ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 41 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਪਹਿਲੀ ਧਰਮ ਪ੍ਰਚਾਰ ਯਾਤਰਾ ਵੇਲੇ ਕਿੱਥੇ ਪੜਾਅ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਧਰਮ ਪ੍ਰਚਾਰ ਯਾਤਰਾ ਦੌਰਾਨ ਦੁਗਰੀ ਤੋਂ ਹੁੰਦਿਆਂ ਹੋਇਆਂ ਅੱਗੇ ਕਿਥੇ ਪ੍ਰਚਾਰ ਕਰਨ ਲਈ ਪਹੁੰਚਦੇ ਹਨ
ਰੋਪੜ ਕੋਲ ਪਿੰਡ ਦੁਗਰੀ ਅਤੇ ਕੋਟਲੀ ਤੋਂ ਹੁੰਦਿਆਂ ਹੋਇਆਂ ਗੁਰੂ ਤੇਗ ਬਹਾਦਰ ਜੀ ਮਾਨਪੁਰ ਪਹੁੰਚਦੇ ਹਨ। ਮਾਨਪੁਰ ਰੋਡ ਤੇ ਹੀ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੋਂ ਦਾ ਜ਼ਿਆਦਾ ਇਤਿਹਾਸ ਨਹੀਂ ਮਿਲਦਾ। ਇੱਥੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ। ਇੱਥੇ ਪਹੁੰਚਣ ਤੇ ਸਾਨੂੰ ਇੱਕ ਗੱਲ ਜਰੂਰ ਪਤਾ ਲੱਗੀ ਕਿ ਇੱਥੇ ਪਹਿਲਾਂ ਬਹੁਤ ਵੱਡਾ ਵਿਦਿਆਲਾ ਸੀ, ਜਿੱਥੇ ਬੱਚਿਆਂ ਨੂੰ ਕੀਰਤਨ ਸਿਖਲਾਈ ਅਤੇ ਗੁਰਬਾਣੀ ਦੀ ਸੰਥਿਆ ਦਿੱਤੀ ਜਾਂਦੀ ਸੀ। ਪਰ ਹੁਣ ਉਹ ਸਭ ਕੁਝ ਬੰਦ ਹੋ ਚੁੱਕਾ ਹੈ, ਹੁਣ ਸਿਰਫ ਇੱਥੇ ਗੁਰਦੁਆਰਾ ਸਾਹਿਬ ਹੈ, ਜਿਸਦੇ ਸੰਗਤਾਂ ਆ ਕੇ ਦਰਸ਼ਨ ਕਰਦੀਆਂ ਹਨ ਅਤੇ ਨਾਮ ਬਾਣੀ ਨਾਲ ਜੁੜਦੀਆਂ ਹਨ। ਗੁਰੂ ਤੇਗ ਬਹਾਦਰ ਜੀ ਮਾਨਪੁਰ ਤੋਂ ਚੱਲ ਕੇ 13 ਕਿਲੋਮੀਟਰ ਦੂਰ ਪਿੰਡ ਘੜੂੰਆਂ ਵਿਖੇ ਪਹੁੰਚਦੇ ਹਨ। ਇੱਥੇ ਇੱਕ ਬਲਰਾਮ ਨਾਂ ਦਾ ਤਰਖਾਣ ਰਹਿੰਦਾ ਸੀ। ਉਹ ਗੁਰੂ ਸਾਹਿਬ ਜੀ ਅੱਗੇ ਬੇਨਤੀ ਕਰਦਾ ਹੈ ਕਿ ਗੁਰੂ ਜੀ, ਮੈਂ ਬਹੁਤ ਦੁਖੀ ਹਾਂ। ਤੁਸੀਂ ਮੇਰੇ ਤੇ ਕਿਰਪਾ ਕਰੋ। ਮੇਰੇ ਘਰ ਵਿਚੋਂ ਤਪਦਿਕ ਬੀਮਾਰੀ ਨਹੀਂ ਜਾਂਦੀ। ਜਿਸ ਕਰਕੇ ਜੋ ਵੀ ਬਚਤ ਹੁੰਦੀ ਹੈ, ਉਹ ਸਾਰੀ ਬੀਮਾਰੀ ਵਿੱਚ ਹੀ ਚਲੀ ਜਾਂਦੀ ਹੈ। ਸਿਰਫ਼ ਮੈਂ ਹੀ ਨਹੀਂ ਸਗੋਂ ਹੋਰ ਲੋਕ ਵੀ ਇਸ ਬੀਮਾਰੀ ਤੋਂ ਇਸ ਤਪਦਿਕ ਬੀਮਾਰੀ ਤੋਂ ਦੁਖੀ ਹਨ। ਇਹ ਤਪਦਿਕ ਬੀਮਾਰੀ, ਜਿਸਨੂੰ ਅਸੀਂ ਟੀ ਬੀ ਵੀ ਕਹਿ ਦਿੰਦੇ ਹਾਂ। ਸਾਨੂੰ ਪਤਾ ਹੀ ਹੈ ਕਿ ਸਰਕਾਰ ਵੱਲੋਂ ਬਹੁਤ ਸਾਰੇ ਕਦਮ ਟੀ ਬੀ ਨੂੰ ਖਤਮ ਕਰਨ ਲਈ ਚੁੱਕੇ ਗਏ ਹਨ ਅਤੇ ਹੁਣ ਤਕਰੀਬਨ ਕਾਫੀ ਹੱਦ ਤੱਕ ਟੀ ਬੀ ਖਤਮ ਹੋ ਚੁੱਕੀ ਹੈ, ਪਰ ਅਜੇ ਵੀ ਇਹ ਬੀਮਾਰੀ ਸਾਡੇ ਘਰਾਂ ਵਿੱਚ ਹੈ। ਉਸ ਸਮੇਂ ਗੁਰੂ ਜੀ ਨੇ ਇਹਨਾਂ ਰੋਗੀਆਂ ਲਈ ਬਹੁਤ ਪ੍ਰਬੰਧ ਕੀਤੇ, ਇਹਨਾਂ ਰੋਗੀਆਂ ਦਾ ਇਲਾਜ ਕੀਤਾ। ਜੋ ਕੰਮ ਸਰਕਾਰਾਂ ਨੇ ਕਰਨਾ ਸੀ, ਕਿਤੇ ਨਾ ਕਿਤੇ ਉਹ ਕੰਮ ਗੁਰੂ ਸਾਹਿਬ ਜੀ ਖੁਦ ਕਰ ਰਹੇ ਸਨ। ਇਸ ਬੀਮਾਰੀ ਦੇ ਪ੍ਰਭਾਵ ਹੇਠ ਦੂਜੇ ਲੋਕ ਨਾ ਆ ਜਾਣ ਭਾਵ ਦੂਜਿਆਂ ਨੂੰ ਲਾਗ ਨਾ ਲੱਗੇ, ਇਸ ਲੲੀ ਉਹਨਾਂ ਪਰਿਵਾਰਾਂ ਨੂੰ ਅੱਲਗ ਰਹਿਣਾ ਪੈਂਦਾ ਸੀ।
ਸੋ, ਗੁਰੂ ਸਾਹਿਬ ਨੇ ਇਸ ਤਰਖਾਣ ਲਈ ਵੀ ਯੋਗ ਪ੍ਰਬੰਧ ਕੀਤੇ। ਇੱਥੇ ਪਾਣੀ ਦਾ ਸਰੋਤ ਹੋਣ ਕਰਕੇ ਇਸਨੂੰ ਸਾਫ਼ ਪਾਣੀ ਨਾਲ ਇਸ਼ਨਾਨ ਕਰਾਇਆ ਅਤੇ ਇਸਦਾ ਇਲਾਜ ਕੀਤਾ ਗਿਆ। ਦਵਾਈ-ਬੂਟੀ ਦੇ ਨਾਲ -ਨਾਲ ਇਸਦਾ ਇਲਾਜ ਪਰਮਾਤਮਾ ਦਾ ਨਾਮ ਅਤੇ ਗੁਰੂ ਦੀ ਸੰਗਤ ਸੀ, ਜਿਸ ਕਾਰਨ ਅੰਦਰੋਂ ਟੁੱਟਿਆ ਹੋਇਆ ਮਨੋਬਲ ਤਕੜਾ ਹੋ ਜਾਂਦਾ ਸੀ। ਇਹ ਗੁਰਬਾਣੀ ਪੜ੍ਹਦਿਆਂ ਹੋਇਆਂ ਅਤੇ ਇਲਾਜ ਕਰਦਿਆਂ ਹੋਇਆਂ ਆਪਣੇ ਘਰ ਵਿੱਚੋਂ ਬੀਮਾਰੀ ਖ਼ਤਮ ਕਰ ਲੈਂਦੇ ਸਨ।
ਸੋ, ਇੱਥੇ ਰਹਿ ਕੇ ਗੁਰੂ ਸਾਹਿਬ ਜੀ ਨੇ ਇਸ ਭਿਆਨਕ ਬੀਮਾਰੀ ਤੋਂ ਜਾਗਰੂਕ ਕੀਤਾ। ਸੰਗਤਾਂ ਇਕੱਠੀਆਂ ਹੋਣੀਆਂ ਸ਼ੁਰੂ ਹੋ ਗੲੀਆਂ। ਇੱਥੇ ਹੀ ਗੁਰੂ ਸਾਹਿਬ ਜੀ ਨੇ ਧਰਮਸ਼ਾਲਾ ਕਾਇਮ ਕਰਨ ਲਈ ਕਿਹਾ। ਇੱਥੇ ਅੱਜ ਗੁਰਦੁਆਰਾ ਅਕਾਲਗੜ੍ਹ ਸਾਹਿਬ ਸੁਸ਼ੋਭਿਤ ਹੈ। ਇੱਥੇ ਇੱਕ ਬਾਗ਼ ਵੀ ਹੈ। ਇਸ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ।ਅਗਲੀ ਲੜੀ ਨੰ 43 ਵਿੱਚ ਅਸੀਂ ਆਨੰਦਪੁਰ ਕਲੋੜ ਦਾ ਇਤਿਹਾਸ ਸ੍ਰਵਣ ਕਰਾਂਗੇ। ਫੇਸਬੁੱਕ ਅਤੇ ਯੂਟਿਊਬ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਸਫ਼ਰ ਏ ਪਾਤਸ਼ਾਹੀ ਨੌਵੀਂ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।