ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 21 ਵਿੱਚ ਅਸੀਂ ਪਾਠਕਾਂ ਨੂੰ ਮੱਖਣ ਸ਼ਾਹ ਲੁਬਾਣਾ ਦੇ ਜਨਮ ਅਤੇ ਉਸਦੇ ਪਿਛੋਕੜ ਬਾਰੇ ਜਾਣਕਾਰੀ ਦਿੱਤੀ ਸੀ
ਇਸ ਲੜੀ ਵਿੱਚ ਅਸੀਂ ਮੱਖਣ ਸ਼ਾਹ ਲੁਬਾਣਾ ਦੇ ਬਾਬਾ ਬਕਾਲੇ ਵਿਖੇ ਪਹੁੰਚਣ ਬਾਰੇ ਅਤੇ ਅਸਲੀ ਗੁਰੂ ਲੱਭਣ ਬਾਰੇ ਸ੍ਰਵਨ ਕਰਾਂਗੇ
ਜਦੋਂ ਮੱਖਣ ਸ਼ਾਹ ਲੁਬਾਣਾ ਜੀ ਦਾ ਬੇੜਾ ਡੁੱਬਣ ਲਗਦਾ ਹੈ ਤਾਂ ਉਹ ਗੁਰੂ ਅੱਗੇ ਅਰਦਾਸ ਕਰਦਾ ਹੈ-
“ਕਰਿ ਚਿਤ ਇਕਾਗਰ ਜਪ ਕੋ ਪੜ੍ਹਾ,
ਪੁਨਿ ਸਤਿਗੁਰੁ ਜੀ ਕਾ ਕੀਆ ਧਿਆਨ”
ਉਹ ਅਰਦਾਸ ਕਰਦੇ ਹੋਏ ਕਹਿੰਦਾ ਹੈ ਕਿ ਗੁਰੂ ਸਾਹਿਬ, ਜੇ ਮੇਰਾ ਬੇੜਾ ਹੀ ਡੁੱਬ ਗਿਆ ਭਾਵ ਜੇ ਮੇਰਾ ਕਾਰੋਬਾਰ ਹੀ ਡੁੱਬ ਗਿਆ ਤਾਂ ਮੈਂ ਗੁਰੂ ਘਰ ਦਸਵੰਧ ਦੀ ਮਾਇਆ ਕਿਵੇਂ ਲੈ ਕੇ ਆਵਾਂਗਾ। ਗੁਰੂ ਸਾਹਿਬ , ਤੁਸੀਂ ਮੇਰੇ ਇਸ ਡੁੱਬਦੇ ਹੋਏ ਬੇੜੇ ਨੂੰ ਬਚਾਓ।। ਜਿਹੜੀ ਦਸਵੰਧ ਦੀ ਮਾਇਆ ਮੇਰੇ ਪੁਰਖਾਂ ਤੋਂ ਚਲੀ ਆਉਂਦੀ ਹੈ, ਤਾਂ ਹੀ ਮੈਂ ਉਹ ਮਾਇਆ ਆਪ ਜੀ ਦੇ ਦਰਬਾਰ ਵਿੱਚ ਭੇਟਾ ਕਰ ਸਕਾਂਗਾ। ਮੱਖਣ ਸ਼ਾਹ ਲੁਬਾਣਾ ਜੀ ਨੇ ਕੋਈ ਸੁੱਖਣਾ ਨਹੀਂ ਸੁੱਖੀ ਸੀ।
ਇਸ ਦਸਵੰਧ ਦੀ ਮਾਇਆ ਬਾਰੇ ਅਸੀਂ ਪਿਛਲੀ ਲੜੀ ਵਿੱਚ ਵੀ ਸ੍ਰਵਨ ਕਰ ਚੁੱਕੇ ਹਾਂ। ਇਹ ਪਹਿਲਾਂ ਵੀ ਦਸਵੰਧ ਦੀ ਮਾਇਆ ਗੁਰੂ ਘਰ ਲੈ ਕੇ ਆਉਂਦੇ ਰਹੇ ਹਨ। ਸੋ, ਮੱਖਣ ਸ਼ਾਹ ਲੁਬਾਣਾ ਦਾ ਬੇੜਾ ਡੁੱਬਣ ਤੋਂ ਬਚ ਜਾਂਦਾ ਹੈ। ਬਾਅਦ ਵਿੱਚ ਇਹ ਦਿੱਲੀ ਆਉਂਦੇ ਹਨ ਅਤੇ ਇਹਨਾਂ ਨੂੰ ਪਤਾ ਲਗਦਾ ਹੈ ਕਿ ਦਿੱਲੀ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਜੋਤੀ ਜੋਤਿ ਸਮਾ ਚੁੱਕੇ ਹਨ ਅਤੇ ਉਹ ਬਚਨ ਕਰ ਚੁੱਕੇ ਹਨ-‘ਬਾਬਾ ਬਕਾਲੇ’। ਮੱਖਣ ਸ਼ਾਹ ਲੁਬਾਣਾ ਆਪਣੇ ਪੂਰੇ ਪਰਿਵਾਰ ਨੂੰ ਨਾਲ ਲੈ ਕੇ ਅਤੇ 500 ਸ਼ਸ਼ਤਰਧਾਰੀ ਸੂਰਮੇ (ਜੋ ਕਿ ਹਮੇਸ਼ਾ ਇਹਨਾਂ ਦੇ ਨਾਂ ਨਾਲ ਰਹਿੰਦੇ ਸਨ) ਨਾਲ ਲੈ ਕੇ 8 ਅਕਤੂਬਰ 1664 ਈਸਵੀ ਨੂੰ ਬਾਬਾ ਬਕਾਲੇ ਵਿਖੇ ਪਹੁੰਚ ਜਾਂਦੇ ਹਨ। ਇਹਨਾਂ ਨਾਲ਼ ਪਤਨੀ ਸੁਲਜੋਈ ਜੀ ਅਤੇ 3 ਪੁੱਤਰ- ਭਾਈ ਖ਼ੁਸ਼ਹਾਲਾ ਜੀ, ਭਾਈ ਚੰਦੂ ਲਾਲ ਜੀ, ਭਾਈ ਲਾਲ ਚੰਦ ਜੀ ਅਤੇ ਹੋਰ ਬਹੁਤ ਸੰਗਤ ਸੀ। ਜਿੱਥੇ ਅੱਜ ਗੁਰਦੁਆਰਾ ਛਾਉਣੀ ਸਾਹਿਬ ਹੈ, ਉੱਥੇ ਇਹ ਆ ਕੇ ਡੇਰਾ ਲਾਉਂਦੇ ਹਨ।
ਜਦੋਂ ਇਹ ਗੁਰੂ ਦੀ ਭਾਲ ਵਿੱਚ ਨਿਕਲਦੇ ਹਨ ਤਾਂ ਇਹ ਦੇਖਦੇ ਹਨ ਕਿ ਬਾਬਾ ਬਕਾਲੇ ਵਿਖੇ ਹੋਰ ਵੀ ਕਈ ਨਕਲੀ ਗੁਰੂ ਆਪਣੀਆਂ ਮੰਜੀਆਂ ਲਾ ਕੇ ਬੈਠੇ ਸਨ। ਮੱਖਣ ਸ਼ਾਹ ਲੁਬਾਣਾ ਜਿਸ ਕੋਲ ਵੀ ਗੲੇ ਤਾਂ ਇਹਨਾਂ ਨੂੰ ਲਗਿਆ ਕਿ ਗੁਰੂ ਤਾਂ ਦਾਤਾ ਹੈ ਪਰ ਇਹ ਸਭ ਤਾਂ ਮੰਗਤੇ ਹਨ। ਸਾਰੇ ਨਕਲੀ ਗੁਰੂ ਆਪਣੇ ਆਪ ਨੂੰ ਗੁਰੂ ਕਹਿਣ ਦੀ ਕੋਸ਼ਿਸ਼ ਕਰਦੇ ਸਨ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ-
“ਜਿਨ ਹਰਿ ਪਾਇਓ ਤਿਨਹਿ ਛੁਪਾਇਓ”
