ਪ੍ਰਸੰਗ ਨੰਬਰ 28 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਸਫਰ ਨਾਲ ਸਬੰਧਤ ਪਿੰਡ ਘੁੱਕੇਵਾਲੀ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 27 ਵਿੱਚ  ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਪਿੰਡ ਵੱਲੇ ਵਿੱਚ ਮਾਤਾ ਹਰੋ ਜੀ ਦੇ ਘਰ ਨਿਵਾਸ ਕਰਦੇ ਹਨ ਅਤੇ ਉੱਥੇ ਗੁਰਮਤਿ ਦਾ ਪ੍ਰਚਾਰ ਕਰਦੇ ਹਨ

ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਅੱਗੇ ਹੋਰ ਪਿੰਡਾਂ ਵਿੱਚ ਪ੍ਰਚਾਰ ਕਰਨ ਜਾਂਦੇ ਹਨ ਜਿਥੇ ਅੱਜ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਬਣੇ ਹੋਏ ਹਨ

ਗੁਰੂ ਤੇਗ ਬਹਾਦਰ ਜੀ ਪਿੰਡ ਵੱਲੇ ਤੋਂ ਹੋ ਕੇ ਪਿੰਡ ‘ਘੂਕੇਵਾਲੀ’ ਪਹੁੰਚਦੇ ਹਨ। ਪਿੰਡ ‘ਘੂਕੇਵਾਲੀ’ ਅਜਨਾਲਾ ਰੋਡ ਤੇ ਸਥਿਤ ਹੈ। ਕੁੱਕੜਾਵਾਲੀ ਅਤੇ ਫਤਿਹਗੜ੍ਹ ਚੂੜੀਆਂ ਦੇ ਨੇੜੇ ਹੈ। ਇਹ ਪਿੰਡ ਵੱਲੇ ਤੋਂ ਤਕਰੀਬਨ 35 ਕਿਲੋਮੀਟਰ ਦੀ ਵਿੱਥ ਤੇ ਹੈ। ਇਸ ਅਸਥਾਨ ਤੇ ਪਿੰਡ ‘ਸਹੰਸਰੇ’ ਦੀ ਸੰਗਤ ਦੀ ਬੇਨਤੀ ਕਰਨ ਤੇ ਗੁਰੂ ਅਰਜਨ ਦੇਵ ਜੀ ਨੇ ਚਰਨ ਪਾਏ ਸਨ। ਇੱਥੋਂ ਦੀਆਂ ਸੰਗਤਾਂ ਨੂੰ ਤਾਰਿਆ ਸੀ। ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਵੀ ਪਹੁੰਚੇ। ਗੁਰੂ ਤੇਗ ਬਹਾਦਰ ਜੀ ਨੂੰ ਵੇਖ ਕੇ ਬਹੁਤ ਸੰਗਤਾਂ ਨਾਮ ਬਾਣੀ ਨਾਲ ਜੁੜਦੀਆਂ ਹਨ। ਗੁਰੂ ਸਾਹਿਬ ਜੀ ਵਾਤਾਵਰਨ ਪ੍ਰੇਮੀ ਸਨ। ਉਹਨਾਂ ਨੂੰ ਪਤਾ ਸੀ ਕਿ ਸਮੇਂ ਦੀ ਲੋੜ ਕੀ ਹੈ। ਇਥੋਂ ਦੀਆਂ ਸੰਗਤਾਂ ਮਨਮਤਿ ਨੂੰ ਛੱਡ ਕੇ ਗੁਰਮਤਿ ਧਾਰਨ ਕਰਦੀਆਂ ਜਾ ਰਹੀਆਂ ਸਨ। ਇੱਥੇ ਪ੍ਰਚਾਰ ਹੋਣ ਕਰਕੇ ਨੇੜੇ-ਤੇੜੇ ਦੀਆਂ ਸੰਗਤਾਂ ਵੀ ਗੁਰਮਤਿ ਵੱਲ ਜੁੜਦੀਆਂ ਜਾ ਰਹੀਆਂ ਸਨ।  ਹੁਣ ਗੁਰੂ ਤੇਗ ਬਹਾਦਰ ਜੀ ਇੱਥੇ ਪਹੁੰਚੇ ਸਨ। ਗੁਰੂ ਸਾਹਿਬ ਨੇ ਇਕੱਠੀ ਹੋਈ ਦਸਵੰਧ ਦੀ ਮਾਇਆ ਨਾਲ ਆਈਆਂ ਹੋਈਆਂ ਸੰਗਤਾਂ ਅਤੇ ਪਿੰਡ ਦੇ ਮੁਖੀਆਂ ਨੂੰ ਇੱਕ ਖੂਹ ਲਵਾਉਣ ਦੀ ਤਾਕੀਦ ਕੀਤੀ। ਗੁਰੂ ਤੇਗ ਬਹਾਦਰ ਜੀ ਦੇ ਹੁੰਦਿਆਂ ਹੋਇਆਂ ਇੱਥੇ ਇੱਕ ਖੂਹ ਲਵਾਇਆ ਗਿਆ। ਇਹ ਖੂਹ ਬਾਉਲੀ ਸਾਹਿਬ ਪਿੰਡ ਦੇ ਅੰਦਰ ਹੈ। ਅੱਜ ਵੀ ਇਸ ਖੂਹ ਉੱਤੇ ਇੱਕ ਪੱਥਰ ਲਗਿਆ ਹੋਇਆ ਹੈ ਜਿਸ ਤੇ ਲਿਖਿਆ ਹੈ-

“ਟਹਲ ਕਰਾਈ ਗੁਰੂ ਤੇਗ ਬਹਾਦਰ ਜੀ”

ਗੁਰੂ ਸਾਹਿਬ ਜੀ ਨੇ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਆਪਣੇ ਹੱਥੀਂ ਆਪ ਇੱਕ ਬਾਗ਼ ਲਗਵਾਇਆ। ਜਿੱਥੇ ਕਿ ਅੱਜ ਗੁਰੂ ਕਾ ਬਾਗ ਵੱਜੋਂ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਇੱਥੇ ਸਰੋਵਰ ਦੇ ਕੰਢੇ ਤੇ 2 ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ- ਇੱਕ ਗੁਰੂ ਅਰਜਨ ਦੇਵ ਜੀ ਦਾ ਅਤੇ ਦੂਜਾ ਗੁਰੂ ਤੇਗ ਬਹਾਦਰ ਜੀ ਦਾ। ਪਹਿਲਾਂ ਇਸ ਅਸਥਾਨ ਨੂੰ ‘ਗੁਰੂ ਕੀ ਰੌੜ’ ਵੱਜੋਂ ਜਾਣਿਆ ਜਾਂਦਾ ਸੀ। ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਇਸ ਗੁਰਦੁਆਰਾ ਸਾਹਿਬ ਦੇ ਨਾਮ ਕਾਫੀ ਜਗੀਰ ਲਗਾ ਦਿੱਤੀ ਸੀ। ਜਦੋਂ ਤੋਂ ਅੰਗਰੇਜ਼ਾਂ ਦਾ ਰਾਜ ਆਇਆ ਤਾਂ ਅੰਗਰੇਜ਼ਾਂ ਨੇ ਉਹ ਮਹੰਤ ਤਿਆਰ ਕੀਤੇ ਜਿਹੜੇ ਗੁਰਮਤਿ ਤੋਂ ਉਲਟ ਗੱਲਾਂ ਕਰ ਸਕਣ ਅਤੇ ਈਸਾਈਅਤ ਦੇ ਪ੍ਰਚਾਰ ਵਿੱਚ ਵਾਧਾ ਕਰ ਸਕਣ। ਇਹ ਮਹੰਤ ਹੌਲੀ ਹੌਲੀ ਗੁਰਦੁਆਰਿਆਂ ਤੇ ਕਾਬਜ਼ ਹੁੰਂਦੇ ਗੲੇ। ਮਨਮਤੀਆਂ ਅਤੇ ਕੁਕਰਮ ਵੀ ਕਰਦੇ ਰਹੇ। ਫਿਰ ਪੰਜਾ ਸਾਹਿਬ ਦੇ ਨਾਲ਼  ਨਾਲ਼ ਉਹਨਾਂ  ਗੁਰਦੁਆਰਿਆਂ ਨੂੰ  ਜਿਹੜੇ ਮਹੰਤਾਂ ਦੇ ਕਬਜ਼ੇ ਵਿੱਚ ਸਨ, ਉਹਨਾਂ ਸਾਰਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕਰ ਲਿਆ ਗਿਆ। ਗੁਰਦੁਆਰਾ ਸਾਹਿਬ ਤਾਂ ਸ਼੍ਰੋਮਣੀ ਕਮੇਟੀ ਦੇ ਅਧੀਨ ਆ ਚੁੱਕਾ ਸੀ ਪਰ ਅੰਗਰੇਜ਼ਾਂ ਦੀ ਸ਼ਹਿ ਕਾਰਨ ਗੁਰੂ ਕਾ ਬਾਗ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਮਲਕੀਅਤ ਮਹੰਤਾਂ ਦੇ ਕਬਜ਼ੇ ਹੀ ਸੀ।

ਹੁਣ ਇਸੇ ਜਗ੍ਹਾ ਤੇ  8 ਅਕਤੂਬਰ 1922 ਈਸਵੀ ਨੂੰ ਇੱਕ ਬਹੁਤ ਵੱਡਾ ਭਾਣਾ ਵਾਪਰਦਾ ਹੈ। 5 ਸਿੰਘ ਗੁਰੂ ਘਰ ਲੲੀ ਲੱਕੜਾਂ ਲੈਣ ਲਈ ਗੁਰੂ ਕੇ ਬਾਗ ਵਿੱਚ ਆਉਂਦੇ ਹਨ ਪਰ ਇੱਥੋਂ ਦਾ ਮਹੰਤ ਸੁੰਦਰ ਦਾਸ ਇਹਨਾਂ ਸਿੰਘਾਂ ਉੱਤੇ ਚੋਰੀ ਦਾ ਇਲਜਾਮ ਲਗਾ ਕੇ ਅੰਗਰੇਜ਼ ਸਰਕਾਰ ਕੋਲ ਫੜਵਾ ਦਿੰਦਾ ਹੈ। ਉਹਨਾਂ 5 ਸਿੰਘਾਂ ਨੂੰ 50000-50000 ਰੁਪਏ ਜੁਰਮਾਨਾ ਅਤੇ 6-6 ਮਹੀਨੇ ਦੀ ਕੈਦ ਸੁਣਾ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਹੈ। ਜਦੋਂ ਇਹ ਗੱਲ ਉਸ ਸਮੇਂ ਦੇ ਅਕਾਲੀਆਂ ਨੂੰ ਪਤਾ ਲਗਦੀ ਹੈ ਤਾਂ ਉਹ ਇਕੱਠੇ ਹੋ ਕੇ 12 ਅਗਸਤ 1922 ਈਸਵੀ ਨੂੰ ਮੋਰਚਾ ਅਰੰਭ ਕਰ ਦਿੰਦੇ ਹਨ ਕਿ ਸਾਡੇ ਪਕੜੇ ਹੋੲੇ ਸਿੰਘਾਂ ਨੂੰ ਵਾਪਸ ਛੱਡੋ। ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਸ਼ਾਂਤਮੲੀ ਤਰੀਕੇ ਨਾਲ ਇਹ ਜੱਥਾ ਗੁਰੂ ਕੇ ਬਾਗ ਵੱਲ ਰਵਾਨਾ ਹੁੰਦਾ ਹੈ ਪਰ ਇਹਨਾਂ ਨੂੰ ਵੀ ਪਕੜ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ। ਉੱਥੇ ਕਿਸੇ ਵੀ ਸਿੱਖ ਨੇ ਹਿੰਮਤ ਨਹੀਂ ਹਾਰੀ ਸੀ। ਹਰ ਰੋਜ਼ ਗੁਰੂ ਕੇ ਬਾਗ ਲੲੀ ਇੱਕ ਸਿੱਖਾਂ ਦਾ ਜੱਥਾ ਤਿਆਰ ਹੁੰਦਾ ਹੈ, ਸ਼ਾਂਤਮੲੀ ਤਰੀਕੇ ਨਾਲ ਗੁਰੂ ਕੇ ਬਾਗ ਵੱਲ ਰਵਾਨਾ ਹੁੰਦਾ ਹੈ। ਉੱਥੇ ਇਹਨਾਂ ਸਿੱਖਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ, ਲੱਤਾਂ ਤੋੜੀਆਂ ਜਾਂਦੀਆਂ ਹਨ, ਜੇਲ੍ਹ ਭੇਜਿਆ ਜਾਂਦਾ ਹੈ ਜਾਂ ਫ਼ੜ ਕੇ ਦੂਰ ਸੁੱਟ ਦਿੱਤਾ ਜਾਂਦਾ ਹੈ। ਪਰ ਸਿੱਖਾਂ ਨੇ ਆਪਣਾ ਜੋਸ਼ ਘੱਟ ਨਹੀਂ ਹੋਣ ਦਿੱਤਾ। ਹਰ ਰੋਜ਼ ਇੱਕ ਜੱਥਾ ਜਾਂਦਾ ਸੀ ਅਤੇ ਉਹਨਾਂ ਨੂੰ ਫਿਰ ਪਕੜ ਕੇ ਜੇਲ੍ਹ ਵਿੱਚ ਬੰਦ ਕੀਤਾ ਜਾਂਦਾ ਸੀ। ਇਸੇ ਤਰ੍ਹਾਂ ਰੋਜ਼ ਇੱਕ ਜੱਥਾ ਜਾ ਕੇ ਗ੍ਰਿਫਤਾਰੀਆਂ ਦਿੰਦਾ ਸੀ। ਇਹ ਜੱਥੇ ਅਕਾਲ ਤਖ਼ਤ ਸਾਹਿਬ ਤੋਂ ਅਰਦਾਸ ਕਰਕੇ ਗ੍ਰਿਫਤਾਰੀਆਂ ਦੇਣ ਲਈ ਗੁਰੂ ਕੇ ਬਾਗ ਵੱਲ ਰਵਾਨਾ ਹੋ ਜਾਂਦੇ ਸਨ। ਕੋਈ ਵੀ ਸਿੱਖ ਪਿੱਛੇ ਨਾ ਮੁੜਦਾ। ਆਖ਼ਿਰ ਸਿੱਖਾਂ ਦੀ ਏਕਤਾ,ਇਕ ਦੂਜੇ ਪ੍ਰਤੀ ਮਰ ਮਿਟਣ ਦੀ ਭਾਵਨਾ ਅਤੇ ਪੰਥਕ ਸ਼ਕਤੀ ਨੂੰ ਵੇਖਦਿਆਂ ਹੋਇਆਂ ਅੰਗਰੇਜ਼ ਸਰਕਾਰ ਨੂੰ ਝੁਕਣਾ ਪਿਆ। 17 ਨਵੰਬਰ 1922 ਈਸਵੀ ਨੂੰ ਇਹ ਮੋਰਚੇ ਬੰਦ ਕੀਤਾ ਜਾਂਦੇ ਹਨ। ਖਾਲਸੇ ਦੀ ਜਿੱਤ ਹੁੰਦੀ ਹੈ ਅਤੇ ਮਹੰਤ ਸੁੰਦਰ ਦਾਸ ਵਲੋਂ ਜ਼ਮੀਨ ਲੈ ਕੇ ਗੁਰਦੁਆਰਾ ਸਾਹਿਬ ਦੇ ਅਧੀਨ ਕੀਤੀ ਜਾਂਦੀ ਹੈ। ਜਿਹੜੇ ਸਿੰਘਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਗਿਆ ਸੀ, ਉਹਨਾਂ ਨੂੰ ਰਿਹਾ ਕੀਤਾ ਜਾਂਦਾ ਹੈ। 5600 ਦੇ ਕਰੀਬ ਸਿੰਘਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਗਿਆ ਸੀ ਜਿਸ ਵਿੱਚ 35 ਸ਼੍ਰੋਮਣੀ ਕਮੇਟੀ ਦੇ ਮੈਂਬਰ ਸਨ। ਇਸ ਮੋਰਚੇ ਵਿੱਚ 839 ਸਿੰਘ ਜ਼ਖ਼ਮੀ ਹੋਏ ਸਨ। ਇਹ ਇੱਕ ਬਹੁਤ ਵੱਡੀ ਗੁਰੂ ਕੇ ਬਾਗ ਗੁਰਦੁਆਰਾ ਸਾਹਿਬ ਦੀ ਜਿੱਤ ਸੀ। ਇਹ ਗੁਰਦੁਆਰਾ ਗੁਰੂ ਕਾ ਬਾਗ਼ ਅੱਜ ਚੜ੍ਹਦੀਕਲਾ ਵਿੱਚ ਹੈ। ਇਸੇ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਚਰਨ ਪਾਏ ਸਨ ਅਤੇ ਇੱਥੇ ਗੁਰੂ ਤੇਗ ਬਹਾਦਰ ਜੀ ਨੇ ਬਾਗ਼ ਵੀ ਲਗਵਾਇਆ ਸੀ।

ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਆਪਣੇ ਜੱਦੀ ਪਿੰਡ ਜਾਂਦੇ ਹਨ। ਗੁਰੂ ਤੇਗ ਬਹਾਦਰ ਜੀ ਦਾ ਜੱਦੀ ਪਿੰਡ ਕਿਹੜਾ ਸੀ, ਇਹ ਅਸੀਂ ਲੜੀ ਨੰ 29 ਵਿੱਚ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ…..

ਪ੍ਰਸੰਗ ਨੰਬਰ 29: ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੀਵਨ ਯਾਤਰਾ ਨਾਲ ਸਬੰਧਤ ਉਹਨਾਂ ਦੇ ਜੱਦੀ ਪਿੰਡ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments