ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 20 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਗੁਰਗੱਦੀ ਉੱਤੇ ਬਿਰਾਜਮਾਨ ਹੋਣ ਬਾਰੇ ਜਾਣੂ ਕਰਵਾਇਆ ਸੀ
ਇਸ ਲੜੀ ਵਿੱਚ ਅਸੀਂ ਮੱਖਣ ਸ਼ਾਹ ਲੁਬਾਣਾ ਬਾਰੇ ਅਤੇ ਉਸਦੇ ਪਿਛੋਕੜ ਬਾਰੇ ਜਾਣੂ ਹੋਵਾਂਗੇ। ਮੱਖਣ ਸ਼ਾਹ ਲੁਬਾਣਾ ਕਿਸ ਤਰ੍ਹਾਂ ਗੁਰੂ ਦਰਬਾਰ ਵਿੱਚ ਆਇਆ, ਇਸ ਬਾਰੇ ਵੀ ਅਸੀਂ ਜਾਣਕਾਰੀ ਹਾਸਲ ਕਰਾਂਗੇ।
ਜਦੋਂ ਅਸੀਂ ਪਿੱਛੇ 1340 ਦੇ ਸਮੇਂ ਵੱਲ ਦੇਖੀਏ ਤਾਂ ਇੱਕ ਰਾਜਾ ਸੀ – ‘ਰਾਜਾ ਧਜ’। ‘ਧਜ’ ਦਾ ਪੁੱਤਰ ਸੀ- ‘ਕੋ ਧਜ’। ‘ਕੋ ਧਜ’ ਦਾ ਪੁੱਤਰ ਸੀ – ‘ਕਰਨ’। ‘ਕਰਨ’ ਦਾ ਪੁੱਤਰ ਸੀ- ‘ਕੇਸਵ’। ‘ਕੇਸਵ’ ਦਾ ਪੁੱਤਰ ਸੀ- ‘ਚਾਡਾ’। ‘ਚਾਡੇ’ ਦਾ ਪੁੱਤਰ ਸੀ- ‘ਥਿਡਾ’।
‘ਥਿਡੇ’ ਦਾ ਪੁੱਤਰ ਸੀ- ‘ਮੌਲਾ’। ‘ਮੌਲੇ’ ਦਾ ਪੁੱਤਰ ਸੀ- ‘ਮੌਤਾ’। ‘ਮੌਤੇ’ ਦਾ ਪੁੱਤਰ ਸੀ – ‘ਬਹੋੜੂ’। ‘ਬਹੋੜੂ ਦਾ ਪੁੱਤਰ ‘ਸਾਵਣ ਨਾਇਕ’ ਸੀ। ‘ਸਾਵਣ ਨਾਇਕ’ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੋਇਆ ਸੀ। 1517 ਈਸਵੀ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਮਾਨਸਰੋਵਰ ਤੋਂ ਹੁੰਦਿਆਂ ਹੋਇਆਂ, ਲੇਹ ਲੱਦਾਖ ਤੋਂ ਲੰਘਦਿਆਂ ਮਟਨ (ਕਸ਼ਮੀਰ) ਰਾਹੀਂ ਹੁੰਦਿਆਂ ਹੋਇਆਂ ਗੁਜਰਾਤ (ਪਾਕਿਸਤਾਨ ) ਵੱਲ ਪਹੁੰਚ ਗਏ। ਇੱਕ ਗੁਜਰਾਤ ਭਾਰਤ ਵਿੱਚ ਹੈ ਅਤੇ ਦੂਜਾ ਗੁਜਰਾਤ ਪਾਕਿਸਤਾਨ ਵਿੱਚ ਹੈ।ਗੁਰੂ ਨਾਨਕ ਦੇਵ ਜੀ ਜਦੋਂ ਗੁਜਰਾਤ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਹਵੇਲੀ ਉੱਤੇ ਝੰਡੇ ਝੂਲ ਰਹੇ ਸਨ। ਗੁਰੂ ਜੀ ਨੇ ਪੁੱਛਿਆ –
