ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 56 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸਿੰਬੜੋ, ਧੰਨਗੇੜਾ ਅਤੇ ਅਗੋਲ ਆਦਿ ਪਿੰਡਾਂ ਵਿੱਚ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਅਗੋਲ ਤੋਂ ਅੱਗੇ ਚੱਲ ਕੇ ਨੇੜੇ ਹੀ ਰੋਹਟਾ ਵਿਖੇ ਜਾ ਕੇ ਬਿਰਾਜਮਾਨ ਹੁੰਦੇ ਹਨ
ਪਿੰਡ ਅਗੋਲ ਤੋਂ 12 ਕਿਲੋਮੀਟਰ, ਪਟਿਆਲੇ ਤੋਂ 23 ਕਿਲੋਮੀਟਰ ਅਤੇ ਨਾਭੇ ਤੋਂ 6 ਕਿਲੋਮੀਟਰ ਦੀ ਦੂਰੀ ਤੇ ਪਿੰਡ ਰੋਹਟਾ ਮੌਜੂਦ ਹੈ। ਪਿੰਡ ਦੇ ਬਾਹਰਵਾਰ ਵਧੀਆ ਰਮਣੀਕ ਜਗ੍ਹਾ ਦੇਖ ਕੇ ਸਿੱਖਾਂ ਨੇ ਗੁਰੂ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ, ਕਿਉਂਕਿ ਘੱਟੋ-ਘੱਟ 300 ਸਿੱਖ ਤਾਂ ਗੁਰੂ ਸਾਹਿਬ ਜੀ ਨਾਲ ਮੌਜੂਦ ਰਹਿੰਦੇ ਹੀ ਸਨ। ਹੋਰ ਨੇੜੇ ਤੇੜੇ ਦੇ ਸਿੱਖ ਵੀ ਗੁਰੂ ਸਾਹਿਬ ਨਾਲ ਜੁੜਦੇ ਰਹਿੰਦੇ ਸਨ। ਗੁਰੂ ਸਾਹਿਬ ਜੀ ਦੇ ਰਹਿਣ ਦਾ ਪ੍ਰਬੰਧ ਕੀਤਾ ਗਿਆ। ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ।ਉਸ ਸਮੇਂ ਸ਼ਾਮ ਨੂੰ ਗੁਰੂ ਜੀ ਨੇ ਪਿੰਡ ਵਾਸੀਆਂ ਨੂੰ ਪੁੱਛਿਆ ਕਿ ਇੱਥੇ ਕੋਈ ਇੱਕ ਗੁਰੂ ਨਾਨਕ ਨਾਮ ਲੇਵਾ ਸਿੱਖ ਰਹਿੰਦਾ ਹੈ। ਪਿੰਡ ਵਿੱਚ ਪਸ਼ੂ ਚਾਰਨ ਵਾਲੇ ਵਿਅਕਤੀਆਂ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਇੱਕ ਝੰਡਾ ਨਾਮ ਦਾ ਸਿੱਖ ਰਹਿੰਦਾ ਹੈ ਜੋ ਕਿ ਗੁਰਬਾਣੀ ਦਾ ਕੀਰਤਨ ਕਰਕੇ ਪਿੰਡ ਦੀਆਂ ਅਤੇ ਨੇੜੇ ਤੇੜੇ ਦੀਆਂ ਸੰਗਤਾਂ ਨੂੰ ਜੋੜ ਕੇ ਰੱਖਦਾ ਹੈ। ਗੁਰੂ ਸਾਹਿਬ ਜੀ ਨੇ ਬੁਲਾਵਾ ਭੇਜ ਕੇ ਭਾਈ ਝੰਡਾ ਜੀ ਨੂੰ ਬੁਲਾਇਆ। ਭਾਈ ਝੰਡਾ ਜੀ ਗੁਰੂ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ। ਭਾਈ ਝੰਡਾ ਜੀ ਨੇ ਆ ਕੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਗੁਰੂ ਸਾਹਿਬ ਜੀ ਬਹੁਤ ਖੁਸ਼ ਹੋਏ। ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਪਤਾ ਲੱਗਿਆ ਕਿ ਭਾਈ ਝੰਡਾ ਜੀ ਕੀਰਤਨ ਵੀ ਜਾਣਦੇ ਹਨ ਤਾਂ ਉਸ ਸਮੇਂ ਗੁਰੂ ਜੀ ਨੇ ਭਾਈ ਝੰਡਾ ਜੀ ਨੂੰ ਮਾਣ ਬਖ਼ਸ਼ਿਆ ਅਤੇ ਕੀਰਤਨ ਦੀ ਹਾਜ਼ਰੀ ਭਰਵਾਈ।
