ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 3 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਬਾਰੇ ਸ੍ਰਵਨ ਕੀਤਾ ਸੀ ਕਿ ਛੋਟੀ ਉਮਰ ਵਿੱਚ ਹੀ ਗੁਰੂ ਸਾਹਿਬ ਜੀ ਦਾ ਸੁਭਾਅ ਪਤਾ ਲੱਗ ਗਿਆ ਸੀ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨੇ ਕਿਸ ਪਾਸੋਂ ਅਤੇ ਕਿਹੜੀ-ਕਿਹੜੀ ਵਿਦਿਆ ਪ੍ਰਾਪਤ ਕੀਤੀ
ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਮੱਦਰਸਿਆਂ ਜਾਂ ਪਾਠਸ਼ਾਲਾ ਵਿੱਚ ਪੜ੍ਹਾਈ ਹੁੰਦੀ ਸੀ। ਗੁਰੂ ਨਾਨਕ ਸਾਹਿਬ ਜੀ ਪਾਠਸ਼ਾਲਾ ਵਿੱਚ ਪੜ੍ਹਨ ਜਾਂਦੇ ਸਨ ਜਿੱਥੋਂ ਗੁਰੂ ਜੀ ਸੰਸਕ੍ਰਿਤ ਅਤੇ ਗਿਣਤੀ ਦੀ ਪੜ੍ਹਾਈ ਕਰਦੇ ਸਨ। ਫਿਰ ਮੱਦਰਸੇ ਵਿੱਚ ਜਾਂਦੇ ਹਨ ਜਿੱਥੇ ਉਹਨਾਂ ਨੂੰ ਫਾਰਸੀ ਭਾਸ਼ਾ ਦਾ ਵੀ ਗਿਆਨ ਕਰਾਇਆ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਬਹੁਤ ਵਧੀਆ ਤਰੀਕੇ ਨਾਲ ਪੜ੍ਹਾਈ ਕੀਤੀ। ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਵਿਦਿਆਲਯ ਖੋਲ੍ਹਿਆ। ਗੁਰੂ ਅੰਗਦ ਦੇਵ ਜੀ ਨੇ 35 ਅੱਖਰੀ ਨੂੰ ਸੋਧ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਦੀ ਪਾਲਣਾ ਕਰਦਿਆਂ ਹੋਇਆਂ ਗੁਰਮੁਖੀ ਦੇ ਕੈਦੇ ਤਿਆਰ ਕੀਤੇ। ਗੁਰੂ ਸਾਹਿਬ ਜੀ ਨੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗੁਰਮੁਖੀ ਭਾਸ਼ਾ ਪੜ੍ਹਾਉਣੀ ਸ਼ੁਰੂ ਕਰ ਦਿੱਤੀ। ਇਹ ਕਲਾਸਾਂ ਸਭ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਲਗਾਉਣੀਆਂ ਸ਼ੁਰੂ ਕੀਤੀਆਂ। ਗੁਰੂ ਸਾਹਿਬ ਜੀ ਦੇ ਵਿਦਿਆਲਯ ਵਿੱਚ ਹੋਰ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਸਨ। ਬਾਹਰ ਦੀ ਵਿਦਿਆ ਲੈਣ ਵਾਸਤੇ ਜਾਣਾ ਪੈਂਦਾ ਸੀ ਪਰ ਗੁਰਮੁਖੀ ਭਾਸ਼ਾ ਨੂੰ ਪੜ੍ਹਨ ਲਈ ਗੁਰੂ ਅੰਗਦ ਦੇਵ ਜੀ ਨੇ ਖੁਦ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਕਲਾਸਾਂ ਲਗਾਈਆਂ। ਵਿਦਿਆਰਥੀ ਅਤੇ ਟੀਚਰ ਤਿਆਰ ਕੀਤੇ ਤਾਂ ਕਿ ਗੁਰਬਾਣੀ ਨੂੰ ਪੜ੍ਹਨ ਅਤੇ ਸਮਝਣ ਲਈ ਵਿਦਿਆ ਦੀ ਲੋੜ ਪੂਰੀ ਹੋ ਸਕੇ, ਵਧੀਆ ਤਰੀਕੇ ਨਾਲ ਗੁਰਮੁਖੀ ਭਾਸ਼ਾ ਨੂੰ ਸਿੱਖਿਆ ਜਾ ਸਕੇ ਅਤੇ ਸ਼ੁੱਧ ਪੰਜਾਬੀ ਬੋਲੀ ਜਾ ਸਕੇ ਤਾਂ ਹੀ ਅਸੀਂ ਗੁਰਬਾਣੀ ਦਾ ਸੁ਼ੱਧ ਉਚਾਰਣ ਕਰ ਸਕਦੇ ਹਾਂ। ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਿਖੇ ਇਹ ਕਲਾਸਾਂ ਅੱਗੇ ਜਾਰੀ ਕੀਤੀਆਂ। ਗੋਇੰਦਵਾਲ ਸਾਹਿਬ ਨੂੰ ਸਿੱਖੀ ਦਾ ਧੁਰਾ ਕਿਹਾ ਜਾਂਦਾ ਹੈ। ਗੋਇੰਦਵਾਲ ਸਾਹਿਬ ਵਿਖੇ ਇਹ ਕਲਾਸਾਂ ਚਲਦੀਆਂ ਰਹੀਆਂ। ਵਿਦਿਆ ਪੜ੍ਹਾਉਣ ਲਈ ਵਿਦਿਆਲਯ ਖੋਲ੍ਹਿਆ ਗਿਆ। ਉੱਥੇ ਹੀ ਜਿੱਥੇ ਗੁਰੂ ਅਮਰਦਾਸ ਜੀ ਖੁਦ ਸਿਰੰਦਾ ਸਿੱਖਦੇ ਸਨ, ਉਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਵੀ ਸਿਰੰਦਾ ਸਿਖਾਇਆ। ਨਾਲ ਹੀ ਕੀਰਤਨ ਅਤੇ ਰਾਗ ਵਿਦਿਆ ਦੀਆਂ ਕਲਾਸਾਂ ਵੀ ਲਗਾਈਆਂ ਗਈਆਂ। ਗੋਇੰਦਵਾਲ ਸਾਹਿਬ ਵਿਖੇ ਰਹਿੰਦਿਆਂ ਹੋਇਆਂ ਹੀ ਗੁਰੂ ਰਾਮਦਾਸ ਜੀ ਨੇ ਖੁਦ ਰਾਗ ਸਿੱਖੇ। ਗੁਰੂ ਅਰਜਨ ਦੇਵ ਜੀ ਨੇ ਵੀ ਖੁਦ ਰਾਗ ਵਿਦਿਆ ਸਿੱਖੀ।
ਉਸ ਤੋਂ ਬਾਅਦ ਜਦੋਂ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ ਤਾਂ ਉੱਥੋਂ ਦੇ ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੂੰ ਥਾਪਿਆ ਗਿਆ। ਉਹ ਗ੍ਰੰਥੀ ਹੋਣ ਦੇ ਨਾਤੇ ਗੁਰਮਤਿ ਵਿਦਿਆਲਯ ਵਿੱਚ ਸੰਥਿਆ ਵੀ ਦਿੰਦੇ ਸਨ ਅਤੇ ਗੁਰਮੁਖੀ ਵੀ ਪੜ੍ਹਾਉਂਦੇ ਸਨ।
ਗੁਰੂ ਅਰਜਨ ਦੇਵ ਜੀ ਨੇ, ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵਿਦਿਆ ਪੜ੍ਹਨ ਲਈ ਬਾਬਾ ਬੁੱਢਾ ਜੀ ਕੋਲ ਭੇਜਿਆ। ਬਾਕੀ ਗੁਰੂ ਪੁੱਤਰਾਂ ਨੇ ਵੀ ਬਾਬਾ ਬੁੱਢਾ ਜੀ ਤੋਂ ਸੰਥਿਆ ਪ੍ਰਾਪਤ ਕੀਤੀ। ਜਿੱਥੇ ਗੁਰੂ ਹਰਿਗੋਬਿੰਦ ਜੀ ਨੇ ਖੁਦ ਬਾਬਾ ਬੁੱਢਾ ਜੀ ਤੋਂ ਸੰਥਿਆ ਪ੍ਰਾਪਤ ਕੀਤੀ। ਹੁਣ ਗੁਰੂ ਤੇਗ ਬਹਾਦਰ ਜੀ ਵੇਲੇ ਬਾਬਾ ਬੁੱਢਾ ਜੀ ਨੇ ਰਮਦਾਸ ਵਿਖੇ ਰਹਿੰਦਿਆਂ ਹੋਇਆਂ ਇੱਕ ਬਹੁਤ ਵੱਡਾ ਵਿਦਿਆਲਯ ਖੋਲ੍ਹਿਆ ਹੋਇਆ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ 4 ਸਾਲ ਦੀ ਉਮਰ ਵਿੱਚ ਵਿਦਿਆ ਲੈਣ ਲਈ ਰਮਦਾਸ ਵਿਖੇ ਬਾਬਾ ਬੁੱਢਾ ਜੀ ਕੋਲ ਭੇਜਿਆ। ਤੇਗ ਬਹਾਦਰ ਜੀ ਨੇ ਬਾਬਾ ਬੁੱਢਾ ਜੀ ਕੋਲ ਰਹਿੰਦਿਆਂ ਹੋਇਆਂ ਗੁਰਮੁਖੀ ਲਿਪੀ ਅਤੇ ਗੁਰਬਾਣੀ ਦੀ ਸੰਥਿਆ ਪ੍ਰਾਪਤ ਕੀਤੀ। ਕੇਵਲ ਗੁਰਬਾਣੀ ਦੀ ਸੰਥਿਆ ਅਤੇ ਗੁਰਮੁਖੀ ਲਿਪੀ ਦੀ ਪੜ੍ਹਾਈ ਹੀ ਨਹੀਂ ਕੀਤੀ ਸਗੋਂ ਬਾਬਾ ਬੁੱਢਾ ਜੀ ਤੋਂ ਜੀਵਨ ਤੋਂ ਇਹਨਾਂ ਨੂੰ ਬਹੁਤ ਵੱਡੀ ਸਿੱਖਿਆ ਮਿਲੀ। ਗੁਰੂ ਸਾਹਿਬ, ਬਾਬਾ ਬੁੱਢਾ ਜੀ ਦੇ ਜੀਵਨ ਤੋਂ ਬਹੁਤ ਪ੍ਰਭਾਵਿਤ ਹੋਏ। ਉਹਨਾਂ ਦਾ ਅੰਮ੍ਰਿਤ ਵੇਲੇ ਦਾ ਨਿਤਨੇਮ, ਦਰਬਾਰ ਸਾਹਿਬ ਜਾ ਕੇ ਪ੍ਰਕਾਸ਼ ਕਰਨਾ, ਦਰਬਾਰ ਸਾਹਿਬ ਦੀ ਜ਼ਿੰਮੇਵਾਰੀ ਨਿਭਾਉਣੀ, ਸੇਵਾ ਕਰਨੀ। ਉੱਥੇ ਹੀ ਬਾਬਾ ਬੁੱਢਾ ਜੀ ਨੇ ਹੱਲ ਵਾਹ ਕੇ ਖੇਤੀ ਕਰਕੇ ਜੋ ਗੁਜ਼ਾਰਾ ਕਰਨਾ, ਉਸ ਵਿੱਚੋਂ ਦਸਵੰਧ ਕੱਢ ਕੇ ਗੁਰੂ ਘਰ ਲਈ ਭੇਜਦੇ ਸਨ। ਇਹ ਸਾਰਾ ਕੁਝ ਗੁਰੂ ਸਾਹਿਬ ਨੇ 4 ਸਾਲ ਦੀ ਉਮਰ ਤੋਂ 6 ਸਾਲ ਦੀ ਉਮਰ ਤੱਕ ਦੇਖਿਆ ਅਤੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਆਪਣੇ ਪਿਤਾ ਤੱਕ ਇਤਿਹਾਸ ਦਾ ਆਨੰਦ ਮਾਣਿਆ। ਬਾਬਾ ਬੁੱਢਾ ਜੀ ਤੋਂ ਆਪਣੇ ਦਾਦਾ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀਆਂ ਕਥਾ ਸੁਣੀਆਂ। ਲਗਾਤਾਰ 6 ਸਾਲ ਤੱਕ ਬਾਬਾ ਬੁੱਢਾ ਜੀ ਦੇ ਜੀਵਨ ਦੀਆਂ ਕਈ ਰਮਜ਼ਾਂ ਨੂੰ ਗੁਰੂ ਤੇਗ ਬਹਾਦਰ ਜੀ ਸਮਝ ਚੁੱਕੇ ਸਨ। ਉਹਨਾਂ ਨੇ ਬਾਬਾ ਬੁੱਢਾ ਜੀ ਦੀ ਜੀਵਨ ਵਿੱਚ ਕੀਤੀ ਹੋਈ ਕਮਾਈ ਨੂੰ ਆਪਣੇ ਹਿਰਦੇ ਵਿੱਚ ਸਮੋ ਕੇ ਰੱਖਿਆ। ਬਾਬਾ ਬੁੱਢਾ ਜੀ ਕੋਲੋਂ ਗੁਰਬਾਣੀ ਦੀ ਸੰਥਿਆ ਦੇ ਨਾਲ-ਨਾਲ ਹੋਰ ਕਿਹੜੀ ਵਿਦਿਆ ਗੁਰੂ ਤੇਗ ਬਹਾਦਰ ਜੀ ਨੂੰ ਪੜ੍ਹਾਈ ਗਈ। ਹੋਰ ਕਿਹੜੇ-ਕਿਹੜੇ ਉਸਤਾਦਾਂ ਕੋਲੋਂ ਉਹਨਾਂ ਨੇ ਵਿਦਿਆ ਦੀ ਦਾਤ ਪ੍ਰਾਪਤ ਕੀਤੀ, ਇਹ ਅਸੀਂ ਅਗਲੀ ਲੜੀ ਨੰ 5 ਵਿੱਚ ਸ੍ਰਵਨ ਕਰਾਂਗੇ।