ਗੁਰੂ ਤਾਂ ਸਭ ਦੇ ਅੰਦਰ ਦੀ ਗੱਲ ਜਾਣਦਾ ਹੈ
“ਘਟ ਘਟ ਕੇ ਅੰਤਰ ਕੀ ਜਾਨਤ,
ਭਲੇ ਬੁਰੇ ਕੀ ਪੀਰ ਪਛਾਨਤ”
ਇੱਥੇ ਤਾਂ ਸਾਰੇ ਗੁਰੂਆਂ ਦੇ ਚੇਲੇ ਆਪੋ ਆਪਣੇ ਦਰਬਾਰ ਵਿੱਚ ਲੈ ਕੇ ਜਾ ਰਹੇ ਸਨ। ਮੱਖਣ ਸ਼ਾਹ ਲੁਬਾਣਾ ਨੇ ਸਾਰੇ ਗੁਰੂਆਂ ਅੱਗੇ 2-2 ਮੋਹਰਾਂ ਰੱਖ ਕੇ ਮੱਥਾ ਟੇਕਿਆ। ਕੲੀ ਇਤਿਹਾਸਕਾਰਾਂ ਨੇ 5-5 ਮੋਹਰਾਂ ਵੀ ਲਿਖਿਆ ਹੈ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ ਮੇਰੇ ਇਸ ਝੂਠ ਨੂੰ ਸੱਚਾ ਗੁਰੂ ਹੀ ਦੱਸ ਸਕਦਾ ਹੈ। ਧੀਰ ਮੱਲ ਦੇ ਚੇਲਿਆਂ ਨੇ ਤਾਂ ਹੱਦ ਹੀ ਕਰ ਦਿੱਤੀ। ਉਹਨਾਂ ਨੇ ਕਿਹਾ ਕਿ ਧੀਰ ਮੱਲ ਹੀ ਸਮੱਰਥ ਗੁਰੂ ਹੈ। ਇਹੀ ਸਭ ਤੋਂ ਵੱਡਾ ਗੁਰੂ ਹੈ।ਧੀਰ ਮੱਲ ਕੋਲ਼ ਆਦਿ ਗ੍ਰੰਥ ਸਾਹਿਬ ਹੈ। ਆਓ ਸੱਚੇ ਗੁਰੂ ਕੋਲ ਆਓ।
ਮੱਖਣ ਸ਼ਾਹ ਲੁਬਾਣਾ ਧੀਰ ਮੱਲ ਦੇ ਡੇਰੇ ਵੀ ਗਿਆ। ਆਦਿ ਗ੍ਰੰਥ ਸਾਹਿਬ ਨੂੰ ਨਮਸਕਾਰ ਵੀ ਕੀਤੀ। ਧੀਰ ਮੱਲ ਦੇ ਅੱਗੇ ਵੀ ਮੱਥਾ ਟੇਕਿਆ਼ ਪਰ ਤੱਸਲੀ ਨਾ ਹੋਈ। ਫ਼ਿਰ ਇਹ ਆਪਣੇ ਡੇਰੇ ਵਾਪਸ ਆ ਗਿਆ। ਮੱਖਣ ਸ਼ਾਹ ਲੁਬਾਣਾ ਨੂੰ ਪਤਾ ਸੀ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਚਨ ਅਟੱਲ ਹਨ। ਸੂਰਜ ਠੰਡਾ ਹੋ ਸਕਦਾ ਹੈ, ਚੰਦਰਮਾ ਗਰਮ ਹੋ ਸਕਦਾ ਹੈ, ਚਲਦੀ ਹੋਈ ਹਵਾ ਰੁਕ ਸਕਦੀ ਹੈ, ਪਹਾੜ ਆਪਣੀ ਜਗ੍ਹਾ ਬਦਲ ਸਕਦੇ ਹਨ ਪਰ ਗੁਰੂ ਦੇ ਬਚਨ ਇੱਧਰ-ਉਧੱਰ ਨਹੀਂ ਹੋ ਸਕਦੇ। ਇਸਨੇ 9 ਅਕਤੂਬਰ 1664 ਈਸਵੀ ਨੂੰ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਾਅਦ ਫਿਰ ਅਰਦਾਸ ਕੀਤੀ ਕਿ ਗੁਰੂ ਸਾਹਿਬ ਤੁਸੀਂ ਤਾਂ ਸਾਰਿਆਂ ਦੇ ਅੰਦਰ ਦੀ ਗੱਲ ਜਾਣਦੇ ਹੋ।
“ਘਟ ਘਟ ਕੇ ਅੰਤਰ ਕੀ ਜਾਨਤ
ਭਲੇ ਬੁਰੇ ਕੀ ਪੀਰ ਪਛਾਨਤ”
ਭਾਵ ਗੁਰੂ ਸਾਹਿਬ, ਤੁਸੀਂ ਹੀ ਕੋਈ ਮਾਰਗ ਦਿਖਾਓ। ਸੰਗਤਾਂ ਗੁਮਰਾਹ ਹੋ ਰਹੀਆਂ ਹਨ। ਇਹ ਜਦੋਂ ਆਪਣੇ ਡੇਰੇ ਤੋਂ ਬਾਹਰ ਨਿਕਲੇ ਤਾਂ ਧੀਰ ਮੱਲ ਦੇ ਭੇਜੇ ਹੋਏ ਮਸੰਦ ਪਹਿਲਾਂ ਤੋਂ ਹੀ ਇਸਦੇ ਡੇਰੇ ਦੇ ਬਾਹਰ ਖੜ੍ਹੇ ਸਨ ਅਤੇ ਕਹਿੰਦੇ ਸਨ ਕਿ ਆਓ ਅਸੀਂ ਤੁਹਾਨੂੰ ਲੈਣ ਲੲੀ ਆਏ ਹਾਂ। ਗੁਰੂ ਜੀ ਤੁਹਾਨੂੰ ਯਾਦ ਕਰ ਰਹੇ ਹਨ।
ਹੋਰ ਵੀ ਕਾਫੀ ਸੰਗਤਾਂ ਇਕੱਤਰ ਹੋ ਚੁਕੀਆਂ ਸਨ। ਉਸ ਸਮੇਂ ਮੱਖਣ ਸ਼ਾਹ ਲੁਬਾਣਾ ਨੇ ਕਿਸੇ ਨੂੰ ਪੁੱਛਿਆ ਕੀ ਇੱਥੇ ਹੋਰ ਵੀ ਕੋਈ ਹੈ, ਹੋਰ ਵੀ ਕੋਈ ਸੋਢੀ ਹੈ? । ਕਿਸੇ ਇੱਕ ਨੇ ਦੱਸਿਆ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਛੋਟੇ ਪੁੱਤਰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੀ ਮਾਤਾ ਨਾਨਕੀ ਜੀ , ਭਾਈ ਮਹਿਰਾ ਜੀ ਦੇ ਘਰ ਹਨ, ਉਹ ਵੀ ਇੱਥੇ ਰਹਿੰਦੇ ਹਨ। ਧੀਰ ਮੱਲ ਦੇ ਮਸੰਦਾਂ ਨੇ, ਮੱਖਣ ਸ਼ਾਹ ਲੁਬਾਣਾ ਨੂੰ ਉਧਰ ਜਾਣ ਤੋਂ ਰੋਕਿਆ ਪਰ ਮੱਖਣ ਸ਼ਾਹ ਲੁਬਾਣਾ ਸਮਝ ਚੁੱਕੇ ਸਨ। ਇਹ ਜਦੋਂ ਭਾਈ ਮਹਿਰਾ ਜੀ ਦੇ ਘਰ ਗੲੇ ਤਾਂ ਉੱਥੇ ਉਹੀ ਜਾਣੇ ਪਛਾਣੇ ਸਿੱਖਾਂ ਨੂੰ ਦੇਖਿਆ ਜਿਹਨਾਂ ਨੂੰ ਇਹ ਪਹਿਲਾਂ ਵੀ ਮਿਲ ਚੁੱਕੇ ਸਨ ਜਦੋਂ ਮੱਖਣ ਸ਼ਾਹ ਲੁਬਾਣਾ ਗੁਰੂ ਹਰਿਗੋਬਿੰਦ ਜੀ ਕੋਲ ਆਉਂਦੇ ਰਹੇ ਸਨ। ਬਾਬਾ ਗੁਰਦਿੱਤਾ ਜੀ, ਭਾਈ ਦਰਗਾਹ ਮੱਲ ਜੀ, ਭਾਈ ਗੜੀਆ ਜੀ ਅਤੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਦੇ ਸਿੱਖ ਵੀ ਉੱਥੇ ਮੌਜੂਦ ਸਨ। ਜਦੋਂ ਮੱਖਣ ਸ਼ਾਹ ਲੁਬਾਣਾ ਸਿਪਾਹੀਆਂ ਦੇ ਨਾਲ ਠਾਠ-ਬਾਠ ਨਾਲ ਅੱਗੇ ਗੲੇ ਤਾਂ ਗੁਰੂ ਤੇਗ ਬਹਾਦਰ ਜੀ ਨੇ ਇਸਨੂੰ ਮਨ੍ਹਾਂ ਕਰ ਦਿੱਤਾ ਕਿ ਭਾਈ ਗੁਰੂ ਘਰ ਆਉਣ ਦੀ ਜਾਚ ਸਿੱਖ ਲੈ। ਇਹ ਸਮਝ ਗਿਆ ਅਤੇ ਇਸਨੇ ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਹੱਸ ਪਏ। ਅਤੇ ਕਿਹਾ-
“ਸੁਨ ਸਿਖ ਡੁਬਦੀ ਨਾਉ ਤੁਮ, ਹਮ ਕੰਢੇ ਦੀਨ ਲਗਾਇ,
ਕੰਧੇ ਮੁਹਿ ਆਸੀ ਲਗੀ, ਕਿਉਂ ਪੂਜਾ ਰਖੋ ਦੁਰਾਇ।।”
ਜਦੋਂ ਇਸਨੇ ਮੋਹਰਾਂ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਬਚਨ ਕੀਤੇ-
“ਗੁਰੂ ਘਰ ਕੀ ਜੋ ਅਹੈ ਉਪਾਇਨ,ਸੋ ਦੀਜਹਿ ਕਹਿ ਰਾਖਹੁ ਆਇਨ।।
ਅਰ ਦਸੌਂਧ ਗੁਰ ਕੋ ਹੈ ਜੈਤਾ, ਅਰਪਨਿ ਦਰਬ ਕਰਹੁ ਅਬਿ ਤੇਤਾ।।”
“ਜਿਨ ਮਨਿ ਹੋਰ ਮੁਖਿ ਹੋਰ, ਸੇ ਕਾਂਡੇ ਕਚਿਆ”
