ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 31 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਹੀਰਾ ਬਾਢੀ ਦੇ ਘਰ ਰੁਕਣ ਬਾਰੇ ਅਤੇ ਉਥੋਂ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਸੀ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਕੀਰਤਪੁਰ ਸਾਹਿਬ ਵਿਖੇ ਪਹੁੰਚ ਕੇ ਉੱਥੇ ਪ੍ਰਚਾਰ ਦੀ ਸੇਵਾ ਨਿਭਾਉਂਦੇ ਹਨ
ਗੁਰੂ ਤੇਗ ਬਹਾਦਰ ਜੀ ਖੇਮਕਰਨ ਤੋਂ ਚਲ ਕੇ ਪਿੰਡ ‘ਚੋਹਲੇ‘ ਪਹੁੰਚਦੇ ਹਨ, ਜਿੱਥੇ ਭਾਈ ਹੀਰਾ ਬਾਢੀ ਦੇ ਘਰ ਰੁਕਦੇ ਹਨ। ਜੇਕਰ ਪ੍ਰਿੰਸੀਪਲ ਸਤਿਬੀਰ ਸਿੰਘ ਜੀ ਨੂੰ ਪੜ੍ਹੀਏ ਤਾਂ ਉਹ ਲਿਖ਼ਦੇ ਹਨ ਕਿ ਗੁਰੂ ਤੇਗ ਬਹਾਦਰ ਜੀ ਇਸ ਤੋਂ ਬਾਅਦ ਲੱਖੀ ਜੰਗਲ ਦਮਦਮਾ ਸਾਹਿਬ ਧਮਧਾਮ ਤੋਂ ਹੁੰਂਦੇ ਹੋਏ ਕੀਰਤਪੁਰ ਸਾਹਿਬ ਪਹੁੰਚਦੇ ਹਨ। ਕੁਝ ਵਿਦਵਾਨਾਂ ਦੀ ਇਹ ਰਾਇ ਹੈ ਕਿ ਗੁਰੂ ਤੇਗ ਬਹਾਦਰ ਜੀ ਸਿੱਧਾ ਕੀਰਤਪੁਰ ਸਾਹਿਬ ਚਲੇ ਗਏ ਪਰ ਇਤਿਹਾਸ ਨੂੰ ਜੇਕਰ ਗਰਾਉਂਡ ਲੈਵਲ ਤੋਂ ਦੇਖਿਆ ਜਾਵੇ ਤਾਂ ਕੀਰਤਪੁਰ ਸਾਹਿਬ ਤੋਂ ਗੁਰੂ ਜੀ ਮੋੜਾ ਪਾਉਂਦੇ ਹਨ ਪਰ ਸਿੱਧਾ ਕੀਰਤਪੁਰ ਸਾਹਿਬ ਨਹੀਂ ਜਾ ਸਕਦੇ। ਇੱਥੇ ਕੁਝ ਅਜਿਹੇ ਅਸਥਾਨ ਹਨ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਚਰਨ ਪੲੇ ਸਨ। ਸੋ, ਇਸ ਇਲਾਕੇ ਵਿੱਚ ਵਿਚਰਦੇ ਹੋਏ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਬੰਗਾ ਦੇ ਨੇੜੇ ਗੁਰੂ ਕਾ ਚੱਕ (ਆਨੰਦਪੁਰ ਸਾਹਿਬ) ਵਸਾਉਣਾ ਚਾਹੁੰਦੇ ਸਨ। ਸੋ, ਚੋਹਲੇ ਤੋਂ ਸਿੱਧਾ ਕੀਰਤਪੁਰ ਸਾਹਿਬ ਨਹੀਂ ਜਾ ਸਕਦੇ। ਰਸਤੇ ਵਿੱਚ ਜਿਹੜੇ ਅਸਥਾਨ ਆਉਂਦੇ ਹਨ, ਆਓ ਉਹਨਾਂ ਅਸਥਾਨਾਂ ਦੇ ਦਰਸ਼ਨ ਕਰਦੇ ਹੋਏ ਚਲਦੇ ਹਾਂ। ਉਹਨਾਂ ਦਾ ਕੀ ਇਤਿਹਾਸ ਹੈ ਅਤੇ ਉਹਨਾਂ ਦੇ ਤੱਥ ਕੀ ਬੋਲਦੇ ਹਨ। ਸੋ, ਗੁਰੂ ਤੇਗ ਬਹਾਦਰ ਜੀ ਚੋਹਲੇ ਤੋਂ ਚਲ ਕੇ ਤਕਰੀਬਨ 80 