ਪ੍ਰਸੰਗ ਨੰਬਰ 3: ਗੁਰੂ ਸ਼੍ਰੀ ਤੇਗ ਬਹਾਦਰ ਸਾਹਿਬ ਜੀ ਦੀ ਅਦਭੁਤ ਬਾਲ ਲੀਲਾ ਨਾਲ ਭਰੀ ਜੀਵਨ ਯਾਤਰਾ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 2 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਦੇ ਜਨਮ ਸਮੇਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਆਪਣੇ ਬਾਲਕ ਅੱਗੇ ਸੀਸ ਵੀ ਨਿਵਾਉਂਦੇ ਹਨ

ਇਸ ਲੜੀ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਬਾਰੇ ਸ੍ਰਵਨ ਕਰਾਂਗੇ ਕਿ ਗੁਰੂ ਸਾਹਿਬ ਜੀ ਦੇ ਸੁਭਾਅ ਦਾ ਛੋਟੀ ਉਮਰ ਵਿੱਚ ਹੀ ਪਤਾ ਲੱਗ ਗਿਆ ਸੀ

ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਾਲਕ ਦਾ ਨਾਮ ਤੇਗ ਬਹਾਦਰ ਰੱਖਿਆ ਜਾਂਦਾ ਹੈ। ਕਈ ਵਿਦਵਾਨਾਂ ਵੱਲੋਂ ਕੲੀ ਗ੍ਰੰਥਾਂ ਵਿੱਚ ਆਪ ਜੀ ਦਾ ਨਾਮ ਤਿਆਗ ਮੱਲ ਵੀ ਆਇਆ ਹੈ ਪਰ ਜ਼ਿਆਦਾਤਰ ਗ੍ਰੰਥਾਂ ਵਿੱਚ ਅਸੀਂ ਪੜ੍ਹਦੇ ਹਾਂ ਕਿ ਬਚਪਨ ਵਿੱਚ ਹੀ ਆਪ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਗਿਆ ਸੀ। ਗੁਰੂ ਨਾਨਕ ਸਾਹਿਬ ਜੀ ਤੋਂ ਲੈਕ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਸਾਹਿਬਾਨ ਵਿਚੋਂ ਸਿਰਫ਼ ਗੁਰੂ ਤੇਗ ਬਹਾਦਰ ਜੀ ਦਾ ਨਾਮ ਹੀ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਤੇਗ਼ ਦਾ ਅਰਥ ਖੜਗ ਜਾਂ ਕਿਰਪਾਨ ਹੁੰਦਾ ਹੈ ਤਾਂ

ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ-

” ਜਾ ਤੁਧੁ ਭਾਵੈ ਤੇਗ ਵਗਾਵਹਿ

ਸਿਰ ਮੁੰਢੀ ਕਟ ਜਾਵਹਿ “

” ਦੇਗ ਤੇਗ ਜਗ ਮਹਿ ਦੋਊ ਚਲੈ “

ਤੇਗ ਦੇ ਨਾਲ-ਨਾਲ ਗੁਰੂ ਸਾਹਿਬ ਜੀ ਬਹਾਦਰ ਵੀ ਹਨ। ਗੁਰੂ ਸਾਹਿਬ ਨਾਲ ਬਚਪਨ ਵਿੱਚ ਬਹੁਤ ਲਾਡ ਲਡਾਏ ਜਾਂਦੇ ਹਨ। ਗੁਰੂ ਸਾਹਿਬ ਜੀ ਦੀ ਵੱਡੀ ਭੈਣ ਵੀਰੋ ਆਪਣੇ ਭਰਾ ਨੂੰ ਬਹੁਤ ਪਿਆਰ ਕਰਦੀ ਹੈ। ਉਹ ਇਹਨਾਂ ਨੂੰ ਪੰਘੂੜੇ ਵਿੱਚ ਵੀ ਖਿਡਾਉਂਦੀ ਹੈ। ਗੁਰੂ ਸਾਹਿਬ  ਨੇ  ਬਚਪਨ ਵਿੱਚ ਕਦੇ ਵੀ ਰੋ ਕੇ ਦੁੱਧ ਨਹੀਂ ਮੰਗਿਆ। ਇੱਕ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣੇ ਤਖ਼ਤ ਤੇ ਬਿਰਾਜਮਾਨ ਸਨ ਅਤੇ ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ ਤਾਂ ਤੇਗ ਬਹਾਦਰ ਜੀ ਖੇਡਦੇ- ਖੇਡਦੇ ਕੋਲ ਆਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਨੂੰ ਬੜੇ ਪਿਆਰ ਨਾਲ ਗੋਦ ਵਿੱਚ ਚੁੱਕਿਆ। ਇਹਨਾਂ ਨੇ ਗੁਰੂ ਹਰਿਗੋਬਿੰਦ ਜੀ ਦੇ ਪੀਰੀ ਵਾਲੇ ਗਾਤਰੇ ਨੂੰ ਘੁੱਟ ਕੇ ਫੜ ਲਿਆ। ਗੁਰੂ ਹਰਗੋਬਿੰਦ ਸਾਹਿਬ ਜੀ ਨੇ 2 ਕਿਰਪਾਨਾਂ ਪਾਈਆਂ ਸਨ – ਇੱਕ ਮੀਰੀ ਦੀ ਅਤੇ ਇੱਕ ਪੀਰੀ ਦੀ। ਗੁਰੂ ਸਾਹਿਬਾਨ ਨੇ ਇਹਨਾਂ ਨੂੰ ਛੱਡਣ ਲਈ ਕਿਹਾ ਪਰ ਇਹਨਾਂ ਨੇ ਹੋਰ ਜੋਰ ਦੀ ਘੁੱਟ ਕੇ ਫੜ ਲਿਆ। ਗੁਰੂ ਹਰਗੋਬਿੰਦ ਜੀ ਨੇ ਬੜੇ ਪ੍ਰੇਮ ਵਿੱਚ ਆ ਕੇ ਬਚਨ ਕੀਤੇ ਕਿ ਪੁੱਤਰ ਜੀ, ਅਜੇ ਸਮਾਂ ਨਹੀਂ ਆਇਆ। ਜਦੋਂ ਸਮਾਂ ਆਏਗਾ ਉਦੋਂ ਤੇਗਾਂ ਵੀ ਚਲਾਉਣੀਆਂ ਪੈਣਗੀਆਂ ਅਤੇ ਉਠਾਣੀਆਂ ਵੀ ਪੈਣਗੀਆਂ।

