ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 49 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਬਹਾਦਰਗੜ੍ਹ ਤੋਂ ਅੱਗੇ ਚੱਲ ਕੇ ਰਾਇਪੁਰ, ਸੀਲ ਅਤੇ ਹਰਪਾਲਪੁਰ ਆਦਿ ਪਿੰਡਾਂ ਵਿੱਚ ਪ੍ਰਚਾਰ ਕਰਨ ਲਈ ਜਾਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਹਸਨਪੁਰ ਕਬੂਲਪੁਰ ਵਿਖੇ ਅਤੇ ਅੱਗੇ ਨਨਹੇੜੀ ਪਿੰਡ ਵਿੱਚ ਵੀ ਸਿੱਖੀ ਦਾ ਪ੍ਰਚਾਰ ਕਰਦੇ ਹਨ
ਹਰਪਾਲਪੁਰ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਪੂਰੇ ਪਰਿਵਾਰ ਅਤੇ ਸੰਗਤਾਂ ਸਮੇਤ ਪਿੰਡ ਹਸਨਪੁਰ ਕਬੂਲਪੁਰ ਵਿਖੇ ਪਹੁੰਚਦੇ ਹਨ। ਹਸਨਪੁਰ ਅਤੇ ਕਬੂਲਪੁਰ ਪਿੰਡ 2 ਸਕੇ ਭਰਾਵਾਂ ਦੇ ਨਾਮ ਉੱਤੇ ਵਸਿਆ ਹੋਇਆ ਹੈ, ਜਿਹਨਾਂ ਨੂੰ ਹਸਨ ਅਤੇ ਕਬੂਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ।ਹਸਨ ਦੇ ਨਾਮ ਤੇ ਪਿੰਡ ਹਸਨਪੁਰ ਅਤੇ ਕਬੂਲ ਦੇ ਨਾਮ ਤੇ ਪਿੰਡ ਕਬੂਲਪੁਰ ਵਸਿਆ ਹੋਇਆ ਹੈ। ਇਹ 2 ਪਿੰਡਾਂ ਦੇ ਨਾਮ ਇਕੱਠੇ ਹੀ ਲੲੇ ਜਾਂਦੇ ਹਨ – ਹਸਨਪੁਰ ਅਤੇ ਕਬੂਲਪੁਰ। ਜਦੋਂ ਗੁਰੂ ਤੇਗ ਬਹਾਦਰ ਜੀ ਹਸਨਪੁਰ ਕਬੂਲਪੁਰ ਵਿਖੇ ਪਹੁੰਚਦੇ ਹਨ ਤਾਂ ਉੱਥੇ ਇੱਕ ਸ਼ੇਖ ਰਹਿੰਦਾ ਸੀ, ਜਿਸਦਾ ਪ੍ਰੇਮ ਵੇਖ ਕੇ ਗੁਰੂ ਤੇਗ ਬਹਾਦਰ ਜੀ ਕੁਝ ਦਿਨ ਇਸਦੇ ਕੋਲ ਰੁਕਦੇ ਹਨ। ਇਸ ਨਾਲ ਪਰਮਾਤਮਾ ਦੀਆਂ ਗੱਲਾਂ ਦੀ ਸਾਂਝ ਪਾਉਂਦੇ ਹਨ। ਉਸਨੂੰ ਉਪਦੇਸ਼ ਦਿੰਦੇ ਹਨ ਕਿ-
“ਅਵਲਿ ਅਲਹ ਨੂਰੁ ਉਪਾਇਆ, ਕੁਦਰਤ ਕੇ ਸਭ ਬੰਦੇ
ਏਕ ਨੂਰ ਤੇ ਸਭੁ ਜਗੁ ਉਪਜਿਆ, ਕਉਨ ਭਲੇ ਕੋ ਮੰਦੇ”
