ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 34 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਸੰਗਤਾਂ ਦੀ ਬੇਨਤੀ ਤੇ ਖ਼ੂਹ ਲਗਵਾਉਂਦੇ ਹਨ ਜਿੱਥੇ ਗੁਰਦੁਆਰਾ ਗੁਰਪਲਾਹ ਸਾਹਿਬ ਹੈ।
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਨਵਾਂਸ਼ਹਿਰ ਪਹੁੰਚ ਕੇ ਅੱਗੇ ਕੀਰਤਪੁਰ ਸਾਹਿਬ ਵੱਲ ਚਾਲੇ ਪਾ ਦਿੰਦੇ ਹਨ

ਚੱਕ ਗੁਰੂ ਤੋਂ ਚੱਲ ਕੇ ਬੰਗੇ ਤੋਂ ਹੁੰਂਦੇ ਹੋਏ ਗੁਰੂ ਸਾਹਿਬ ਜੀ 27 ਕਿਲੋਮੀਟਰ ਦੂਰ ਨਵਾਂਸ਼ਹਿਰ ਪਹੁੰਚਦੇ ਹਨ। ਡਾਕਟਰ ਸੁਖਦਿਆਲ ਸਿੰਘ (ਪੰਜਾਬੀ ਯੂਨੀਵਰਸਿਟੀ) ਅਨੁਸਾਰ ‘ਗੁਰੂ ਤੇਗ ਬਹਾਦਰ ਮਾਰਗ‘ ਦੇ ਪੰਨਾ ਨੰ 33 ਉੱਤੇ ਜ਼ਿਕਰ ਕਰਦੇ ਹਨ ਕਿ ੲਿੱਥੇ ਇੱਕ ਮਾਈ ਪ੍ਰਚਾਰਕ ਸੀ, ਜੋ ਕਾਫੀ ਸਮੇਂ ਤੋਂ ਗੁਰਸਿੱਖੀ ਦਾ ਪ੍ਰਚਾਰ ਕਰ ਰਹੀ ਸੀ। ਜਦੋਂ ਗੁਰੂ ਤੇਗ ਬਹਾਦਰ ਜੀ ਇੱਥੇ ਆਏ ਤਾਂ ਉਸ ਮਾਈ ਨੇ ਬਾਕੀ ਪਿੰਡ ਦੀਆਂ ਸਾਰੀਆਂ ਮਾਈਆਂ ਨੂੰ ਇਕੱਤਰ ਕਰਕੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ। ਉਹ ਮਾਤਾ ਗੁਜਰ ਕੌਰ ਜੀ ਅਤੇ ਮਾਤਾ ਨਾਨਕੀ ਜੀ ਦੇ ਨਾਲ ਸੇਵਾ ਵਿੱਚ ਲੱਗੀ ਰਹੀ। ਗੁਰੂ ਸਾਹਿਬ ਜੀ ਨੇ ਇੱਥੇ ਨਿਵਾਸ ਕੀਤਾ। ਇੱਥੇ ਗੁਰੂ ਸਾਹਿਬ ਜੀ ਨੇ ਸੰਗਤਾਂ ਦੀ ਬੇਨਤੀ ਕਰਨ ਤੇ ਇੱਕ ਖੂਹ ਲਗਵਾਇਆ। ਇਹ ਖੂਹ ਅੱਜ ਵੀ ਮੌਜੂਦ ਹੈ। ਇਸੇ ਖੂਹ ਦਾ ਪਾਣੀ ਅੱਜ ਵੀ ਲੰਗਰਾਂ ਲਈ ਵਰਤਿਆ ਜਾਂਦਾ ਹੈ। ਇਸੇ ਖੂਹ ਦੇ ਪਾਣੀ ਨੂੰ ਅੱਜ ਵੀ ਪੀਤਾ ਜਾਂਦਾ ਹੈ। ਇੱਥੇ ਗੁਰੂ ਸਾਹਿਬ ਜੀ ਨੇ ਕੁਝ ਦੇਰ ਨਿਵਾਸ ਕੀਤਾ। ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ। ਇਹ ਜਗ੍ਹਾ ਨੀਵੀਂ ਹੋਣ ਕਰਕੇ ਇਸਨੂੰ ਨੀਵਾਂ ਸ਼ਹਿਰ ਕਿਹਾ ਜਾਂਦਾ ਸੀ। ਬਾਅਦ ਵਿੱਚ ਇਸੇ ਜਗ੍ਹਾ ਨੂੰ ਨਵਾਂ ਸ਼ਹਿਰ ਕਿਹਾ ਜਾਣ ਲੱਗ ਪਿਆ। ਜਿੱਥੇ ਗੁਰੂ ਤੇਗ ਬਹਾਦਰ ਜੀ ਨੇ ਨਿਵਾਸ ਕੀਤਾ ਸੀ, ਜਿੱਥੇ ਖੂਹ ਲਗਵਾਇਆ ਸੀ, ਇਸ ਜਗ੍ਹਾ ਦਾ ਨਾਂ ਗੁਰਿਆਣਾ ਸਾਹਿਬ ਸੀ ਅਤੇ ਇੱਥੇ ਗੁਰਦੁਆਰਾ ਮੰਜੀ ਸਾਹਿਬ ਦੇ ਨਾਮ ਨਾਲ ਸੁਸ਼ੋਭਿਤ ਹੈ। ਇੱਥੇ ਮੁੱਖ ਪ੍ਰਬੰਧਕ ਸੰਤ ਬਾਬਾ ਨਿਹਾਲ ਸਿੰਘ ਜੀ, ਮੁਖੀ ਮਿਸਲ ਸ਼ਹੀਦਾਂ ਪੰਥਕ ਅਕਾਲੀ ਤਰਨਾ ਦਲ, ਜਿਹਨਾਂ ਨੂੰ ਮਿਲਣ ਦਾ ਮੌਕਾ ਦਾਸ ਨੂੰ ਮਿਲਿਆ। ਇਹਨਾਂ ਦੇ ਨਾਲ ਬੈਠ ਕੇ ਵਿਚਾਰ ਕੀਤੀ ਗੲੀ ਅਤੇ ਇਸ ਇਤਿਹਾਸ ਬਾਰੇ ਜਾਣਕਾਰੀ ਲੲੀ ਗੲੀ।
ਕਿਤਾਬਾਂ ਦੇ ਅਨੁਸਾਰ ਪਤਾ ਲੱਗਿਆ ਕਿ ਇੱਥੇ ਨੇੜੇ ਹੀ ਇੱਕ ਪਿੰਡ ਦੁਰਗਾਪੁਰ ਹੈ ਜਿਹੜਾ ਕਿ ਇੱਥੋਂ 1-2 ਕਿਲੋਮੀਟਰ ਦੀ ਵਿੱਥ ਤੇ ਹੈ। ਗੁਰੂ ਤੇਗ ਬਹਾਦਰ ਜੀ ਇੱਥੇ ਆਏ ਸਨ। ਜਦੋਂ ਉੱਥੇ ਜਾ ਕੇ ਦਾਸ ਵਲੋਂ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ ਗੲੀ ਤਾਂ ਪਤਾ ਲੱਗਿਆ ਕਿ ਇਸ ਵਾਰ ਗੁਰੂ ਤੇਗ ਬਹਾਦਰ ਜੀ ਇੱਥੇ ਨਹੀਂ ਆਏ ਸਨ।ਇਸ ਤੋਂ ਪਹਿਲਾਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਜੀ , ਬਾਬਾ ਗੁਰਦਿੱਤਾ ਜੀ, ਗੁਰੂ ਹਰਿਰਾਇ ਸਾਹਿਬ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੇ ਨਾਲ ਕੀਰਤਪੁਰ ਸਾਹਿਬ ਨੂੰ ਗੲੇ ਸੀ ਤਾਂ ਉਦੋਂ ਗੁਰੂ ਸਾਹਿਬ ਜੀ ਨੇ ਇੱਥੇ ਨਿਵਾਸ ਕੀਤਾ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਅਜੇ ਗੁਰੂ ਨਹੀਂ ਬਣੇ ਸਨ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਇੱਥੇ ਆਏ ਸਨ। ਅੱਜ ਕੱਲ੍ਹ ਇੱਥੇ ਪੁਰਾਤਨ ਗੁਰਦੁਆਰਾ ਸਾਹਿਬ ਦੀ ਜਗ੍ਹਾ ਤੇ ਨਵਾਂ ਗੁਰਦੁਆਰਾ ਸਾਹਿਬ ਬਣਾਇਆ ਜਾਣਾ ਹੈ। ਇਹ ਉਹ ਅਸਥਾਨ ਹੈ। ਇਸ ਜਗ੍ਹਾ ਦਾ ਨਾਮ ਹੈ- ਗੁਰਦੁਆਰਾ ਸੁਖਚੈਨਆਣਾ ਸਾਹਿਬ। ਹੁਣ ਇੱਥੋਂ ਗੁਰੂ ਤੇਗ ਬਹਾਦਰ ਜੀ ਸਿੱਧਾ 60-70 ਕਿਲੋਮੀਟਰ ਦੂਰ ਕੀਰਤਪੁਰ ਸਾਹਿਬ ਪਹੁੰਚਦੇ ਹਨ। ਵੱਡੀ ਗੱਲ ਇਹ ਹੈ ਕਿ 1644 ਈਸਵੀ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਬਚਨ ਮੰਨ ਕੇ ਮਾਤਾ ਨਾਨਕੀ ਜੀ ਅਤੇ ਮਹੱਲ ਗੁਜਰੀ ਜੀ ਦੇ ਨਾਲ ਬਕਾਲੇ ਚਲੇ ਗਏ ਸਨ। ਹੁਣ 1665 ਈਸਵੀ ਵਿੱਚ ਪੂਰੇ 21 ਸਾਲਾਂ ਬਾਅਦ ਗੁਰੂ ਸਾਹਿਬ ਕੀਰਤਪੁਰ ਸਾਹਿਬ ਪਹੁੰਚਦੇ ਹਨ।
ਇੱਥੇ ਗੁਰੂ ਸਾਹਿਬ ਜੀ ਕਿਸਨੂੰ ਮਿਲੇ ਅਤੇ ਪਰਿਵਾਰ ਦੇ ਕਿਹੜੇ ਮੈਂਬਰ ਇੱਥੇ ਰਹਿੰਦੇ ਸਨ, ਇਹ ਅਸੀਂ ਲੜੀ ਨੰ 36 ਵਿੱਚ ਸ੍ਰਵਨ ਕਰਾਂਗੇ।
ਯੂਟਿਊਬ ਅਤੇ ਫੇਸਬੁੱਕ ਦੇ ‘ਖੋਜ ਵਿਚਾਰ’ ਚੈਨਲ ਉੱਤੇ ਸਫ਼ਰ ਏ ਪਾਤਸ਼ਾਹੀ ਨੌਵੀਂ ਦੇ ਤਹਿਤ ਗੁਰੂ ਤੇਗ ਬਹਾਦਰ ਜੀ ਦਾ ਸਾਰਾ ਇਤਿਹਾਸ ਦੱਸਿਆ ਜਾ ਰਿਹਾ ਹੈ।