ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 23 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਧੀਰਮੱਲ ਗੁਰੂ ਘਰ ਦਾ ਵਿਰੋਧ ਕਰਦਾ ਸੀ ਅਤੇ ਉਸਨੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਵੀ ਚਲਵਾਈ ਸੀ
ਇਸ ਲੜੀ ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦਾ ਅਸਲੀ ਗੁਰੂ ਵਜੋਂ ਪ੍ਰਗਟ ਹੋਣ ਬਾਰੇ ਅਤੇ ਇੱਕ ਸਿੱਖ ਦੀ ਗੁਰੂ ਘਰ ਬਾਰੇ ਸ਼ਰਧਾ ਭਾਵਨਾ ਬਾਰੇ ਜ਼ਿਕਰ ਕਰਾਂਗੇ
11 ਅਗਸਤ 1664 ਈਸਵੀ ਨੂੰ ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਬਾਬਾ ਬਕਾਲੇ ਵਿਖੇ ਗੁਰਗੱਦੀ ਦਾ ਤਿਲਕ ਲਗਾਇਆ ਜਾਂਦਾ ਹੈ ਤਾਂ ਉਸ ਤੋਂ 9 ਮਹੀਨੇ ਬਾਅਦ 9 ਅਕਤੂਬਰ 1664 ਈਸਵੀ ਨੂੰ ਭਾਈ ਮੱਖਣ ਸ਼ਾਹ ਲੁਬਾਣਾ ਵਲੋਂ ਪੁਕਾਰ ਕੀਤੀ ਜਾਂਦੀ ਹੈ –
“ਗੁਰੂ ਲਾਧੋ ਰੇ,
ਗੁਰੂ ਲਾਧੋ ਰੇ “
9 ਅਕਤੂਬਰ ਤੋਂ ਲੈ ਕੇ 22 ਨਵੰਬਰ ਤੱਕ -43 ਦਿਨ ਤੱਕ ਗੁਰੂ ਤੇਗ ਬਹਾਦਰ ਜੀ ਬਕਾਲੇ ਦੀ ਧਰਤੀ ਤੇ ਭਾਗ ਲਾ ਰਹੇ ਸਨ। ਸੰਗਤਾਂ ਨੂੰ ਤਾਰ ਰਹੇ ਸਨ। ਗੁਰੂ ਤੇਗ ਬਹਾਦਰ ਜੀ ਨੇ ਇੱਛਾ ਜ਼ਾਹਿਰ ਕੀਤੀ ਕਿ ਅਜਿਹੇ ਗੁਰਧਾਮਾਂ ਉੱਤੇ ਜਾਇਆ ਜਾਵੇ ਜਿੱਥੇ ਮਸੰਦਾਂ ਵਲੋਂ ਮਨਮਾਨੀਆਂ ਕੀਤੀਆਂ ਜਾ ਰਹੀਆਂ ਸਨ । ਮਸੰਦ ਆਪਣੇ ਆਪ ਨੂੰ ਗੁਰੂ ਕਹਾ ਰਹੇ ਸਨ। ਸੰਗਤਾਂ ਗੁਮਰਾਹ ਹੋ ਰਹੀਆਂ ਸਨ। ਗੁਰੂ ਤੇਗ ਬਹਾਦਰ ਜੀ ਦਾ ਪਰਿਵਾਰ, ਮੱਖਣ ਸ਼ਾਹ ਲੁਬਾਣਾ ਦਾ ਪੂਰਾ ਪਰਿਵਾਰ, ਹੋਰ ਸੰਗਤਾਂ ਅਤੇ ਘੋੜੇ ਤਿਆਰ ਕੀਤੇ ਗੲੇ। ਗੁਰੂ ਸਾਹਿਬ ਨੇ ਆਪਣੀ ਘੋੜੀ ਨੂੰ ਤਿਆਰ ਕੀਤਾ।ਰੱਥ ਤਿਆਰ ਕੀਤੇ ਗੲੇ। ਸੋ, ਗੁਰੂ ਜੀ ਨੇ 22 ਨਵੰਬਰ 1664 ਈਸਵੀ ਨੂੰ ਬਾਬਾ ਬਕਾਲੇ ਨੂੰ ਛੱਡ ਕੇ ਅੰਮ੍ਰਿਤਸਰ ਵੱਲ ਚਾਲੇ ਪਾ ਦਿੱਤੇ। ਚਲਦੇ-ਚਲਦੇ ਅਜੇ 8 ਕੁ ਕਿਲੋਮੀਟਰ ਹੀ ਗੲੇ ਸਨ ਕਿ ਦੇਖਦੇ ਹਨ ਇੱਕ ਬੱਚਾ ਆਪਣੇ ਖੇਤਾਂ ਦੀ ਰਾਖੀ ਕਰ ਰਿਹਾ ਸੀ। ਉਹ ਪੰਛੀਆਂ ਅਤੇ ਚਿੜੀਆਂ ਨੂੰ ਉਡਾਉਣ ਦੀ ਥਾਂ ਕੁੱਜੀਆਂ ਅਤੇ ਮਿੱਟੀ ਦੇ ਭਾਂਡਿਆਂ ਵਿੱਚ ਦਾਣੇ ਪਾ ਕੇ ਅਤੇ ਉਹਨਾਂ ਲਈ ਪਾਣੀ ਪਾ ਕੇ ਰੱਖ ਰਿਹਾ ਸੀ। ਸਿੱਖ ਸੰਗਤਾਂ ਇਹ ਦੇਖ ਕੇ ਬਹੁਤ ਹੈਰਾਨ ਹੋਈਆਂ। ਗੁਰੂ ਤੇਗ ਬਹਾਦਰ ਜੀ ਨੇ ਉਸਨੂੰ ਕੋਲ ਬੁਲਾ ਕੇ ਪੁੱਛਿਆ ਕਿ ਭਾਈ ਕੀ ਗੱਲ ਹੈ? ਤੇਰੀ ਸਾਰੀ ਫਸਲ ਇਹਨਾਂ ਪੰਛੀਆਂ ਨੇ ਖਾ ਜਾਣੀ ਹੈ ਅਤੇ ਤੂੰ ਇਹਨਾਂ ਨੂੰ ਹੀ ਦਾਣੇ ਪਾ ਰਿਹਾ ਹੈਂ ਅਤੇ ਪਾਣੀ ਵੀ ਪਿਲਾ ਰਿਹਾ ਹੈ।
ਉਸ ਬੱਚੇ ਨੇ ਗੁਰੂ ਸਾਹਿਬ ਨੂੰ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਕਿਹਾ- “ਗੁਰੂ ਜੀ , ਮੈਂ ਬਚਪਨ ਤੋਂ ਹੀ ਗੁਰਮੁਖਾਂ ਦੀ ਸੰਗਤ ਕਰਦਾ ਰਿਹਾ ਹਾਂ। ਮੈਂ ਬਚਪਨ ਵਿੱਚ ਕਿਸੇ ਗੁਰਮੁਖ ਕੋਲੋਂ ਇਹ ਬਾਣੀ ਦੀ ਪੰਕਤੀ ਸੁਣੀ ਸੀ-
‘ਸਭਨਾ ਜੀਆ ਕਾ ਇਕੁ ਦਾਤਾ,
ਸੋ ਮੈ ਵਿਸਰਿ ਨ ਜਾਈ‘
‘ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ,
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ‘

ਭਾਵ ਗੁਰੂ ਜੀ, ਉਹ ਪਰਮਾਤਮਾ ਹੀ ਦਾਤਾ ਹੈ, ਮੈਂ ਕੁਝ ਵੀ ਨਹੀਂ ਹਾਂ। ਗੁਰੂ ਜੀ, ਜੇ ਦੇਣ ਵਾਲਾ ਪਰਮਾਤਮਾ ਹੈ ਤਾਂ ਉਜਾੜਨ ਵਾਲਾ ਕੋਈ ਹੋਰ ਨਹੀਂ ਹੋ ਸਕਦਾ।।ਇਹ ਵੀ ਤਾਂ ਪੰਛੀ ਹਨ। ਇਹਨਾਂ ਦੇ ਵੀ ਢਿੱਡ ਲਗੇ ਪੲੇ ਹਨ। ਸੋ, ਗੁਰੂ ਜੀ ਇਹ ਬਾਣੀ ਮੇਰੇ ਮਨ ਵਿੱਚ ਬੈਠੀ ਹੋਈ ਹੈ। ਮੇਰੇ ਤੋਂ ਰਿਹਾ ਨਹੀਂ ਜਾਂਦਾ। ਇਹਨਾਂ ਨੂੰ ਮੈਂ ਖੁਦ ਦਾਣੇ ਅਤੇ ਪਾਣੀ ਪਾ ਦਿੰਦਾ ਹਾਂ।ਇਸ ਤਰ੍ਹਾਂ ਮੇਰੀ ਫਸਲ ਵੀ ਖਰਾਬ ਨਹੀਂ ਹੁੰਦੀ ਅਤੇ ਇਹਨਾਂ ਦਾ ਢਿੱਡ ਵੀ ਭਰ ਜਾਂਦਾ ਹੈ ਅਤੇ ਮੈਨੂੰ ਵੀ ਸ਼ਾਂਤੀ ਮਿਲਦੀ ਹੈ।”
ਗੁਰੂ ਤੇਗ ਬਹਾਦਰ ਜੀ ਨੇ ਉਸਦਾ ਭੋਲਾਪਨ ਦੇਖ ਕੇ ਉਸਤੇ ਅਜਿਹੀ ਕਿਰਪਾ ਕੀਤੀ ਕਿ ਇਸਨੇ ਆਪਣੇ ਪਰਿਵਾਰ ਨੂੰ ਕਹਿ ਦਿੱਤਾ ਕਿ ਹੁਣ ਮੈਂ ਗੁਰੂ ਜੋਗਾ ਹੋ ਗਿਆ ਹਾਂ ਮੈਂ ਗੁਰੂ ਸਾਹਿਬ ਦੇ ਨਾਲ ਹੀ ਜਾਵਾਗਾ। ਇਸਦਾ ਨਾਮ ਭਾਈ ਨਾਰੂ ਜੀ ਸੀ। ਭਾਈ ਨਾਰੂ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਲ ਰਿਹਾ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦ ਹੋਣ ਤੋਂ ਬਾਅਦ ਭਾਈ ਨਾਰੂ ਜੀ 1699 ਈਸਵੀ ਦੀ ਵਿਸਾਖੀ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਭਾਈ ਨਾਹਰ ਸਿੰਘ ਬਣਿਆ।
ਜਦੋਂ 1704 ਈਸਵੀ ਵਿੱਚ ਗੁਰੂ ਜੀ ਆਨੰਦਪੁਰ ਸਾਹਿਬ ਛੱਡਦੇ ਹਨ ਤਾਂ ਉਦੋਂ ਵੀ ਇਹ ਨਾਹਰ ਸਿੰਘ ਗੁਰੂ ਸਾਹਿਬ ਦੇ ਨਾਲ਼ ਹੀ ਸੀ। ਗੁਰੂ ਪਰਿਵਾਰ ਦੀ ਰੱਖਿਆ ਕਰਦਾ ਹੋਇਆ ਇਹ ਫ਼ੱਟੜ ਹੋ ਜਾਂਦਾ ਹੈ। ਲਗਦਾ ਹੈ ਕਿ ਜਦੋਂ ਸਰਸਾ ਨਦੀ ਤੇ ਵਿਛੋੜਾ ਪੈਣ ਕਾਰਨ ਕਾਫੀ ਸਿੱਖ ਅਲੱਗ – ਅਲੱਗ ਹੋ ਚੁੱਕੇ ਸਨ, ਇਹ ਵੀ ਉਥੋਂ ਅੱਲਗ ਹੋ ਗਿਆ। ਜਦੋਂ ਠੀਕ ਹੋਇਆ ਤਾਂ ਪਤਾ ਲੱਗਾ ਕਿ ਗੁਰੂ ਸਾਹਿਬ ਦਮਦਮਾ ਸਾਹਿਬ ਵਿਖੇ ਹਨ ਤਾਂ ਇਹ ਵੀ ਗੁਰੂ ਗੋਬਿੰਦ ਸਿੰਘ ਜੀ ਕੋਲ ਦਮਦਮਾ ਸਾਹਿਬ ਵਿਖੇ ਜਾ ਕੇ ਹਾਜ਼ਰ ਹੋਇਆ। ਬਾਅਦ ਵਿੱਚ ਇਹ ਆਪਣੇ ਨਗਰ ਵੀ ਆਉਂਦਾ ਹੈ। ਅੱਜ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ, ਭਾਈ ਨਾਹਰ ਸਿੰਘ ਦੇ ਪਿੰਡ ਗੂਰਦੁਆਰਾ ਚੋਲਾ ਸਾਹਿਬ ਵੀ ਬਣਿਆ ਹੋਇਆ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਚੋਲਾ ਵੀ ਪਿਆ ਹੈ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਹੁਕਮਨਾਮਾ ਵੀ ਪਿਆ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਤੀਰ ਨਾਲ ਆਪ ਦਸਤਖ਼ਤ ਵੀ ਕੀਤੇ ਹਨ। ਇੱਥੇ ਹੀ ਭਾਈ ਨਾਰੂ ਜੀ ਵਲੋਂ ਆਪਣੇ ਹੱਥਾਂ ਨਾਲ ਬਣਾਈ ਹੋਈ ਗੁਰੂ ਗੋਬਿੰਦ ਸਿੰਘ ਜੀ ਦੀ ਪੇਂਟਿੰਗ ਵੀ ਪਈ ਹੈ।
ਸੋ, ਅੱਗੇ ਲੜੀ ਨੰ 25 ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਜਦੋਂ ਗੁਰੂ ਤੇਗ ਬਹਾਦਰ ਜੀ ਅੰਮ੍ਰਿਤਸਰ ਪਹੁੰਚਦੇ ਹਨ ਤਾਂ ਇਹਨਾਂ ਨੂੰ ਅੰਦਰ ਕਿਉ ਨਹੀਂ ਜਾਣ ਦਿੱਤਾ ਜਾਂਦਾ। ਜ਼ਿੰਦਰੇ ਕਿਉਂ ਲਾ ਦਿੱਤੇ ਜਾਂਦੇ ਹਨ।
ਸੋ, ਦੇਖਣਾ ਨਾ ਭੁੱਲਣਾ ਜੀ…..