ਗੁਰੂ ਸਾਹਿਬ ਨੇ ਕਿਹਾ ਕਿ ਜਦੋਂ ਤੇਰਾ ਬੇੜਾ ਡੁੱਬ ਰਿਹਾ ਸੀ ਤਾਂ ਉਦੋਂ ਤੂੰ ਅਰਦਾਸ ਕੁਝ ਹੋਰ ਕੀਤੀ ਸੀ ਪਰ ਇੱਥੇ ਕੁਝ ਹੋਰ ਦੇ ਰਿਹਾ ਹੈਂ। ਮੱਖਣ ਸ਼ਾਹ ਲੁਬਾਣਾ ਹੁਣ ਸਭ ਸਮਝ ਗਿਆ ਸੀ। ਮੱਖਣ ਸ਼ਾਹ ਲੁਬਾਣਾ ਅਤੇ ਇਸ ਦੇ ਸਾਰੇ ਪਰਿਵਾਰ ਨੇ ਉਸੀ ਸਮੇਂ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ। ਕੁਝ ਦੇਰ ਬੈਠਣ ਅਤੇ ਬਚਨ ਬਿਲਾਸ ਕਰਨ ਤੋਂ ਬਾਅਦ ਮੱਖਣ ਸ਼ਾਹ ਲੁਬਾਣਾ ਕੋਠੇ ਤੇ ਚੜ੍ਹ ਗਿਆ ਅਤੇ ਪੱਲੂ ਫੇਰ ਕੇ ਕਿਹਾ-
“ਗੁਰੂ ਲਾਧੋ ਰੇ, ਗੁਰੂ ਲਾਧੋ ਰੇ”
ਭਾਵ ਸੰਗਤ ਜੀ, ਗੁਮਰਾਹ ਨਾ ਹੋਣਾ। ਅਸਲੀ ਗੁਰੂ ਲੱਭ ਗਿਆ ਹੈ। ਇਹ ਸਾਰੇ ਦਾਵੇਦਾਰ ਝੂਠੇ ਗੁਰੂ ਹਨ। ਅਸਲੀ ਗੁਰੂ ਤੇਗ ਬਹਾਦਰ ਜੀ ਇੱਥੇ ਬੈਠੇ ਹਨ। ਜਿਹੜੇ ਝੂਠੇ ਗੁਰੂ ਮੰਜੀਆਂ ਲਾ ਕੇ ਬੈਠੇ ਸਨ, ਉਹਨਾਂ ਨੂੰ ਵੀ ਪਤਾ ਲਗ ਗਿਆ ਕਿ ਸੰਗਤਾਂ ਅੱਗੇ ਸੱਚ ਸਾਹਮਣੇ ਆ ਗਿਆ ਹੈ। ਉਹ ਵੀ ਸਾਰੇ ਉੱਠ ਕੇ ਦੌੜ ਗਏ। ਸਿਰਫ਼ ਧੀਰ ਮੱਲ ਹੀ ਰਹਿ ਗਿਆ।
ਅਗਲੀ ਲੜੀ ਨੰ 23 ਵਿੱਚ ਅਸੀਂ ਧੀਰਮੱਲ ਦੁਆਰਾ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਉਣ ਬਾਰੇ ਜ਼ਿਕਰ ਕਰਾਂਗੇ। ‘ਖੋਜ ਵਿਚਾਰ’ ਚੈਨਲ ਯੂਟਿਊਬ ਅਤੇ ‘ ਸਫ਼ਰ ਏ ਪਾਤਸ਼ਾਹੀ ਨੌਵੀਂ’ ਦੇ ਫੇਸਬੁੱਕ ਪੇਜ ੳੁੱਤੇ ਇਹ ਲੜੀਵਾਰ ਕਥਾ ਜ਼ਰੂਰ ਦੇਖਣਾ ਜੀ । ਇੱਥੇ ਗੁਰੂ ਤੇਗ ਬਹਾਦਰ ਜੀ ਦਾ ਪੂਰਾ ਜੀਵਨ ਦੱਸਿਆ ਜਾ ਰਿਹਾ ਹੈ। ਸੋ ਦੇਖਣਾ ਨਾ ਭੁੱਲਣਾ ਜੀ….