 ਮਾਤਾ ਨਾਨਕੀ ਜੀ ਦੀ ਕੁੱਖੋਂ 2 ਪੁੱਤਰ ਸਨ – ਬਾਬਾ ਅੱਟਲ ਰਾਏ ਜੀ ਅਤੇ ਗੁਰੂ ਤੇਗ ਬਹਾਦਰ ਜੀ। ਤੇਗ ਬਹਾਦਰ ਜੀ ਅਤੇ ਬਾਬਾ ਅੱਟਲ ਰਾਏ ਜੀ ਦਾ ਆਪਸ ਵਿੱਚ ਬਹੁਤ ਪਿਆਰ ਸੀ। ਆਪ ਜੀ ਇੱਕਠਿਆਂ ਸੰਗਤ ਵਿੱਚ ਆਉਂਦੇ ਸਨ। ਬਾਕੀ ਪੁੱਤਰ ਵੀ ਸੰਗਤ ਦਾ ਆਨੰਦ ਮਾਣਦੇ ਸਨ ਪਰ ਤੇਗ ਬਹਾਦਰ ਜੀ ਪਿੱਛੇ ਹੋ ਕੇ ਬੈਠਦੇ ਸਨ ਅਤੇ ਜਿੰਨੀ ਦੇਰ ਵੀ ਦੀਵਾਨ ਸਜਦਾ, ਉਤਨੀ ਦੇਰ ਉਹ ਨੀਵੀਂ ਪਾ ਕੇ ਨਿਮਰਤਾ ਵਿੱਚ ਬੈਠੇ ਰਹਿੰਦੇ। ਬੈਠਿਆਂ- ਬੈਠਿਆਂ ਹੀ ਵਿਸਮਾਦ ਵਿੱਚ ਰੰਗੇ ਜਾਂਦੇ। ਕਿਸੇ ਨਾਲ ਬਹੁਤਾ ਬੋਲਦੇ ਵੀ ਨਹੀਂ ਸਨ। ਮਾਤਾ ਨਾਨਕੀ ਜੀ ਨੇ ਗੁਰੂ ਹਰਿਗੋਬਿੰਦ ਸਾਹਿਬ ਜੀ ਕੋਲ ਜਾ ਕੇ ਇਸ ਗੱਲ ਦਾ ਫ਼ਿਕਰ ਕੀਤਾ ਕਿ ਇਹ ਕਿਸੇ ਨਾਲ ਬਹੁਤਾ ਬੋਲਦੇ ਨਹੀਂ ਹਨ। ਬਾਕੀ ਸੰਗਤਾਂ ਵੀ ਮਿਲਣ ਆਉਂਦੀਆਂ ਹਨ। ਬਾਬਾ ਗੁਰਦਿੱਤਾ ਜੀ, ਭਾਈ ਅਣੀ ਰਾਇ ਜੀ, ਭਾਈ ਸੂਰਜ ਮੱਲ ਜੀ ਦਾ ਸੁਭਾਅ ਦੇਖਿਆ ਗਿਆ ਪਰ ਗੁਰੂ ਤੇਗ ਬਹਾਦਰ ਜੀ ਦਾ ਸੁਭਾਅ ਇਹਨਾਂ ਸਾਰਿਆਂ ਨਾਲੋਂ ਵੱਖ ਸੀ। ਇਹ ਜ਼ਿਆਦਾ ਕਿਸੇ ਨਾਲ ਮੇਲ- ਜੋਲ ਵੀ ਨਹੀਂ ਰੱਖਦੇ ਸਨ ਅਤੇ ਨਾ ਹੀ ਕਿਸੇ ਨਾਲ ਗੱਲ ਕਰਦੇ ਸਨ। ਜਦੋੰ ਵੀ ਦੇਖੀਏ ਇਹ ਚੁੱਪ-ਚਾਪ ਹੀ ਰਹਿੰਦੇ ਹਨ। ਮਸੰਦਾਂ ਦੇ ਨਾਲ ਵੀ ਬਹੁਤਾ ਵਾਰਤਾਲਾਪ ਨਹੀਂ ਕਰਦੇ। ਪੰਥ ਪ੍ਰਕਾਸ਼ ਦੇ ਬਚਨ ਹਨ-

” ਕਹਿ ਬੋਲਹਿ ਬਹੁ ਧਾਰਹਿ ਮੋਨ

ਜਗ ਬਿਵਹਾਰ ਨ ਜਾਨਹਿ ਕੌਣ “

ਭਾਵ ਇਹ ਨਾ ਕਿਸੇ ਨਾਲ ਸੰਸਾਰਿਕ ਗੱਲ ਕਰਦੇ ਹਨ ਅਤੇ ਨਾ ਹੀ ਕਿਸੇ ਨੂੰ ਜਾਣਦੇ ਹਨ। ਜੇ ਇਹ ਕਿਸੇ ਨਾਲ ਗੱਲਬਾਤ ਨਹੀਂ ਕਰਨਗੇ ਤਾਂ ਇਹਨਾਂ ਦੀ ਜਾਣ-ਪਛਾਣ ਕਿਵੇਂ ਹੋਵੇਗੀ। ਗੁਰੂ ਹਰਗੋਬਿੰਦ ਸਾਹਿਬ ਜੀ ਮਾਤਾ ਨਾਨਕੀ ਜੀ ਨੂੰ ਕਹਿਣ ਲੱਗੇ ਕਿ ਇਹ ਆਮ ਬਾਲਕ ਨਹੀਂ ਹੈ। ਇਸ ਬਾਲਕ ਦੀ ਰੁਚੀ ਆਮ ਬਾਲਕਾਂ ਵਰਗੀ ਨਹੀਂ ਹੈ। ਤੁਸੀਂ ਕਹਿੰਦੇ ਹੋ ਕਿ ਇਸਨੂੰ ਕੌਣ ਜਾਣੇਗਾ। ਮਾਤਾ ਜੀ, ਇਸਦੇ ਘਰ ਇੱਕ ਅਜਿਹਾ ਪੁੱਤਰ ਜਨਮ ਲਏਗਾ –

