ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 4 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਹੜੀ-ਕਿਹੜੀ ਵਿਦਿਆ ਕਿਸ ਪਾਸੋਂ ਪ੍ਰਾਪਤ ਕੀਤੀ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨੇ ਤੀਰ ਅੰਦਾਜ਼ੀ, ਘੋੜਸਵਾਰੀ, ਤਲਵਾਰ ਬਾਜ਼ੀ ਆਦਿ ਵਿਦਿਆ ਪ੍ਰਾਪਤ ਕੀਤੀ ਜਿਸ ਨਾਲ ਅੱਗੇ ਜਾ ਕੇ ਜੰਗ ਲੜਨ ਵਿੱਚ ਸਹਾਇਤਾ ਮਿਲੀ
ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬੁੱਢਾ ਜੀ ਕੋਲ ਵਿਦਿਆ ਲੈਣ ਲਈ ਰਮਦਾਸ ਵਿਖੇ ਭੇਜਿਆ ਗਿਆ। ਬਾਬਾ ਬੁੱਢਾ ਜੀ ਨੇ ਆਪਣੇ ਜੀਵਨ ਦੇ ਨਿੱਜੀ ਤਜਰਬੇ, ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਦਾ ਇਤਿਹਾਸ, ਗੁਰਬਾਣੀ ਦੀ ਸੰਥਿਆ ਬਹੁਤ ਵਧੀਆ ਤਰੀਕੇ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਦਿੱਤੀ। ਬਾਬਾ ਬੁੱਢਾ ਜੀ ਦੇ ਨਾਲ-ਨਾਲ ਭਾਈ ਗੁਰਦਾਸ ਜੀ, ਜਿਹਨਾਂ ਨੂੰ ਵੇਦ ਵਿਆਸ ਵੀ ਕਿਹਾ ਜਾਂਦਾ ਹੈ, ਇਹਨਾਂ ਨੇ ਵੀ ਗੁਰੂ ਸਾਹਿਬ ਜੀ ਨੂੰ ਵਿਦਿਆ ਦਿੱਤੀ। ਇਹ ਗੁਰੂ ਅਮਰਦਾਸ ਜੀ ਦੇ ਭਤੀਜੇ ਲਗਦੇ ਸਨ ਅਤੇ ਗੁਰੂ ਅਰਜਨ ਦੇਵ ਜੀ ਦੇ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਸਨ।
1601 ਤੋਂ ਲੈ ਕੇ 1604 ਤੱਕ ਜਦੋਂ ਆਦਿ ਗ੍ਰੰਥ ਸਾਹਿਬ ਜੀ ਦਾ ਸੰਕਲਨ ਕੀਤਾ ਗਿਆ ਤਾਂ ਗੁਰੂ ਅਰਜਨ ਦੇਵ ਜੀ ਨੇ , ਭਾਈ ਗੁਰਦਾਸ ਜੀ ਕੋਲੋਂ ਆਦਿ ਗ੍ਰੰਥ ਸਾਹਿਬ ਲਿਖਵਾਇਆ। 1604 ਈਸਵੀ ਵਿੱਚ ਪਹਿਲੀ ਵਾਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਸਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਜਿੱਥੇ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਨ, ਉੱਥੇ ਹੀ ਉਹ ਗੁਰੂ ਤੇਗ ਬਹਾਦਰ ਜੀ ਨੂੰ ਵਿਦਿਆ ਦੇਣ ਲਈ ਅੱਗੇ ਆਏ। ਭਾਈ ਗੁਰਦਾਸ ਜੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੀ ਨੂੰ ਬਚਪਨ ਵਿੱਚ ਬ੍ਰਿਜ ਭਾਸ਼ਾ ਅਤੇ ਹੋਰ ਭਾਸ਼ਾਵਾਂ ਦਾ ਗਿਆਨ ਵੀ ਦਿੱਤਾ ਗਿਆ। ਇੱਥੇ ਹੀ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਗੁਰੂ ਸਾਹਿਬ ਲਈ ਗੱਤਕੇ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ।

ਗੁਰੂ ਤੇਗ ਬਹਾਦਰ ਜੀ, ਭਾਈ ਗੁਰਦਾਸ ਜੀ ਕੋਲੋਂ, ਆਦਿ ਸਿੱਖਾਂ ਦੀਆਂ ਸਾਖੀਆਂ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੱਕ ਦਾ ਸਾਰਾ ਇਤਿਹਾਸ ਸੁਣ ਚੁੱਕੇ ਸਨ। ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਦੀ ਨਿਗਰਾਨੀ ਹੇਠ ਹੁਣ ਗੁਰੂ ਤੇਗ ਬਹਾਦਰ ਜੀ ਨੂੰ ਲੋਹਗੜ੍ਹ ਦੇ ਕਿਲ੍ਹੇ ਵਿੱਚ ਭੇਜਿਆ ਗਿਆ ਕਿਉਂਕਿ ਲੋਹਗੜ੍ਹ ਦੇ ਕਿਲ੍ਹੇ ਵਿੱਚ ਗੁਰੂ ਹਰਿਗੋਬਿੰਦ ਜੀ ਵੱਲੋਂ ਫੌਜੀ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾ ਰਹੀ ਸੀ। ਸਿਖਲਾਈ ਦੇਣ ਲਈ ਭਾਈ ਜੇਠਾ ਜੀ ਨੂੰ ਚੁਣਿਆ ਗਿਆ। ਜਦੋਂ ਗੁਰੂ ਅਰਜਨ ਦੇਵ ਜੀ ਸ਼ਹੀਦੀ ਦੇਣ ਲਈ ਲਾਹੌਰ ਗੲੇ ਸਨ ਤਾਂ ਇਹ ਗੁਰੂ ਸਾਹਿਬ ਨਾਲ ਗਏ 5 ਸਿੱਖਾਂ ਵਿੱਚੋਂ ਇੱਕ ਸਨ। ਇਹਨਾਂ ਨੇ ਆਪਣੇ ਅੱਖੀਂ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਤਨ ਤੇ ਦਰਦ ਹੰਢਾਉਂਦਿਆਂ ਅਤੇ ਭਾਣਾ ਮਿੱਠਾ ਕਰਕੇ ਮੰਨਦਿਆਂ ਹੋਇਆਂ ਦੇਖਿਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਸਾਰੀਆਂ ਘਟਨਾਵਾਂ ਭਾਈ ਜੇਠਾ ਜੀ ਨੇ ਸਾਰੀਆਂ ਸਿੱਖ ਸੰਗਤਾਂ ਨੂੰ ਸੁਣਾਈਆਂ। ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਿਕਟਵਰਤੀ ਸਿੱਖਾਂ ਵਿੱਚੋਂ ਇੱਕ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜੋ ਫੌਜੀ ਅਤੇ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਜਾ ਰਹੀ ਸੀ,ਉਸ ਵਿੱਚ ਭਾਈ ਜੇਠਾ ਜੀ ਨੂੰ ਸੈਨਾਪਤੀ ਥਾਪਿਆ ਗਿਆ ਸੀ। ਭਾਈ ਜੇਠਾ ਜੀ ਦੀ ਨਿਗਰਾਨੀ ਹੇਠ ਬਾਕੀ ਸਿੱਖਾਂ ਨੇ ਅਤੇ ਗੁਰੂ ਪੁੱਤਰਾਂ ਨੇ ਸ਼ਸਤਰ ਵਿੱਦਿਆ ਦੀ ਦਾਤ ਪ੍ਰਾਪਤ ਕੀਤੀ। ਭਾਈ ਜੇਠਾ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਤੀਰ ਅੰਦਾਜ਼ੀ, ਘੋੜਸਵਾਰੀ, ਤਲਵਾਰ ਬਾਜ਼ੀ ਅਤੇ ਹਰ ਪ੍ਰਕਾਰ ਦੀ ਸ਼ਸਤਰ ਵਿੱਦਿਆ ਦੀ ਸਿਖਲਾਈ ਦਿੱਤੀ ਤਾਂ ਕਿ ਅੱਗੇ ਜਾ ਕੇ ਜੰਗ ਲੜੇ ਜਾ ਸਕਣ। ਇਹ ਸਭ ਭਾਈ ਜੇਠਾ ਜੀ ਦੀ ਨਿਗਰਾਨੀ ਵਿੱਚ ਹੋਇਆ। ਭਾਈ ਜੇਠਾ ਪੁੱਤਰ ਇੱਕ ਬਹੁਤ ਵੱਡੇ ਸੂਰਮੇ ਸਨ। ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸਨ ਤਾਂ ਇਹ ਜਹਾਂਗੀਰ ਦੇ ਮਹਿਲਾਂ ਤੱਕ ਜਾ ਕੇ ਜਹਾਂਗੀਰ ਨੂੰ ਡਰਾ ਕੇ ਆਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਹੋ ਕੇ ਉੱਥੋਂ ਦਾ ਅੰਨ ਪ੍ਰਸ਼ਾਦਾ ਨਹੀਂ ਛਕਦੇ ਸਨ। ਉਸ ਸਮੇਂ ਭਾਈ ਜੇਠਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਮਿਹਨਤ ਦੀ ਕਿਰਤ ਕਰਕੇ ਜੋ ਧਨ ਮਿਲਦਾ ਸੀ, ਉਸ ਧਨ ਦਾ ਰਾਸ਼ਨ ਖਰੀਦ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਪਹੁੰਚਾਉਂਦੇ ਸਨ। ਇਸ ਤਰ੍ਹਾਂ ਸ਼ਸਤਰ ਵਿੱਦਿਆ ਦੇ ਨਾਲ-ਨਾਲ ਧਰਮ ਦੀ ਕਿਰਤ ਕਰਨ ਦਾ ਗੁਣ ਵੀ ਗੁਰੂ ਤੇਗ ਬਹਾਦਰ ਜੀ ਵਿੱਚ ਪਾਇਆ ਗਿਆ। ਇੱਥੇ ਹੀ ਬਸ ਨਹੀਂ, ਇਸ ਪੜ੍ਹਾਈ ਨੂੰ ਹੋਰ ਅੱਗੇ ਤੋਰਦਿਆਂ ਹੋਇਆਂ ਬਾਬਾ ਤੇਗ ਬਹਾਦਰ ਜੀ, ਗੁਰੂ ਪੁੱਤਰਾਂ ਅਤੇ ਗੁਰੂ ਸਿੱਖਾਂ ਨੂੰ ਗੁਰਮਤਿ ਸੰਗੀਤ ਅਤੇ ਤੰਤੀ ਸਾਜ਼ਾਂ ਦੀ ਸਿਖਲਾਈ ਦਿੱਤੀ ਗਈ। ਗੁਰੂ ਨਾਨਕ ਸਾਹਿਬ ਜੀ ਵੇਲੇ ਰਬਾਬ ਆ ਚੁੱਕੀ ਸੀ। ਗੁਰੂ ਅਮਰਦਾਸ ਜੀ ਅਤੇ ਗੁਰੂ ਅਰਜਨ ਦੇਵ ਜੀ ਵੇਲੇ ਸਿਰੰਦਾ ਆ ਚੁੱਕਿਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਵੇਲੇ ਸਾਰੰਗੀ ਨੂੰ ਮਾਨਤਾ ਦਿੱਤੀ ਗਈ। ਇਹ ਗੁਰਮਤਿ ਸੰਗੀਤ ਰਾਗ ਵਿਦਿਆ ਬਾਕੀ ਸਿੱਖਾਂ ਨੂੰ ਵੀ ਦਿੱਤੀ ਗਈ, ਜਿਸ ਵਿੱਚ ਭਾਈ ਸੱਤਾ ਜੀ ਅਤੇ ਬਲਵੰਡ ਜੀ ਤੋਂ ਬਾਅਦ ਭਾਈ ਬਾਬਕ ਜੀ ਰਬਾਬੀ ਬਣੇ ਸਨ। ਭਾਈ ਬਾਬਕ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰਮਤਿ ਰਾਗ ਵਿਦਿਆ ਦੀ ਜਾਚ ਸਿਖਾਈ। 