ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 59 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਕਾਕੜੇ ਵਿਖੇ ਪਹੁੰਚ ਕੇ ਇੱਕ ਸਿੱਖ ਕੋਲੋਂ ਸੇਵਾ ਲੈਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਕਾਕੜੇ,ਆਲੋਅਰਖ ਤੋਂ ਅੱਗੇ ਪ੍ਰਚਾਰ ਕਰਦੇ ਹੋਏ ਪਿੰਡ ਟੋਡੇ , ਫੱਗੂਵਾਲਾ ਅਤੇ ਘਰਾਚੋਂ ਆਦਿ ਪਿੰਡਾਂ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਆਲੋਅਰਖ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਪਿੰਡ ਟੋਡੇ ਪਹੁੰਚਦੇ ਹਨ। ਟੋਡੇ ਪਿੰਡ ਨੂੰ ਅੱਜ ਭਵਾਨੀਗੜ੍ਹ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਭਵਾਨੀਗੜ੍ਹ ਇੱਕ ਬਹੁਤ ਵੱਡਾ ਕਸਬਾ ਹੈ। ਭਵਾਨੀਗੜ੍ਹ, ਆਲੋਅਰਖ ਤੋਂ ਤਕਰੀਬਨ 2 ਕੁ ਕਿਲੋਮੀਟਰ ਦੀ ਵਿੱਥ ਤੇ ਹੈ। ਇੱਥੇ ਨੌਵੀਂ ਪਾਤਸ਼ਾਹੀ ਜੀ ਦਾ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਇੱਥੋਂ ਦੇ ਇਤਿਹਾਸ ਬਾਰੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਇੰਦਰਜੀਤ ਸਿੰਘ ਜੀ ਕੋਲੋਂ ਪਤਾ ਲੱਗਿਆ ਕਿ ਇਹ ਅਸਥਾਨ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੈ। ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਅਸਾਮ ਦੇ ਰਾਜੇ ਦੀ ਬੇਨਤੀ ਪ੍ਰਵਾਨ ਕਰਕੇ ਯਾਤਰਾ ਦੇ ਪ੍ਰੋਗਰਾਮ ਬਣਾਏ। ਉਸ ਸਮੇਂ ਗੁਰੂ ਜੀ ਗੁਣੀਕੇ, ਆਲੋਅਰਖ ਤੋਂ ਹੁੰਦੇ ਹੋਏ ਇਸ ਅਸਥਾਨ ਤੇ ਪਹੁੰਚੇ। ਗੁਰੂ ਤੇਗ ਬਹਾਦਰ ਜੀ ਇਸ ਅਸਥਾਨ ਤੇ 2 ਦਿਨ ਬਿਰਾਜਮਾਨ ਰਹੇ ਸਨ। ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਦਿੱਤਾ ਸੀ। ਇਸ ਅਸਥਾਨ ਤੇ ਸੰਗਤਾਂ, ਸੰਗਰਾਂਦ ਦਾ ਦਿਹਾੜਾ ਬਹੁਤ ਸ਼ਰਧਾ ਨਾਲ ਮਨਾਉਂਦੀਆਂ ਹਨ। ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੀਆਂ ਹਨ।