” ਇਸ ਕੋ ਪੁਤਰ ਹੋਇ ਬਲਵੰਡ

ਤੇਜ ਪ੍ਰਚੰਡ ਤਰੰਡ ਖਲਖੰਡ “

ਅਜਿਹਾ ਯੋਧਾ ਪੁੱਤਰ ਹੋਵੇਗਾ ਕਿ ਉਹ ਦੁਨੀਆ ਵਿੱਚ ਗੁਰੂ ਨਾਨਕ ਸਾਹਿਬ ਦੀ ਫੁਲਵਾੜੀ ਨੂੰ ਚਾਰ ਚੰਨ ਲਗਾਏਗਾ।

ਬਚਪਨ ਵਿੱਚ ਹੀ ਗੁਰੂ ਤੇਗ ਬਹਾਦਰ ਜੀ ਦੀ ਤਿਆਗ ਦੀ ਮੂਰਤ ਸਾਹਮਣੇ ਆਉਂਦੀ ਹੈ, ਜਦੋਂ 1625 ਈਸਵੀ ਵਿੱਚ ਇਹਨਾਂ ਦੇ ਵੱਡੇ ਭਰਾ ਬਾਬਾ ਗੁਰਦਿੱਤਾ ਜੀ ਦਾ ਵਿਆਹ ਰੱਖਿਆ ਜਾਂਦਾ ਹੈ। ਘਰ ਵਿੱਚੋਂ ਸਾਰੇ ਤਿਆਰ ਹੋ ਕੇ ਸੋਹਣੇ ਕੱਪੜੇ ਪਾ ਕੇ ਜਾਂਦੇ ਹਨ। ਬਰਾਤ ਸੱਜ ਕੇ ਚਲਦੀ  ਹੈ। ਤੇਗ ਬਹਾਦਰ ਜੀ ਦੇ ਵੀ ਸੋਹਣੇ ਕੱਪੜੇ  ਅਤੇ ਸੋਹਣੇ ਗਹਿਣੇ ਪਾਏ ਜਾਂਦੇ ਹਨ। ਅਜੇ ਬਰਾਤ ਗੁਰੂ ਕੇ ਮਹਿਲ ਤੋਂ ਥੋੜੀ ਦੂਰ ਹੀ ਗਈ ਸੀ ਕਿ 4 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਨੇ ਦੇਖਿਆ ਕਿ ਇੱਕ ਬੱਚਾ, ਜੋ ਕਿ ਬਰਾਤ ਦੇ ਨਾਲ-ਨਾਲ ਚੱਲ ਰਿਹਾ ਸੀ, ਉਸਨੇ ਬਹੁਤ ਘੱਟ ਕੱਪੜੇ ਪਾਏ ਸਨ ਅਤੇ ਉਸਦੇ ਕੱਪੜੇ ਫਟੇ ਹੋਏ ਸਨ ਜਿਸ ਨਾਲ ਉਸਨੂੰ ਠੰਡ ਲੱਗ ਰਹੀ ਸੀ। ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਪੁੱਛਿਆ ਕਿ ਬਰਾਤ ਨਾਲ ਚਲਦਿਆਂ ਤੂੰ ਸੋਹਣੇ ਕੱਪੜੇ ਕਿਉਂ ਨਹੀਂ ਪਾਏ। ਉਸ ਬੱਚੇ ਨੇ ਹੱਥ ਜੋੜ ਕੇ ਅੱਖਾਂ ਵਿੱਚ ਹੰਝੂ ਲਿਆ ਕੇ ਜਵਾਬ ਦਿੱਤਾ ਕਿ ਮੇਰੀ ਮਾਂ ਦਾ ਵੀ ਦਿਲ ਕਰਦਾ ਹੈ ਕਿ ਮੈਨੂੰ ਸੋਹਣੇ ਕੱਪੜੇ ਪਾਵੇ ਪਰ ਸਾਡੇ ਕੋਲ ਤਾਂ ਖਾਣ ਨੂੰ 2 ਵੇਲੇ ਦੀ ਰੋਟੀ ਵੀ ਨਹੀਂ ਹੈ ਤਾਂ ਮੈਂ ਤਨ ਤੇ ਸੋਹਣੇ ਕੱਪੜੇ ਕਿਵੇਂ ਪਾਵਾਂ। ਗੁਰੂ ਸਾਹਿਬ ਤੋਂ ਇਹ ਗੱਲ ਸੁਣੀ ਨਾ ਗਈ। ਉਹਨਾਂ ਤੋਂ ਅੱਗੇ ਇੱਕ ਕਦਮ ਨਾ ਪੁੱਟਿਆ ਗਿਆ। ਉਹਨਾਂ ਨੇ ਉਸੀ ਸਮੇਂ ਆਪਣਾ ਸੋਹਣਾ ਜਾਮਾ ਉਤਾਰ ਕੇ ਉਸ ਬੱਚੇ ਤੇ ਪਾ ਦਿੱਤਾ ਅਤੇ ਆਪਣੇ ਗਹਿਣੇ ਵੀ ਉਤਾਰ ਕੇ ਉਸ ਬੱਚੇ ਤੇ ਪਾ ਦਿੱਤੇ। ਬਾਕੀ ਪਰਿਵਾਰ ਵਿਆਹ ਦੀ ਖੁਸ਼ੀ ਮਨਾ ਰਿਹਾ ਸੀ ਪਰ ਗੁਰੂ ਤੇਗ ਬਹਾਦਰ ਜੀ ਇੱਕ ਗਰੀਬ ਬੱਚੇ ਦਾ ਨੰਗੇਜ ਢੱਕ ਕੇ ਖੁਸ਼ੀ ਮਨਾ ਰਹੇ ਸਨ। ਜਦੋਂ ਗੁਰੂ ਸਾਹਿਬ ਘਰ ਵਾਪਸ ਆਏ ਤਾਂ ਮਾਤਾ ਨਾਨਕੀ ਜੀ ਨੇ ਪੁੱਛਿਆ ਕਿ ਪੁੱਤਰ ਜੀ, ਤੁਹਾਡੇ ਤਾਂ ਸੋਹਣੇ ਕੱਪੜੇ  ਪਾਏ ਗਏ ਸੀ ਤੁਹਾਡੇ ਕੱਪੜੇ ਅਤੇ ਗਹਿਣੇ ਕਿੱਥੇ ਹਨ। ਗੁਰੂ ਸਾਹਿਬ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਮੈਂ ਇੱਕ ਬੱਚੇ ਨੂੰ ਬਿਨਾਂ ਕੱਪੜਿਆਂ ਤੋਂ ਦੇਖਿਆ। ਉਹਨਾਂ ਕੋਲ ਤਾਂ ਖਾਣ ਲਈ ਵੀ ਪੈਸੇ ਨਹੀਂ ਸਨ। ਉਸ ਕੋਲ ਥੋੜੇ ਕੱਪੜੇ ਸਨ ਜਿਸ ਕਾਰਨ ਉਸਨੂੰ ਠੰਡ ਲੱਗ ਰਹੀ ਸੀ। ਮੇਰੇ ਕੋਲੋਂ ਉਸਦਾ ਨੰਗੇਜ ਦੇਖਿਆ ਨਹੀਂ ਗਿਆ।

