ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 44 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਨੰਦਪੁਰ ਕਲੌੜ ਤੋਂ ਚੱਲ ਕੇ ਪਿੰਡ ਰੈਲੋਂ ਵਿਖੇ ਪਹੁੰਚ ਕੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਪਿੰਡ ਮੁਕਾਰੋਂਪੁਰ ਪਹੁੰਚ ਕੇ ਉੱਥੇ 2 ਰੰਘਰੇਟੇ ਗੁਰੂ ਕੇ ਬੇਟਿਆਂ ਨੂੰ ਸਿੱਖੀ ਨਾਲ ਜੋੜਦੇ ਹਨ
ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਅਤੇ ਸੰਗਤਾਂ ਸਮੇਤ ਪਿੰਡ ਰੈਲੀ ਤੋਂ ਰਵਾਨਾ ਹੁੰਦੇ ਹਨ ਅਤੇ ਅਗਲੇ ਪਿੰਡ ਮੁਕਾਰੋਂਪੁਰ ਪਹੁੰਚਦੇ ਹਨ। ਮੁਕਾਰੋਂਪੁਰ ਪਹੁੰਚ ਕੇ ਪਿੰਡ ਦੇ ਬਾਹਰ ਛੱਪੜੀ ਦੇ ਕਿਨਾਰੇ ਗੁਰੂ ਜੀ ਵਲੋਂ ਡੇਰਾ ਲਗਾਇਆ ਜਾਂਦਾ ਹੈ, ਕਨਾਤਾਂ ਲਗਾਈਆਂ ਜਾਂਦੀਆਂ ਹਨ। ਇੱਥੇ ਹੀ ਪਿੰਡਾਂ ਦੀ ਸੰਗਤ ਪਹੁੰਚਣੀ ਸ਼ੁਰੂ ਹੋ ਜਾਂਦੀ ਹੈ। ਇੱਥੇ ਪਿੰਡ ਦੀ ਹੀ ਇੱਕ ਬੀਬੀ ਨੇ ਗੁਰੂ ਤੇਗ ਬਹਾਦਰ ਜੀ ਲੲੀ ਪ੍ਰਸ਼ਾਦੇ ਦਾ ਪ੍ਰਬੰਧ ਕੀਤਾ ਅਤੇ ਰੂਪ ਚੰਦ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਵਿੱਚ ਆ ਕੇ ਸਿੱਖੀ ਦੀ ਦਾਤ ਪ੍ਰਾਪਤ ਕੀਤੀ। ਭਾਈ ਰੂਪ ਚੰਦ ਜੀ ਨੇ ਜਿੱਥੇ ਖੁਦ ਸਿੱਖੀ ਦੀ ਦਾਤ ਪ੍ਰਾਪਤ ਕੀਤੀ, ਉੱਥੇ ਹੀ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ। ਗੁਰੂ ਤੇਗ ਬਹਾਦਰ ਜੀ ਪਿੰਡਾਂ-ਪਿੰਡਾਂ ਵਿੱਚ ਜਾ ਕੇ ਸਿੱਖਾਂ ਨੂੰ ਜ਼ਿੰਮੇਵਾਰੀਆਂ ਸੌਂਪ ਰਹੇ ਸਨ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਸੰਗਤਾਂ ਕਾਇਮ ਕੀਤੀਆਂ ਸਨ , ਉਸੇ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਵੀ ਪਿੰਡਾਂ-ਪਿੰਡਾਂ ਵਿੱਚ ਜਾ ਕੇ ਸੰਗਤਾਂ ਕਾਇਮ ਕਰ ਰਹੇ ਸਨ। ਉੱਥੇ ਰਹਿ ਕੇ ਜਿੱਥੇ ਇੱਕ ਪਾਸੇ ਗੁਰੂ ਜੀ , ਭੁੱਲੇ- ਭਟਕੇ ਲੋਕਾਂ ਨੂੰ ਸਿੱਖੀ ਦੀ ਦਾਤ ਪ੍ਰਾਪਤ ਕਰਾ ਰਹੇ ਸਨ, ਉੱਥੇ ਹੀ ਉਹਨਾਂ ਸਿੱਖਾਂ ਵਿੱਚੋਂ ਮੁਖੀ ਸਿੱਖਾਂ ਨੂੰ ਥਾਪ ਕੇ ਧਰਮਸ਼ਾਲਾ ਕਾਇਮ ਕਰ ਦਿੰਦੇ ਸਨ ਅਤੇ ਫਿਰ ਗੁਰੂ ਸਾਹਿਬ ਅਗਲੇ ਪਿੰਡ ਚਲੇ ਜਾਂਦੇ ਸਨ।
ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅਗਲੇ ਪਿੰਡ ਭਗਰਾਣਾ ਪਹੁੰਚ ਜਾਂਦੇ ਹਨ। ਭਗਰਾਣੇ ਪਹੁੰਚ ਕੇ ਗੁਰੂ ਜੀ ਵਲੋਂ ਡੇਰੇ ਲਗਾਏ ਜਾਂਦੇ ਹਨ। ਡੇਰੇ ਤੋਂ ਕੁਝ ਕਨਾਤਾਂ ਲਗਾ ਕੇ ਰਿਹਾਇਸ਼ ਦੇ ਪ੍ਰਬੰਧ ਕੀਤੇ ਜਾਂਦੇ ਹਨ। ਗੁਰੂ ਸਾਹਿਬ ਜੀ ਦੇ ਨਾਲ ਮੁਖੀ ਸਿੱਖ, ਕਾਫੀ ਸੰਗਤਾਂ, ਗੁਰੂ ਸਾਹਿਬ ਜੀ ਦਾ ਪਰਿਵਾਰ ਅਤੇ ਘੋੜੇ ਆਦਿ ਵੀ ਸਨ। ਇਹ ਨਹੀਂ ਸੀ ਕਿ ਗੁਰੂ ਸਾਹਿਬ ਜੀ ਇਕੱਲੇ ਜਾ ਕੇ ਬੈਠ ਜਾਂਦੇ ਸਨ, ਪੂਰਾ ਸੋਚ ਸਮਝ ਕੇ ਗੁਰੂ ਸਾਹਿਬ ਜੀ ਨੇ ਸਾਰਾ ਰਸਤਾ ਤਿਆਰ ਕੀਤਾ ਸੀ ਕਿ ਸਿੱਖਾਂ ਅੰਦਰ ਸਿੱਖੀ ਦੇ ਜਜ਼ਬੇ ਨੂੰ ਭਰਿਆ ਜਾਵੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਦ੍ਰਿੜ੍ਹ ਕਰਵਾਇਆ ਜਾਵੇ।
ਇਸੇ ਪਿੰਡ ਦੇ 2 ਸਿੱਖ ਭਾਈ ਬਹਿਰੂ ਜੀ ਅਤੇ ਭਾਈ ਦਇਆਲਾ ਜੀ ਸਨ। ਇਹਨਾਂ ਨੇ ਗੁਰੂ ਸਾਹਿਬ ਜੀ ਤੋਂ ਸਿੱਖੀ ਦੀ ਦਾਤ ਪ੍ਰਾਪਤ ਕੀਤੀ ਅਤੇ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਵੀ ਕੀਤਾ ਸੀ। ਇੱਥੇ ਪਾਣੀ ਦਾ ਪ੍ਰਬੰਧ ਨਾ ਹੋਣ ਕਰਕੇ ਗੁਰੂ ਸਾਹਿਬ ਜੀ ਨੇ ਇੱਥੇ ਖੂਹ ਵੀ ਲਗਵਾਇਆ ਸੀ। ਅੱਜ ਵੀ ਇਸ ਖੂਹ ਵਾਲੀ ਜਗ੍ਹਾ ਤੇ ਸਰੋਵਰ ਸਾਹਿਬ ਬਣਿਆ ਹੋਇਆ ਹੈ। ਸਰੋਵਰ ਸਾਹਿਬ ਦੇ ਵਿਚਕਾਰ ਉਹ ਪੁਰਾਤਨ 400 ਸਾਲਾਂ ਤੋਂ ਗੁਰੂ ਸਾਹਿਬ ਜੀ ਦਾ ਲਗਾਇਆ ਹੋਇਆ ਖੂਹ ਵੀ ਮੌਜੂਦ ਹੈ।