30 ਰਾਗ ਸਿਖਾਏ ਅਤੇ ਉੱਥੇ ਹੀ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਰਾਗ ‘ਜੈਜਾਵੰਤੀ‘ ਵੀ ਉਚਾਰਨ ਕੀਤਾ। ਗੁਰੂ ਤੇਗ ਬਹਾਦਰ ਜੀ ਮ੍ਰਿਦੰਗ ਵਜਾਉਣ ਵਿੱਚ ਬਹੁਤ ਮਾਹਿਰ ਸਨ। ਗੁਰੂ ਸਾਹਿਬ ਮ੍ਰਿਦੰਗ ਦੇ ਨਾਲ ਕੀਰਤਨ ਕਰਦੇ ਸਨ। ਬਾਕੀ ਸਾਜ਼ਾਂ ਦੇ ਨਾਲ-ਨਾਲ ਗੁਰੂ ਸਾਹਿਬ ਮ੍ਰਿਦੰਗ ਵਜਾਉਣ ਵਿੱਚ ਵੀ ਬਹੁਤ ਮਾਹਿਰ ਸਨ।
ਜੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦੀ ਗੱਲ ਕਰੀਏ ਤਾਂ ਉਹਨਾਂ ਦੇ 59 ਸ਼ਬਦ ਅਤੇ 57 ਸਲੋਕ- ਕੁੱਲ 116 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ। ਇਸ ਵਿਦਿਆ ਪਿੱਛੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਬਾਬਕ ਜੀ ਅਤੇ ਭਾਈ ਜੇਠਾ ਜੀ ਦਾ ਬਹੁਤ ਵੱਡਾ ਹੱਥ ਰਹਿਆ। ਜੇ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨੂੰ ਅੱਗੇ ਜਾ ਕੇ ਦੇਖਾਂਗੇ ਅਤੇ ਸਿੱਖ ਇਤਿਹਾਸ ਨੂੰ ਪੜ੍ਹਾਂਗੇ ਤਾਂ ਪਤਾ ਲਗਦਾ ਹੈ ਕਿ ਗੁਰੂ ਸਾਹਿਬ ਜੀ ਨੇ ਬਹੁਤ ਰੋਗਾਂ ਦਾ ਇਲਾਜ ਕੀਤਾ। ਗੁਰੂ ਤੇਗ ਬਹਾਦਰ ਜੀ ਨੂੰ ਚਿਕਿਤਸਾ ਅਤੇ ਵਿਗਿਆਨ ਦਾ ਵੀ ਬਹੁਤ ਗਿਆਨ ਸੀ। ਗੁਰੂ ਸਾਹਿਬ ਨੂੰ ਜੜ੍ਹੀਆਂ ਬੂਟੀਆਂ ਬਾਰੇ ਵੀ ਬਹੁਤ ਗਿਆਨ ਸੀ। ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਨਤਾਰਨ ਵਿਖੇ ਕੋਹੜ੍ਹੀ ਘਰ ਖੋਲਿ੍ਆ ਸੀ ਅਤੇ ਲਾਹੌਰ ਵਿੱਚ ਕਾਲ ਪੈਣ ਤੇ ਰੋਗੀਆਂ ਦੀ ਮਦਦ ਵੀ ਕੀਤੀ ਸੀ ਜਿਸ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵੈਦਿਕ ਸਿੱਖਿਆ ਪ੍ਰਾਪਤ ਕੀਤੀ। ਇਹ ਸਿਖਿਆ ਗੁਰੂ ਸਾਹਿਬ ਜੀ ਦੇ ਨਾਲ਼- ਨਾਲ ਇਹਨਾਂ ਦੇ ਵੱਡੇ ਭਰਾ ਬਾਬਾ ਅੱਟਲ ਜੀ ਨੇ ਵੀ ਪ੍ਰਾਪਤ ਕੀਤੀ ਸੀ। ਜਦੋਂ ਗੁਰੂ ਤੇਗ ਬਹਾਦਰ ਜੀ 7 ਸਾਲ ਦੇ ਹੋਏ ਤਾਂ ਇਹਨਾਂ ਦੇ ਜੀਵਨ ਵਿੱਚ ਬਾਬਾ ਅੱਟਲ ਜੀ ਨੂੰ ਲੈ ਕੇ ਬਹੁਤ ਵੱਡੀ ਘਟਨਾ ਹੋਈ, ਇਹ ਅਸੀਂ ਲੜੀ ਨੰ 6 ਵਿੱਚ ਸ੍ਰਵਨ ਕਰਾਂਗੇ।