ਗੁਰੂ ਸਾਹਿਬ ਜੀ ਇਸ ਗੱਲ ਦੀ ਵੀ ਸਾਂਝ ਪਾਉਂਦੇ ਹਨ ਕਿ-
“ਮੁਸਲਮਾਣੁ ਮੋਮ ਦਿਲਿ ਹੋਵੈ,
ਅੰਤਰ ਕੀ ਮਲੁ ਦਿਲ ਤੇ ਧੋਵੈ”
ਭਾਵ ਮੁਸਲਮਾਨ ਨੂੰ ਮੋਮ ਦਿਲ ਵਰਗਾ ਹੋਣਾ ਚਾਹੀਦਾ ਹੈ। ਜਿਵੇਂ ਅੱਗ ਦੇ ਨੇੜੇ ਹੁੰਦਿਆਂ ਹੋਇਆਂ ਮੋਮ ਪਿਘਲ ਜਾਂਦੀ ਹੈ। ਇਸੇ ਤਰ੍ਹਾਂ ਹੀ ਕਿਸੇ ਉੱਤੇ ਭੀੜ ਪਈ ਵੇਖ ਕੇ, ਦੁੱਖ ਦਰਦ ਵੰਡਾਉਂਦਿਆਂ ਹੋਇਆਂ ਇਹਨਾਂ ਨੂੰ ਪਿਘਲ ਜਾਣਾ ਚਾਹੀਦਾ ਹੈ। ਇਹਨਾਂ ਨੂੰ ਇਸ ਤਰ੍ਹਾਂ ਦਾ ਨਰਮ ਦਿਲ ਹੋਣਾ ਚਾਹੀਦਾ ਹੈ। ਸੋ, ਗੁਰੂ ਤੇਗ ਬਹਾਦਰ ਜੀ ਹਸਨਪੁਰ ਕਬੂਲਪੁਰ ਵਿਖੇ 3 ਦਿਨ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਦੇ ਹਨ। ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਇਸ ਅਸਥਾਨ ਤੇ ਚਰਨ ਪਾਉਂਦੇ ਹਨ। ਅੱਜ ਇਸ ਜਗ੍ਹਾ ਤੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਅਤੇ ਦਸਵੀਂ ਮੌਜੂਦ ਹੈ। ਇੱਥੇ ਗੁਰਦੁਆਰਾ ਸਾਹਿਬ ਵਿੱਚ ਇੱਕ ਪਟਾ ਵੀ ਮੌਜੂਦ ਹੈ। ਕੲੀ ਵਾਰ ਅਸੀਂ ਇਸਨੂੰ ਹੁਕਮਨਾਮਾ ਸਮਝ ਲੈਂਦੇ ਹਾਂ ਪਰ ਇਹ ਕਿਸੇ ਆਮ ਲਿਖਾਰੀ ਦੀ ਲਿਖ਼ਤ ਲਿਖ ਕੇ ਗੁਰਦੁਆਰਾ ਸਾਹਿਬ ਵਿਖੇ ਰੱਖੀ ਹੋਈ ਹੈ, ਜੋ ਕਿ ਬੜੇ ਪਿਆਰ ਅਤੇ ਸਤਿਕਾਰ ਨਾਲ ਸੰਗਤਾਂ ਨੇ ਸਾਂਭ ਕੇ ਰੱਖੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ੲਿੱਕ ਖੂਹ ਵੀ ਮੌਜੂਦ ਹੈ ਜੋ ਕਿ ਪਿੰਡ ਵਾਲਿਆਂ ਵੱਲੋਂ ਸੇਵਾ ਸੰਭਾਲ ਕਰਕੇ ਅਜੇ ਤੱਕ ਰੱਖਿਆ ਹੋਇਆ ਹੈ। ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ।