ਇੱਕ ਹੋਰ ਤੱਥ ਇਹ ਹੈ ਕਿ ਗੁਰੂ ਤੇਗ ਬਹਾਦਰ ਜੀ ਦਾ ਇਹਨਾਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਨ ਦਾ ਸਿੱਟਾ ਕੀ ਨਿਕਲਿਆ। ਕੲੀ ਵਾਰ ਅਸੀਂ ਸੋਚ ਲਵਾਂਗੇ ਕਿ ਭਾਈ ਸਾਹਿਬ ਜੀ ਪਿੰਡਾਂ ਦੀ ਗੱਲ ਕਰਦੇ ਰਹਿੰਦੇ ਹਨ ਭਾਵ ਇਕੋ ਗੱਲ ਕਰਨ ਦਾ ਕੀ ਫਾਇਦਾ। ਮਾਫ ਕਰਨਾ ਕਿ ਜੇ ਅਸੀਂ 200 ਸਾਲ ਪਹਿਲਾਂ ਜਾ ਕੇ ਇਹਨਾਂ ਪਿੰਡਾਂ ਦੇ ਪੁਰਾਣੇ ਬਜ਼ੁਰਗਾਂ ਨੂੰ ਮਿਲਿਆ ਹੁੰਦਾ ਤਾਂ ਪਤਾ ਲਗਦਾ ਕਿ ਕਿੰਨੇ ਕੁ ਸਿੱਖ ਸਿੱਖੀ ਦੀ ਦਾਤ ਪ੍ਰਾਪਤ ਕਰਕੇ ਗੁਰੂ ਸਾਹਿਬ ਲੲੀ ਕੁਰਬਾਨੀਆਂ ਦੇ ਚੁੱਕੇ ਸਨ। ਇਹ ਵੀ ਜ਼ਿਕਰ ਆਉਂਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਜਦੋਂ ਦਿੱਲੀ ਨੂੰ ਸ਼ਹੀਦੀ ਦੇਣ ਗੲੇ ਸਨ ਤਾਂ ਉਦੋਂ ਗੁਰੂ ਜੀ ਦੂਜੀ ਵਾਰ ਇਸ ਪਿੰਡ ਵਿਚੋਂ ਹੋ ਕੇ ਗੲੇ ਸਨ ਪਰ ਭਾਈ ਦਇਆਲਾ ਜੀ ਦੇ ਪਰਿਵਾਰ ਵਿੱਚ ਉਹ ਸਿੱਖੀ ਦੀ ਦਾਤ ਆ ਚੁੱਕੀ ਸੀ। ਭਾਈ ਦਇਆਲਾ ਜੀ ਨੇ ਦੂਰ-ਦੂਰਾਡੇ ਪਿੰਡਾਂ ਵਿੱਚ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ। ਇਸੇ ਭਾੲੀ ਦਇਆਲਾ ਜੀ ਦੇ 2 ਪੁੱਤਰ ਸਨ- ਭਾਈ ਮਦਨ ਜੀ ਅਤੇ ਭਾਈ ਕੋਠਾ ਜੀ। ਭਾਈ ਮਦਨ ਜੀ ਅਤੇ ਭਾਈ ਕੋਠਾ ਜੀ ਜਦੋਂ ਜਵਾਨ ਹੁੰਦੇ ਹਨ ਤਾਂ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਬਾਅਦ ਇਹ ਆਨੰਦਪੁਰ ਸਾਹਿਬ ਚਲੇ ਜਾਂਦੇ ਹਨ। 