ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 30 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਖੇਮਕਰਨ ਸਾਹਿਬ ਵਿਖੇ ਭਾਈ ਚੈਨ ਜੀ ਅਤੇ ਭਾਈ ਧਿਗਾਣਾ ਜੀ ਨਾਲ ਗੁਰਮਤਿ ਦੀ ਸਾਂਝ ਪਾ ਕੇ ਅੱਗੇ ਪ੍ਰਚਾਰ ਲੲੀ ਚਾਲੇ ਪਾ ਦਿੰਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਭੈਣੀ ਵਿਖੇ ਹੀਰਾ ਬਾਢੀ ਦੇ ਘਰ ਪਹੁੰਚੇ ਸਨ ਜਿਸ ਦਾ ਇਤਿਹਾਸ ਲੱਭਣ ਲਈ ਅਜੇ ਕੋਸ਼ਿਸ਼ ਜਾਰੀ ਹੈ
ਖੇਮਕਰਨ ਤੋਂ ਚਲਦੇ ਹੋਏ ਗੁਰੂ ਤੇਗ ਬਹਾਦਰ ਜੀ ਪਿੰਡ ਭੈਣੀ ਪਹੁੰਚਦੇ ਹਨ। ਪਹਿਲਾਂ ਇਸ ਪਿੰਡ ਦਾ ਨਾਮ ਭੈਣੀ ਸੀ। ਜਦੋਂ ਗੁਰੂ ਅਰਜਨ ਦੇਵ ਜੀ ਇਸ ਪਿੰਡ ਵਿੱਚ ਆਉਂਦੇ ਹਨ ਤਾਂ ਉੱਥੋਂ ਦਾ ਚੌਧਰੀ ਦਾਨਾ ਸੰਧੂ ਅਤੇ ਉਸਦੀ ਪਤਨੀ ਮਾਤਾ ਸੁੱਖਾ ਜੀ ਗੁਰੂ ਅਰਜਨ ਦੇਵ ਜੀ ਦੀ ਸੇਵਾ ਕਰਦੇ ਹਨ। ਜਦੋਂ ਗੁਰੂ ਅਰਜਨ ਦੇਵ ਜੀ ਵਾਸਤੇ ਪ੍ਰਸ਼ਾਦੇ ਦੀ ਗੱਲ ਚਲਦੀ ਹੈ ਤਾਂ ਮਾਤਾ ਸੁੱਖਾ ਜੀ ਨੇ ਸੋਚਿਆ ਕਿ ਜੇ ਮੈਂ ਦਾਲ ਸਬਜ਼ੀ ਬਣਾਉਣ ਲੱਗ ਪਈ ਤਾਂ ਪਤਾ ਨਹੀਂ ਕਿੰਨਾ ਕੁ ਸਮਾਂ ਲੱਗੇ ਤਾਂ ਇਸ ਬੀਬੀ ਨੇ ਪ੍ਰਸ਼ਾਦਿਆਂ ਨੂੰ ਚੂਰ ਕੇ ਦੇਸੀ ਘਿਓ ਵਿੱਚ ਪਾ ਕੇ ਸ਼ੱਕਰ ਪਾ ਕੇ ਚੂਰੀ ਕੁੱਟ ਕੇ ਬੜੇ ਪ੍ਰੇਮ ਨਾਲ ਲਿਆ ਕੇ ਗੁਰੂ ਅਰਜਨ ਦੇਵ ਜੀ ਨੂੰ ਛਕਾਏ। ਗੁਰੂ ਅਰਜਨ ਦੇਵ ਜੀ ਬੜੇ ਖੁਸ਼ ਹੋਏ। ਗੁਰੂ ਸਾਹਿਬ ਨੇ ਬਚਨ ਕੀਤੇ- “ਮਾਤਾ ਸੁੱਖਾ , ਚੋਲਾ ਬੜਾ ਸੁਆਦ ਬਣਾ ਕੇ ਲੈ ਕੇ ਆਈ ਹੈਂ।” ਇੱਥੇ ਹੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ-
“ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨ
ਇਹੁ ਨਾਨਕ ਕੀਨੋ ਚੋਲਾ”

ਇਹ ਅੰਗ 672 ਉੱਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ਼ ਹੈ ਅਤੇ ਇਹ ਸ਼ਬਦ ਰੋਜ਼ਾਨਾ ਗੁਰਦੁਆਰਾ ਸਾਹਿਬ ਵਿੱਚ ਬੜੇ ਪ੍ਰੇਮ ਨਾਲ ਸੰਗਤਾਂ ਵੱਲੋਂ ਪੜ੍ਹਿਆ ਜਾਂਦਾ ਹੈ।
ਗੁਰੂ ਤੇਗ ਬਹਾਦਰ ਜੀ 1665 ਈਸਵੀ ਦੇ ਪਹਿਲੇ ਮਹੀਨਿਆਂ ਵਿੱਚ ਇੱਥੇ ਪਹੁੰਚਦੇ ਹਨ ਅਤੇ ਇੱਥੇ ਇੱਕ ਸਿੱਖ ਹੈ- ਭਾਈ ਹੀਰਾ ਬਾਢੀ ਜੀ। ਬਾਢੀ ਦਾ ਮਤਲਬ ਹੈ- ਬਢ਼ਈ , ਜਿਸਨੂੰ ਆਪਾਂ ਤਰਖਾਣ ਸਿੱਖ ਵੀ ਕਹਿ ਦਿੰਦੇ ਹਾਂ। ਉਸਦੇ ਘਰ ਕੁਝ ਦੇਰ ਗੁਰੂ ਤੇਗ ਬਹਾਦਰ ਜੀ ਰੁਕਦੇ ਹਨ ਅਤੇ ਅੱਗੋਂ ਅਗਲੇ ਪੜਾਅ ਵੱਲ ਚਲਦੇ ਹਨ। ਦਾਸ ਇੱਥੇ 30 ਜੁਲਾਈ 2020 ਨੂੰ ਗੁਰੂ ਤੇਗ ਬਹਾਦਰ ਜੀ ਦੇ ਗੁਰਧਾਮਾਂ ਦੇ ਦਰਸ਼ਨ ਕਰਦੇ ਹੋਏ ਪਹੁੰਚਿਆ। ਪਤਾ ਲਗਿਆ ਕਿ ਇੱਥੇ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਚੋਹਲਾ ਸਾਹਿਬ ਤਾਂ ਮੌਜੂਦ ਹੈ ਪਰ ਗੁਰੂ ਤੇਗ ਬਹਾਦਰ ਜੀ ਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ। ਇਸੇ ਪਿੰਡ ਵਿੱਚ ਰਹਿਣ ਵਾਲੇ ਕੁਝ ਪੁਰਾਣੇ ਬਜ਼ੁਰਗ ਅਤੇ ਪਤਿਵੰਤੇ ਸੱਜਣਾਂ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਜਿਸ ਵਿੱਚ ਮਾਸਟਰ ਮੁਖਤਿਆਰ ਸਿੰਘ ਜੀ, ਭਾਈ ਪ੍ਰਿਤਪਾਲ ਸਿੰਘ ਜੀ, ਭਾਈ ਸੇਵਾ ਸਿੰਘ ਜੀ, ਜਿਹਨਾਂ ਦੀ ਗੁਰੂ ਘਰ ਉੱਤੇ ਬਹੁਤ ਸ਼ਰਧਾ ਹੈ। ਇੱਥੇ ਹੀ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਰਦਾਰ ਪ੍ਰਗਟ ਸਿੰਘ ਜੀ, ਗੁਰਦੁਆਰਾ ਸਾਹਿਬ ਦੇ ਕਥਾਵਾਚਕ ਹਰਜੀਤ ਸਿੰਘ ਜੀ ਨੂੰ ਵੀ ਮਿਲਣ ਦਾ ਮੌਕਾ ਮਿਲਿਆ।
ਇਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ। ਇੱਥੇ ਤੱਕ ਅਜੇ ਕੋਈ ਜਾਣਕਾਰੀ ਨਹੀਂ ਸੀ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਕਦੋਂ ਪਹੁੰਚੇ ਅਤੇ ਪਹੁੰਚੇ ਵੀ ਸਨ ਕਿ ਨਹੀਂ। ਦਾਸ ਨੂੰ ਇੱਥੇ ਕੁਝ ਪੁਰਾਣੇ ਸੂਤਰਾਂ ਦਾ ਹਵਾਲਾ ਦੇ ਕੇ ਦੱਸਣਾ ਪਿਆ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਸਨ।
ਹੁਣ ਇੱਕ ਹੋਰ ਗੱਲ ਹੈ ਕਿ ਭਾਈ ਪ੍ਰਿਤਪਾਲ ਸਿੰਘ ਜੀ ਇਸੇ ਪਿੰਡ ਵਿੱਚ ਹਨ, ਜਿਹਨਾਂ ਦਾ ਇੱਕ ਵੱਡਾ ਕਰਿਆਨਾ ਸਟੋਰ ਹੈ। ਇਹਨਾਂ ਵੱਲੋਂ ਹਰ ਸਾਲ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਪਰ ਅਜੇ ਇਹ ਨਹੀਂ ਸੀ ਪਤਾ ਕਿ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਸਨ। ਜੋ ਤੱਥ ਦਾਸ ਵਲੋਂ ਪੇਸ਼ ਕੀਤੇ ਗਏ ਉਹ ਇਹ ਹਨ- ‘ਸਰੂਪ ਸਿੰਘ ਕੋਸ਼ਿਸ਼‘ ਵੱਲੋਂ ਪਿਆਰਾ ਸਿੰਘ ਪਦਮ ਦੀਆਂ ਲਿਖੀਆਂ ਹੋਈਆਂ ‘ਗੁਰੂ ਕੀਆਂ ਸਾਖੀਆਂ‘ ਵਿੱਚ ਸਾਖੀ ਨੰ 22 ਪੰਨਾ ਨੰ 69 ਉੱਤੇ ਦਰਜ਼ ਹੈ-
“ਗੁਰੂ ਤੇਗ ਬਹਾਦਰ ਜੀ ਖੇਮਕਰਨ ਨਗਰੀ ਸੇ ਵਿਦਾ ਹੋਇ,
ਮਾਝੇ ਦੇਸ਼ ਮੇ ਦੋਇ ਮਹੀਨੇ ਰਟਨ ਕੀਆ,
ਨਦੀ ਬਿਆਸ ਕੇ ਕਿਨਾਰੇ ਚੋਹਲਾ ਨਗਰੀ ਮੇਂ ਪਹੁੰਚ ਕੇ,
ਕੁਝ ਦਿਨ ਹੀਰੇ ਬਾਢੀ ਕੇ ਘਰ ਗੁਜ਼ਾਰ ਕੇ, ਆਗੇ ਜਾਨੇ ਕੀ ਤਿਆਰੀ ਕੀ “