“ਇਹ ਧਵਜ ਕਿਸਦੇ ਝੂਲਦੇ ਹੈਨ”
ਜਵਾਬ ਮਿਲਿਆ-
“ਈਹਾਂ ਸਾਵਣ ਨਾਇਕ ਰੈਹਸੀ”
ਗੁਰੂ ਜੀ ਨੇ ਕਿਹਾ-
“ਇਨਾ ਅਮੀਰ ਐਨਾ ਧਨਾਢ, ਇਸ ਧਨ ਦਾ ਕੀ ਕਰਸੀ, ਨਾਲ ਆਈ ਤਾਂ ਇਕ ਵਸਤ ਨਾ ਜਾਸੀ”
ਗੁਰੂ ਸਾਹਿਬ, ਸਾਵਣ ਨਾਇਕ ਨੂੰ ਮਿਲਦੇ ਹਨ। ਕੲੀ ਵਿਦਵਾਨਾਂ ਨੇ ਗੁਰੂ ਨਾਨਕ ਦੇਵ ਜੀ ਦੀ ਇਸ ਮਿਲਣੀ ਨੂੰ ਸਾਊਥ ਅਫਰੀਕਾ ਦੇ ਇਕ ਸ਼ਹਿਰ ‘ਕੀਨੀਆ’ ਵਿੱਚ ਵੀ ਲਿਖਿਆ ਹੈ। ਸੋ, ਸਾਵਣ ਨਾਇਕ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣ ਜਾਂਦਾ ਹੈ। ਸਿੱਖੀ ਨੂੰ ਧਾਰਨ ਕਰਕੇ ਉਹ ਪ੍ਰਚਾਰਕ ਵੀ ਬਣਦਾ ਹੈ।
‘ਸਾਵਣ ਨਾਇਕ’ ਦਾ ਪੁੱਤਰ ਸੀ – ‘ਬਾਬਾ ਅਰਥਾ”। ‘ਬਾਬੇ ਅਰਥੇ’ ਦਾ ਪੁੱਤਰ ਸੀ -“ਬਾਬਾ ਬੀਨਾ” । “ਬਾਬੇ ਬੀਨੇ” ਦਾ ਪੁੱਤਰ ਸੀ “ਬਾਬਾ ਦਾਸਾ”। ਬਾਬਾ ਦਾਸਾ ਜੀ ਗੁਰੂ ਰਾਮਦਾਸ ਜੀ ਵੇਲੇ ਇੱਕ ਪ੍ਰਚਾਰਕ ਅਤੇ ਇਕ ਮਸੰਦ ਵੀ ਸੀ।ਬਾਬਾ ਦਾਸਾ ਜੀ ਮੱਖਣ ਸ਼ਾਹ ਲੁਬਾਣਾ ਦੇ ਪਿਤਾ ਜੀ ਸਨ ਅਤੇ ਬਹੁਤ ਵੱਡੇ ਵਪਾਰੀ ਸਨ। ਬਹੁਤ ਵੱਡੇ ਵਪਾਰੀ ਅਤੇ ਧਨੀ ਹੋਣ ਦੇ ਨਾਤੇ ਉਹ ਗੁਰੂ ਰਾਮਦਾਸ ਜੀ ਦੇ ਸੇਵਕ ਵੀ ਸਨ। ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ 11ਵੀਂ ਪਉੜੀ ਵਿੱਚ ਜ਼ਿਕਰ ਕੀਤਾ ਹੈ ਕਿ ਉਹ ਗੁਰੂ ਸਾਹਿਬ ਦੇ ਮਸੰਦ ਸਿੱਖਾਂ ਵਿੱਚੋਂ ਸਨ।
“ਪੁਰਖੁ ਪਦਾਰਥ ਜਾਣੀਐ, ਤਾਰੂ ਭਾਰੂ ਦਾਸੁ ਦੁਆਰਾ “
