ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 1 ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਪਰਿਵਾਰ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੱਕ ਦਾ ਇਤਿਹਾਸ ਸ੍ਰਵਨ ਕਰਾਂਗੇ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀਦੇ ਜਨਮ ਸਮੇਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਗੁਰੂ ਤੇਗ ਬਹਾਦਰ ਜੀ ਅੱਗੇ ਸੀਸ ਵੀ ਨਿਵਾਉਂਦੇ ਹਨ
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਸੇ ਘਰ ਵਿੱਚ ਰਹਿੰਦਿਆਂ ਹੋਇਆਂ ਬਾਬਾ ਗੁਰਦਿੱਤਾ ਜੀ, ਭਾਈ ਅਣੀ ਰਾਇ ਜੀ, ਭਾਈ ਸੂਰਜ ਮੱਲ ਜੀ, ਬਾਬਾ ਅੱਟਲ ਰਾਏ ਜੀ ਅਤੇ ਬੀਬੀ ਵੀਰੋ ਜੀ ਦਾ ਜਨਮ ਹੁੰਦਾ ਹੈ। ਇੱਥੇ 4 ਪੁੱਤਰਾਂ ਅਤੇ ਇੱਕ ਪੁੱਤਰੀ ਦਾ ਜਨਮ ਹੁੰਦਾ ਹੈ। ਹੁਣ ਉਹ ਸੁਭਾਗੀ ਘੜੀ ਆਈ ਜਿਸ ਬਾਰੇ ਗੁਰੂ ਰਾਮਦਾਸ ਜੀ ਆਪਣੀ ਬਾਣੀ ਵਿੱਚ ਲਿਖਦੇ ਹਨ-
“ਸਾ ਧਰਤੀ ਭਈ ਹਰਿਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ
ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਧੰਨੁ ਸੋ ਜਨਨੀ ਜਿਨਿ ਗੁਰੂ ਜਨਿਆ ਮਾਇ”
ਭਾਵ ਉਹ ਮਾਤਾ ਪਿਤਾ ਧੰਨ ਹਨ ਜਿਹਨਾਂ ਨੇ ਗੁਰੂ ਨੂੰ ਜਨਮ ਦਿੱਤਾ ਹੈ। ਇਹਨਾਂ ਦੇ ਘਰ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਹੋਣਾ ਹੈ। ਉਹ ਸੁਲੱਖਣੀ ਘੜੀ 5 ਵੈਸਾਖ 1678 ਦਾ ਦਿਨ ਆਇਆ। 1 ਅਪ੍ਰੈਲ 1621 ਈਸਵੀ ਦਿਨ ਐਤਵਾਰ ਅੰਮ੍ਰਿਤ ਵੇਲੇ ਦੇ ਸਮੇਂ ਦੌਰਾਨ ਗੁਰੂ ਹਰਿਗੋਬਿੰਦ ਦੇ ਜੀ ਆਪਣੇ ਨਿਤਨੇਮ ਅਨੁਸਾਰ ਦਰਬਾਰ ਸਾਹਿਬ ਜਾਂਦੇ ਹਨ ਅਤੇ ਆਸਾ ਦੀ ਵਾਰ ਦਾ ਕੀਰਤਨ ਸੁਣਦੇ ਹਨ। ਉਧਰੋਂ ਗੁਰੂ ਕੇ ਮਹਿਲ ਤੋਂ ਇੱਕ ਮੇਵੜਾ (ਅਰਦਾਸੀਆ) ਚੱਲ ਕੇ ਆਇਆ ਅਤੇ ਇਹ ਖੁਸ਼ਖਬਰੀ ਗੁਰੂ ਸਾਹਿਬ ਜੀ ਨੂੰ ਸੁਣਾਈ ਕਿ ਤੁਹਾਡੇ ਘਰ ਇੱਕ ਪੁੱਤਰ ਦਾ ਜਨਮ ਹੋਇਆ ਹੈ। ਸੰਗਤਾਂ ਵੀ ਖੁਸ਼ੀ ਮਨਾਉਂਦੀਆਂ ਹਨ। ਆਸਾ ਦੀ ਵਾਰ ਦਾ ਭੋਗ ਪੈਂਦਾ ਹੈ। ਸੰਗਤਾਂ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ। ਸਿੱਖਾਂ ਵੱਲੋਂ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਪੂਰੇ ਅੰਮ੍ਰਿਤਸਰ ਵਿਖੇ ਹੀ ਨਹੀਂ, ਸਗੋਂ ਜਿੱਥੇ-ਜਿੱਥੇ ਵੀ ਸੰਗਤਾਂ ਨੂੰ ਖਬਰਾਂ ਪਹੁੰਚਦੀਆਂ ਹਨ, ਉੱਥੇ-ਉੱਥੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਕੁਝ ਸਿੱਖਾਂ ਨੂੰ ਨਾਲ ਲੈ ਕੇ ਗੁਰੂ ਕੇ ਮਹਿਲ ਨੂੰ ਚਾਲੇ ਪਾਉਂਦੇ ਹਨ। ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਬਿਧੀ ਚੰਦ ਜੀ ਗੁਰੂ ਸਾਹਿਬ ਜੀ ਦੇ ਨਾਲ ਹੁੰਦੇ ਹਨ। ਗੁਰੂ ਕੇ ਮਹਿਲ ਜਾ ਕੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣੇ ਪੁੱਤਰ ਨੂੰ ਗੋਦ ਵਿੱਚ ਲਿਆ। ਕਾਫੀ ਦੇਰ ਆਪਣੇ ਪੁੱਤਰ ਨੂੰ ਨਿਹਾਰਦੇ ਰਹੇ। ਆਖਿਰ ਦੇਖਦਿਆਂ-ਦੇਖਦਿਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪਣਾ ਸੀਸ ਆਪਣੇ ਪੁੱਤਰ ਅੱਗੇ ਝੁਕਾ ਦਿੱਤਾ। ਇਹ ਬਹੁਤ ਅਚਰਜ ਨਜ਼ਾਰਾ ਸੀ ਜਿਸ ਬਾਰੇ ਪੰਥ ਪ੍ਰਕਾਸ਼ ਦੇ ਕਰਤਾ ਲਿਖਦੇ ਹਨ-
“ਤਬ ਗੁਰ ਸਿਸ ਕੋ ਬੰਦਨ ਕੀਨੀ ਅਤਿ ਹਿਤ ਲਾਇ
ਬਿਧੀਆ ਕਹਿ ਕਸ ਬੰਦਨ ਕੀ ਕਹੋ ਮੋਹਿ ਸਮਝਾਇ”
ਭਾਈ ਬਿਧੀ ਚੰਦ ਜੀ ਕਹਿਣ ਲੱਗੇ ਕਿ ਤੁਹਾਡੇ ਘਰ ਪਹਿਲਾਂ ਵੀ 4 ਪੁੱਤਰਾਂ ਦਾ ਜਨਮ ਹੋਇਆ ਹੈ-ਬਾਬਾ ਗੁਰਦਿੱਤਾ ਜੀ, ਭਾਈ ਅਣੀ ਰਾਇ ਜੀ, ਭਾਈ ਸੂਰਜ ਮੱਲ ਜੀ ਅਤੇ ਬਾਬਾ ਅੱਟਲ ਰਾਏ ਜੀ। ਆਪ ਜੀ ਨੇ ਇਹਨਾਂ ਨੂੰ ਬਹੁਤ ਪਿਆਰ ਕੀਤਾ ਪਰ ਇਹਨਾਂ ਦੇ ਜਨਮ ਤੇ ਤੁਸੀਂ ਸੀਸ ਨਹੀਂ ਨਿਵਾਇਆ। ਇਸਦਾ ਕੀ ਕਾਰਨ ਹੈ ਕਿ ਤੁਸੀਂ ਇਸ ਬਾਲਕ ਦੇ ਜਨਮ ਹੋਣ ਤੇ ਇਸਨੂੰ ਗੌਰ ਨਾਲ ਵੇਖਦਿਆਂ ਇਹਨਾਂ ਅੱਗੇ ਆਪਣਾ ਸੀਸ ਨਿਵ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਕਿ ਬਿਧੀ ਚੰਦ ਜੀ, ਇਹ ਭੁਲੇਖਾ ਨਾ ਰੱਖਿਓ। ਅਸੀਂ ਇਸ ਬਾਲਕ ਅੱਗੇ ਇਸ ਲਈ ਸੀਸ ਨਿਵਾਇਆ ਹੈ ਕਿਉਂਕਿ ਇਹ –
‘ ਦੀਨ ਰਛ ਸੰਕਟ ਹਰੈ ‘
ਭਾਵ ਇਹ ਦੀਨਾਂ ਦੀ ਰੱਖਿਆ ਕਰਨਗੇ ਅਤੇ ਵੱਡੇ ਤੋਂ ਵੱਡੇ ਸੰਕਟ ਨੂੰ ਖਤਮ ਕਰ ਦੇਣਗੇ।
‘ ਇਹ ਨਿਰਭੈ ਜਰ ਤੁਰਕ ਉਖੇਰੀ ‘
ਭਾਵ ਇਹ ਨਿਰਭੈ ਹੋਣਗੇ ਅਤੇ ਤੁਰਕਾਂ ਦੀ ਜੜ੍ਹ ਉਖੇੜ ਕੇ ਰੱਖ ਦੇਣਗੇ। ਸਿਰਫ ਅਸੀਂ ਹੀ ਸੀਸ ਨਹੀਂ ਨਿਵਾਇਆ ਸਗੋਂ ਇਹਨਾਂ ਨੂੰ ਪੂਰੀ ਦੁਨੀਆ ਸੀਸ ਨਿਵਾਏਗੀ। ਇਹ ਤੇਗ ਦੇ ਧਨੀ ਹੋਣਗੇ। ਇਹਨਾਂ ਦਾ ਨਾਮ ਵੀ ਤੇਗ ਬਹਾਦਰ ਹੋਵੇਗਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਇਸ ਪੁਤੱਰ ਨੂੰ ਅਸੀਸਾਂ ਦਿੱਤੀਆ। ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦੀ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸੋ ਅਗਲੀ ਲੜੀ ਨੰ 3 ਵਿੱਚ ਅਸੀਂ ਗੁਰੂ ਤੇਗ ਬਹਾਦਰ ਜੀ ਦੇ ਬਚਪਨ ਦੀ ਗੱਲ ਕਰਾਂਗੇ।