ਅਗਲੇ ਦਿਨ ਗੁਰੂ ਜੀ ਨੇ ਭਾਈ ਝੰਡਾ ਜੀ ਕੋਲ ਕੁਝ ਸਿੱਖਾਂ ਨੂੰ ਨਾਲ ਭੇਜ ਕੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦਾ ਪ੍ਰਚਾਰ ਕਰਵਾਇਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਹੋਏ ਹਨ। ਗੁਰੂ ਸਾਹਿਬ ਜੀ ਨੇ ਸੰਗਤਾਂ ਦੇ ਦੁੱਖ ਹੀ ਦੂਰ ਨਹੀਂ ਕੀਤੇ ਸਗੋਂ ਸੰਗਤਾਂ ਨੂੰ ਨਾਮ ਬਾਣੀ ਨਾਲ ਵੀ ਜੋੜਿਆ। ਗੁਰੂ ਜੀ ਦੇ ਜਾਣ ਤੋਂ ਬਾਅਦ ਜਿਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਬੈਠੇ ਸਨ, ਪਿੰਡ ਦੇ ਜੁਲਾਹਿਆਂ ਨੇ ਉੱਥੇ ਇੱਕ ਉੱਚਾ ਥੜ੍ਹਾ ਬਣਾ ਦਿੱਤਾ ਅਤੇ ਇੱਥੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ।ਜੇ ਅਸੀਂ ਉਸ ਤੋਂ ਬਾਅਦ ਅੱਜ 2020 ਤੋਂ ਪਿੱਛੇ 1920 ਦੀ 100 ਸਾਲ ਪਹਿਲਾਂ ਦੀ ਗੱਲ ਕਰੀਏ ਤਾਂ ਉਸ ਤੋਂ ਬਾਅਦ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਜੀ ਨੇ 200 ਵਿਘੇ ਜ਼ਮੀਨ ਇਸ ਅਸਥਾਨ ਦੇ ਨਾਮ ਕਰਵਾਈ ਅਤੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਗਿਆ। ਅੱਜ ਵੀ ਜੇ ਤੁਸੀਂ ਗੁਰਦੁਆਰਾ ਰੋਹਟਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹੋ ਤਾਂ ਹਰ ਰੋਜ਼ ਉੱਥੇ ਆਸਾ ਦੀ ਵਾਰ ਦਾ ਕੀਰਤਨ ਅਤੇ ਹੁਕਮਨਾਮਾ ਸਾਹਿਬ ਦੀ ਕਥਾ ਹੁੰਦੀ ਹੈ। ਅੱਜ ਵੀ ਰੋਜ਼ਾਨਾ ਪਿੰਡਾਂ ਦੀ ਸੰਗਤ ਆ ਕੇ ਇਸ ਜਗ੍ਹਾ ਤੇ ਹਾਜ਼ਰੀ ਭਰਦੀ ਹੈ। ਜਦੋਂ ਸਾਨੂੰ ਪੁਰਾਣੇ ਬਜ਼ੁਰਗਾਂ ਨੂੰ ਮਿਲਣ ਦਾ ਮੌਕਾ ਮਿਲਿਆ ਤਾਂ ਉਹਨਾਂ ਨੇ ਦੱਸਿਆ ਕਿ ਇਸ ਜਗ੍ਹਾ ਤੇ ਗੁਰੂ ਤੇਗ ਬਹਾਦਰ ਜੀ ਦੀ ਬਹੁਤ ਕਿਰਪਾ ਹੈ। ਬਹੁਤ ਸੰਗਤਾਂ ਗੁਰਬਾਣੀ ਨਾਲ ਜੁੜਦੀਆਂ ਹਨ। ਰੋਜ਼ਾਨਾ ਗੁਰਬਾਣੀ ਦੀ ਕਥਾ ਸੁਣ ਕੇ ਆਪਣਾ ਜੀਵਨ ਸਫ਼ਲ ਕਰਦੀਆਂ ਹਨ। ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਰੋਹਟਾ ਸੁਸ਼ੋਭਿਤ ਹੈ।
ਸੋ, ਇਸੇ ਤਰੀਕੇ ਨਾਲ ਤੁਸੀਂ ਅਗਲੀ ਲੜੀ ਨੰ 58 ਵਿੱਚ ਜੁੜੇ ਰਹਿਣਾ ਜੀ, ਜਿਸ ਵਿੱਚ ਅਸੀਂ ਅਗਲੇ ਪਿੰਡ ਦੀ ਗੱਲ ਸ੍ਰਵਨ ਕਰਾਂਗੇ। ਫੇਸਬੁੱਕ ਅਤੇ ਯੂਟਿਊਬ ਉੱਤੇ ‘ਖੋਜ ਵਿਚਾਰ’ ਚੈਨਲ ਤੇ ਤੁਸੀਂ ਸਾਰਾ ਇਤਿਹਾਸ ਸ੍ਰਵਣ ਕਰ ਸਕਦੇ ਹੋ ਜੀ।