1699 ਈਸਵੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਜੀ ਸਿੰਘ ਸਜ ਜਾਂਦੇ ਹਨ। ਇਹ ਇੰਨੇ ਯੋਧੇ ਸਨ ਕਿ ਜਦੋਂ ਚਮਕੌਰ ਦੀ ਜੰਗ ਹੋਈ ਤਾਂ ਚਮਕੌਰ ਦੀ ਗੜ੍ਹੀ ਦੇ ਦਰਵਾਜੇ ਤੇ ‘ਰੰਘਰੇਟੇ ਗੁਰੂ ਕੇ ਬੇਟੇ‘ ਬਣ ਕੇ ਚਮਕੌਰ ਦੀ ਗੜ੍ਹੀ ਦੇ ਅੰਦਰ ਕਿਸੇ ਵੀ ਮੁਗਲ ਅਤੇ ਬਾਈਧਾਰ ਦੇ ਰਾਜਿਆਂ ਦੇ ਫੌਜੀ ਨੂੰ ਦਾਖ਼ਲ ਨਹੀਂ ਹੋਣ ਦਿੱਤਾ। ਅਖੀਰ ਇਹਨਾਂ ਨੇ ਲੜਦਿਆਂ-ਲੜਦਿਆਂ ਚਮਕੌਰ ਦੀ ਗੜ੍ਹੀ ਦੇ ਦਰਵਾਜ਼ੇ ਅੱਗੇ ਹੀ ਸ਼ਹੀਦੀ ਪ੍ਰਾਪਤ ਕੀਤੀ। ਅੱਜ ਵੀ ਭਗਰਾਣੇ ਵਿੱਚ ਭਾਈ ਮਦਨ ਸਿੰਘ ਅਤੇ ਭਾਈ ਕੋਠਾ ਸਿੰਘ ਦੀ ਯਾਦ ਵਿੱਚ ਅਸਥਾਨ ਬਣਿਆ ਹੋਇਆ ਹੈ। ਪਿੰਡ ਵਿੱਚ ਵੀ ਇਹਨਾਂ ਦੀ ਜਗ੍ਹਾ ਹੈ। ਚਮਕੌਰ ਦੀ ਗੜ੍ਹੀ ਵਿੱਚ ਵੀ ਇਹਨਾਂ ਦੀ ਯਾਦਗਾਰ ਕਾਇਮ ਹੈ।
ਗੁਰੂ ਤੇਗ ਬਹਾਦਰ ਜੀ ਨੇ ਪਿੰਡਾਂ-ਪਿੰਡਾਂ ਵਿੱਚ ਜਾ ਕੇ ਸਿੱਖਾਂ ਵਿੱਚ ਸਿੱਖੀ ਨੂੰ ਦ੍ਰਿੜ੍ਹ ਕਰਵਾਇਆ ਅਤੇ ਅੱਗੇ ਗੁਰੂ ਗੋਬਿੰਦ ਸਿੰਘ ਜੀ ਨਾਲ ਰਲ ਕੇ ਇਹਨਾਂ ਸਿੱਖਾਂ ਨੇ ਪੰਥ ਦੀ ਚੜ੍ਹਦੀਕਲਾ ਲੲੀ ਬਹੁਤ ਵੱਡੇ ਕਾਰਜ ਕੀਤੇ।
ਅਸੀਂ ਅਗਲੀ ਲੜੀ ਵਿੱਚ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਉਗਾਣੀ ਤੋਂ ਹੁੰਦੇ ਹੋਏ ਬਹਾਦਰਗੜ੍ਹ ਪਹੁੰਚਦੇ ਹਨ। ਚੌਮਾਸਾ ( ਚਾਰ ਮਹੀਨੇ ਦਾ ਸਮਾਂ) ਕਿਸ ਕੋਲ ਕੱਟਦੇ ਹਨ। ਇੱਥੇ ਕਿਵੇਂ ਨੇੜੇ ਤੇੜੇ ਦੇ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਹਨ। ਗੁਰੂ ਤੇਗ ਬਹਾਦਰ ਜੀ ਨੂੰ ਕੌਣ ਆਪਣੇ ਕਿਲ੍ਹੇ ਅੰਦਰ ਲੈ ਕੇ ਗਿਆ ਸੀ।
ਗੁਰੂ ਸਾਹਿਬ ਦਾ ਪੂਰਾ ਇਤਿਹਾਸ ਸਾਡੇ ਯੂਟਿਊਬ ਅਤੇ ਫੇਸਬੁੱਕ ਤੇ ‘ਖੋਜ ਵਿਚਾਰ’ ਚੈਨਲ ਉੱਤੇ ਸ੍ਰਵਨ ਕਰੋ ਜੀ।