ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 38 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਨਗਰ ਵਸਾਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਵੱਖ-ਵੱਖ ਕਿਰਤਾਂ ਦੇ ਲੋਕ ਉੱਥੇ ਆ ਕੇ ਵਸਣਾ ਸ਼ੁਰੂ ਕਰ ਦਿੰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅਤੇ ਪੀਰ ਰੋਪੜੀ ਵਿੱਚ ਕੀ ਗੱਲਬਾਤ ਹੁੰਦੀ ਹੈ
ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਦੀ ਧਰਤੀ ਤੇ ਆਪਣੀ ਮਾਤਾ ਦੇ ਨਾਮ ਦੀ ਮੋਹਰੀ ਗੱਡ ਕੇ ਚੱਕ ਨਾਨਕੀ ਨਗਰ ਵਸਾਇਆ ਸੀ। ਇਸ ਨਗਰ ਦਾ ਨਿਰਮਾਣ ਬਹੁਤ ਖੂਬਸੂਰਤੀ ਨਾਲ ਹੋਣਾ ਸ਼ੁਰੂ ਹੋ ਗਿਆ। ਬੜਾ ਸੋਹਣਾ ਨਗਰ ਵਸਿਆ। ਬੜੇ ਸੋਹਣੇ ਘਰ, ਮੰਦਰ ਅਤੇ ਮੰਡੀਆਂ ਬਣਨੀਆਂ ਸ਼ੁਰੂ ਹੋ ਗੲੀਆਂ। ਦੁਕਾਨਾਂ ਬਣਨੀਆਂ ਸ਼ੁਰੂ ਹੋ ਗੲੀਆਂ। ਇੱਥੇ ਪਹੁੰਚੇ ਪੀਰ ਮੂਸਾ ਰੋਪੜੀ ਨੇ ਸਵਾਲ ਕੀਤਾ ਕਿ ਪਹਿਲਾਂ ਤਾਂ ਮੈਂ ਇਹ ਨਗਰ ਵਸਿਆ ਦੇਖਿਆ ਨਹੀਂ ਸੀ। ਕੌਣ ਇਹ ਨਗਰ ਵਸਾ ਰਿਹਾ ਹੈ। ਇੱਕ ਸਿੱਖ ਨੇ ਜਦੋਂ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਕਿ ਬੈਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਜੀ ਇਹ ਨਗਰ ਵਸਾ ਰਹੇ ਹਨ। ਪੀਰ ਨੇ ਕਿਹਾ ਕਿ ਮੈਂ ਨਹੀਂ ਮੰਨ ਸਕਦਾ ਕਿ ਇਹ ਕਿਵੇਂ ਹੋ ਸਕਦਾ ਹੈ ਅਤੇ ਬੈਰਾਗੀਆਂ ਨੂੰ ਇਹਨਾਂ ਝਮੇਲਿਆਂ ਵਿੱਚ ਫਸਣ ਦੀ ਕੀ ਲੋੜ ਹੈ। ਜਿੱਥੇ ਗੁਰੂ ਤੇਗ ਬਹਾਦਰ ਜੀ ਬੈਠੇ ਨਗਰ ਦਾ ਨਿਰਮਾਣ ਕਰਵਾ ਰਹੇ ਸਨ, ਉੱਥੇ ਇਹ ਪਹੁੰਚ ਗਿਆ। ਇਸਨੇ ਗੁਰੂ ਤੇਗ ਬਹਾਦਰ ਜੀ ਨੂੰ ਸਵਾਲ ਕੀਤਾ-
“ਇਸ ਪ੍ਰਵਿਰਤਿ ਮਹਿ ਰਿਦਾ ਤੁਮਾਰੋ
ਗਨ ਸੇਵਕ ਕਿਮ ਪਾਰ ਉਤਾਰੋ”
ਭਾਵ ਗੁਰੂ ਜੀ, ਇਹ ਨਗਰ ਵਸਾਉਣੇ ਦੁਨੀਆਵੀ ਕਾਰਜ ਕਰਨੇ ਪੀਰਾਂ ਫ਼ਕੀਰਾਂ ਦੇ ਵੱਸ ਵਿੱਚ ਨਹੀਂ ਹਨ ਅਤੇ ਇਹ ਦੁਨੀਆਵੀ ਕਾਰਜ ਕਰਦਿਆਂ ਹੋਇਆਂ ਤੁਸੀਂ ਸੇਵਕਾਂ ਨੂੰ ਕਿਵੇਂ ਪਾਰ ਉਤਾਰੋਗੇ। ਗੁਰੂ ਤੇਗ ਬਹਾਦਰ ਜੀ ਨੇ ਮੂਸਾ ਰੋਪੜੀ ਨੂੰ ਕਿਹਾ ਕਿ ਪੀਰ ਜੀ, ਗ੍ਰਿਹਸਤ ਆਸ਼ਰਮ ਹੀ ਸਭ ਤੋਂ ਉੱਚਾ ਆਸ਼ਰਮ ਹੈ। ਗ੍ਰਿਹਸਤ ਮਾਰਗ ਤੇ ਚਲਦਿਆਂ ਹੋਇਆਂ, ਆਪਣੇ ਜੀਵਨ ਨੂੰ ਉੱਚਾ ਸੁੱਚਾ ਰੱਖ ਕੇ ਅਤੇ ਆਪਣੇ ਪਰਿਵਾਰ ਅਤੇ ਗ੍ਰਿਹਸਤ ਮਾਰਗ ਵਿੱਚ ਰਹਿੰਦਿਆਂ ਹੋਇਆਂ ਹੀ ਜੀਵਨ ਮੁਕਤ ਹੋ ਜਾਂਦਾ ਹੈ।
ਪੀਰ ਮੂਸਾ ਰੋਪੜੀ ਨੇ ਕਿਹਾ ਕਿ ਦੁਨੀਆ ਦਾ ਅਤੇ ਪੀਰਾਂ ਫ਼ਕੀਰਾਂ ਦਾ ਕੋਈ ਮੇਲ ਨਹੀਂ ਹੈ। ਇੱਕ ਪਾਸੇ ਗ੍ਰਿਹਸਤੀ ਅਤੇ ਇੱਕ ਪਾਸੇ ਪੀਰ (ਭਗਤੀ ਕਰਨ ਵਾਲੇ) ਦੋਨਾਂ ਦਾ ਆਪਸ ਵਿੱਚ ਮੇਲ ਨਹੀਂ ਹੋ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਕਿ ਪੀਰ ਜੀ, ਤੁਸੀਂ ਇੱਥੇ ਕੁਝ ਦਿਨ ਰੁਕੋ। ਤੁਹਾਡਾ ਭੁਲੇਖਾ ਨਿਕਲ ਜਾਵੇਗਾ ਅਤੇ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇੱਥੇ ਰਹਿੰਦਿਆਂ ਹੋਇਆਂ ਹੀ ਮਿਲ ਜਾਣਗੇ। ਸੋ, ਪੀਰ ਜੀ ਦੇ ਰਹਿਣ ਦਾ ਇੰਤਜ਼ਾਮ ਕੀਤਾ ਜਾਂਦਾ ਹੈ। ਸ਼ਾਮ ਹੁੰਦੀ ਹੈ। ਸਾਰੇ ਨਗਰ ਦੀਆਂ ਸੰਗਤਾਂ ਗੁਰੂ ਦਰਬਾਰ ਵਿੱਚ ਪਹੁੰਚਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋਦਰ ਦਾ ਪਾਠ ਹੁੰਦਾ ਹੈ। ਪਰਮੇਸ਼ਰ ਦੀ ਆਰਤੀ ਗਾਈ ਜਾਂਦੀ ਹੈ। ਬਾਣੀ ਪੜ੍ਹੀ ਜਾਂਦੀ ਹੈ। ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਸੰਗਤਾਂ ਆਨੰਦ ਮਾਣਦੀਆਂ ਹਨ। ਫਿਰ ਸਾਰੀਆਂ ਸੰਗਤਾਂ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੀਆਂ ਹਨ। ਨਗਰ ਵੱਡਾ ਹੋਣ ਕਰਕੇ ਦੂਰ-ਦੂਰ ਤੱਕ ਲੰਗਰ ਲਗਾਏ ਜਾਂਦੇ ਹਨ। ਰਾਤ ਹੁੰਦੀ ਹੈ। ਘਰਾਂ ਵਿੱਚੋਂ ਸੋਹਿਲਾ ਸਾਹਿਬ ਦੀਆਂ ਆਵਾਜ਼ਾਂ ਆਉਂਦੀਆਂ ਹਨ। ਰਾਤ ਗੁਜ਼ਰਦੀ ਹੈ। ਅਗਲਾ ਅੰਮ੍ਰਿਤ ਵੇਲਾ ਹੁੰਦਾ ਹੈ। ਮੂਸਾ ਰੋਪੜੀ ਦੇਖਦਾ ਹੈ ਕਿ ਕਿਰਤ ਕਰਨ ਵਾਲੇ ਬੰਦੇ ਅੰਮ੍ਰਿਤ ਵੇਲੇ ਚੌਂਕੜਾ ਮਾਰ ਕੇ ਵਾਹਿਗੁਰੂ ਦਾ ਸਿਮਰਨ ਕਰ ਰਹੇ ਹਨ। ਇਸ਼ਨਾਨ ਕਰ ਰਹੇ ਹਨ, ਬਾਣੀ ਪੜ੍ਹ ਰਹੇ ਹਨ। ਗੁਰੂ ਦਰਬਾਰ ਵਿੱਚ ਆ ਕੇ ਦੇਖਦਾ ਹੈ ਕਿ ਸੰਗਤਾਂ ਚੌਂਕੜਾ ਮਾਰ ਕੇ ਆਸਾ ਦੀ ਵਾਰ ਦਾ ਪਾਠ ਨਾਲ ਕਰ ਰਹੀਆਂ ਹਨ। ਕੀਰਤਨ ਹੁੰਦਾ ਹੈ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਂਦੀ ਹੈ। ਸੰਗਤਾਂ ਲੲੀ ਲੰਗਰ ਲਗਾਏ ਜਾਂਦੇ ਹਨ। ਦਿਹਾੜੀਦਾਰ, ਮਜ਼ਦੂਰ ਅਤੇ ਸ਼ਾਹੂਕਾਰ, ਸਾਰੇ ਇਕੋ ਲਾਈਨ ਵਿੱਚ ਬੈਠ ਕੇ ਪ੍ਰਸ਼ਾਦਾ ਛਕਦੇ ਹਨ। ਇੱਕ ਦੂਸਰੇ ਨੂੰ ਜੀ ਆਇਆਂ ਕਹਿੰਦੇ ਹਨ। ਸਤਿਕਾਰ ਨਾਲ ਬੋਲਿਆ ਜਾਂਦਾ ਹੈ। ਇਹ ਸਾਰਾ ਕੁਝ ਦੇਖ ਕੇ ਪੀਰ ਮੂਸਾ ਰੋਪੜੀ, ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਆ ਕੇ ਕਹਿਣ ਲੱਗਾ ਕਿ ਗੁਰੂ ਜੀ, ਮੈਨੂੰ ਇਸ ਪੀਰੀ ਦੇ ਨਿਵਾਸ ਦੀ ਕੋਈ ਲੋੜ ਨਹੀਂ ਹੈ। ਤੁਸੀਂ ਕਿਰਪਾ ਕਰਕੇ ਮੈਨੂੰ ਵੀ ਆਪਣਾ ਸਿੱਖ ਬਣਾ ਲਓ। ਮੈਂ ਵੀ ਤੁਹਾਡੇ ਨਗਰ ਵਿੱਚ ਰਹਿ ਕੇ ਸਿੱਖੀ ਵਾਲੇ ਮਾਰਗ ਤੇ ਚਲਦਿਆਂ ਹੋਇਆਂ ਆਪਣਾ ਜੀਵਨ ਸਫ਼ਲ ਕਰਾਂਗਾ।
ਸੋ, ਗੁਰੂ ਘਰ ਦੇ ਕੀਰਤਨੀਏ ਵੀ ਜਿੱਥੇ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਗੁਰੂ ਘਰ ਦੀ ਹਾਜ਼ਰੀ ਭਰਦੇ ਹਨ, ਉੱਥੇ ਹੀ ਦੂਰ-ਦੂਰਾਡੇ ਦੇਸ਼ਾਂ ਵਿੱਚ ਪ੍ਰਚਾਰ ਕਰਨ ਵੀ ਜਾਂਦੇ ਸਨ। ਭਾਈ ਗੁਲਾਬ ਰਾਇ ਜੀ, ਭਾਈ ਰਾਜਾ ਜੀ, ਭਾਈ ਬਹਿਲ ਜੀ, ਭਾਈ ਮਨਸੂਦ ਜੀ, ਭਾਈ ਹਰਿਬੰਸ ਜੀ, ਜਿੱਥੇ ਇਹ ਕੀਰਤਨ ਕਰਦੇ ਸਨ, ਨਾਲ-ਨਾਲ ਕਿਰਤ ਵੀ ਕਰਦੇ ਹਨ। ਸੋ, ਬਕਾਲੇ ਤੋਂ ਨਾਲ ਹੀ ਮੱਖਣ ਸ਼ਾਹ ਲੁਬਾਣਾ ਚਲਿਆ ਆਉਂਦਾ ਹੈ । ਮੱਖਣ ਸ਼ਾਹ ਲੁਬਾਣਾ ਦਾ ਵੀ ‘ਚੱਕ ਨਾਨਕੀ‘ ਨਗਰ ਵਸਾਉਣ ਵਿੱਚ ਬਹੁਤ ਯੋਗਦਾਨ ਸੀ। ਜਦੋਂ ਇਹ ਜਗ੍ਹਾ ਮੁੱਲ ਖ਼ਰੀਦੀ ਗਈ ਸੀ ਤਾਂ ਉਦੋਂ ਵੀ ਇਹ ਗੁਰੂ ਜੀ ਦੇ ਨਾਲ ਸੀ। ਮੱਖਣ ਸ਼ਾਹ ਲੁਬਾਣਾ ਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਵਪਾਰ ਵੱਲ ਚਲਿਆ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਨੇ ਅਗਲੀ ਧਰਮ ਪ੍ਰਚਾਰ ਫੇਰੀ ਕਰਨ ਦਾ ਮਨ ਬਣਾਇਆ। ਕੁਝ ਮੁਖੀ ਸਿੱਖ- ਭਾਈ ਭਾਗੋ ਜੀ, ਭਾਈ ਰਾਮਾ ਜੀ, ਭਾਈ ਸਾਧੂ ਮੁਲਤਾਨੀ ਜੀ,
ਭਾਈ ਬਹਿਲੋ ਕੇ ਮੁਖੀ ਦੇਸ ਰਾਜ ਜੀ ਅਤੇ ਕੁਝ ਹੋਰ ਸਿਖਾਂ ਨੂੰ ਚੱਕ ਨਾਨਕੀ ਨਗਰ ਵਸਾਉਣ ਦੀ ਜ਼ਿੰਮੇਵਾਰੀ ਦਿੱਤੀ। ਮੁਖੀ ਸਿੱਖਾਂ ਦੀ ਇਕੱਤਰਤਾ ਕਰਕੇ ਕਿਹਾ ਕਿ ਜੋ ਵੀ ਦਸਵੰਧ ਦੀ ਮਾਇਆ ਆਵੇ, ਉਸ ਨਾਲ ਇਸ ਨਗਰ ਨੂੰ ਵਸਾਉਣ ਦੇ ਕਾਰਜ ਕਰਨੇ ਹਨ, ਖੂਹ ਲਗਵਾਉਣੇ ਹਨ। ਇਹ ਸਾਰੀ ਜ਼ਿੰਮੇਵਾਰੀ ਤੁਹਾਡੀ ਰਹੇਗੀ ਅਤੇ ਹੁਣ ਅਸੀਂ ਧਰਮ ਪ੍ਰਚਾਰ ਯਾਤਰਾ ਲੲੀ ਚਾਲੇ ਪਾਉਂਦੇ ਹਾਂ।
ਅਗਲੀ ਲੜੀ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਅਗਲਾ ਸਫਰ ਸ੍ਰਵਨ ਕਰਾਂਗੇ ਕਿ ਗੁਰੂ ਜੀ ਪੰਜਾਬ ਦੇ ਪਿੰਡਾਂ ਦੇ ਦੌਰੇ ਕਰਦੇ ਹਨ, ਹਰਿਆਣਾ, ਲਖਨੳੂ ਅਤੇ ਕਾਨਪੁਰ ਹੁੰਦੇ ਹੋਏ ਪਟਨਾ ਸਾਹਿਬ ਪਹੁੰਚਦੇ ਹਨ। ਇਹ ਸਾਰੀ ਯਾਤਰਾ ਅਸੀਂ ਅਗਲੀ ਲੜੀ ਵਿੱਚ ਸੁਣਾਂਗੇ।
ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।