ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 37 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਮਾਖੋਵਾਲ ਜਗ੍ਹਾ ਨੂੰ ਪਸੰਦ ਕਰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਚੱਕ ਨਾਨਕੀ ਨਗਰ ਵਸਾਉਣਾ ਸ਼ੁਰੂ ਕਰ ਦਿੰਦੇ ਹਨ
19 ਜੂਨ 1665 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਮਾਖੋਵਾਲ ਪਿੰਡ ਸਹੋਡੇ ਦੀ ਉੱਚੀ ਥੇਹ ਉੱਤੇ ਪਹੁੰਚ ਗਏ ਸਨ। ਇੱਥੇ ਹੀ ਗੁਰੂ ਸਾਹਿਬ ਵੱਲੋਂ ਅੰਮ੍ਰਿਤ ਵੇਲੇ ਕੀਰਤਨ ਕੀਤਾ ਗਿਆ। ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕੀਤੀ ਜਾਂਦੀ ਹੈ। ਰਾਣੀ ਚੰਪਾ ਦਾ ਪਰਿਵਾਰ ਅਤੇ ਨੇੜੇ ਤੇੜੇ ਦੀਆਂ ਸੰਗਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਭੱਟ ਵਹੀਆਂ ਵਿੱਚ ਲਿਖਿਆ ਮਿਲਦਾ ਹੈ-
“ਗੁਰੂ ਤੇਗ ਬਹਾਦਰ ਜੀ ਮਹਲ ਨੌਵਾਂ ਬਾਸੀ ਕੀਰਤਪੁਰ
ਸਾਲ ਸਤਰੇ ਸੈ ਬਾਈਸ ਅਸਾੜ ਇਕੀਸ ਸੋਮਵਾਰ ਕੇ ਦਿਹੁੰ
ਮਾਖੋਵਾਲ ਗਰਾਮ ਕੇ ਥੇਹ ਤੇ ਬਾਬਾ ਗੁਰਦਿੱਤਾ ਜੀ ਰੰਧਾਵਾ
ਬੰਸ ਬਾਬਾ ਬੁੱਢਾ ਜੀ ਕੇ ਦਸਤ ਮੁਬਾਰਕ ਸੇ ਨਵੇਂ ਗਰਾਮ ਕੀ ਮੋੜ੍ਹੀ ਗੱਡੀ
ਨਾਉਂ ਚੱਕ ਨਾਨਕੀ ਰੱਖਾ ਗੁਰੂ ਕੀ ਕੜ੍ਹਾਈ ਕੀ”
ਕਿੰਨਾ ਸਤਿਕਾਰ ਸੀ ਬਾਬਾ ਬੁੱਢਾ ਜੀ ਦਾ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹੁਣ ਤੱਕ, ਉਨ੍ਹਾਂ ਦੇ ਪਰਿਵਾਰ ਨੂੰ ਹੀ ਗੁਰੂ ਘਰ ਵਿੱਚ ਮਾਣ ਮਿਲਦਾ ਰਿਹਾ ਹੈ। ਹਰ ਜਗ੍ਹਾ ਤੇ ਇਸੇ ਪਰਿਵਾਰ ਨੂੰ ਹੀ ਗੁਰੂ ਸਾਹਿਬ ਬਖਸ਼ਿਸ਼ਾਂ ਕਰਦੇ ਰਹੇ ਪਰ ਕਦੇ ਆਪਣਾ ਆਪ ਨਹੀਂ ਜਤਾਇਆ। ਭਾਈ ਗੁਰਦਿੱਤਾ ਜੀ ਵੱਲੋਂ ਪਿੰਡ ਸਹੋਟੇ ਦੀ ਉੱਚੀ ਥੇਹ ਉੱਤੇ ਮੋਹਰੀ ਗੱਡੀ ਜਾਂਦੀ ਹੈ ਅਤੇ ‘ ਚੱਕ ਨਾਨਕੀ‘ ਨਾਮ ਰਖਿੱਆ ਜਾਂਦਾ ਹੈ। ਜਦੋਂ ਕਦੇ ਤੁਸੀਂ ਆਨੰਦਪੁਰ ਸਾਹਿਬ ਜਾਓ ਤਾਂ ਇੱਥੇ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ ਹੈ, ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਨਿਵਾਸ ਸੀ। ਸੋ, ਇਹਨਾਂ ਬਾਕੀ ਅਸਥਾਨਾਂ ਦਾ ਜ਼ਿਕਰ ਅਸੀਂ ਅਗਲੀਆਂ ਲੜੀਆਂ ਵਿੱਚ ਇਤਿਹਾਸ ਦੇ ਮੁਤਾਬਕ ਕਰਾਂਗੇ। ਇਹ ਗੁਰਦੁਆਰਾ ਭੋਰਾ ਸਾਹਿਬ ਅੱਜ ਵੀ ਆਨੰਦਪੁਰ ਸਾਹਿਬ ਵਿੱਚ ਮੌਜੂਦ ਹੈ, ਜਿਹੜੀ ਜਗ੍ਹਾ ਤੇ ਚੱਕ ਨਾਨਕੀ ਨਗਰ ਵਸਾਉਣ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਨਿਵਾਸ ਸਥਾਨ ਰੱਖਿਆ ਸੀ। ਸੋ, ਦੀਵਾਨ ਦਰਗਾਹ ਮੱਲ ਜੀ ਵੱਲੋਂ ਅਰਦਾਸ ਕੀਤੀ ਜਾਂਦੀ ਹੈ। ਅਰਦਾਸ ਕਰਨ ਤੋਂ ਬਾਅਦ ਸਾਰੀਆਂ ਸੰਗਤਾਂ ਦੇ ਵਿਚਕਾਰ ਤਿਹਾਵਲ( ਕੜਾਹ ਪ੍ਰਸ਼ਾਦ) ਵਰਤਾਇਆ ਜਾਂਦਾ ਹੈ ਅਤੇ ਨਗਰ ਦਾ ਨਾਮ ‘ਚੱਕ ਨਾਨਕੀ‘ ਰੱਖਿਆ ਜਾਂਦਾ ਹੈ।ਸੋ, ਜਿਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਦਾ ਨਕਸ਼ਾ ਕੀਤਾ ਸੀ, ਗੁਰੂ ਤੇਗ ਬਹਾਦਰ ਜੀ ਵੀ ਉਹਨਾਂ ਨਗਰਾਂ ਵਿੱਚ ਵਿਚਰ ਚੁੱਕੇ ਸਨ। ਗੁਰੂ ਸਾਹਿਬਾਨ ਦੇ ਵਸਾਏ ਹੋਏ ਨਗਰਾਂ ਬਾਰੇ ਗੁਰੂ ਤੇਗ ਬਹਾਦਰ ਜੀ ਚੰਗੀ ਤਰ੍ਹਾਂ ਜਾਣੂ ਸਨ। ਗੁਰੂ ਸਾਹਿਬ ਇਸ ਵਿਦਿਆ ਵਿੱਚ ਵੀ ਬਹੁਤ ਮਾਹਿਰ ਸਨ ਅਤੇ ਗੁਰੂ ਸਾਹਿਬ ਨੇ ਪੂਰੇ ਅਨੰਦਪੁਰ ਸਾਹਿਬ ( ਚੱਕ ਨਾਨਕੀ) ਦਾ ਨਕਸ਼ਾ ਆਪ ਤਿਆਰ ਕੀਤਾ ਸੀ ਕਿ ਕਿੱਥੇ ਬਜ਼ਾਰ, ਮੰਡੀ ਅਤੇ ਧਰਮਸ਼ਾਲਾ ਬਣੇਗੀ, ਕਿੱਥੇ ਵਪਾਰ ਦਾ ਕੇਂਦਰ, ਘਰ ਅਤੇ ਲੋਕਾਂ ਦੇ ਨਿਵਾਸ ਬਣਾਏ ਜਾਣਗੇ। ਇੱਕ ਹੋਰ ਵੱਡੀ ਗੱਲ ਹੈ ਕਿ ਜਾਤਾਂ-ਪਾਤਾਂ ਨੂੰ ਲੈ ਕੇ ਕਿਸੇ ਵੱਖਰੀ ਦਿਸ਼ਾ ਵਿੱਚ ਕਿਸੇ ਦਾ ਮਕਾਨ ਨਹੀਂ ਬਣਾਇਆ ਗਿਆ। ਗੁਰੂ ਸਾਹਿਬ ਨੇ ਮਸੰਦਾਂ ਰਾਹੀਂ ਹੁਕਮਨਾਮੇ ਭੇਜ ਕੇ ਦੂਰ-ਦੂਰਾਡੇ ਦੇਸ਼ਾਂ ਵਿੱਚ ਇਹ ਖ਼ਬਰਾਂ ਪਹੁੰਚਾ ਦਿਤੀਆਂ ਕਿ ਗੁਰੂ ਸਾਹਿਬ ਜੀ ਨਵੇਂ ਨਗਰ ਦੀ ਉਸਾਰੀ ਕਰ ਰਹੇ ਹਨ। ਜੋ ਵੀ ਕੋਈ ਨਵੇਂ ਨਗਰ ਵਿੱਚ ਆ ਕੇ ਵਸਣਾ ਚਾਹੁੰਦਾ ਹੈ, ਉਹ ਆ ਕੇ ਵਸ ਸਕਦਾ ਹੈ। ਦੂਰ-ਦੂਰਾਡੇ ਦੀਆਂ ਸੰਗਤਾਂ ਨੇ ਆਪਣਾ ਸਮਾਨ ਲੈ ਕੇ ਚੱਕ ਨਾਨਕੀ ਪਹੁੰਚਣਾ ਸ਼ੁਰੂ ਕਰ ਦਿੱਤਾ।
ਕਾਰੀਗਰ ਮੰਗਾਏ ਗੲੇ। 24 ਘੰਟੇ ਲਈ ਗੁਰੂ ਤੇਗ ਬਹਾਦਰ ਜੀ ਨੇ ਲੰਗਰ ਦੇ ਪ੍ਰਬੰਧ ਕਰ ਦਿੱਤੇ। ਹੌਲੀ-ਹੌਲੀ ਨਗਰ ਵਸਣਾ ਸ਼ੁਰੂ ਹੋ ਗਿਆ। ਦੁਕਾਨਾਂ ਖੁੱਲ੍ਹ ਗੲੀਆਂ। ਕਾਰੀਗਰ ਆ ਗੲੇ।ਹਰ ਪਾਸੇ ਪਹਾੜੀਆਂ ਵਿੱਚ ਰੌਣਕਾਂ ਹੀ ਰੌਣਕਾਂ ਲਗ ਗੲੀਆਂ। ਹੁਣ ਇੱਥੇ ਰੋਪੜ ਦਾ ਰਹਿਣ ਵਾਲਾ ਇੱਕ ਪੀਰ ਮੂਸਾ ਰੋਪੜੀ ਲੰਘਿਆ ਜਾਂਦਾ ਹੈ। ਉਹ ਪੁੱਛਦਾ ਹੈ ਕਿ ਇਹ ਨਿਰਮਾਣ ਕੌਂਣ ਕਰਵਾ ਰਿਹਾ ਹੈ ਭਾਵ ਇਹ ਨਗਰ ਕੌਣ ਵਸਾ ਰਿਹਾ ਹੈ ਤਾਂ ਸਿੱਖਾਂ ਨੇ ਦੱਸਿਆ ਕਿ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਬਿਰਾਜਮਾਨ ਹਨ। ਉਹ ਬੈਰਾਗ ਦੀ ਮੂਰਤ ਹਨ।ਉਹ ਇਹ ਨਗਰ ਵਸਾ ਰਹੇ ਹਨ।ਸੋ, ਇਸ ਪੀਰ ਨੇ ਕਿੰਤੂ ਜ਼ਾਹਿਰ ਕੀਤਾ ਕਿ ਇਹ ਕਿਵੇਂ ਹੋ ਸਕਦਾ ਹੈ ਕਿ ਇੱਕ ਬੈਰਾਗੀ ਬੰਦਾ ਇੰਨੇ ਵੱਡੇ ਮਹਿਲ ਬਣਾਵੇ। ਇਹ ਨਹੀਂ ਹੋ ਸਕਦਾ ਕਿ ਇਹ ਗੁਰੂ ਬੈਰਾਗੀ ਹੋਵੇ। ਜਿੱਥੇ ਗੁਰੂ ਸਾਹਿਬ ਜੀ ਬੈਠੇ ਸਨ, ਉੱਥੇ ਮੂਸਾ ਰੋਪੜੀ ਨੇ ਆ ਕੇ ਗੁਰੂ ਸਾਹਿਬ ਜੀ ਨਾਲ ਗੱਲਬਾਤ ਕੀਤੀ।
ਅਸੀਂ ਲੜੀ ਨੰ 39 ਵਿੱਚ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅਤੇ ਪੀਰ ਵਿੱਚ ਕੀ ਗੱਲਬਾਤ ਹੁੰਦੀ ਹੈ। ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਸਫ਼ਰ ਏ ਪਾਤਸ਼ਾਹੀ ਨੌਵੀਂ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।