ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 36 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਨਵਾਂਸ਼ਹਿਰ ਤੋਂ ਹੁੰਂਦੇ ਹੋਏ ਅੱਗੇ ਕੀਰਤਪੁਰ ਸਾਹਿਬ ਨੂੰ ਚਲੇ ਜਾਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਆਪਣੀ ਪਹਿਲੀ ਧਰਮ ਪ੍ਰਚਾਰ ਯਾਤਰਾ ਤੋਂ ਵਾਪਸ ਕੀਰਤਪੁਰ ਸਾਹਿਬ ਵਿਖੇ ਪਹੁੰਚਦੇ ਹਨ ਅਤੇ ਗੁਰਗੱਦੀ ਦੀਆਂ ਵਸਤੂਆਂ ਵੀ ਗੁਰੂ ਤੇਗ ਬਹਾਦਰ ਜੀ ਨੂੰ ਸੌਂਪੀਆਂ ਜਾਂਦੀਆਂ ਹਨ
1644 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ, ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਹੁਕਮ ਮੰਨ ਕੇ ਆਪਣੀ ਮਾਤਾ ਅਤੇ ਆਪਣੀ ਪਤਨੀ ਮਾਤਾ ਗੁਜਰੀ ਜੀ ਨੂੰ ਨਾਲ ਲੈ ਕੇ ਬਕਾਲੇ ਚਲੇ ਗਏ ਸਨ। ਹੁਣ 1644 ਤੋਂ ਲੈ ਕੇ 1665 ਈਸਵੀ ਤੱਕ ਪੂਰੇ 21 ਸਾਲਾਂ ਬਾਅਦ ਕੀਰਤਪੁਰ ਸਾਹਿਬ ਆਉਂਦੇ ਹਨ।
ਗੁਰੂ ਸਾਹਿਬ ਜੀ ਦੇ ਬਕਾਲੇ ਜਾਣ ਤੋਂ ਬਾਅਦ ਗੁਰੂ ਹਰਿਰਾਇ ਸਾਹਿਬ ਜੀ ਨੇ ਇੱਥੇ ਕੀਰਤਪੁਰ ਸਾਹਿਬ ਵਿਖੇ ਹੀ 52 ਬਾਗ਼ ਲਗਵਾਏ ਸਨ। ਪਸ਼ੂ ਪੰਛੀਆਂ ਅਤੇ ਜਾਨਵਰਾਂ ਦੇ ਲਈ ਇੱਕ ਚਿੜਿਆਘਰ ਬਣਾਇਆ ਅਤੇ ਲੋਕਾਈ ਨੂੰ ਵੇਖਦੇ ਹੋਏ ਇੱਕ ਦਵਾਖਾਨਾ ਵੀ ਖੋਲਿਆ, ਜਿੱਥੇ ਲੋਕਾਂ ਨੂੰ ਦਵਾਈ ਦਿੱਤੀ ਜਾਂਦੀ ਸੀ। ਇੱਥੋਂ ਤੱਕ ਕਿ ਇੱਕ ਵੱਡਾ ਹਸਪਤਾਲ ਵੀ ਬਣਾਇਆ ਗਿਆ। ਗੁਰੂ ਹਰਿਰਾਇ ਸਾਹਿਬ ਜੀ ਆਪਣੇ ਤੋਂ ਬਾਅਦ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਇੱਥੇ ਹੀ ਗੁਰਤਾਗੱਦੀ ਦੇ ਕੇ ਗੲੇ ਸਨ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ ਸਵਾ ਪੰਜ ਸਾਲ ਦੀ ਉਮਰ ਵਿੱਚ ਗੁਰਤਾਗੱਦੀ ਦੀ ਜ਼ਿੰਮੇਵਾਰੀ ਸੰਭਾਲ ਕੇ ਗੁਰੂ ਸਾਹਿਬਾਨ ਵਾਲੇ ਕੰਮ ਕੀਤੇ। ਇੱਥੋਂ ਹੀ ਗੁਰੂ ਸਾਹਿਬ ਜੀ ਰਾਜਾ ਜੈ ਸਿੰਘ ਦੀ ਬੇਨਤੀ ਨੂੰ ਮੰਜੂਰ ਕਰਦਿਆਂ ਹੋਇਆਂ ਪੂਰੇ ਪਰਿਵਾਰ ਅਤੇ 2200 ਘੋੜਸਵਾਰਾਂ ਨੂੰ ਨਾਲ ਲੈ ਕੇ ਪੰਜੋਖੜਾ ਸਾਹਿਬ ਤੋਂ ਹੁੰਂਦੇ ਹੋਏ ਦਿੱਲੀ ਪਹੁੰਚਦੇ ਹਨ। ਦਿੱਲੀ ਵਿਖੇ ਹੀ ਰੋਗੀਆਂ ਦਾ ਇਲਾਜ ਕਰਦਿਆਂ ਹੋਇਆਂ 30 ਮਾਰਚ 1664 ਈਸਵੀ ਨੂੰ ਆਖਰੀ ਬਚਨ ‘ਬਾਬਾ ਬਕਾਲਾ‘ ਕਹਿ ਕੇ ਜੋਤੀ ਜੋਤਿ ਸਮਾ ਜਾਂਦੇ ਹਨ। ਦਿੱਲੀ ਤੋਂ ਭਾਈ ਦਰਗਾਹ ਮੱਲ ਜੀ ਸਿੱਖਾਂ ਨੂੰ ਨਾਲ ਲੈ ਕੇ 11 ਅਗਸਤ 1664 ਈਸਵੀ ਨੂੰ ਬਾਬਾ ਬਕਾਲੇ ਵਿਖੇ ਪਹੁੰਚ ਕੇ ਗੁਰਿਆਈ ਦੀ ਰਸਮ ਗੁਰੂ ਤੇਗ ਬਹਾਦਰ ਜੀ ਅੱਗੇ ਰੱਖ ਕੇ ਬਾਬਾ ਬੁੱਢਾ ਜੀ ਦੇ ਪੁੱਤਰ ਭਾਈ ਗੁਰਦਿੱਤਾ ਜੀ ਪਾਸੋਂ ਗੁਰਗੱਦੀ ਦਾ ਤਿਲਕ ਲਗਾ ਕੇ ਗੁਰਤਾਗੱਦੀ ਦੀ ਜ਼ਿੰਮੇਵਾਰੀ ਸੌਂਪੀ ਜਾਂਦੀ ਹੈ।
ਸੋ, ਗੁਰੂ ਬਣਨ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਆਪਣੀ ਪਹਿਲੀ ਧਰਮ ਪ੍ਰਚਾਰ ਯਾਤਰਾ 22 ਨਵੰਬਰ 1664 ਈਸਵੀ ਨੂੰ ਬਾਬਾ ਬਕਾਲੇ ਤੋਂ ਆਰੰਭ ਕਰਦੇ ਹਨ। ਇਸ ਯਾਤਰਾ ਦੌਰਾਨ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚੋਂ ਹੁੰਦਿਆਂ ਹੋਇਆਂ ਗੁਰੂ ਸਾਹਿਬ ਵਾਪਿਸ ਕੀਰਤਪੁਰ ਸਾਹਿਬ ਪਹੁੰਚ ਜਾਂਦੇ ਹਨ। ਕੀਰਤਪੁਰ ਸਾਹਿਬ ਵਿਖੇ ਗੁਰੂ ਜੀ ਦੇ ਪਹੁੰਚਣ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ (ਗੁਰੂ ਹਰਿਰਾਇ ਸਾਹਿਬ ਜੀ ਦੇ ਸੁਪਤਨੀ) ਅਤੇ ਪੂਰਾ ਪਰਿਵਾਰ , ਬਾਬਾ ਸੂਰਜ ਮੱਲ ਜੀ ਦੇ ਨਾਲ , ਅੱਗੋਂ ਗੁਰੂ ਸਾਹਿਬ ਜੀ ਨੂੰ ਲੈਣ ਆਉਂਦੇ ਹਨ। ਸੋ ਇੱਥੋਂ ਦੀਆਂ ਸੰਗਤਾਂ ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਤੋਂ ਬਾਅਦ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਜੋਤ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲੲੀ ਉਤਾਵਲੀਆਂ ਹੋ ਰਹੀਆਂ ਸਨ। ਜਿਵੇਂ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਸਮੇਤ ਇੱਥੇ ਪਹੁੰਚੇ ਹਨ ਤਾਂ ਇਲਾਕੇ ਦੀਆਂ ਸੰਗਤਾਂ ਨੇ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕਰਨ ਲਈ ਹੁੰਮ- ਹੁੰਮਾ ਕੇ ਕੀਰਤਪੁਰ ਸਾਹਿਬ ਪਹੁੰਚਣਾ ਸ਼ੁਰੂ ਕਰ ਦਿੱਤਾ। ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਗਿਆ। ਸੋ ਗੁਰਤਾਗੱਦੀ ਦੀਆਂ ਵਸਤੂਆਂ ਗੁਰੂ ਹਰਿਰਾਇ ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਦਿੱਤੀਆਂ ਸਨ, ਉਹ ਵਸਤੂਆਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਲਿਆ ਕੇ ਰੱਖ ਦਿੱਤੀਆਂ ਸਨ। ਬੜੇ ਸਤਿਕਾਰ ਦੇ ਨਾਲ਼ ਗੁਰੂ ਤੇਗ ਬਹਾਦਰ ਜੀ ਨੂੰ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਮਾਤਾ ਕ੍ਰਿਸ਼ਨ ਕੌਰ ਜੀ ਅਤੇ ਪੂਰੇ ਪਰਿਵਾਰ ਵੱਲੋਂ- ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਉਹ ਤਖ਼ਤ, ਜਿੱਥੇ ਗੁਰੂ ਸਾਹਿਬ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਉਪਦੇਸ਼ ਦਿੰਦੇ ਸਨ, ਸ਼ਸ਼ਤਰ ਕਲਗ਼ੀ, ਜਿਗਾ਼, ਲੰਗਰ ਦੇ ਬਰਤਨ, ਤੰਬੂ, ਦਰੀਆਂ, ਗਲੀਚੇ ਛਾਇਆਵਾਨ- ਜੋ ਕਿ ਇਹ ਸਾਰੀ ਪ੍ਰਾਪਟੀ ਜੋ ਕਿ ਇੱਕ ਗੁਰੂ ਸਾਹਿਬਾਨ ਤੋਂ ਦੂਜੇ ਗੁਰੂ ਸਾਹਿਬਾਨ ਨੂੰ ਗੁਰਤਾਗੱਦੀ ਬਖਸ਼ਦੇ ਸਨ ਤਾਂ ਸੇਵਾ ਦੇ ਨਾਲ਼ ਇਹ ਚੀਜ਼ਾਂ ਵੀ ਬਖਸ਼ਿਸ਼ ਕੀਤੀਆਂ ਜਾਂਦੀਆਂ ਸਨ ਤਾਂ ਕਿ ਗੁਰੂ ਸਾਹਿਬ ਸੰਗਤਾਂ ਦੀ ਲੋਕ ਭਲਾਈ ਲਈ ਇਹਨਾਂ ਚੀਜ਼ਾਂ ਨੂੰ ਵਰਤ ਸਕਣ। ਇੱਥੋਂ ਤੱਕ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਨਾਲ ਜੋ 2200 ਘੋੜਸਵਾਰ ਸਨ ,ਜੋ ਸੰਗਤਾਂ ਅਤੇ ਸਿੱਖ ਜੁੜੇ ਹੋਏ ਹਨ, ਉਹਨਾਂ ਨੂੰ ਵੀ ਵਾਪਿਸ ਬੁਲਾ ਕੇ ਗੁਰੂ ਤੇਗ ਬਹਾਦਰ ਜੀ ਸੇਵਾ ਵਿੱਚ ਹਾਜ਼ਿਰ ਕੀਤਾ ਜਾਂਦਾ ਹੈ। ਕਿਤੇ ਨਾ ਕਿਤੇ ਬਾਬਾ ਸੂਰਜ਼ ਮੱਲ ਜੀ ਦੇ ਮਸੰਦਾਂ ਦੇ ਅੰਦਰ ਈਰਖਾਬਾਜੀ ਸ਼ੁਰੂ ਹੋ ਗਈ ਸੀ। ਗੁਰੂ ਸਾਹਿਬ ਜੀ ਚਾਹੁੰਦੇ ਸਨ ਕਿ ਸਾਡੇ ਕਰਕੇ ਕਿਸੇ ਦਾ ਮਨ ਅਤੇ ਦਿਲ ਨਾ ਦੁਖੇ। ਸੋ, ਮਾਤਾ ਨਾਨਕੀ ਜੀ ਦੇ ਨਾਲ ਸਲਾਹ ਕੀਤੀ ਕਿ ਇੱਥੇ ਨੇੜੇ ਤੇੜੇ ਕੋਈ ਜਗ੍ਹਾ ਖਰੀਦੀ ਜਾਵੇ, ਜਿੱਥੇ ਕੋਈ ਈਰਖਾਬਾਜੀ ਨਾ ਹੋਵੇ। ਸੋ, ਮਾਤਾ ਨਾਨਕੀ ਜੀ ਦੇ ਕਹਿਣ ਤੇ ਨੇੜੇ ਤੇੜੇ ਜਗ੍ਹਾ ਦੇਖਣੀ ਸ਼ੁਰੂ ਕਰ ਦਿੱਤੀ ਗਈ। ਇਹ ਸਲਾਹਾਂ ਅਜੇ ਚੱਲ ਹੀ ਰਹੀਆਂ ਸਨ ਕਿ ਇੱਕ ਚਿੱਠੀ ਪਹਾੜੀ ਰਾਜਿਆਂ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਮਿਲੀ।
ਪਹਾੜੀ ਰਾਜੇ ਗੁਰੂ ਸਾਹਿਬ ਜੀ ਨੂੰ ਕਿਉਂ ਬੁਲਾਉਣਾ ਚਾਹੁੰਦੇ ਸਨ ਅਤੇ ਕੀ ਕਾਰਨ ਸੀ ਕਿ ਗੁਰੂ ਸਾਹਿਬ ਨੂੰ ਪਹਾੜੀਆਂ ਉੱਤੇ ਜਾਣਾ ਪਿਆ, ਇਹ ਅਸੀਂ ਅਗਲੀ ਲੜੀ ਨੰ 37 ਵਿੱਚ ਸ੍ਰਵਨ ਕਰਾਂਗੇ।
ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਜੋਤੀ ਜੋਤ ਸਮਾਏ, ਉੱਥੇ ਗੁਰਦੁਆਰਾ ਪਾਤਾਲ ਪੁਰੀ ਸਾਹਿਬ ਬਣਿਆ ਹੋਇਆ ਹੈ। ਜਿੱਥੇ ਗੁਰੂ ਜੀ ਦਾ ਨਿਵਾਸ ਅਸਥਾਨ ਸੀ, ਉੱਥੇ ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ (ਕੀਰਤਪੁਰ) ਦੇ ਤੁਸੀਂ ਦਰਸ਼ਨ ਕਰ ਰਹੇ ਹੋ।
ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਸ੍ਰਵਨ ਕਰਵਾਇਆ ਜਾ ਰਿਹਾ ਹੈ ਜੀ।