ਭਾਈ ਤਾਰੂ ਜੀ, ਭਾਰੂ ਜੀ, ਦਾਸਾ ਜੀ ਅਤੇ ਹੋਰ ਗੁਰਸਿੱਖਾਂ ਦਾ ਨਾਮ ਵੀ ਇਸ ਵਾਰ ਵਿੱਚ ਆਉਂਦਾ ਹੈ।
ਮੱਖਣ ਸ਼ਾਹ ਲੁਬਾਣਾ ਦੇ ਪਿਤਾ ਭਾਈ ਦਾਸਾ ਜੀ ਗੁਰੂ ਰਾਮਦਾਸ ਜੀ ਦੇ ਮੁਖੀ ਸਿੱਖਾਂ ਵਿਚੋਂ ਇੱਕ ਸਨ। ਇਹ ਦੂਰ ਦੂਰਾਡੇ ਦੇਸ਼ਾਂ ਵਿੱਚ ਪ੍ਰਚਾਰ ਵੀ ਕਰਦੇ ਸਨ ਅਤੇ ਵਪਾਰ ਵੀ ਕਰਦੇ ਸਨ।ਭੱਟ ਵਹੀਆਂ ਅਨੁਸਾਰ ਮੱਖਣ ਸ਼ਾਹ ਲੁਬਾਣਾ ਦਾ ਜਨਮ 5 ਵੈਸਾਖ 1589 ਈਸਵੀ ਨੂੰ ਹੋਇਆ। ਜਦੋਂ ਮੱਖਣ ਸ਼ਾਹ ਲੁਬਾਣਾ ਆਪਣੇ ਪਿਤਾ ਜੀ ਨਾਲ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਆਏ ਤਾਂ ਉਸ ਸਮੇਂ ਇਹਨਾਂ ਦੀ ਉਮਰ 15 ਸਾਲ ਦੀ ਸੀ। ਗੁਰੂ ਹਰਿਗੋਬਿੰਦ ਜੀ ਦੇ ਦਰਬਾਰ ਵਿੱਚ ਆਪ ਜੀ ਦੇ ਪਰਿਵਾਰ ਵਲੋਂ ਜੋ ਦਸਵੰਧ ਦੀ ਮਾਇਆ ਭੇਜੀ ਜਾਂਦੀ ਸੀ, ਇਹ ਆਪਣੇ ਹੱਥੀਂ ਭੇਟ ਕਰਦੇ ਰਹੇ ਸਨ। ਜਦੋਂ ਮੱਖਣ ਸ਼ਾਹ ਲੁਬਾਣਾ ਦੇ ਪਿਤਾ ਜੀ 95 ਸਾਲ ਦੀ ਉਮਰ ਵਿੱਚ ਅਕਾਲ ਚਲਾਣਾ ਕਰ ਜਾਂਦੇ ਹਨ ਤਾਂ ਉਸ ਸਮੇਂ ਗੁਰੂ ਹਰਿਰਾਇ ਜੀ ਅਕਾਲ ਚਲਾਣੇ ਉੱਤੇ ਇਹਨਾਂ ਦੇ ਘਰ ਆਉਂਦੇ ਹਨ ਅਤੇ ਮੱਖਣ ਸ਼ਾਹ ਲੁਬਾਣਾ 4 ਮਹੀਨੇ ਗੁਰੂ ਹਰਿਰਾਇ ਜੀ ਦੇ ਦਰਸ਼ਨ ਦੀਦਾਰੇ ਕਰਦਾ ਹੈ।
ਭਾਈ ਮੱਖਣ ਸ਼ਾਹ ਲੁਬਾਣਾ ਗੁਰੂ ਘਰ ਪ੍ਰਤੀ ਬਹੁਤ ਸ਼ਰਧਾ ਅਤੇ ਵਿਸ਼ਵਾਸ ਰੱਖਣ ਵਾਲ਼ਾ ਸੀ ਅਤੇ ਗੁਰੂ ਘਰ ਦੀ ਹਰ ਪੱਖ ਤੋਂ ਜਾਣਕਾਰੀ ਵੀ ਰੱਖਦਾ ਸੀ।ਜੇ ਗੱਲ ਕਰੀਏ ਮੱਖਣ ਸ਼ਾਹ ਲੁਬਾਣਾ ਦੇ ਵਪਾਰ ਦੀ, ਉਸ ਸਮੇਂ ਇਹਨਾਂ ਦਾ ਵਪਾਰ ਬਹੁਤ ਵੱਡਾ ਸੀ। ਜੇ ਗੱਲ ਕਰੀਏ ਬੇੜਿਆਂ ਦੀ ਤਾਂ 200 ਦੇ ਲਗਪਗ ਮੱਖਣ ਸ਼ਾਹ ਲੁਬਾਣਾ ਦੇ ਬੇੜੇ ਚਲਦੇ ਸਨ ਅਤੇ ਕੲੀ ਸਮੁੰਦਰੀ ਜਹਾਜ਼ ਚਲਦੇ ਸਨ। ਕਿੰਨੇ ਹੀ ਗੱਡੇ, ਊਠਾਂ ਰਾਹੀਂ ਵਪਾਰ ਕੀਤਾ ਜਾਂਦਾ ਸੀ। ਮੱਖਣ ਸ਼ਾਹ ਲੁਬਾਣਾ ਇੱਕ ਬਹੁਤ ਵੱਡਾ ਵਪਾਰੀ ਸੀ।
ਹੁਣ ਗੱਲ ਕਰੀਏ ਮੱਖਣ ਸ਼ਾਹ ਲੁਬਾਣਾ ਦੇ ਜਹਾਜ਼ ਦੀ, ਕਿ ਇਹ ਜਹਾਜ਼ ਕੋਈ ਛੋਟਾ ਮੋਟਾ ਜਹਾਜ਼ ਨਹੀਂ ਸੀ। ਇਹ ਕੋਈ ਛੋਟੀ ਮੋਟੀ ਕਿਸ਼ਤੀ ਜਾਂ ਬੇੜਾ ਨਹੀਂ ਸੀ। ਇਹ ਉਹ ਬੇੜਾ ਸੀ ਜਿਸ ਵਿੱਚ ਲੋਕਾਂ ਦਾ ਮਾਲ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ।
ਇਹ ਬੇੜਾ 1664 ਈਸਵੀ ਵਿੱਚ ਸਮੁੰਦਰੀ ਤੂਫ਼ਾਨ ਵਿੱਚ ਫ਼ਸ ਗਿਆ ਸੀ। ‘ ਸਰੂਪ ਸਿੰਘ ਕੋਸ਼ਿਸ਼’ ਲਿਖਦਾ ਹੈ ਕਿ ਇਹ ਬੇੜਾ ਤੇਨੂੰ ਦੇ ਭਵਰ ਵਿੱਚ ਫਸਿਆ ਸੀ। ਦੂਜੇ ਲਿਖਾਰੀ ‘ਪ੍ਰਿੰਸੀਪਲ ਸਤਿਬੀਰ ਸਿੰਘ’ ਜੀ ਆਪਣੀ ਕਿਤਾਬ ‘ਈਤੀ ਜਿਨ ਕਰੀ’ ਦੇ ਪੰਨਾ ਨੰਬਰ 47 ਉੱਤੇ ਇਸਨੂੰ ਸੂਰਤ ਦੀ ਬੰਦਰਗਾਹ ਉੱਤੇ ਦੱਸਦੇ ਹਨ।ਸੋ, ਇਸ ਉੱਤੇ ਅਜੇ ਹੋਰ ਖੋਜ ਦੀ ਲੋੜ ਹੈ।
ਮੱਖਣ ਸ਼ਾਹ ਲੁਬਾਣਾ ਦਾ ਬੇੜਾ ਸਮੁੰਦਰੀ ਤੂਫ਼ਾਨ ਵਿੱਚ ਫ਼ਸ ਜਾਂਦਾ ਹੈ। ਉਸ ਸਮੇਂ ਜਦੋਂ ਕੋਈ ਰਾਹ ਨਹੀਂ ਲੱਭਦਾ ਤਾਂ ਉਹ ਅਰਦਾਸ ਦਾ ਸਹਾਰਾ ਲੈਂਦੇ ਹਨ। ਮੱਖਣ ਸ਼ਾਹ ਲੁਬਾਣਾ ਦੀ ਉਮਰ ਹੁਣ 75 ਸਾਲ ਦੀ ਹੋ ਚੁੱਕੀ ਸੀ ਅਤੇ ਉਹ ਬਾਣੀ ਦੇ ਰਸੀਏ ਸਨ। ਉਹਨਾਂ ਨੂੰ ਅਰਦਾਸ ਉੱਤੇ ਭਰੋਸਾ ਸੀ।
“ਕਰ ਚਿਤ ਇਕਾਗਰ ਜਪ ਕੋ ਪੜ੍ਹਾ,
ਪੁਨ ਸਤਿਗੁਰ ਜੀ ਕਾ ਕੀਆ ਧਿਆਨ।।
ਮਨ ਮਿਟੋ ਭਰਮ ਗੁਰ ਲੇਹਿ ਪਛਾਨ।।੧੨।।
( ਮਹਿਮਾ ਪ੍ਰਕਾਸ਼, ਸਾਖੀ ੩, ਮਹਲਾ ੯)
ਉਹਨਾਂ ਨੇ ਜਪੁਜੀ ਸਾਹਿਬ ਦਾ ਪਾਠ ਕਰਕੇ ਅਰਦਾਸ ਕੀਤੀ ਅਤੇ ਅਰਦਾਸ ਦੇ ਸਹਾਰੇ ਬੇੜਾ ਡੁੱਬਣ ਤੋਂ ਬਚ ਗਿਆ। ਉਸ ਸਮੇਂ ਗੁਰੂ ਨਾਨਕ ਸਾਹਿਬ ਦੇ ਦਰ ਤੇ ਕੀਤੀ ਅਰਦਾਸ ਸੁਣੀ ਗੲੀ।
ਅੱਜ ਅਸੀਂ ਕਹਿ ਦਿੰਦੇ ਹਾਂ ਕਿ ਇਸ ਤਰ੍ਹਾਂ ਕਿਵੇਂ ਡੁੱਬਦਾ ਹੋਇਆ ਬੇੜਾ ਬੱਚ ਗਿਆ।ਸੋ, ਆਓ ਗੁਰਬਾਣੀ ਦਾ ਸਹਾਰਾ ਲਈਏ। ਅਰਦਾਸ ਤੇ ਭਰੋਸਾ ਕਰੀਏ
“ਤੀਨੇ ਤਾਪ ਨਿਵਾਰਣਹਾਰਾ, ਦੁਖ ਹੰਤਾ ਸੁਖ ਰਾਸਿ।।
ਤਾ ਕਉ ਬਿਘਨੁ ਨਾ ਕੋਊ ਲਾਗੈ, ਜਾ ਕੀ ਪ੍ਰਭ ਆਗੈ ਅਰਦਾਸਿ।।”
ਤਿੰਨੇ ਤਾਪ ਆਧਿ, ਬਿਆਧਿ ਅਤੇ ਉਪਾਧਿ। ਜਦੋਂ ਅਸੀਂ ਭਰੋਸਾ ਕਰਕੇ ਅਰਦਾਸ ਕਰੀਏ ਤਾਂ ਤਨ ਦੇ, ਮਨ ਦੇ ਅਤੇ ਬਾਹਰਲੇ ਦੁੱਖ ਸਾਰੇ ਦੂਰ ਹੋ ਜਾਂਦੇ ਹਨ। ਗੁਰੂ ਸਾਹਿਬ ਅਰਦਾਸ ਹੀ ਤਾਂ ਸੁਣਦੇ ਹਨ-
ਆਸਾ ਮਹਲਾ ੫
“ਅਪੁਨੇ ਸੇਵਕ ਕੀ ਆਪੈ ਰਾਖੈ, ਆਪੇ ਨਾਮੁ ਜਪਾਵੈ।।
ਜਹ ਜਹ ਕਾਜ ਕਿਰਤਿ ਸੇਵਕ ਕੀ, ਤਹਾ ਤਹਾ ਉਠਿ ਧਾਵੈ।।
ਸੇਵਕ ਕਉ ਨਿਕਟੀ ਹੋਇ ਦਿਖਾਵੈ।।
ਜੋ ਜੋ ਕਹੈ ਠਾਕੁਰ ਪਹਿ ਸੇਵਕੁ, ਤਤਕਾਲ ਹੋਇ ਆਵੈ”
ਜਦੋਂ ਸੇਵਕ ਸੱਚੇ ਮਨ ਨਾਲ ਗੁਰੂ ਅੱਗੇ ਅਰਦਾਸ ਕਰਦਾ ਹੈ ਤਾਂ ਉਸੇ ਸਮੇਂ ਅਰਦਾਸ ਸੁਣੀ ਜਾਂਦੀ ਹੈ। ਦੂਰ ਬੈਠਿਆਂ ਅਰਦਾਸ ਕਿਵੇਂ ਸੁਣੀ ਜਾ ਸਕਦੀ ਹੈ। ਬਾਣੀ ਵਿੱਚ ਲਿਖਿਆ ਹੈ-
“ਜੈਸੀ ਗਗਨਿ ਫਿਰੰਤੀ,ਊਡਤੀ ਕਪਰੇ ਬਾਗ਼ੇ ਵਾਲੀ।।
ਓਹ ਰਾਖੈ ਚੀਤੁ ਪੀਛੈ ਬਿਚਿ ਬਚਰੇ ਨਿਤ ਹਿਰਦੈ ਸਾਰਿ ਸਮਾਲੀ।।
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ, ਗੁਰੁ ਸਿਖ ਰਖੈ ਜੀਅ ਨਾਲੀ।।
ਜਿਵੇਂ ਕੂੰਜ ਆਪਣੇ ਬੱਚਿਆਂ ਨੂੰ ਕਿੰਨੇ ਕਿਲੋਮੀਟਰ ਦੂਰ ਛੱਡ ਕੇ ਆਪ ਚੋਗਾ ਚੁੱਗਦੀ ਹੈ। ਆਪਣੇ ਬੱਚਿਆਂ ਦੀ ਪਾਲਣਾ ਕਰਦੀ ਹੈ। ਇਵੇਂ ਹੀ ਗੁਰੂ ਵੀ ਆਪਣੇ ਸਿੱਖ ਦੀ ਪ੍ਰਤਿਪਾਲਣਾ ਕਰਦਾ ਹੈ।
“ਊਡੇ ਊਡਿ ਆਵੈ ਸੈ ਕੋਸਾ, ਤਿਸੁ ਪਾਛੈ ਬਚਰੇ ਛਰਿਆ।।
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿ਼ਮਰਨੁ ਕਰਿਆ।।”
ਕੂੰਜ ਸਾਈਬੇਰੀਆ ਤੋਂ 8 ਹਜਾਰ ਕਿਲੋਮੀਟਰ ਤੁਰ ਕੇ ਇੰਡੀਆ ਆਉਂਦੀ ਹੈ ਅਤੇ ਇੱਥੇ ਚੋਗਾ ਚੁਗਦੀ ਹੈ । ਉੱਥੇ 8ਹਜਾਰ ਕਿਲੋਮੀਟਰ ਦੂਰ ਬੈਠੇ ਆਪਣੇ ਬੱਚਿਆ਼਼ਂ ਨੂੰ ਪਾਲ ਲੈਂਦੀ ਹੈ। ਬਾਣੀਂ ਅਨੁਸਾਰ-
“ਕੁੰਮੀ ਜਲ ਮਾਹਿ, ਤਨ ਤਿਸੁ ਬਾਹਰਿ
ਪੰਖ ਖੀਰੁ ਤਿਨ ਨਾਹੀ”
ਭਾਵ ਕੁੰਮੀ ਪਾਣੀ ਵਿੱਚ ਹੈ ਅਤੇ ਆਪਣੇ ਅੰਡੇ ਬਾਹਰ ਦਿੰਦੀ ਹੈ। ਨਾ ਉਹਦੇ ਬੱਚਿਆਂ ਕੋਲ ਉੱਡ ਕੇ ਆਉਣ ਲੲੀ ਪੰਖ ਹਨ, ਨਾ ਦੁੱਧ ਹੈ। ਕੁੰਮੀ ਪਾਣੀ ਵਿੱਚ ਧਿਆਨ ਲਗਾ ਕੇ ਆਪਣੇ ਬੱਚਿਆਂ ਨੂੰ ਅੰਡਿਆਂ ਵਿੱਚੋਂ ਬਾਹਰ ਕੱਢਦੀ ਹੈ। ਉਸਦੇ ਬੱਚੇ ਵਾਪਸ ਆ ਕੇ ਆਪਣੀ ਮਾਂ ਨੂੰ ਮਿਲ ਪੈਂਦੇ ਹਨ। ਜੇ ਕੂੰਜ ਦੂਰ ਬੈਠੀ ਆਪਣੇ ਬੱਚਿਆਂ ਨੂੰ ਬਚਾ ਸਕਦੀ ਹੈ, ਜੇ ਕੁੰਮੀ ਪਾਣੀ ਵਿੱਚ ਰਹਿੰਦਿਆਂ ਆਪਣੇ ਬੱਚਿਆਂ ਨੂੰ ਬਚਾ ਸਕਦੀ ਹੈ ਤਾਂ ਗੁਰੂ ਤੇਗ ਬਹਾਦਰ ਜੀ ਬਕਾਲੇ ਵਿਖੇ ਬੈਠਿਆਂ ਮੱਖਣ ਸ਼ਾਹ ਲੁਬਾਣਾ ਦਾ ਡੁੱਬਦਾ ਬੇੜਾ ਕਿਉਂ ਨਹੀਂ ਬਚਾ ਸਕਦੇ। ਸੋ ਅੱਗੇ 8 ਅਕਤੂਬਰ 1664 ਈਸਵੀ ਦੀ ਗੱਲ ਕਰਾਂਗੇ ਜਦੋਂ ਜਦੋਂ ਮੱਖਣ ਸ਼ਾਹ ਲੁਬਾਣਾ ਬਾਬਾ ਬਕਾਲਾ ਪਹੁੰਚਦਾ ਹੈ ਇਹ ਅਸੀਂ ਲੜੀ ਨੰ 22 ਵਿੱਚ ਸ੍ਰਵਨ ਕਰਾਂਗੇ।ਸੋ, ਦੇਖਣਾ ਨਾ ਭੁੱਲਣਾ ਜੀ…