ਇਸ ਤੋਂ ਬਾਅਦ ਅਗਲਾ ਪਿੰਡ ਨਨਹੇੜੀ ਆਉਂਦਾ ਹੈ। ਨਨਹੇੜੀ ਵਿੱਚ ਪਹਿਲਾਂ ਤੋਂ ਹੀ ਗੁਰੂ ਤੇਗ ਬਹਾਦਰ ਜੀ ਦਾ ਇੱਕ ਸਿੱਖ ਪ੍ਰਚਾਰ ਕਰ ਰਿਹਾ ਸੀ।ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਇੱਕ ਫਤਿਹ ਚੰਦ ਨਾਮ ਦਾ ਸਿੱਖ ਪ੍ਰਚਾਰਕ ਬੇਨਤੀ ਕਰਕੇ ਆਪਣੇ ਪਿੰਡ ਲੈ ਆਉਂਦਾ ਹੈ। ਭਾਈ ਫਤਿਹ ਚੰਦ ਦੀ ਬੇਨਤੀ ਤੇ ਗੁਰੂ ਤੇਗ ਬਹਾਦਰ ਜੀ ਇਸਦੇ ਪਿੰਡ ਵਿੱਚ ਨਿਵਾਸ ਅਸਥਾਨ ਰੱਖਦੇ ਹਨ। ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਵੀ ਕਰਦੇ ਹਨ। ਫਤਿਹ ਚੰਦ ਨੂੰ ਹੋਰ ਪਿੰਡਾਂ ਵਿੱਚ ਪ੍ਰਚਾਰ ਦੀ ਜ਼ਿੰਮੇਵਾਰੀ ਸੌਂਪ ਕੇ ਗੁਰੂ ਜੀ ਅਗਲੇ ਪਿੰਡ ਚਲੇ ਜਾਂਦੇ ਹਨ। ਇਸ ਪਿੰਡ ਵਿੱਚ ਜੋ ਸਿੱਖੀ ਦਾ ਬੂਟਾ ਗੁਰੂ ਤੇਗ ਬਹਾਦਰ ਜੀ ਨੇ ਲਾਇਆ ਸੀ, ਬਾਅਦ ਵਿੱਚ ਇਸੇ ਪਿੰਡ ਵਿੱਚ ਲਖਨੌਰ ਤੋਂ ਜਾਂਦਿਆ ਹੋਇਆਂ ਗੁਰੂ ਗੋਬਿੰਦ ਸਿੰਘ ਜੀ ਚਰਨ ਪਾਉਂਦੇ ਹਨ।
ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਸੇਵਕਾਂ ਨਾਲ ਇਸ ਅਸਥਾਨ ਤੇ ਪਹੁੰਚਦੇ ਹਨ ਤਾਂ ਸੰਗਤਾਂ ਗੁਰੂ ਜੀ ਦਾ ਇਸ ਅਸਥਾਨ ਤੇ ਨਿਵਾਸ ਰੱਖਦੀਆਂ ਹਨ।ਇਸੇ ਪਿੰਡ ਵਿੱਚ ਇੱਕ ਮਸੰਦ ਰਹਿੰਦਾ ਸੀ, ਜੋ ਕਿ ਭ੍ਰਿਸ਼ਟ ਹੋ ਚੁੱਕਾ ਸੀ। ਇਸਨੇ ਗੁਰੂ ਗੋਬਿੰਦ ਸਿੰਘ ਜੀ ਨਾਲ ਆਈ ਹੋਈ ਇੱਕ ਸਿੱਖ ਟਹਿਲਣ ਬਾਂਧੀ ਭਾਵ ਸੇਵਾਦਾਰਨੀ ਨੂੰ ਘਰ ਕੰਮ ਕਰਾਉਣ ਲਈ ਆਪਣੇ ਘਰ ਲੁਕੋ ਕੇ ਰੱਖ ਲਿਆ ਸੀ। ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਇੱਕ ਸੇਵਾਦਾਰਨੀ ਘੱਟ ਹੈ। ਉਸਦਾ ਪਤਾ ਕੀਤਾ ਕਿ ਉਹ ਕਿੱਥੇ ਹੈ। ਉਹ ਲੱਭਣ ਤੇ ਨਾ ਲੱਭੀ। ਜਦੋਂ ਗੁਰੂ ਸਾਹਿਬ ਜੀ ਨੂੰ ਦੱਸਿਆ ਕਿ ਗੁਰੂ ਜੀ ਸਾਡੇ ਨਾਲ ਇੱਕ ਸੇਵਾਦਾਰਨੀ ਆਈ ਸੀ, ਉਹ ਲੱਭ ਨਹੀਂ ਰਹੀ। ਗੁਰੂ ਗੋਬਿੰਦ ਸਿੰਘ ਜੀ ਜਾਣੀ- ਜਾਣ ਸਨ। ਗੁਰੂ ਜੀ ਨੇ ਸਿੱਖਾਂ ਨੂੰ ਕਿਹਾ ਕਿ ਭਾਈ ਇਸ ਪਿੰਡ ਵਿੱਚ ਘੋਗਾ ਨਾਮ ਦਾ ਮਸੰਦ ਵੀ ਰਹਿੰਦਾ ਹੈ।ਉਹ ਵੀ ਸਾਡੇ ਕੋਲ ਨਹੀਂ ਆਇਆ, ਇਸਦਾ ਕੀ ਕਾਰਨ ਹੈ। ਤੁਸੀਂ ਉਸਦੇ ਘਰ ਜਾ ਕੇ ਪਤਾ ਕਰੋ। ਜਦੋਂ ਸਿੱਖਾਂ ਨੂੰ ਘੋਗੇ ਮਸੰਦ ਦੇ ਘਰੋਂ ਬੀਬੀ (ਸੇਵਾਦਾਰਨੀ) ਬਾਰੇ ਪਤਾ ਲੱਗਿਆ ਤਾਂ ਸਿੱਖ ਉਸਨੂੰ ਲੈ ਕੇ ਗੁਰੂ ਜੀ ਕੋਲ ਆਉਂਦੇ ਹਨ ਪਰ ਘੋਗਾ ਮਸੰਦ ਨਾਲ ਨਹੀਂ ਆਉਂਦਾ। ਗੁਰੂ ਸਾਹਿਬ ਨੇ ਕਿਹਾ ਕਿ ਭਾਈ ਘੋਗੇ ਦਾ ਪਾਜ ਉਘੱੜ ਗਿਆ ਹੈ। ਘੋਗਾ ਹੁਣ ਜੇ ਸਾਡੇ ਕੋਲ ਆਵੇ ਤਾਂ ਕੋਈ ਗੱਲ ਨਹੀਂ ਹੈ। ਉਸ ਕੋਲੋਂ ਗਲਤੀ ਹੋ ਗਈ ਹੈ, ਅਸੀਂ ਮਾਫ਼ ਕਰ ਦਿਆਂਗੇ ਪਰ ਘੋਗਾ ਨਾ ਆਇਆ। ਗੁਰੂ ਜੀ ਨੇ ਕਿਹਾ ਕਿ ਜੇ ਘੋਗਾ ਆ ਕੇ ਸਿੱਖ ਸੰਗਤਾਂ ਅੱਗੇ ਆਪਣੀ ਗਲਤੀ ਮੰਨ ਲੈਂਦਾ ਹੈ ਤਾਂ ਉਹ ਬਖਸ਼ਿਆ ਜਾਵੇਗਾ ਨਹੀਂ ਤਾਂ ਧੱਕੇ ਖਾਵੇਗਾ। ਇਸ ਘੋਗੇ ਨਾਮ ਦੇ ਮਸੰਦ ਨੇ ਗੁਰੂ ਜੀ ਦੀ ਇੱਕ ਵੀ ਨਹੀਂ ਸੁਣੀ।
ਜਦੋਂ ਅਸੀਂ ਇਸ ਪਿੰਡ ਵਿੱਚ ਗੲੇ ਤਾਂ ਸਾਨੂੰ ਇਹ ਇਤਿਹਾਸ ਇਸੇ ਪਿੰਡ ਵਿਚੋਂ ਪਤਾ ਲੱਗਿਆ ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਬਚਨ ਸਿੰਘ ਜੀ ਅਤੇ ਗੁਲਜ਼ਾਰ ਸਿੰਘ ਜੀ, ਜੋ ਕਿ ਪਿੰਡ ਦੇ ਸਰਪੰਚ ਵੀ ਹਨ। ਇਹਨਾਂ ਨੇ ਸਾਨੂੰ ਘੋਘੇ ਮਸੰਦ ਦਾ ਘਰ ਵੀ ਦਿਖਾਇਆ। ਇਸ ਮਕਾਨ ਦੇ ਪਿਛਲੇ ਪਾਸੇ ਉਹ ਕੋਠੜੀ ਅੱਜ ਵੀ ਮੌਜੂਦ ਹੈ ਜਿੱਥੇ ਘੋਗੇ ਮਸੰਦ ਨੇ ਉਸ ਸਿੱਖ ਬੀਬੀ (ਸੇਵਾਦਾਰਨੀਆਂ) ਨੂੰ ਲੁਕੋ ਕੇ ਰੱਖਿਆ ਹੋਇਆ ਸੀ। ਸਰਪੰਚ ਸਾਹਿਬ ਦੇ ਕਹਿਣ ਤੇ ਪਿੰਡ ਦੇ ਮਸੰਦ ਦੀ ਅੌਲਾਦ ਅੱਜ ਵੀ ਪਿੰਡ ਦੇ ਬਾਹਰਵਾਰ ਵਸਦੀ ਹੈ। ਇਹਨਾਂ ਨੂੰ ਪ੍ਰੇਰ ਕੇ ਸਿੱਖੀ ਵਿੱਚ ਵਾਪਸ ਲੈ ਕੇ ਆਉਣ ਦੀ ਲੋੜ ਹੈ। ਇਹਨਾਂ ਨੂੰ ਸਮਝਾਉਣ ਦੀ ਲੋੜ ਹੈ ਕਿ ਮਸੰਦ ਕੋਈ ਮਾੜਾ ਸ਼ਬਦ ਨਹੀਂ ਸੀ, ਸਗੋਂ ਮਸੰਦ ਬਹੁਤ ਉਂਚਾ ਅਤੇ ਸੁੱਚਾ ਸ਼ਬਦ ਹੈ। ਜਿਹੜੇ ਮਸੰਦ ਭ੍ਰਿਸ਼ਟ ਗੲੇ ਸਨ, ਉਹਨਾਂ ਭ੍ਰਿਸ਼ਟੇ ਹੋੲੇ ਮਸੰਦਾਂ ਕਰਕੇ ਇਹ ਸ਼ਬਦ ਬਦਨਾਮ ਹੋਇਆ ਹੈ। ਇਹ ਸਿੱਖੀ ਵਿੱਚ ਆ ਸਕਦੇ ਹਨ। ਸੋ, ਸਾਨੂੰ ਭੁੱਲੇ ਭਟਕੇ ਲੋਕਾਂ ਪਰਿਵਾਰਾਂ ਨੂੰ ਸਿੱਖੀ ਵਿੱਚ ਲੈ ਕੇ ਆਉਣ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਰਹੇਗੀ। ਆਓ ਆਪਾਂ ਭੁੱਲੇ ਭਟਕੇ ਪਰਿਵਾਰਾਂ ਨੂੰ ਗੁਰਸਿੱਖੀ ਵਿੱਚ ਲੈ ਕੇ ਆਈਏ। ਸੋ, ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਇਸਦੇ ਤੁਸੀਂ ਦਰਸ਼ਨ ਕਰ ਰਹੇ ਹੋ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਾ ਜੱਥਾ ਅੱਗੇ ਕਿਹੜੇ ਪਿੰਡ ਵਿੱਚ ਜਾਂਦਾ ਹੈ, ਉਹ ਅਸੀਂ ਅਗਲੀ ਲੜੀ ਨੰ 51 ਵਿੱਚ ਸ੍ਰਵਨ ਕਰਾਂਗੇ। ਤੁਸੀਂ ਫੇਸਬੁੱਕ ਅਤੇ ਯੂਟਿਊਬ ਉੱਤੇ ਸਾਡੇ ਚੈਨਲ ‘ ਖੋਜ ਵਿਚਾਰ ‘ ਉੱਤੇ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ।