ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 19 ਵਿੱਚ ਅਸੀਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਅਤੇ ਗੁਰਗੱਦੀ ਪ੍ਰਤੀ ਕੀਤੇ ਗਏ ਬਚਨਾਂ ਬਾਰੇ ਸ੍ਰਵਨ ਕੀਤਾ ਸੀ।
ਇਸ ਲੜੀ ਵਿੱਚ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੁਰਗੱਦੀ ਮਿਲਣ ਦੇ ਇਤਿਹਾਸ ਬਾਰੇ ਜਾਣੂ ਹੋਵਾਂਗੇ।
ਗੁਰੂ ਹਰਕ੍ਰਿਸ਼ਨ ਸਾਹਿਬ ਜੀ ਰਾਜਾ ਜੈ ਸਿੰਘ ਦੇ ਸੱਦੇ ਉੱਤੇ ਦਿੱਲੀ ਪਹੁੰਚੇ ਸਨ। ਇੱਥੇ ਚੇਚਕ ਦੀ ਬੀਮਾਰੀ ਸਮੇਂ ਗੁਰੂ ਸਾਹਿਬ ਨੇ ਆਪਣੇ ਹੱਥੀਂ ਲੋਕਾਂ ਦਾ ਇਲਾਜ ਕੀਤਾ ਸੀ। ਲੋਕਾਂ ਦੇ ਦੁੱਖ ਦੂਰ ਕੀਤੇ ਸਨ। ਇਸ ਸਮੇਂ ਔਰੰਗਜ਼ੇਬ ਵੀ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ ਸੀ ਪਰ ਗੁਰੂ ਜੀ ਨੇ ਸਾਫ਼ ਮਨਾ ਕਰ ਦਿੱਤਾ ਸੀ ਕਿ-
*ਨੈਂਹ ਮਲੇਸ਼ ਕੋ ਦਰਸਨ ਦੇਹੈਂ,
ਨੈਂਹ ਮਲੇਸ਼ ਕੋ ਦਰਸਨ ਲੇਹੈਂ।।”
ਔਰੰਗਜ਼ੇਬ ਅੱਧੀ ਘੜੀ ਗੁਰੂ ਸਾਹਿਬ ਨੂੰ ਮਿਲਣ ਲੲੀ ਦਰਵਾਜ਼ੇ ਤੇ ਖੜ੍ਹਾ ਰਿਹਾ ਪਰ ਗੁਰੂ ਸਾਹਿਬ ਜੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ।ਇੱਕ ਹੋਰ ਵੱਡੀ ਗੱਲ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਮੇਲ ਵੀ ਹੋਇਆ ਸੀ।ਇਹ ਮੇਲ ਭਾਈ ਕਲਿਆਣਾ ਜੀ ਦੇ ਘਰ ਦਿੱਲੀ ਵਿਖੇ ਹੋਇਆ ਸੀ। ਇਤਿਹਾਸਕਾਰਾਂ ਨੇ ਇਹ ਮੇਲ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਦਸਿੱਆ ਹੈ ਪਰ ਬਹੁਤਿਆਂ ਨੇ ਇਹ ਮੇਲ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਤੋਂ 9 ਦਿਨ ਪਹਿਲਾਂ ਦਾ ਦਸਿੱਆ ਹੈ। ਭਾਈ ਕਲਿਆਣਾ ਜੀ ਦੇ ਘਰ ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਆਪਸ ਵਿੱਚ ਮਿਲੇ ਸਨ। ਉਹਨਾਂ ਵਿੱਚ ਕੀ ਵਿਚਾਰਾਂ ਹੋਈਆਂ, ਇਸ ਬਾਰੇ ਇਤਿਹਾਸ ਅਜੇ ਚੁੱਪ ਹੈ। ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਦਾ ਦਿੱਲੀ ਵਿੱਚ ਮੇਲ ਹੋਣਾ ਇੱਕ ਬਹੁਤ ਵੱਡੀ ਗੱਲ ਸੀ।
ਗੁਰੂ ਤੇਗ ਬਹਾਦਰ ਜੀ ਉਸ ਸਮੇਂ ਪ੍ਰਚਾਰਕ ਦੌਰਿਆਂ ਤੇ ਸਨ। ਗੁਰੂ ਤੇਗ ਬਹਾਦਰ ਜੀ ਅਜੇ ਗੁਰੂ ਨਹੀਂ ਬਣੇ ਸਨ।ਉਹ ਬਕਾਲੇ ਚਲੇ ਜਾਂਦੇ ਹਨ। ਬਾਅਦ ਵਿੱਚ 30 ਮਾਰਚ 1664 ਈਸਵੀ ਨੂੰ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤਿ ਸਮਾ ਜਾਂਦੇ ਹਨ। ਜੋਤੀ ਜੋਤਿ ਸਮਾਉਣ ਲੱਗਿਆਂ ਗੁਰੂ ਸਾਹਿਬ ਨੇ ਲੇਟਿਆਂ ਹੋਇਆਂ ਹੀ ਗੁਰਿਆਈ ਦੀ ਸਾਰੀ ਸਮੱਗਰੀ ਮੰਗਵਾਈ ਅਤੇ ਆਪਣੇ ਹੱਥ ਨਾਲ ਉਸ ਤੇ ਤਿੰਨ ਵਾਰ ਪ੍ਰਕਰਮਾ ਕਰਕੇ ਬਚਨ ਕੀਤੇ- ‘ ਬਾਬਾ ਬਕਾਲੇ ‘। ਉਸ ਤੋਂ ਬਾਅਦ ਗੁਰੂ ਜੀ ਸੁੱਖ ਨਾਲ ਆਪਣੀ ਮਾਤਾ ਜੀ ਦੀ ਗੋਦ ਵਿੱਚ ਹਮੇਸ਼ਾ ਦੀ ਨੀਂਦ ਸੌਂ ਗਏ। ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ।
” ਜੋਤੀ ਜੋਤਿ ਰਲੀ, ਸੰਪੂਰਨ ਥੀਆ ਰਾਮ”
ਇੱਥੋਂ ਸਾਰਾ ਕੁਝ ਸਮੇਟਣ ਤੋਂ ਬਾਅਦ, ਗੁਰਗੱਦੀ ਦੀ ਸਾਰੀ ਸਮੱਗਰੀ ਦਵਾਰਕਾ ਦਾਸ ਦੇ ਪੁੱਤਰ ਦਰਗਾਹ ਮੱਲ ਜੀ ਅਤੇ ਭਾਈ ਕਲਿਆਣਾ ਜੀ (ਜੋ ਕਿ ਗੁਰੂ ਘਰ ਦੇ ਮੌਜੂਦਾ ਮੁਨਸ਼ੀ ਸਨ) ਕੋਲ ਸੀ। ਇਹ ਵੀ ਨਾਲ ਮਿਲ ਕੇ ਬੜੀ ਵੱਡੀ ਸੇਵਾ ਨਿਭਾ ਰਹੇ ਸਨ।
ਦਿੱਲੀ ਵਿੱਚ ਰਹਿੰਦਿਆਂ ਸਾਰੇ ਕਾਰਜਾਂ ਨੂੰ ਸਮਾਪਤ ਕਰਦਿਆਂ ਗੁਰਿਆਈ ਦੀ ਸਮੱਗਰੀ ਲਿਜਾਣ ਵਿੱਚ ਕੁਝ ਕਾਰਨਾਂ ਕਰਕੇ ਦੇਰੀ ਹੋ ਚੁੱਕੀ ਸੀ ਪਰ ਇੰਨੇ ਨੂੰ ਦੂਰ – ਦੂਰਾਡੇ ਸਾਰੀਆਂ ਸੰਗਤਾਂ ਵਿੱਚ ਮਸੰਦਾਂ ਰਾਹੀਂ ਇਹ ਖਬਰ ਪਹੁੰਚ ਚੁੱਕੀ ਸੀ ਕਿ ਗੁਰੂ ਹਰਕ੍ਰਿਸ਼ਨ ਜੀ ਜੋਤੀ ਜੋਤਿ ਸਮਾ ਗਏ ਹਨ ਅਤੇ ਉਹਨਾਂ ਦੇ ਆਖ਼ਰੀ ਬਚਨ ਸਨ- “ਬਾਬਾ ਬਕਾਲੇ” ।
ਧੀਰ ਮੱਲ ਵਰਗੇ ਬੜੀ ਦੇਰ ਤੋਂ ਆਸ ਰੱਖੀ ਬੈਠੇ ਸਨ।ਇਹ ਗੁਰੂ ਬਣਨ ਦਾ ਅਜੇ ਵੀ ਢੌਂਗ ਕਰ ਰਹੇ ਸਨ। ਧੀਰ ਮੱਲ ਨੂੰ ਮੌਕਾ ਮਿਲ ਗਿਆ ਅਤੇ ਇਹ ਬਕਾਲੇ ਵਿਖੇ ਆਪਣੀ ਮੰਜੀ ਲਾ ਕੇ ਬੈਠ ਗਿਆ ਕਿ ਮੈਂ ਹੀ ਗੁਰੂ ਹਾਂ। ਇਸਨੇ ਆਪਣੇ ਮਸੰਦ ਥਾਂ ਥਾਂ ਤੇ ਛੱਡ ਦਿੱਤੇ। ਇਧਰੋਂ ਰਾਮਰਾਇ ਵੀ ਗੁਰਗੱਦੀ ਦਾ ਹੱਕ ਜਤਾ ਰਿਹਾ ਸੀ। ਮਸੰਦਾਂ ਰਾਹੀਂ ਸੰਗਤਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਸੀ। ਇਹ ਨਹੀਂ ਸੀ ਪਤਾ ਲੱਗ ਰਿਹਾ ਕਿ ਅਸਲੀ ਗੁਰੂ ਕੌਣ ਹੈ ਅਤੇ ਮੌਜੂਦਾ ਗੁਰੂ ਕੌਣ ਹੈ ਕਿਉਂਕਿ ਬਾਬਾ ਬਕਾਲੇ ਵਿਖੇ ਢੋਂਗੀਆਂ ਦਾ ਮੰਜੀ ਲਾ ਕੇ ਬੈਠ ਜਾਣਾ ਅਤੇ ਲੋਕਾਂ ਨੂੰ ਗੁੰਮਰਾਹ ਕਰਨਾ ਇੱਕ ਬਹੁਤ ਵੱਡੀ ਚਾਲ ਸੀ। ਧੀਰ ਮੱਲ ਸਭ ਤੋਂ ਵੱਧ ਹੱਕ ਜਤਾ ਰਿਹਾ ਸੀ ਕਿਉਂਕਿ ਧੀਰ ਮੱਲ , ਗੁਰੂ ਹਰਿਗੋਬਿੰਦ ਜੀ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਸੀ। ਇਹ ਗੁਰੂ ਹਰਿਰਾਇ ਜੀ ਦਾ ਭਰਾ ਸੀ ਅਤੇ ਜੋ ਬੀੜ ਗੁਰੂ ਅਰਜਨ ਦੇਵ ਜੀ ਨੇ 1604 ਈਸਵੀ ਵਿੱਚ ਦਰਬਾਰ ਸਾਹਿਬ ਵਿਖੇ ਪ੍ਰਕਾਸ਼ ਕੀਤੀ ਸੀ, ਉਹ ਬੀੜ ਇਹਨਾਂ ਦੇ ਕੋਲ ਸੀ ਅਤੇ ਕਰਤਾਰਪੁਰ ਸਾਹਿਬ ਵਿਖੇ ਮੌਜੂਦ ਸੀ।ਇਸ ਲੲੀ ਧੀਰ ਮੱਲ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕਰ ਰਿਹਾ ਸੀ। ਇਧਰੋਂ ਮਾਤਾ ਨਾਨਕੀ ਜੀ ਨੂੰ ਸਭ ਕੁਝ ਪਤਾ ਸੀ। ਉਹਨਾਂ ਨੂੰ ਭਰੋਸਾ ਸੀ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜੋ ਬਚਨ ਕੀਤੇ ਸਨ ਕਿ ਗੁਰੂ ਨਾਨਕ ਸਾਹਿਬ ਦੀ ਗੱਦੀ ਤੁਹਾਡੇ ਘਰ ਆਏਗੀ।
ਉਧਰੋਂ ਦਿੱਲੀ ਵਲੋਂ ਵੀ ਮਾਤਾ ਨਾਨਕੀ ਜੀ ਨੂੰ ਸੁਨੇਹਾ ਪਹੁੰਚ ਚੁੱਕਾ ਸੀ ਕਿ ਗੁਰਿਆਈ ਦੀ ਸਮੱਗਰੀ ਅਸੀਂ ਲੈ ਕੇ ਆ ਰਹੇ ਹਾਂ, ਤੁਹਾਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। 11 ਅਗਸਤ 1664 ਈਸਵੀ ਦਾ ਦਿਨ ਰਖਿੱਆ ਗਿਆ। ਮਾਤਾ ਨਾਨਕੀ ਜੀ ਵੱਲੋਂ ਮੁਖੀ ਸਿੱਖਾਂ ਨੂੰ ਇਕੱਤਰ ਹੋਣ ਲੲੀ ਕਿਹਾ ਗਿਆ। ਬਾਬਾ ਬੁੱਢਾ ਜੀ ਦੀ ਵੰਸ਼ ਨੂੰ ਬੁਲਾਇਆ ਗਿਆ।ਭਾਈ ਗੁਰਦਿੱਤਾ ਜੀ ਨੂੰ ਸੱਦਿਆ ਗਿਆ ਕਿਉਂਕਿ ਗੁਰਗੱਦੀ ਦੀ ਰਸਮ ਅਦਾ ਕਰਨ ਦੀ ਸੇਵਾ ਭਾਈ ਗੁਰਦਿੱਤਾ ਜੀ ਦੀ ਸੀ।।ਸੋ, ਭਾਈ ਗੁਰਦਿੱਤਾ ਜੀ ਨੂੰ ਰਮਦਾਸ ਤੋਂ ਬੁਲਾਇਆ ਗਿਆ। ਕੀਰਤਪੁਰ ਸਾਹਿਬ ਤੋਂ ਬਾਬਾ ਸੂਰਜ ਮੱਲ ਜੀ ਦੇ ਪੁੱਤਰ ਦੀਪ ਚੰਦ ਜੀ ਅਤੇ ਨੰਦ ਚੰਦ ਜੀ ਨੂੰ ਵੀ ਸੱਦਿਆ ਗਿਆ।
ਅੰਮ੍ਰਿਤਸਰ ਤੋਂ, ਗੁਰਸਿੱਖੀ ਵਿੱਚ ਪੱਕੇ, ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਗਰੀਆ ਜੀ ਨੂੰ ਵੀ ਸੱਦਿਆ ਗਿਆ ਸੀ।ਖਡੂਰ ਸਾਹਿਬ ਤੋਂ ਗੁਰੂ ਅੰਗਦ ਸਾਹਿਬ ਜੀ ਦੇ ਪੋਤਰਿਆਂ ਨੂੰ ਵੀ ਬੁਲਾਇਆ ਜਾਂਦਾ ਹੈ।
ਗੁਰੂ ਕੀਆਂ ਸਾਖੀਆਂ ਸਾਖੀ ਨੰ 19 ਪੰਨਾ ਨੰ 66 ਵਿੱਚ ਵੀ ਲਿਖਿਆ ਮਿਲਦਾ ਹੈ ਕਿ ਭਾਈ ਮਨੀਆ ਜੀ ਜੋ ਕਿ ਬਾਅਦ ਵਿੱਚ ਅੰਮ੍ਰਿਤ ਛਕ ਕੇ ਭਾਈ ਮਨੀ ਸਿੰਘ ਜੀ ਸਜਦੇ ਹਨ ਅਤੇ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਵੀ ਬਣਦੇ ਹਨ। ਭਾਈ ਮਨੀਆ ਜੀ ਵੀ ਬਕਾਲੇ ਪਹੁੰਚ ਜਾਂਦੇ ਹਨ। ਹੋਰ ਨਿਕਟਵਰਤੀ ਸਿੱਖਾਂ ਦਾ ਇਕੱਠ ਮਾਤਾ ਨਾਨਕੀ ਜੀ ਦੇ ਘਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ 30 ਮਾਰਚ 1664 ਈਸਵੀ ਨੂੰ ਜੋਤੀ ਜੋਤਿ ਸਮਾਉਂਦੇ ਹਨ ਪਰ ਗੁਰਗੱਦੀ ਦੀ ਰਸਮ 11 ਅਗਸਤ 1664 ਈਸਵੀ ਨੂੰ ਦਿੱਤੀ ਜਾਂਦੀ ਹੈ। ਇਹ ਤਕਰੀਬਨ 4 ਮਹੀਨੇ 11 ਦਿਨ ਦਾ ਸਮਾਂ ਬਣਦਾ ਹੈ। ਗੁਰੂ ਨਾਨਕ ਦੇਵ ਜੀ ਦੀ ਜੋਤ ਦਾ ਐਲਾਨ ਹੋ ਜਾਂਦਾ ਹੈ ਪਰ ਗੁਰਗੱਦੀ ਦਾ ਤਿਲਕ 4 ਮਹੀਨੇ 11 ਦਿਨ ਬਾਅਦ ਗੁਰੂ ਤੇਗ ਬਹਾਦਰ ਜੀ ਨੂੰ ਦਿੱਤਾ ਜਾਂਦਾ ਹੈ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਦੀ ਉਮਰ 43 ਸਾਲ ਦੀ ਹੋ ਚੁੱਕੀ ਸੀ। 11 ਅਗਸਤ 1664 ਈਸਵੀ ਨੂੰ ਭਾਈ ਮਹਿਰਾ ਜੀ ਦੇ ਘਰ, ਜਿੱਥੇ ਅੱਜ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ, ਇੱਥੇ ਸਾਰੀਆਂ ਸੰਗਤਾਂ ਅਤੇ ਰਿਸ਼ਤੇਦਾਰ ਇੱਕਤਰ ਹੋ ਚੁੱਕੇ ਸਨ। ਦਿੱਲੀ ਤੋਂ ਗੁਰਿਆਈ ਦੀ ਸਮੱਗਰੀ ਵੀ ਆ ਚੁੱਕੀ ਸੀ। ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆਸਾ ਜੀ ਦੀ ਵਾਰ ਦੇ ਭੋਗ ਤੋਂ ਬਾਅਦ ਸਾਰੀਆਂ ਸੰਗਤਾਂ ਦੀ ਇਕੱਤਰਤਾ ਵਿੱਚ ਗੁਰੂ ਅਮਰਦਾਸ ਜੀ ਦੇ ਪੁੱਤਰ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਪੁੱਤਰ ਅਰਜਨੀ ਮੱਲ ਜੀ, ਬਾਬਾ ਅਰਜਨੀ ਮੱਲ ਜੀ ਦੇ ਪੁੱਤਰ ਦਵਾਰਕਾ ਦਾਸ ਜੀ ਅਤੇ ਦਵਾਰਕਾ ਦਾਸ ਜੀ ਦੇ ਪੁੱਤਰ ਦਰਗਾਹ ਮੱਲ ਜੀ ਵੱਲੋਂ ਲਿਆਂਦੀ ਗੲੀ ਗੁਰਿਆਈ ਦੀ ਸਮੱਗਰੀ ਬਾਬਾ ਗੁਰਦਿੱਤਾ ਜੀ ਨੂੰ ਸੌਂਪੀ ਗਈ।
ਜੋ ਸੇਵਾ ਬਾਬਾ ਬੁੱਢਾ ਜੀ ਤੋਂ ਸ਼ੁਰੂ ਹੋਈ ਸੀ, ਉਸੇ ਪਰਿਵਾਰ ਵੱਲੋਂ ਗੁਰੂ ਤੇਗ ਬਹਾਦਰ ਜੀ ਨੂੰ ਅੰਮ੍ਰਿਤ ਵੇਲੇ ਗੁਰਿਆਈ ਦਾ ਤਿਲਕ ਦਿੱਤਾ ਗਿਆ। ਸਾਰੀਆਂ ਸੰਗਤਾਂ ਵੱਲੋਂ ਨਮਸਕਾਰ ਕਰਕੇ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਹੋਣ ਦਾ ਐਲਾਨ ਕੀਤਾ ਗਿਆ। ਸਾਰੀਆਂ ਸੰਗਤਾਂ ਨੂੰ ਖੁਸ਼ੀਆਂ ਹੋਈਆਂ ਪਰ ਗੁਰੂ ਤੇਗ ਬਹਾਦਰ ਜੀ ਨੇ ਸੰਗਤਾਂ ਨੂੰ ਕਿਹਾ ਕਿ ਸਹਿਜ ਵਿੱਚ ਰਹੋ, ਆਪਾ ਨਾ ਜਤਾਉਣਾ।ਇਹ ਗੱਲ ਜਦੋਂ ਬਾਹਰ ਪਤਾ ਚੱਲੀ ਤਾਂ ਜਿਹੜੇ ਝੂਠੇ ਗੁਰੂ ਬਣ ਬੈਠੇ ਸਨ, ਉਹਨਾਂ ਵਿੱਚੋਂ ਕੁਝ ਤਾਂ ਭੱਜ ਗਏ ਪਰ ਧੀਰ ਮੱਲ ਅਜੇ ਵੀ ਆਪਣੇ ਆਪ ਨੂੰ ਗੁਰੂ ਹੋਣ ਦਾ ਦਾਅਵਾ ਕਰ ਰਿਹਾ ਸੀ। ਉਸ ਕੋਲ ਆਦਿ ਗ੍ਰੰਥ ਹੋਣ ਕਰਕੇ ਉਹ ਸੰਗਤਾਂ ਨੂੰ ਗੁੰਮਰਾਹ ਕਰ ਰਿਹਾ ਸੀ ਕਿ ਮੈਂ ਹੀ ਗੁਰੂ ਹਾਂ। ਸੰਗਤਾਂ ਵੀ ਦੁਬਿਧਾ ਵਿੱਚ ਫਸੀਆਂ ਹੋਈਆਂ ਸਨ।ਇਸਦੇ ਮਸੰਦ ਘਰ-ਘਰ ਜਾ ਕੇ ਸੰਗਤਾਂ ਨੂੰ ਬਾਹਾਂ ਤੋਂ ਪਕੜ-ਪਕੜ ਕੇ ਕਹਾ ਰਹੇ ਸਨ ਕਿ ਅਸਲੀ ਗੁਰੂ ਧੀਰਮੱਲ ਹੀ ਹੈ।
ਦੀਵਾਲੀ ਨੇੜੇ ਆ ਰਹੀ ਸੀ ਕਿਉਂਕਿ ਗੁਰੂ ਘਰ ਵਿੱਚ ਸੰਗਤਾਂ ਦੇ ਇੱਕਤਰ ਹੋਣ ਲੲੀ ਦੋ ਵੱਡੇ ਜੋੜ ਮੇਲੇ ਹੁੰਂਦੇ ਸਨ।ਇੱਕ ਵਿਸਾਖੀ ਦਾ ਅਤੇ ਦੂਜਾ ਦੀਵਾਲੀ ਦਾ। ਦੀਵਾਲੀ ਵਾਲੇ ਦਿਨ ਸੰਗਤਾਂ ਦੇ ਆਉਣ ਦੀ ਸੰਭਾਵਨਾ ਸੀ ਅਤੇ ਇਸੇ ਇੰਤਜ਼ਾਰ ਵਿੱਚ ਧੀਰਮੱਲ ਬਕਾਲੇ ਹੀ ਬੈਠਾ ਸੀ। ਅੰਦਰੋਂ ਅੰਦਰੀ ਇਹ ਗੁਰੂ ਤੇਗ ਬਹਾਦਰ ਜੀ ਨੂੰ ਮਾਰਨ ਦੀਆਂ ਸਾਜ਼ਿਸ਼ਾਂ ਘੜ ਰਹੇ ਸਨ। ਇੱਥੇ ਇੱਕ ਬਹੁਤ ਵੱਡਾ ਮੋੜ ਆਉਂਦਾ ਹੈ। ਗੁਰਤਾਗੱਦੀ ਤੋਂ 2 ਮਹੀਨੇ ਬਾਅਦ 8 ਅਕਤੂਬਰ ਨੂੰ ਬੜੇ ਵੱਡੇ ਲਸ਼ਕਰ ਵਿੱਚ 500 ਸਿਪਾਹੀਆਂ ਨਾਲ ਉਸ ਸਮੇਂ ਦਾ ਸਭ ਤੋਂ ਵੱਡਾ ਵਪਾਰੀ ਮੱਖਣ ਸ਼ਾਹ ਲੁਬਾਣਾ ਬਕਾਲੇ ਪਹੁੰਚ ਕੇ ਆਪਣੀ ਛਾਉਣੀ ਲਾ ਲੈਂਦਾ ਹੈ।
ਕੌਣ ਸੀ ਇਹ ਮੱਖਣ ਸ਼ਾਹ ਲੁਬਾਣਾ। ਇਸਦਾ ਪਿਛੋਕੜ ਕੀ ਸੀ ਅਤੇ ਕਿਸਨੇ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਚਲਾਈ ਸੀ। ਇਹ ਅਸੀਂ ਲੜੀ ਨੰ 21 ਵਿੱਚ ਸ੍ਰਵਨ ਕਰਾਂਗੇ। ਇਹ ਸਾਰਾ ਇਤਿਹਾਸ ਤੁਸੀਂ ਸਾਡੇ ਫੇਸਬੁੱਕ ਪੇਜ ‘ ਖੋਜ ਵਿਚਾਰ ‘ ਅਤੇ ਯੂਟਿਊਬ ਚੈਨਲ ‘ ਖੋਜ ਵਿਚਾਰ ‘ ਤੇ ਦੇਖ ਸਕਦੇ ਹੋ।ਸੋ, ਤੁਸੀਂ ਆਪ ਵੀ ਜੁੜੋ ਅਤੇ ਵੱਧ ਤੋਂ ਵੱਧ ਸੰਗਤਾਂ ਨੂੰ ਵੀ ਜੋੜੋ। ਸੋ ਦੇਖਣਾ ਨਾ ਭੁੱਲਣਾ ਜੀ…