ਸੋ ਗੁਰੂ ਸਾਹਿਬ ਜੀ ਭਵਾਨੀਗੜ੍ਹ 2 ਦਿਨ ਰੁਕਦੇ ਹਨ। 2 ਦਿਨ ਰੁਕ ਕੇ ਇੱਥੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ। ਅੱਜ ਇੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਬਹੁਤ ਸੰਗਤਾਂ ਇੱਥੇ ਨਾਮ ਬਾਣੀ ਨਾਲ ਜੁੜੀਆਂ ਹੋਈਆਂ ਹਨ। ਪੂਰਾ ਭਵਾਨੀਗੜ੍ਹ ਸ਼ਹਿਰ ਇਸ ਅਸਥਾਨ ਤੇ ਆ ਕੇ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫ਼ਲ ਕਰਦਾ ਹੈ। ਇੱਥੋਂ ਗੁਰੂ ਤੇਗ ਬਹਾਦਰ ਜੀ ਅੱਗੇ ਚੱਲ ਕੇ ਪਿੰਡ ਫੱਗੂਵਾਲਾ ਪਹੁੰਚਦੇ ਹਨ। ਫੱਗੂਵਾਲਾ ਪਿੰਡ ਤੋਂ ਬਾਹਰਲੇ ਪਾਸੇ ਜੋ ਰੋਡ ਸੁਨਾਮ ਤੋਂ ਹੁੰਦੇ ਹੋਏ ਬਰਨਾਲੇ ਵੱਲ ਨੂੰ ਜਾਂਦੀ ਹੈ, ਉਸ ਰੋਡ ਤੇ ਇਹ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਸਰੋਵਰ ਸਾਹਿਬ ਵੀ ਬਣਿਆ ਹੋਇਆ ਹੈ। ਇੱਥੇ ਇੱਕ ਪੰਡਿਤ ਨੇ ਗੁਰੂ ਸਾਹਿਬ ਜੀ ਕੋਲ ਆ ਕੇ ਬੇਨਤੀ ਕੀਤੀ ਕਿ ਗੁਰੂ ਸਾਹਿਬ ਜੀ ਮੇਰੇ ਤੇ ਕਿਰਪਾ ਕਰੋ ਤਾਂ ਗੁਰੂ ਤੇਗ ਬਹਾਦਰ ਜੀ ਨੇ ਉਸ ਪੰਡਿਤ ਨੂੰ ਕਰਮਕਾਂਡਾਂ ਤੋਂ ਬਚਣ ਲਈ ਕਿਹਾ ਕਿ ਮੂਰਤੀ ਪੂਜਾ ਨੂੰ ਛੱਡ ਕੇ ਪਰਮਾਤਮਾ ਦੀ ਬੰਦਗੀ ਕਰੋ। ਗੁਰੂ ਸਾਹਿਬ ਜੀ ਨੇ ਉਸ ਪੰਡਿਤ ਨੂੰ ਉਪਦੇਸ਼ ਦਿੱਤਾ –
“ਥਾਪਿਆ ਨਾ ਜਾਇ ਕੀਤਾ ਨਾ ਹੋਇ
ਆਪੇ ਆਪਿ ਨਿਰੰਜਨੁ ਸੋਇ”
ਭਾਵ ਪਰਮਾਤਮਾ ਕਿਸੇ ਦਾ ਬਣਾਇਆ ਹੋਇਆ ਨਹੀਂ ਬਣਦਾ। ਗੁਰੂ ਸਾਹਿਬ ਜੀ ਨੇ ਉਪਦੇਸ਼ ਦਿੱਤਾ-
“ਜੋ ਪਾਥਰ ਕੀ ਪਾਂਈ ਪਾਇ
ਤਿਸ ਕੀ ਘਾਲ ਅਜਾਂਈ ਜਾਇ”
ਭਾਵ ਕਿ ਇੱਕ ਅਕਾਲਪੁਰਖ ਦੀ ਬੰਦਗੀ ਕਰੋ। ਕਰਮਕਾਂਡਾਂ ਤੋਂ ਉੱਪਰ ਉੱਠ ਕੇ ਲੋਕਾਈ ਦੀ ਸੇਵਾ ਕਰੋ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਇਹ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਨਾਓ। ਗੁਰੂ ਸਾਹਿਬ ਨੇ ਕਿਹਾ ਕਿ-
“ਭੈ ਕਾਹੂ ਕਉ ਦੇਤ ਨਹਿ
ਨਹਿ ਭੈ ਮਾਨਤ ਆਨ”
ਗੁਰੂ ਸਾਹਿਬ ਜੀ ਨੇ ਇਸ ਪਰੰਪਰਾ ਨੂੰ ਲਾਗੂ ਰੱਖਣ ਲਈ ਕਿਹਾ। ਕਿਸੇ ਤੋਂ ਨਾ ਡਰੋ ਅਤੇ ਆਪਣੇ ਜੀਵਨ ਨੂੰ ਉੱਚਾ ਅਤੇ ਸੁੱਚਾ ਰੱਖ ਕੇ ਪ੍ਰਭੂ ਦੀ ਬੰਦਗੀ ਵਿੱਚ ਜੁੜੇ ਰਹੋ। ਜਦੋਂ ਗੁਰੂ ਤੇਗ ਬਹਾਦਰ ਜੀ ਇਹ ਉਪਦੇਸ਼ ਦੇ ਰਹੇ ਸਨ ਤਾਂ ਉਸ ਸਮੇਂ ਨੇੜੇ ਦੇ ਪਿੰਡ ਘਰਾਚੋਂ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ। ਗੁਰੂ ਸਾਹਿਬ ਕੋਲ ਕੲੀ ਪਿੰਡਾਂ ਦੀ ਸੰਗਤ ਆ ਕੇ ਬੇਨਤੀ ਕਰਕੇ ਆਪਣਾ ਜੀਵਨ ਸਫ਼ਲ ਕਰਦੀ ਸੀ। ਘਰਾਚੋਂ ਪਿੰਡ ਦੀ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਅਸੀਂ ਪਿੰਡ ਦੇ ਲੋਕ ਬਹੁਤ ਮਜ਼ਬੂਰ ਹਾਂ। ਤੁਸੀਂ ਸਾਡੀ ਮਜਬੂਰੀ ਨੂੰ ਦੇਖਦਿਆਂ ਹੋਇਆਂ ਸਾਡੇ ਪਿੰਡ ਚਰਨ ਪਾਓ ਅਤੇ ਸਾਡੇ ਨਾਲ ਹੋ ਰਹੇ ਧੱਕੇ ਨੂੰ ਰੋਕੋ। ਗੁਰੂ ਤੇਗ ਬਹਾਦਰ ਜੀ ਘਰਾਚੋਂ ਪਿੰਡ ਦੀਆਂ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਘਰਾਚੋਂ ਪਿੰਡ ਚਲੇ ਜਾਂਦੇ ਹਨ।
ਗੁਰੂ ਸਾਹਿਬ ਜੀ ਨੇ ਉਹਨਾਂ ਦੀ ਕੀ ਦੁਬਿਧਾ ਦੂਰ ਕੀਤੀ, ਕਿਹੜਾ ਦੁੱਖ ਗੁਰੂ ਸਾਹਿਬ ਜੀ ਨੇ ਸੁਣਿਆ, ਇਹ ਅਸੀਂ ਲੜੀ ਨੰ 61 ਵਿੱਚ ਸ੍ਰਵਨ ਕਰਾਂਗੇ। ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ ਜੀ। ਇਤਿਹਾਸਕ ਤੱਥਾਂ , ਇਤਿਹਾਸਕ ਜੀਵਨੀਆਂ, ਗੁਰੂ ਤੇਗ ਬਹਾਦਰ ਜੀ ਦਾ ਮਾਰਗ ਅਤੇ ਸਫ਼ਰ ਏ ਪਾਤਸ਼ਾਹੀ ਨੌਵੀਂ ਦੇ ਰਸਤੇ ਦੁਆਰਾ ਅਸੀਂ ਤੁਹਾਨੂੰ ਉਹਨਾਂ ਇਤਿਹਾਸਕ ਗੁਰਦੁਆਰਿਆਂ ਅਤੇ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹਾਂਗੇ ਜੀ। ਇਹ ਸਾਰੀਆਂ ਵੀਡੀਓਜ਼ ਸਾਡੇ ਚੈਨਲ ‘ਖੋਜ ਵਿਚਾਰ’ ਉੱਤੇ ਫੇਸਬੁੱਕ ਅਤੇ ਯੂਟਿਊਬ ਉੱਤੇ ਦੇਖ ਸਕਦੇ ਹੋ ਜੀ। ਇਹਨਾਂ ਨੂੰ ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿੱਚ ਵੀ ਲਿਖਿਆ ਜਾ ਰਿਹਾ ਹੈ ਜੀ। ਇਸ ਸਾਰੇ ਇਤਿਹਾਸ ਨੂੰ ਸਰਦਾਰ ਰਣਜੀਤ ਸਿੰਘ ਜੀ ਅਰਸ਼ ,ਜੋ ਕਿ ਇੱਕ ਬਹੁਤ ਵੱਡੇ ਸਾਹਿਤਕਾਰ ਹਨ, ਉਹਨਾਂ ਵਲੋਂ ਹਿੰਦੀ ਵਿੱਚ ਪ੍ਰਕਾਸ਼ਿਤ ਕਰਕੇ ਕਿਤਾਬਾਂ ਛਾਪੀਆਂ ਜਾ ਰਹੀਆਂ ਹਨ ਅਤੇ ਜਲਦੀ ਹੀ ਉਹ ਕਿਤਾਬਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ। ਵੋਲਿਅਮ 1 ਅਸੀਂ ਛਾਪ ਚੁੱਕੇ ਹਾਂ। ਵੋਲਿਅਮ 2, ਵੋਲਿਅਮ 3, ਵੋਲਿਅਮ 4, ਵੋਲਿਅਮ 5 ਤੱਕ ਅਸੀਂ ਸਾਰੀਆਂ ਕਿਤਾਬਾਂ ਸੰਗਤਾਂ ਦੀ ਝੋਲੀ ਵਿੱਚ ਪਾਵਾਂਗੇ। ਇਹ 3 ਭਾਸ਼ਾਵਾਂ ਵਿੱਚ ਕਿਤਾਬਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ। ਤੁਸੀਂ ਇਸ ਇਤਿਹਾਸ ਨੂੰ ਵੇਖ, ਸੁਣ ਅਤੇ ਪੜ੍ਹ ਸਕਦੇ ਹੋ। ਆਓ ਆਪਣੇ ਜੀਵਨ ਨੂੰ ਸਫ਼ਲ ਕਰੀਏ। ਗੁਰੂ ਤੇਗ ਬਹਾਦਰ ਜੀ ਦੇ ਮਾਰਗ ਤੇ ਚੱਲ ਕੇ ਉਹਨਾਂ ਦੇ ਉਪਦੇਸ਼ਾਂ ਅਤੇ ਇਤਿਹਾਸ ਨੂੰ ਅਸੀਂ ਅਗਲੀ ਵੀਡੀਓ ਵਿੱਚ ਸ੍ਰਵਨ ਕਰਾਂਗੇ।