ਕਿਲੋਮੀਟਰ ਜਲੰਧਰ ਦੇ ਕੋਲ ਇੱਕ ਜਗ੍ਹਾ ਹੈ, ਉੱਥੇ ਪਹੁੰਚਦੇ ਹਨ। ਗੁਰੂ ਜੀ ਦੇ ਨਾਲ ਭਾਈ ਮੱਖਣ ਸ਼ਾਹ ਲੁਬਾਣਾ, ਭਾਈ ਗੁਰਦਿੱਤਾ ਜੀ, ਹੋਰ ਗੁਰੂ ਦੇ ਪਿਆਰੇ ਸਿੱਖ ਅਤੇ ਗੁਰੂ ਸਾਹਿਬ ਜੀ ਦਾ ਪਰਿਵਾਰ ਵੀ ਮੌਜੂਦ ਸੀ। ਜਿੱਥੇ ਗੁਰੂ ਸਾਹਿਬ ਜੀ ਨੇ ਠਹਿਰਨਾ ਹੁੰਦਾ ਸੀ, ਉੱਥੇ ਪਹਿਲਾਂ ਤੋਂ ਹੀ ਸਿੱਖਾਂ ਵੱਲੋਂ ਪਹੁੰਚ ਕੇ ਜਗ੍ਹਾ ਨੂੰ ਪਸੰਦ ਕੀਤਾ ਜਾਂਦਾ ਸੀ ਅਤੇ ਉੱਥੇ ਟੈਂਟ ਲਗਾਏ ਜਾਂਦੇ ਸਨ। ਸਿੱਖਾਂ ਵੱਲੋਂ ਰਹਿਣ ਦਾ ਪੂਰਾ ਪ੍ਰਬੰਧ ਗੁਰੂ ਸਾਹਿਬ ਜੀ ਲੲੀ ਕੀਤਾ ਜਾਂਦਾ ਸੀ। ਜਦੋਂ ਗੁਰੂ ਜੀ ਇਸ ਅਸਥਾਨ ਤੇ ਪਹੁੰਚੇ ਤਾਂ ਇੱਥੇ ਟੈਂਟ ਲਗਾਇਆ ਗਿਆ। ਗੁਰੂ ਸਾਹਿਬ ਦਾ ਨਿਵਾਸ ਸਥਾਨ ਬਣਾਇਆ ਗਿਆ। ਇੱਥੇ ਇੱਕ ਥੜ੍ਹੇ ਉੱਤੇ ਗੁਰੂ ਜੀ ਬਿਰਾਜਮਾਨ ਹੋੲੇ ਸਨ। ਇੱਥੇ ਇੱਕ ਸਿੱਖ ਭਾਈ ਰਣਜੀ ਮਿਲ਼ਦੇ ਹਨ। ਗੁਰੂ ਸਾਹਿਬ ਦੇ ਸਿੱਖਾਂ ਨਾਲ ਮਿਲ ਕੇ ਇਹ ਵੀ ਸੇਵਾ ਵਿੱਚ ਲੱਗ ਜਾਂਦੇ ਹਨ। ਗੁਰੂ ਜੀ ਭਾਈ ਰਣਜੀ ਨੂੰ ਪੁੱਛਦੇ ਹਨ ਕਿ ਇਲਾਕਾ ਇੰਨਾ ਸੋਹਣਾ ਅਤੇ ਹਰਿਆ ਭਰਿਆ ਹੋਣ ਦੇ ਬਾਵਜੂਦ ਇੱਥੇ ਦੂਰ-ਦੂਰ ਤੱਕ ਲੋਕਾਂ ਦੀ ਵਸੋਂ ਕਿਉਂ ਨਹੀਂ ਹੈ। ਭਾਈ ਰਣਜੀ ਵੱਲੋਂ ਹੱਥ ਜੋੜ ਕੇ ਗੁਰੂ ਸਾਹਿਬ ਜੀ ਅੱਗੇ ਬੇਨਤੀ ਕੀਤੀ ਜਾਂਦੀ ਹੈ ਕਿ ਗੁਰੂ ਸਾਹਿਬ ਇਲਾਕਾ ਬਹੁਤ ਵਧੀਆ ਹੈ ਪਰ ਜੋ ਵੀ ਇੱਥੇ ਵਸਣ ਲਈ ਆਉਂਦਾ ਹੈ, ਕੁਝ ਦੇਰ ਵਸਣ ਤੋਂ ਬਾਅਦ ਉਜੱੜ ਜਾਂਦਾ ਹੈ।ਪਤਾ ਨਹੀਂ ਕੀ ਕਾਰਨ ਹੈ। ਗੁਰੂ ਜੀ ਨੇ ਭਾਈ ਰਣਜੀ ਨੂੰ ਬਚਨ ਕੀਤੇ ਕਿ ਭਾਈ ਰਣਜੀ ਤੇਰੀ ਉਮਰ ਬੀਤਦੀ ਜਾਂਦੀ ਹੈ। ਕਿਰਤ ਕਰਨ ਦੇ ਨਾਲ-ਨਾਲ ਨਾਮ ਜਪਿਆ ਕਰ ਅਤੇ ਵੰਡ ਕੇ ਛਕਿਆ ਕਰ।ਇਹ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਅਸੂਲ ਹਨ। ਗੁਰੂ ਨਾਨਕ ਸਾਹਿਬ ਜੀ ਦੇ ਅਸੂਲਾਂ ਤੇ ਜੇ ਤੂੰ ਆਪ ਪਹਿਰਾ ਦੇਵੇਂਗਾ- ਨਾਮ ਜਪੇਂਗਾ, ਵੰਡ ਕੇ ਛਕੇਂਗਾ, ਆਏ ਗੲੇ ਦੀ ਸੇਵਾ ਕਰੇਂਗਾ ਤਾਂ ਜਿਹੜਾ ਵੀ ਇੱਥੇ ਅਾ ਕੇ ਵਸੇਗਾ, ਉਹ ਉੱਜੜੇਗਾ ਨਹੀਂ। ਤੂੰ ਇਹ ਨਾ ਸੋਚ ਕਿ ਇਹ ਇਲਾਕਾ ਬੇ-ਆਬਾਦ ਹੈ। ਇਹ ਇਲਾਕਾ ਇੱਕ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਹੋਵੇਗਾ।
ਗੁਰੂ ਤੇਗ ਬਹਾਦਰ ਜੀ ਇੱਥੋਂ ਅੱਗੇ ਚਾਲੇ ਪਾ ਦਿੰਦੇ ਹਨ ਅਤੇ ਭਾਈ ਰਣਜੀ ਗੁਰੂ ਨਾਨਕ ਸਾਹਿਬ ਜੀ ਦੇ ਅਸੂਲਾਂ ਤੇ ਪਹਿਰਾ ਦਿੰਦੇ ਹੋਏ ਆਪਣਾ ਜੀਵਨ ਸਫ਼ਲ ਕਰਦੇ ਹਨ। ਗੁਰੂ ਤੇਗ ਬਹਾਦਰ ਜੀ ਨੇ ਇਸਨੂੰ ਚਰਨ ਪਾਹੁਲ ਦੇ ਕੇ ਆਪਣਾ ਸਿੱਖ ਬਣਾਇਆ ਅਤੇ ਉਸਨੇ ਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਬਾਅਦ ਵਿੱਚ ਜਦੋਂ 1699 ਈਸਵੀ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ ਤਾਂ ਇਹੀ ਭਾਈ ਰਣਜੀ ਨੇ ਆਨੰਦਪੁਰ ਸਾਹਿਬ ਵਿਖੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਰਣਜੀ ਤੋਂ ਰਣ ਸਿੰਘ ਜੀ ਬਣੇ।
ਅੱਜ ਇਸ ਨਗਰ ਦਾ ਨਾਮ ਪਿੰਡ ਹਜਾਰਾ ਕਰਕੇ ਜਾਣਿਆ ਜਾਂਦਾ ਹੈ। ਅੱਜ ਇੱਥੇ ਗੁਰੂ ਸਾਹਿਬ ਦੇ ਬਚਨਾਂ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਵਸਦੇ ਹਨ।
ਸੋ, ਇਸੇ ਅਸਥਾਨ ਤੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਨੌਵੀਂ ਬਣਿਆ ਹੋਇਆ ਹੈ। ਅੱਜ ਵੀ ਗੁਰੂ ਦਰਬਾਰ ਵਿੱਚ ਉਹ ਥੜ੍ਹਾ ਮੌਜੂਦ ਹੈ। ਇਹ ਪੁਰਾਣੀਆਂ ਇੱਟਾਂ ਦੀ ਨਿਸ਼ਾਨੀ ਭਾਈ ਰਣਜੀ ਦੇ ਨਿਵਾਸ ਅਸਥਾਨ ਦੀ ਗਵਾਹੀ ਭਰਦੀਆਂ ਹਨ।
ਸੋ, ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਅੱਗੇ ਕਿੱਥੇ ਜਾਂਦੇ ਹਨ, ਇਹ ਅਸੀਂ ਲੜੀ ਨੰ 33 ਵਿੱਚ ਸ੍ਰਵਨ ਕਰਾਂਗੇ। ਯੂਟਿਊਬ ਅਤੇ ਫੇਸਬੁੱਕ ਉੱਤੇ ‘ ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ। ਇਹ ਸਫ਼ਰ ਏ ਪਾਤਸ਼ਾਹੀ ਨੌਵੀਂ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਜੀਵਨ ਪੂਰਾ ਨਹੀਂ ਕਰ ਲੈਂਦੇ।