ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 53 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੌਲੱਖੇ ਪਿੰਡ ਵਿੱਚ ਵਿਚਰ ਕੇ ਪ੍ਰਚਾਰ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਲੰਘ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ
ਗੁਰੂ ਤੇਗ ਬਹਾਦਰ ਜੀ ਪਿੰਡ ਲੰਘ ਵਿਖੇ ਪਹੁੰਚਦੇ ਹਨ। ਪਿੰਡ ਲੰਘ ਵਿੱਚ ਜਿੱਥੇ ਕਿ ਗੁਰੂ ਸਾਹਿਬ ਆ ਕੇ ਨਿਵਾਸ ਰੱਖਦੇ ਹਨ।
ਇੱਥੇ ਇੱਕ ਦਰਖੱਤ ਅੱਜ ਵੀ ਮੌਜੂਦ ਹੈ। ਇਸ ਦਰਖੱਤ ਦਾ ਨਾਮ ਖਿਰਨੀ ਹੈ। ਇਸਨੂੰ ਖਿਰਨੀ ਦਾ ਦਰੱਖਤ ਕਹਿੰਦੇ ਹਨ। ਇੱਥੇ ਸਾਨੂੰ ਇਹਨਾਂ ਦਰਖ਼ਤਾਂ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਮੈਂ ਇਹ ਕਹਿ ਕੇ ਲੰਘ ਜਾਵਾਂ ਕਿ ਇਹ ਖਿਰਨੀ ਦਾ ਦਰੱਖਤ ਹੈ ਤਾਂ ਇਹ ਇੱਕ ਛੋਟਾ ਜਿਹਾ ਸ਼ਬਦ ਬਣ ਕੇ ਰਹਿ ਜਾਏਗਾ। ਆਖਿਰ ਖਿਰਨੀ ਕੀ ਹੁੰਦਾ ਹੈ? ਗੁਰੂ ਤੇਗ ਬਹਾਦਰ ਜੀ ਚਿਕਿਤਸਾ ਦੇ ਗਿਆਨੀ ਸਨ। ਇੱਥੇ ਇਹ ਵੀ ਅਸੀਂ ਸੁਣਦੇ ਆਏ ਹਾਂ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਵੇਂ ਲੋਕਾਂ ਦਾ ਇਲਾਜ ਕੀਤਾ। ਕੋਹੜ ਦਾ ਇਲਾਜ ਵੀ ਕੀਤਾ। ਜਿਸ ਦਰਖੱਤ ਥੱਲੇ ਗੁਰੂ ਜੀ ਬੈਠੇ ਸਨ, ਉਹ ਦਰਖੱਤ ਅੱਜ ਵੀ ਮੌਜੂਦ ਹੈ। ਸਾਨੂੰ ਇਸਨੂੰ ਸਾਂਭਣ ਦੀ ਲੋੜ ਹੈ। ਜੇ ਵਿਗਿਆਨਕ ਤੌਰ ਤੇ ਅਸੀਂ ਦੇਖੀਏ ਤਾਂ ਇਸ ਦਰਖੱਤ ਦਾ ਨਾਮ ‘ਮਾਨੀਲਕਾਰਾ ਕਾਕੀ‘ ਹੈ। ਇਹ ਉਹ ਦਰਖੱਤ ਹੈ ਜਿਸਦੀਆਂ ਜੜ੍ਹਾਂ, ਛਿੱਲ, ਪੱਤੇ, ਫਲ ਹਰ ਇੱਕ ਚੀਜ਼ ਸਾਡੇ ਵਰਤੋਂ ਵਿੱਚ ਆਉਂਦੀ ਹੈ। ਇਹ ਦਰੱਖਤ ਤਪਦਿਕ ਬੀਮਾਰੀ ਨੂੰ ਨਾਸ਼ ਕਰਨ ਵਾਲਾ ਹੈ। ਇਹ ਖਿਰਨੀ ਦੇ ਦਰਖੱਤ ਵਿੱਚ ਵਿਟਾਮਿਨ ਬੀ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ। ਅੱਜ ਵੀ ਜੇ ਅਸੀਂ ਡਾਕਟਰਾਂ ਕੋਲ ਜਾਂਦੇ ਹਾਂ ਤਾਂ ਡਾਕਟਰ ਵੀ ਸਾਨੂੰ ਅੱਜ ਵਿਟਾਮਿਨ ਬੀ ਜਾਂ ਸੀ ਦਿੰਦੇ ਹਨ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਵੀ ਇਹਨਾਂ ਚੀਜ਼ਾਂ ਦਾ ਗਿਆਨ ਰੱਖਦੇ ਸਨ। ਇਹ ਉਹ ਦਰਖੱਤ ਹੈ ਜਿਸਦੀ ਵਰਤੋਂ ਕਰਨ ਨਾਲ ਤਪਦਿਕ ਬੀਮਾਰੀਆਂ ਦਾ ਇਲਾਜ ਕੀਤਾ ਜਾਂਦਾ ਹੈ। ਜੇ ਇਸਦੇ ਬੀਜਾਂ ਨੂੰ ਪੀਸ ਕੇ ਪਾਊਡਰ ਬਣਾਇਆ ਜਾਵੇ ਤਾਂ ਅੱਖਾਂ ਦੇ ਰੋਗ ਵੀ ਠੀਕ ਕੀਤੇ ਜਾ ਸਕਦੇ ਹਨ। ਇਹ ‘ ਮਾਨੀਲਕਾਰਾ ਕਾਕੀ‘ ਇੱਕ ਵਿਗਿਆਨਕ ਨਾਮ ਹੈ। ਤੁਸੀਂ ਇਸਤੇ ਸਰਚ ਵੀ ਕਰ ਸਕਦੇ ਹੋ। ਤੁਹਾਨੂੰ ਇਸ ਦਰਖੱਤ ਦੇ ਗੁਣਾਂ ਦਾ ਪਤਾ ਲੱਗ ਜਾਏਗਾ। ਸੋ ਗੁਰੂ ਜੀ ਕਿਉਂ ਇਹਨਾਂ ਦਰਖ਼ਤਾਂ ਥੱਲੇ ਆ ਕੇ ਬੈਠਦੇ ਸਨ। ਸੋ, ਸਾਨੂੰ ਅੱਗੇ ਜਾ ਕੇ ਸੋਚਣਾ ਪਏਗਾ ਕਿ ਜਿਹੜੇ – ਜਿਹੜੇ ਦਰਖ਼ਤਾਂ ਥੱਲੇ ਗੁਰੂ ਜੀ ਬੈਠੇ ਸਨ, ਉਹਨਾਂ ਵਿੱਚ ਕਿਹੜੇ ਗੁਣ ਸਨ, ਜਿਹਨਾਂ ਕਰਕੇ ਲੋਕਾਂ ਦਾ ਇਲਾਜ ਹੁੰਦਾ ਰਿਹਾ।

ਅਤੇ ਅੱਜ ਉਸਤੋਂ ਦੂਰ ਜਾ ਕੇ ਅਸੀਂ ਆਰਟੀਫਿਸ਼ਲ ਦਵਾਈਆਂ ਦੇ ਰਾਹੀਂ ਇਲਾਜ ਲੱਭਦੇ ਹਾਂ। ਗੁਰੂ ਤੇਗ ਬਹਾਦਰ ਜੀ ਦੇ ਭਤੀਜੇ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਬਾਗ਼ ਲਗਾਇਆ ਹੋਇਆ ਸੀ। ਉੱਥੇ ਗੁਰੂ ਸਾਹਿਬ ਜੀ ਨੇ ਹਰਬਲ ਦਾ ਇੱਕ ਬਹੁਤ ਵੱਡਾ ਦਵਾਖਾਨਾ ਵੀ ਖੋਲ੍ਹਿਆ ਸੀ। ਕੀ ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ ਗੁਰੂ ਤੇਗ ਬਹਾਦਰ ਜੀ ਨੂੰ ਨਹੀਂ ਹੋਣਾ? ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਜੋ ਗੁਰਤਾਗੱਦੀ ਦਾ ਸਾਰਾ ਸਮਾਨ ਗੁਰੂ ਤੇਗ ਬਹਾਦਰ ਜੀ ਨੂੰ ਦਿੱਤਾ ਗਿਆ, 2200 ਘੋੜਸਵਾਰ ਵੀ ਨਾਲ ਦਿੱਤੇ ਗਏ।ਕੀ ਇਹ ਹਰਬਲ ਦਾ ਖਜ਼ਾਨਾ ਗੁਰੂ ਤੇਗ ਬਹਾਦਰ ਜੀ ਕੋਲ ਨਹੀਂ ਆਇਆ ਹੋਣਾ? ਇਸਤੇ ਸਾਨੂੰ ਸੋਚਣ ਅਤੇ ਵਿਚਾਰਨ ਦੀ ਲੋੜ ਹੈ। ਸੋ, ਲੰਘ ਪਿੰਡ ਵਿੱਚ ਇਹ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇੱਥੇ ਖਿਰਨੀ ਦਾ ਦਰੱਖਤ ਹੈ, ਜਿਸਨੂੰ ਅੱਜ ਸਾਨੂੰ ਸੰਭਾਲਣ ਦੀ ਲੋੜ ਹੈ। ਇਸ ਖਿਰਨੀ ਦੇ ਦਰਖੱਤ ਥੱਲੇ ਗੁਰੂ ਤੇਗ ਬਹਾਦਰ ਜੀ ਆ ਕੇ ਬੈਠੇ ਸਨ। ਇੱਥੇ ਹੀ ਪਿੰਡ ਦੀਆਂ ਕੁਝ ਸੰਗਤਾਂ ਵੀ ਗੁਰੂ ਜੀ ਦੇ ਦਰਸ਼ਨਾਂ ਵਿੱਚ ਆਈਆਂ। ਇਸੇ ਪਿੰਡ ਦੀ ਲਖਨਪਤੀ ਦੀ ਇੱਕ ਮਾਈ ਵੀ ਗੁਰੂ ਜੀ ਦੇ ਚਰਨਾਂ ਵਿੱਚ ਆਈ, ਜਿਸਨੇ ਗੁਰੂ ਜੀ ਨੂੰ ਲੰਗਰ ਛਕਾਇਆ।
ਗੁਰੂ ਤੇਗ ਬਹਾਦਰ ਜੀ ਨੇ ਇਸ ਪਿੰਡ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਅਤੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਹ ‘ਲੰਘ’ ਪਿੰਡ ਪਟਿਆਲੇ ਤੋਂ 8-10 ਕਿਲੋਮੀਟਰ ਤੇ ਬੜੀ ਚੜ੍ਹਦੀਕਲਾ ਨਾਲ ਵਸਦਾ ਹੈ। ਗੁਰੂ ਸਾਹਿਬ ਜੀ ਦੀ ਯਾਦ ਵਿੱਚ ਇੱਥੇ ਅੱਜ ਵੀ ਗੁਰਦੁਆਰਾ ਸਾਹਿਬ ਮੌਜੂਦ ਹੈ। ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਸੋ ਲੜੀ ਨੰ 55 ਵਿੱਚ ਵੀ ਤੁਸੀਂ ਜੁੜੇ ਰਹਿਣਾ ਜੀ। ਦੂਜੀ ਬੇਨਤੀ ਇਹ ਹੈ ਕਿ ਜਦੋਂ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਸ੍ਰਵਨ ਕਰ ਚੁੱਕੇ ਹੋਵਾਂਗੇ ਤਾਂ ਤੁਸੀਂ ਕਾਪੀ ਤੇ ਇਸਨੂੰ ਲਿਖਦੇ ਰਹਿਣਾ ਜੀ। ਅਸੀਂ ਗੁਰੂ ਤੇਗ ਬਹਾਦਰ ਜੀ ਦੇ ਸਾਰੇ ਇਤਿਹਾਸ ਨੂੰ ਜਾਣਾਂਗੇ ਕਿ ਗੁਰੂ ਸਾਹਿਬ ਨੇ ਕਿੰਨੇ ਵੱਡੇ ਮਹਾਨ ਕਾਰਜ ਕੀਤੇ। ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਭ ਤੋਂ ਵੱਧ ਪ੍ਰਚਾਰਕ ਦੌਰੇ ਗੁਰੂ ਤੇਗ ਬਹਾਦਰ ਜੀ ਨੇ ਕੀਤੇ ਹਨ। ਸਾਡੇ ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਨਾਲ ਜੁੜੇ ਰਹਿਣਾ ਜੀ। ਉੱਥੇ ਤੁਹਾਨੂੰ ਇਹ ਵੀਡੀਓਜ਼ ਮਿਲ ਜਾਣਗੀਆਂ ਜੀ।