 ਜਦੋਂ ਹਿੰਦੁਸਤਾਨ ਤੋਂ ਧਰਮ ਦੀ ਚਾਦਰ ਉਤਾਰੀ ਜਾਣੀ ਹੈ, ਹਿੰਦੁਸਤਾਨ ਨੂੰ ਧਰਮ ਤੋਂ ਨੰਗਿਆ ਕੀਤਾ ਜਾਣਾ ਹੈ ਤਾਂ ਉਸ ਦਿਨ ਇਸੇ ਤੇਗ ਬਹਾਦਰ ਜੀ ਨੇ ਆਪਣੇ ਤਨ ਦੀ ਚਾਦਰ ਪਾ ਕੇ ਇਸ ਹਿੰਦੁਸਤਾਨ ਦਾ ਨੰਗੇਜ ਢੱਕਣਾ ਹੈ।

ਇਹਨਾਂ ਗੱਲਾਂ ਕਰਕੇ ਸੰਗਤ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਰੁਤਬਾ ਬਹੁਤ ਉੱਚਾ ਸੀ। ਇੱਕ ਦਿਨ ਇੱਕ ਮਾਈ ਆਪਣੇ ਛੋਟੇ ਜਿਹੇ ਪੁੱਤਰ ਨੂੰ ਨਾਲ ਲੈ ਕੇ ਆਈ। ਉਹ ਆ ਕੇ ਗੁਰੂ ਤੇਗ ਬਹਾਦਰ ਜੀ ਨੂੰ ਕਹਿਣ ਲੱਗੀ ਕਿ ਇਹ ਤੁਹਾਡਾ ਸਾਥੀ ਹੈ। ਇਸਨੂੰ ਕਹੋ ਕਿ ਇਹ ਗੁੜ ਨਾ ਖਾਇਆ ਕਰੇ। ਤੇਗ ਬਹਾਦਰ ਜੀ ਨੇ ਕਿਹਾ ਕਿ ਮੈਂ ਇਸਨੂੰ ਅੱਜ ਨਹੀਂ ਕਹਿੰਦਾ। ਤੁਸੀਂ ਇੱਕ ਹਫ਼ਤੇ ਬਾਅਦ ਆਇਓ। ਜਦੋਂ ਹਫਤੇ ਬਾਅਦ ਉਹ ਮਾਤਾ ਆਪਣੇ ਪੁੱਤਰ ਨੂੰ ਲੈ ਕੇ ਆਈ ਅਤੇ ਕਹਿਣ ਲੱਗੀ ਕਿ ਇਹ ਅਜੇ ਵੀ ਗੁੜ ਖਾਣ ਤੋਂ ਨਹੀਂ ਹਟਿਆ। ਇਸਨੂੰ ਕਹੋ ਕਿ ਗੁੜ ਨਾ ਖਾਇਆ ਕਰੇ। ਗੁਰੂ ਤੇਗ ਬਹਾਦਰ ਜੀ ਕਹਿਣ ਲੱਗੇ ਕਿ ਵੀਰਿਆ, ਗੁੜ ਨਹੀਂ ਖਾਈਦਾ। ਉਸ ਬੱਚੇ ਦੀ ਮਾਤਾ ਕਹਿਣ ਲੱਗੀ ਕਿ ਜੇ ਤੁਸੀਂ ਇੰਨੀ ਕੁ ਗੱਲ ਹੀ ਕਹਿਣੀ ਸੀ ਤਾਂ ਉਦੋਂ ਹੀ ਕਹਿ ਦਿੰਦੇ। ਤੇਗ ਬਹਾਦਰ ਜੀ ਕਹਿਣ ਲੱਗੇ ਕਿ ਉਸ ਦਿਨ ਮੈਂ ਆਪ ਗੁੜ ਖਾਧਾ ਸੀ ਤਾਂ ਮੈਂ ਕਿਵੇਂ ਕਹਿ ਦਿੰਦਾ। ਗੁਰੂ ਸਾਹਿਬ ਕੋਈ ਵੀ ਬਚਨ ਬਹੁਤ ਤੋਲ ਕੇ ਅਤੇ ਸੋਚ ਕੇ ਬੋਲਦੇ ਸਨ। ਹੁਣ ਗੱਲ ਚੱਲੀ ਕਿ ਗੁਰੂ ਤੇਗ ਬਹਾਦਰ ਜੀ ਦੀ ਪੜ੍ਹਾਈ ਬਾਰੇ ਸੋਚਿਆਂ ਜਾਵੇ।

ਸੋ ਅਗਲੀ ਲੜੀ ਨੰ 4 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੀ ਵਿਦਿਆ ਦੀ ਗੱਲ ਕਰਾਂਗੇ।

ਪ੍ਰਸੰਗ ਨੰਬਰ 4: ਗੁਰੂ ਸ਼੍ਰੀ ਤੇਗ ਬਹਾਦਰ ਜੀ ਦੁਆਰਾ ਪ੍ਰਾਪਤ ਕੀਤੀ ਪ੍ਰਾਇਮਰੀ ਸਿੱਖਿਆਵਾਂ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments