ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 25 ਵਿੱਚ ਅਸੀਂ ਪਾਠਕਾਂ ਨੂੰ ਸ੍ਰਵਨ ਕਰਵਾਇਆ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਸਾਹਿਬ ਵਿਖੇ ਪਹੁੰਚਦੇ ਹਨ ਤਾਂ ਉਥੋਂ ਦੇ ਮਸੰਦ ਦਰਬਾਰ ਸਾਹਿਬ ਨੂੰ ਜ਼ਿੰਦਰੇ ਲਾ ਦਿੰਦੇ ਹਨ ਅਤੇ ਗੁਰੂ ਸਾਹਿਬ ਦੂਰੋਂ ਮੱਥਾ ਟੇਕ ਕੇ ਹੀ ਅੱਗੇ ਚਲੇ ਜਾਂਦੇ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਸਾਹਿਬ ਜੀ ਅੱਗੇ ਕਿਹੜੇ ਪਿੰਡਾਂ ਵਿੱਚ ਗੲੇ ਅਤੇ ਕੀ ਬਚਨ ਕੀਤੇ
22 ਨਵੰਬਰ 1664 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਪੂਰੇ ਪਰਿਵਾਰ ਸਮੇਤ ਬਾਬਾ ਬਕਾਲੇ ਤੋਂ ਚੱਲ ਕੇ ਕਾਲੇਕੇ, ਤਰਸੀਕਾ, ਲਹਿਲ ਤੋਂ ਹੁੰਂਦੇ ਹੋਏ ਸ਼ਾਮ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਵਿਖੇ ਪਹੁੰਚਦੇ ਹਨ, ਜਿੱਥੇ ਕਿ ਮੀਣਿਆਂ ਅਤੇ ਹਰਿ ਜੀ ਵਲੋਂ ਗੁਰੂ ਸਾਹਿਬ ਨੂੰ ਦਰਬਾਰ ਸਾਹਿਬ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ ਅਤੇ ਉਹ ਦਰਸ਼ਨੀ ਡਿਉਢੀ ਨੂੰ ਜ਼ਿੰਦਰੇ ਲਗਾ ਕੇ ਚਲੇ ਜਾਂਦੇ ਹਨ। ਗੁਰੂ ਸਾਹਿਬ ਥੜ੍ਹਾ ਸਾਹਿਬ ਵਾਲ਼ੀ ਜਗਾ ਬੈਠ ਕੇ ਸ਼ਾਮ ਨੂੰ ਅੱਗੇ ਚਾਲੇ ਪਾ ਦਿੰਦੇ ਹਨ।
ਦਰਬਾਰ ਸਾਹਿਬ ਤੋਂ 2 ਕੁ ਕਿਲੋਮੀਟਰ ਤੇ ਹੀ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ। ਇੱਥੇ ਗੁਰੂ ਸਾਹਿਬ ਥੋੜੀ ਦੇਰ ਲਈ ਰੁਕਦੇ ਹਨ। ਇੱਥੇ ਹਰ ਸਾਲ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਫਰਵਰੀ ਤੋਂ ਮਾਰਚ ਤੱਕ ਇੱਕ ਬਹੁਤ ਵੱਡਾ ਜੋੜ ਮੇਲ ਲਗਾਇਆ ਜਾਂਦਾ ਹੈ।ਭਾਰੀ ਗਿਣਤੀ ਵਿਚ ਸੰਗਤਾਂ ਇੱਥੇ ਜੁੜਦੀਆਂ ਹਨ। ਕੁਝ ਦੇਰ ਰੁਕ ਕੇ ਗੁਰੂ ਤੇਗ ਬਹਾਦਰ ਜੀ ਅੱਗੇ ਚਲੇ ਜਾਂਦੇ ਹਨ। ਅੱਗੇ ਜਦੋਂ ਖੇਤਾਂ ਵੱਲ ਪਹੁੰਚਦੇ ਹਨ ਤਾਂ ਦੇਖਦੇ ਹਨ ਕਿ ਖੂਹ ਦੇ ਕਿਨਾਰੇ ਬੈਠ ਕੇ ਕੰਮ ਕਰ ਰਹੇ ਕਾਮਿਆਂ ਲੲੀ ਮਾਤਾ ਹਰੋ ਜੀ ਪ੍ਰਸ਼ਾਦਾ ਲੈ ਕੇ ਪਹੁੰਚਦੇ ਹਨ। ਜਦੋਂ ਭਾਰੀ ਸੰਗਤਾਂ ਨੂੰ ਦੇਖਦੇ ਹਨ ਤਾਂ ਮਾਤਾ ਹਰੋ ਜੀ ਪੁੱਛਦੇ ਹਨ ਕਿ ਇਹ ਕੌਣ ਹਨ ਤਾਂ ਅੱਗੋਂ ਜਵਾਬ ਮਿਲਦਾ ਹੈ ਕਿ ਇਹ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਜੀ ਹਨ, ਜੋ ਕਿ ਹੁਣ ਗੁਰੂ ਨਾਨਕ ਸਾਹਿਬ ਜੀ ਦੀ ਨੌਵੀਂ ਗੱਦੀ ਤੇ ਬਿਰਾਜਮਾਨ ਹਨ। ਉਸ ਸਮੇਂ ਮਾਤਾ ਹਰੋ ਜੀ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਕਿਉਂਕਿ ਉਹ ਗੁਰੂ ਘਰ ਅਤੇ ਗੁਰਬਾਣੀ ਨਾਲ ਬਹੁਤ ਜੁੜੀ ਹੋਈ ਸੀ।
ਮਾਤਾ ਹਰੋ ਜੀ ਨੇ ਉਹ ਪ੍ਰਸ਼ਾਦੇ ਗੁਰੂ ਤੇਗ ਬਹਾਦਰ ਜੀ ਅੱਗੇ ਰੱਖ ਕੇ ਬੇਨਤੀ ਕੀਤੀ ਕਿ ਤੁਹਾਡੇ ਲੲੀ ਪ੍ਰਸ਼ਾਦਾ ਹੈ, ਤੁਸੀਂ ਪ੍ਰਸ਼ਾਦਾ ਛਕੋ। ਗੁਰੂ ਤੇਗ ਬਹਾਦਰ ਜੀ ਨੇ ਮਾਤਾ ਜੀ ਨੂੰ ਕਿਹਾ ਕਿ ਤੁਸੀਂ ਇਹ ਪ੍ਰਸ਼ਾਦੇ ਖੇਤਾਂ ਵਿੱਚ ਕੰਮ ਕਰ ਰਹੇ ਕਾਮਿਆਂ ਲੲੀ ਲੈ ਕੇ ਆਏ ਹੋ, ਇਹ ਉਹਨਾਂ ਦਾ ਹੱਕ ਹੈ। ਉਹ ਕਿਰਤ ਕਰ ਰਹੇ ਹਨ, ਭੁੱਖੇ ਹਨ। ਇਸ ਪ੍ਰਸ਼ਾਦੇ ਦੀ ਸਾਡੇ ਨਾਲੋਂ ਜ਼ਿਆਦਾ ਲੋੜ ਉਹਨਾਂ ਨੂੰ ਹੈ। ਗੁਰਬਾਣੀ ਅਨੁਸਾਰ-
“ਹਕੁ ਪਰਾਇਆ ਨਾਨਕਾ, ਉਸ ਸੂਅਰ ਉਸ ਗਾਇ”
ਭਾਵ ਕਦੇ ਵੀ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ। ਗੁਰੂ ਤੇਗ ਬਹਾਦਰ ਜੀ ਦੇ ਕਹਿਣ ਤੇ ਮਾਤਾ ਜੀ ਨੇ ਉਹਨਾਂ ਕਾਮਿਆਂ ਨੂੰ ਪ੍ਰਸ਼ਾਦਾ ਛਕਾਇਆ। ਮਾਤਾ ਜੀ ਨੇ ਬੇਨਤੀ ਕੀਤੀ ਕਿ ਗੁਰੂ ਸਾਹਿਬ, ਮੇਰਾ ਘਰ ਨੇੜੇ ਹੈ, ਤੁਸੀਂ ਮੇਰੇ ਘਰ ਚਲੋ। ਮਾਤਾ ਹਰੋ ਜੀ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਘਰ ਵੱਲ ਲੈ ਕੇ ਚੱਲ ਪੈਂਦੇ ਹਨ। ਜਿੱਥੇ ਗੁਰੂ ਸਾਹਿਬ ਜੀ ਮਾਤਾ ਹਰੋ ਜੀ ਦੇ ਖੇਤਾਂ ਵਿੱਚ ਰੁਕੇ, ਉੱਥੇ ਅੱਜ ਗੁਰਦੁਆਰਾ ਗੁਰਿਆਣਾ ਸਾਹਿਬ ਬਣਿਆ ਹੋਇਆ ਹੈ। ਇੱਥੇ ਇੱਕ ਖੂਹ ਵੀ ਮੌਜੂਦ ਸੀ ਜੋ ਕਿ ਸਮੇਂ ਦੇ ਨਾਲ ਸੰਭਾਲ ਨਾ ਹੋਣ ਕਰਕੇ ਪੂਰ ਦਿੱਤਾ ਗਿਆ। ਇਹ ਜਗ੍ਹਾ ਲੱਭਣ ਵਿੱਚ ਦਾਸ ਨੂੰ ਵੀ ਬਹੁਤ ਮੁਸ਼ਕਿਲ ਆਈ ਸੀ। ਇੱਥੋਂ ਗੁਰੂ ਤੇਗ ਬਹਾਦਰ ਜੀ ਮਾਤਾ ਹਰੋ ਜੀ ਦੇ ਨਾਲ ਉਸਦੇ ਪਿੰਡ ‘ਵੱਲੇ‘ ਚਲੇ ਜਾਂਦੇ ਹਨ। ਪਿੰਡ ਵੱਲੇ ਪਹੁੰਚ ਕੇ ਗੁਰੂ ਸਾਹਿਬ ਜੀ ਜੋ ਬਚਨ ਕਰਦੇ ਹਨ, ਜੋ ਕਿ ਅੱਜ ਵੀ ਸਾਡੇ ਕੋਲ ਸਾਂਭੇ ਹੋਏ ਹਨ, ਇਹ ਅਸੀਂ ਲੜੀ ਨੰ 27 ਵਿੱਚ ਸ੍ਰਵਨ ਕਰਾਂਗੇ।
ਸਫ਼ਰ ਏ ਪਾਤਸ਼ਾਹੀ ਨੌਵੀਂ ਵਿੱਚ ਅਸੀਂ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਕਿੱਥੇ-ਕਿੱਥੇ ਗੲੇ, ਕਿਸਨੂੰ-ਕਿਸਨੂੰ ਮਿਲੇ, ਕਿਹੜੀਆਂ-ਕਿਹੜੀਆਂ ਸੰਗਤਾਂ ਨੂੰ ਤਾਰਿਆ ਅਤੇ ਕਿਹੜੇ ਕਿਹੜੇ ਗ੍ਰੰਥਾਂ ਵਿੱਚ ਲਿਖਿਆ ਮਿਲਦਾ ਹੈ, ਇਹ ਅਸੀਂ ਚਲਦੀ ਲੜੀ ਵਿੱਚ ਉਹਨਾਂ ਅਸਥਾਨਾਂ ਅਤੇ ਇਤਿਹਾਸ ਦੇ ਦਰਸ਼ਨ ਕਰਵਾਉਂਦੇ ਰਹਾਂਗੇ। ਸੋ, ਇਹ ਸਾਰਾ ਇਤਿਹਾਸ ਤੁਸੀਂ ਯੂਟਿਊਬ ਅਤੇ ਫੇਸਬੁੱਕ ਉੱਤੇ ‘ਖੋਜ ਵਿਚਾਰ’ ਚੈਨਲ ਉੱਤੇ ਸ੍ਰਵਨ ਕਰ ਸਕਦੇ ਹੋ ਜੀ। ਸੋ, ਦੇਖਣਾ ਨਾ ਭੁੱਲਣਾ ਜੀ……