂ ਨੂੰ ਪੜ੍ਹ ਕੇ ਕੀਤਾ ਗਿਆ ਹੈ। ਜਦੋਂ ਗੁਰੂ ਤੇਗ ਬਹਾਦਰ ਜੀ ਧਮਤਾਨ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਗੁਰੂ ਸਾਹਿਬ ਜੀ ਨੇ ਇੱਥੇ ਪ੍ਰਚਾਰ ਦਾ ਕੇਂਦਰ ਸਥਾਪਿਤ ਕੀਤਾ। ਗੁਰੂ ਤੇਗ ਬਹਾਦਰ ਜੀ ਇਸ ਇਲਾਕੇ ਵਿੱਚ ਰਹਿ ਕੇ ਇੱਕ ਜਥੇਬੰਦੀ ਕਾਇਮ ਕਰਨਾ ਚਾਹੁੰਦੇ ਸਨ। ਇਸ ਇਲਾਕੇ ਦੇ ਚੌਧਰੀ ਭਾਈ ਦੱਗੂ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਭਾਈ ਦੱਗੂ ਜੀ ਨੂੰ ਕੋਲ ਬੁਲਾ ਕੇ ਕਿਹਾ ਕਿ ਅਸੀਂ ਇਸ ਇਲਾਕੇ ਨੂੰ ਪ੍ਰਫੁੱਲਿਤ ਕਰਨ ਲਈ ਤੈਨੂੰ ਮਾਇਆ ਦੇਣ ਲੱਗੇ ਹਾਂ।
ਇਸ ਮਾਇਆ ਨਾਲ ਵਧੀਆ ਸਰਾਵਾਂ, ਖੂਹ ਅਤੇ ਬਾਗ਼ ਲਗਵਾਉਣੇ ਹਨ ਤਾਂ ਕਿ ਆਉਣ ਵਾਲੀ ਸੰਗਤ ਅਤੇ ਇਸ ਇਲਾਕੇ ਦੇ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਸ ਮਾਇਆ ਦਾ ਅੰਦਾਜ਼ਾ ਲਗਾਉਣਾ ਸਾਡੇ ਵੱਸ ਦੀ ਗੱਲ ਨਹੀਂ ਹੈ ਕਿ ਗੁਰੂ ਸਾਹਿਬ ਜੀ ਨੇ ਉਸਨੂੰ ਸਰਾਵਾਂ, ਖੂਹ ਅਤੇ ਬਾਗ਼ ਲਗਵਾਉਣ ਲਈ ਕਿੰਨੀ ਮਾਇਆ ਦਿੱਤੀ ਸੀ ਪਰ ਗੁਰੂ ਸਾਹਿਬ ਜੀ ਨੇ ਕਾਫ਼ੀ ਮਾਇਆ ਚੌਧਰੀ ਦੱਗੂ ਨੂੰ ਦੇ ਦਿੱਤੀ ਸੀ। ਗੁਰੂ ਤੇਗ ਬਹਾਦਰ ਜੀ ਦੇ ਜਾਣ ਤੋਂ ਬਾਅਦ ਇਸ ਚੌਧਰੀ ਦਾ ਮਨ ਲਾਲਚ ਵਿੱਚ ਆ ਗਿਆ।
“ਪਾਪੁ ਬੁਰਾ ਪਾਪੀ ਕਉ ਪਿਆਰਾ”
ਭਾਵ ਜਿਸਦੇ ਮਨ ਵਿੱਚ ਪਾਪ ਹੁੰਦਾ ਹੈ, ਉਸਨੂੰ ਪਾਪ ਹੀ ਪਿਆਰਾ ਲੱਗਦਾ ਹੈ। ਇਹ ਪੂਰਨੇ ਵੀ ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਪਾ ਕੇ ਦੱਸੇ ਹਨ।
“ਲੋਭੀ ਕਾ ਵੇਸਾਹੁ ਨਾ ਕੀਜੈ ਜੇ ਕਾ ਪਾਰਿ ਵਸਾਇ”
ਭਾਵ ਲੋਭੀ ਬੰਦਿਆਂ ਤੇ ਕਦੇ ਭਰੋਸਾ ਨਹੀਂ ਕਰਨਾ ਚਾਹੀਦਾ। ਇਹ ਤਾਂ ਗੁਰੂ ਦੇ ਨਾਲ ਵੀ ਧੋਖਾ ਕਰਦੇ ਹਨ। ਇਹ ਤਾਂ ਰੱਬ ਨੂੰ ਵੀ ਵੇਚ ਕੇ ਖਾ ਜਾਂਦੇ ਹਨ। ਇਸ ਚੌਧਰੀ ਨੇ ਖੂਹ, ਸਰਾਵਾਂ ਅਤੇ ਬਾਗ਼ ਲਗਵਾਉਣ ਲਈ ਜ਼ਮੀਨ ਤਾਂ ਖਰੀਦੀ ਪਰ ਜ਼ਮੀਨ ਆਪਣੇ ਨਾਂ ਕਰਵਾ ਲਈ। ਇਸਨੇ ਉਹ ਸਾਰੀ ਮਾਇਆ ਆਪਣੇ ਤੇ ਹੀ ਲਗਾ ਦਿੱਤੀ। ਜਦੋਂ ਗੁਰੂ ਤੇਗ ਬਹਾਦਰ ਜੀ ਵਾਪਸ ਇੱਥੇ ਆਉਂਦੇ ਹਨ ਅਤੇ ਉਹਨਾਂ ਨੂੰ ਇਹ ਸਭ ਪਤਾ ਲਗਦਾ ਹੈ ਤਾਂ ਗੁਰੂ ਸਾਹਿਬ ਉਸਨੂੰ ਪਿਆਰ ਨਾਲ ਸਮਝਾਉਂਦੇ ਹਨ ਕਿ ਤੇਰੀ ਗਲਤੀ ਬਹੁਤ ਵੱਡੀ ਹੈ। ਜੋ ਮਾਇਆ ਤੈਨੂੰ ਲੋਕ ਭਲਾਈ ਦੇ ਕੰਮਾਂ ਲਈ ਦਿੱਤੀ ਸੀ।
ਉਹ ਸਾਰੀ ਮਾਇਆ ਤੂੰ ਆਪਣੇ ਤੇ ਲਗਾ ਦਿੱਤੀ ਹੈ। ਉਸ ਦੱਗੂ ਨੇ ਕਿਹਾ ਕਿ ਮੇਰੇ ਕੋਲੋਂ ਗਲਤੀ ਹੋ ਗਈ ਹੈ। ਮੇਰੇ ਕੋਲ ਹੁਣ ਕੋਈ ਮਾਇਆ ਨਹੀਂ ਬਚੀ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਕਿ ਜੇ ਤੂੰ ਜ਼ਮੀਨ ਆਪਣੇ ਨਾਂ ਕਰਵਾ ਲੲੀ ਹੈ, ਸਾਰਾ ਪੈਸਾ ਆਪਣੇ ਤੇ ਵਰਤ ਲਿਆ ਹੈ ਤਾਂ ਇਸ ਜ਼ਮੀਨ ਤੇ ਤੰਬਾਕੂ ਨਾ ਬੀਜੀਂ। ਉਸ ਦੱਗੂ ਨੇ ਦੁਬਾਰਾ ਉਹੀ ਗਲਤੀ ਕੀਤੀ ਅਤੇ ਆਪਣੀ ਜ਼ਮੀਨ ਤੇ ਤੰਬਾਕੂ ਵੀ ਬੀਜਿਆ। ਸੱਚ ਜਾਣਿਓ, ਅੱਜ ਉਸਦੀ ਜ਼ਮੀਨ ਤੇ ਅੱਕ ਖੜ੍ਹੇ ਹਨ। ਜੋ ਗੁਰੂ ਨਾਲ ਧੋਖਾ ਕਰਦਾ ਹੈ,ਉਹ ਕਦੇ ਬਖ਼ਸ਼ਿਆ ਨਹੀਂ ਜਾਂਦਾ। ਉਸਦਾ ਫਲ ਉਸਨੂੰ ਜਰੂਰ ਭੁਗਤਣਾ ਪੈਂਦਾ ਹੈ। ਦੂਜੇ ਪਾਸੇ ਜੇ ਕੋਈ ਸੇਵਾ ਕਰਦਾ ਹੈ ਤਾਂ ਉਸਦਾ ਫਲ ਵੀ ਉਸਨੂੰ ਜ਼ਰੂਰ ਮਿਲਦਾ ਹੈ। ਗੁਰਬਾਣੀ ਵਿੱਚ ਦੱਸਿਆ ਗਿਆ ਹੈ-
“ਇਕੁ ਤਿਲੁ ਨਹੀ ਭੰਨੈ ਘਾਲੈ”
ਭਾਵ ਗੁਰੂ ਸਾਹਿਬ ਸਾਡੀ ਇਕ ਤਿਲ ਜਿੰਨੀ ਸੇਵਾ ਵੀ ਅਜਾਈਂ ਨਹੀਂ ਜਾਣ ਦਿੰਦੇ। ਹੁਣ ਦੂਜਾ ਕਿਹੜਾ ਸਿੱਖ ਸੀ ਜੋ ਧਮਧਾਮ ਸਾਹਿਬ ਵਿਖੇ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੁੰਦਾ ਹੈ,ਇਹ ਅਸੀਂ ਲੜੀ ਨੰ 65 ਵਿੱਚ ਸ੍ਰਵਨ ਕਰਾਂਗੇ। ਅਸੀਂ ਧਮਧਾਮ ਸਾਹਿਬ ਜੀ ਦੇ ਹੋਰ ਗੁਰਦੁਆਰਿਆਂ ਦੇ ਵੀ ਤੁਹਾਨੂੰ ਦਰਸ਼ਨ ਕਰਵਾਉਂਦੇ ਰਹਾਂਗੇ।