ਇਸੇ ਗੱਲ ਦਾ ਜ਼ਿਕਰ ਪ੍ਰਿਸੀਪਲ ਸਤਿਬੀਰ ਸਿੰਘ ਜੀ ਵਲੋਂ ਕਿਤਾਬ ‘ਇਤੀ ਜਿਨ ਕਰੀ‘ ਦੇ ਪੰਨਾ ਨੰ 59 ਉੱਤੇ ਦਰਜ਼ ਹੈ। ਪ੍ਰਿੰਸੀਪਲ ਸੇਵਾ ਸਿੰਘ ਵੱਲੋਂ ਕਿਤਾਬ ‘ਗੁਰੂ ਤੇਗ ਬਹਾਦਰ, ਸ਼ਖ਼ਸੀਅਤ, ਸਫ਼ਰ, ਸੰਦੇਸ਼, ਸ਼ਹਾਦਤ‘ ਉੱਤੇ ਪੰਨਾ ਨੰ 103 ਉੱਤੇ ਦਰਜ਼ ਹੈ। ਇੱਕ ਹੋਰ ਤੱਥ ਵਿੱਚ ਡਾਕਟਰ ਸੁਖਦਿਆਲ ਸਿੰਘ ਪੰਜਾਬੀ ਯੂਨੀਵਰਸਿਟੀ ਦੀ ਕਿਤਾਬ ‘ਗੁਰੂ ਤੇਗ ਬਹਾਦਰ ਮਾਰਗ ਪੰਜਾਬ‘ ਦੇ ਪੰਨਾ ਨੰ 33 ਉੱਤੇ ਜਿੱਥੇ ਵੀ ਗੁਰੂ ਤੇਗ ਬਹਾਦਰ ਜੀ ਪਹੁੰਚੇ, ਇਸ ਵਿੱਚ ਸਾਰਾ ਇਤਿਹਾਸ ਦਰਜ਼ ਹੈ। ਇੱਥੋਂ ਇਸ ਗੱਲ ਦੀ ਪੁਸ਼ਟੀ ਹੋ ਜਾਂਦੀ ਹੈ ਕਿ ਜਿੱਥੇ ਇਸ ਪਿੰਡ ਵਿੱਚ ਗੁਰੂ ਅਰਜਨ ਦੇਵ ਜੀ ਦੀ ਯਾਦ ਵਿੱਚ ਗੁਰਦੁਆਰਾ ਚੋਹਲਾ ਸਾਹਿਬ ਬਣਿਆ ਹੋਇਆ ਹੈ, ਇਸ ਨਗਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਵੀ ਚਰਨ ਪਾਏ ਸਨ।
ਖੋਜ ਅਜੇ ਵੀ ਜਾਰੀ ਹੈ ਜੋ ਕਿ ਇਥੋਂ ਦੀ ਪ੍ਰਬੰਧਕ ਕਮੇਟੀ ਦੇ ਨਾਲ ਰਹਿੰਦਿਆਂ ਹੋਇਆਂ ਖੋਜ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਭਾਈ ਹੀਰੇ ਬਾਢੀ ਦੇ ਪਰਿਵਾਰ ਨੂੰ ਵੀ ਲੱਭਿਆ ਜਾਵੇ। ਸੰਗਤਾਂ ਅਤੇ ਵਿਦਵਾਨਾਂ ਨੂੰ ਬੇਨਤੀ ਹੈ ਕਿ ਇੱਥੋਂ ਦਾ ਇਤਿਹਾਸ ਲੱਭਣ ਵਿੱਚ ਦਾਸ ਦੀ ਸਹਾਇਤਾ ਜ਼ਰੂਰ ਕੀਤੀ ਜਾਵੇ ਤਾਂ ਕਿ ਇੱਥੋਂ ਦਾ ਇਤਿਹਾਸ ਹੋਰ ਤੱਥਾਂ ਦੇ ਨਾਲ ਅਸੀਂ ਲੱਭ ਸਕੀਏ।
ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਕਿਸ ਦਿਸ਼ਾ ਵੱਲ ਜਾਂਦੇ ਹਨ , ਉੱਥੇ ਕਿਹੜਾ ਅਸਥਾਨ ਹੈ ਅਤੇ ਉੱਥੇ ਕਿਹੜੇ ਸਿੱਖ ਦੀ ਮਨੋਕਾਮਨਾ ਪੂਰੀ ਕਰਦੇ ਹਨ, ਇਹ ਅਸੀਂ ਲੜੀ ਨੰ 32 ਵਿੱਚ ਸ੍ਰਵਨ ਕਰਾਂਗੇ।
ਯੂਟਿਊਬ ਅਤੇ ਫੇਸਬੁੱਕ ਦੇ ‘ਖੋਜ ਵਿਚਾਰ’ ਚੈਨਲ ਉੱਤੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਇਤਿਹਾਸ ਦੱਸਿਆ ਜਾ ਰਿਹਾ ਹੈ ਜੀ।