ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 46 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਉਗਾਣੀ ਵਿਖੇ ਪਹੁੰਚਦੇ ਹਨ ਅਤੇ ਸਿੱਖੀ ਦਾ ਪ੍ਰਚਾਰ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਉਗਾਣੀ ਤੋਂ ਚੱਲ ਕੇ ਬਹਾਦਰਗੜ੍ਹ ਵਿਖੇ ਪਹੁੰਚ ਕੇ ਆਪਣਾ ਟਿਕਾਣਾ ਨਵਾਬ ਸੈਫੂਦੀਨ ਦੇ ਮਹਿਲਾਂ ਵਿੱਚ ਕਰਦੇ ਹਨ
ਪਿੰਡ ਉਗਾਣੀ ਤੋਂ ਚੱਲ ਕੇ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਪਹੁੰਚਦੇ ਹਨ। ਹੁਣ ਇਸਦਾ ਨਾਮ ਬਹਾਦਰਗੜ੍ਹ ਹੈ। ਇਹ ਬਿਲਕੁਲ ਪਟਿਆਲੇ ਦੇ ਨਾਲ ਹੈ। ਪਟਿਆਲਾ ਸ਼ਹਿਰ ਵੀ ਅਜੇ ਨਹੀਂ ਬਣਿਆ ਸੀ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਵਿਖੇ ਆ ਕੇ ਡੇਰੇ ਲਾਉਂਦੇ ਹਨ , ਤੰਬੂ ਲਗਾਏ ਜਾਂਦੇ ਹਨ। ਗੁਰਦੁਆਰਾ ਬਹਾਦਰਗੜ੍ਹ ਦੇ ਤੁਸੀਂ ਦਰਸ਼ਨ ਕਰ ਰਹੇ ਹੋ। ਨਾਲ ਨਾਲ ਤੁਸੀਂ ਦਰਸ਼ਨ ਕਰੋ, ਅਸੀਂ ਨਾਲ ਨਾਲ ਇਤਿਹਾਸ ਵੀ ਜਾਰੀ ਰੱਖਾਂਗੇ।
ਅਸੀਂ ਜਦੋਂ ਆਨੰਦਪੁਰ ਸਾਹਿਬ ਦਾ ਇਤਿਹਾਸ ਸ੍ਰਵਣ ਕੀਤਾ ਸੀ ਕਿ ਮੂਸਾ ਰੋਪੜੀ ਗੁਰੂ ਤੇਗ ਬਹਾਦਰ ਜੀ ਕੋਲ ਆਉਂਦਾ ਹੈ ਅਤੇ ਗੁਰੂ ਤੇਗ ਬਹਾਦਰ ਜੀ ਦਾ ਹੀ ਬਣ ਕੇ ਰਹਿ ਜਾਂਦਾ ਹੈ।ਇਹ ਸੱਯਦ ਪੀਰ ਸੀ। ਇਸਦੀ ਬਹੁਤ ਵੱਡੀ ਮਾਨਤਾ ਸੀ। ਇਸ ਸੱਯਦ ਪੀਰ ਦਾ ਬਹੁਤ ਵੱਡਾ ਉੱਚਾ ਰੁਤਬਾ ਸੀ ਅਤੇ ਇਹ ਗੁਰੂ ਤੇਗ ਬਹਾਦਰ ਜੀ ਤੋਂ ਬਹੁਤ ਪ੍ਰਭਾਵਿਤ ਹੁੰਦਾ ਹੈ। ਇਹ ਸੱਯਦ ਪੀਰ ਨਵਾਬ ਸੈਫੂਦੀਨ ਨੂੰ ਗੁਰੂ ਤੇਗ ਬਹਾਦਰ ਜੀ ਬਾਰੇ ਦੱਸ ਪਾਉਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਅੱਲ੍ਹਾ ਦਾ ਰੂਪ ਹਨ। ਨਵਾਬ ਸੈਫੂਦੀਨ ਵੀ ਮਨ ਵਿੱਚ ਧਾਰੀ ਬੈਠਾ ਸੀ ਕਿ ਮੈਂ ਵੀ ਆਨੰਦਪੁਰ ਸਾਹਿਬ ਜਾ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਾਂ। ਜਦੋਂ ਇਸਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਸੈਫਾਬਾਦ ਪਹੁੰਚੇ ਹਨ ਤਾਂ ਇਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਹਾਜ਼ਿਰ ਹੋਇਆ। ਨਵਾਬ ਸੈਫੂਦੀਨ ਨੇ ਬੇਨਤੀ ਕੀਤੀ ਕਿ ਗੁਰੂ ਜੀ, ਤੁਸੀਂ ਅਤੇ ਤੁਹਾਡਾ ਪਰਿਵਾਰ ਮੇਰੇ ਮਹਿਲਾਂ ਵਿੱਚ ਟਿਕਾਣਾ ਕਰੇਗਾ। ਨਵਾਬ ਸੈਫੂਦੀਨ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਮਹਿਲਾਂ ਵੱਲ ਲੈ ਕੇ ਜਾਂਦਾ ਹੈ। ਅੱਗੇ ਗੁਰੂ ਤੇਗ ਬਹਾਦਰ ਜੀ ਘੋੜੇ ਤੇ ਸਵਾਰ ਹਨ ਅਤੇ ਪਿੱਛੇ ਰੱਥਾਂ ਵਿੱਚ ਮਾਤਾ ਜੀ ਆ ਰਹੀਆਂ ਸਨ। ਇਹ ਨਵਾਬ ਸੈਫੂਦੀਨ , ਗੁਰੂ ਤੇਗ ਬਹਾਦਰ ਜੀ ਦੇ ਘੋੜੇ ਦੀ ਰਕਾਬ ਨੂੰ ਫੜ੍ਹ ਕੇ ਖੁਦ ਪੈਦਲ ਚਲ ਰਿਹਾ ਸੀ। ਉਸਨੇ ਗੁਰੂ ਤੇਗ ਬਹਾਦਰ ਜੀ ਨੂੰ ਘੋੜੇ ਤੋਂ ਹੇਠਾਂ ਨਹੀਂ ਉਤਰਨ ਦਿੱਤਾ ਅਤੇ ਉਹਨਾਂ ਨੂੰ ਆਪਣੇ ਮਹਿਲਾਂ ਵਿੱਚ ਲੈ ਕੇ ਗਿਆ।
ਨਵਾਬ ਸੈਫੂਦੀਨ ਦੀ ਗੁਰੂ ਪ੍ਰਤੀ ਬਹੁਤ ਸ਼ਰਧਾ ਸੀ। ਨਵਾਬ ਸੈਫੂਦੀਨ ਕੋੲੀ ਆਮ ਵਿਅਕਤੀ ਨਹੀਂ ਸੀ। ਜੇ ਅਸੀਂ ਸ਼ਖ਼ਸੀਅਤ ਬਾਰੇ ਜਾਣੀਏ ਤਾਂ ਪਤਾ ਲਗਦਾ ਹੈ ਕਿ ਨਵਾਬ ਸੈਫੂਦੀਨ ਨੂੰ ਸੈਫ ਖਾਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹ ਅੌਰੰਗਜ਼ੇਬ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ, ਦੂਜੇ ਪਾਸੇ ਸ਼ਾਹਜਹਾਂ ਦਾ ਸਾਂਢੂ ਲਗਦਾ ਸੀ ਅਤੇ ਤੀਜੇ ਪਾਸੇ ਰੱਬ ਨਾਲ ਜੁੜਿਆ ਹੋਇਆ ਫ਼ਕੀਰ ਭੀਖਣ ਸ਼ਾਹ ਇਸਦਾ ਪਰਮ ਮਿੱਤਰ ਸੀ। ਇਹ ਵੱਡੇ-ਵੱਡੇ ਅਹੁਦਿਆਂ ਤੇ ਰਹਿ ਚੁੱਕਾ ਸੀ। ਸੂਬੇਦਾਰ, ਗਵਰਨਰ ਅਤੇ ਨਵਾਬ ਵੀ ਬਣ ਚੁੱਕਿਆ ਸੀ। ਅੱਜ ਆਪਣੇ ਮਹਿਲਾਂ ਵਿੱਚ ਰਾਜਨੀਤੀ ਤੋਂ ਦੂਰ ਹੋ ਕੇ ਅੱਲ੍ਹਾ ਦੀ ਬੰਦਗੀ ਕਰਨ ਲੱਗਾ ਹੋਇਆ ਸੀ। ਇਹ ਨਵਾਬ ਸੈਫੂਦੀਨ ਸੀ, ਜੋ ਗੁਰੂ ਸਾਹਿਬ ਦੇ ਘੋੜੇ ਦੀ ਰਕਾਬ ਨੂੰ ਪਕੜ ਕੇ ਨਾਲ – ਨਾਲ ਚਲ ਰਿਹਾ ਸੀ। ਇਸਨੇ ਗੁਰੂ ਸਾਹਿਬ ਜੀ ਦਾ ਟਿਕਾਣਾ ਆਪਣੇ ਮਹਿਲਾਂ ਵਿੱਚ ਕੀਤਾ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਨੇ ਬਾਹਰ ਆ ਕੇ ਸਾਹਮਣੇ ਮਸੀਤ ਦੇਖੀ ਤਾਂ ਗੁਰੂ ਸਾਹਿਬ ਜੀ ਨੇ ਇਸਨੂੰ ਕੋਲ ਬੁਲਾ ਕੇ ਇਸ ਨਾਲ ਗੱਲਬਾਤ ਕੀਤੀ, ਜੋ ਕਿ ਅਸੀਂ ਅਗਲੀ ਲੜੀ ਵਿੱਚ ਸ੍ਰਵਨ ਕਰਾਂਗੇ।