ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 17 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਹਰਿਰਾਇ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਅਤੇ ਗੁਰੂ ਹਰਕ੍ਰਿਸ਼ਨ ਜੀ ਦੇ ਦਿੱਲੀ ਵਿੱਚ ਹੋਈਆਂ ਘਟਨਾਵਾਂ ਬਾਰੇ ਜਾਣੂ ਕਰਵਾਇਆ ਸੀ
ਇਸ ਲੜੀ ਵਿੱਚ ਅਸੀਂ ਗੁਰੂ ਹਰਕ੍ਰਿਸ਼ਨ ਜੀ ਦੁਆਰਾ ਦਿੱਲੀ ਵਿੱਚ ਕੀਤੇ ਗੲੇ ਕੰਮਾਂ ਬਾਰੇ ਅਤੇ ਗੁਰੂ ਸਾਹਿਬ ਦੇ ਜੋਤੀ ਜੋਤਿ ਸਮਾਉਣ ਬਾਰੇ ਇਤਿਹਾਸ ਸ੍ਰਵਨ ਕਰਾਂਗੇ।
ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿੱਚ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕਰ ਰਹੇ ਸਨ। ਗੁਰੂ ਸਾਹਿਬ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਨਿਵਾਸ ਕਰ ਰਹੇ ਸਨ।ਇਸ ਸਮੇਂ 1664 ਈਸਵੀ ਵਿੱਚ ਅਚਾਨਕ ਹੀ ਦਿੱਲੀ ਵਿੱਚ ਚੇਚਕ ਦੀ ਬੀਮਾਰੀ ਫੈਲ ਗਈ, ਜਿਸਨੂੰ ਆਪਾਂ ਚਿਕਨਪੋਕਸ ਵੀ ਕਹਿੰਦੇ ਹਾਂ। ਇਹ ਬੀਮਾਰੀ ਇਕ ਦੂਜੇ ਤੋਂ ਲੱਗਦੀ ਹੋਈ ਪੂਰੀ ਦਿੱਲੀ ਵਿੱਚ ਫੈਲ ਗਈ ਸੀ। ਚਾਰੇ ਪਾਸੇ ਹਾਹਾਕਾਰ ਮੱਚ ਜਾਂਦੀ ਹੈ। ਹਰ ਘਰ ਵਿੱਚ ਮੌਤਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ। ਦਿੱਲੀ ਦਾ ਬਾਦਸ਼ਾਹ ਔਰੰਗਜ਼ੇਬ ਵੀ ਇਸ ਗੱਲ ਤੋਂ ਮੂੰਹ ਮੋੜ ਲੈਂਦਾ ਹੈ। ਹੁਣ ਲੋਕਾਂ ਦੇ ਦੁਖੜੇ ਕਿਸਨੇ ਸੁਣਨੇ ਸਨ। ਪਰ ਗੁਰੂ ਘਰ ਦੀ ਇਹ ਮਹਿਮਾ ਰਹੀ ਹੈ ਕਿ ਗੁਰੂ ਸਾਹਿਬਾਨ ਨੇ ਦੀਨ ਦੁਨੀਆ ਦੀ ਸੇਵਾ ਕਰਦੇ ਹੋਏ ਆਪਣਾ ਜੀਵਨ ਬਤੀਤ ਕੀਤਾ ਹੈ। ਗੁਰੂ ਨਾਨਕ ਦੇਵ ਜੀ ਕਿਤੇ ਕੋਹੜੀ ਕੋਲ ਜਾ ਕੇ ਇਹ ਸਮਝਾਉਂਦੇ ਹਨ-
“ਜੀਉ ਤਪਤੁ ਹੈ ਬਾਰੋ ਬਾਰ,
ਤਪਿ ਤਪਿ ਖਪੈ ਬਹੁਤ ਬੇਕਾਰ।।
ਜੈ ਤਨਿ ਬਾਣੀ ਵਿਸਰਿ ਜਾਇ,
ਜਿਉ ਪਕਾ ਰੋਗੀ ਵਿਲਲਾਇ।।”
ਗੁਰੂ ਅਮਰਦਾਸ ਜੀ ਪ੍ਰੇਮੇ ਕੋਹੜੀ ਦਾ ਇਲਾਜ ਆਪਣੇ ਹੱਥੀਂ ਕਰਦੇ ਹਨ। ਗੁਰੂ ਅਰਜਨ ਦੇਵ ਜੀ ਦੇ ਸਮੇਂ ਜਦੋਂ ਕਾਲ ਪੈਂਦਾ ਹੈ ਤਾਂ ਗੁਰੂ ਹਰਿਗੋਬਿੰਦ ਜੀ ਦੀ ਉਮਰ ਉਸ ਸਮੇਂ ਢਾਈ ਕੁ ਸਾਲਾਂ ਦੀ ਸੀ, ਗੁਰੂ ਸਾਹਿਬ ਲਾਹੌਰ ਵਿੱਚ ਜਾ ਕੇ ਲੋਕਾਂ ਦਾ ਇਲਾਜ ਕਰਦੇ ਸਨ। ਉਹਨਾਂ ਦੇ ਦੁਖੜੇ ਸੁਣਦੇ ਸਨ। ਗੁਰੂ ਸਾਹਿਬ ਜੀ ਦੁਆਰਾ ਤਰਨਤਾਰਨ ਵਿਖੇ ਇੱਕ ਕੋਹੜੀਖਾਨਾ ਵੀ ਬਣਾਇਆ ਗਿਆ ਸੀ। ਗੁਰੂ ਅਰਜਨ ਦੇਵ ਜੀ ਆਪਣੇ ਹੱਥੀਂ ਕੋਹੜੀਆਂ ਦਾ ਇਲਾਜ ਕਰਦੇ ਸਨ। ਸਤਵੇਂ ਗੁਰੂ ਹਰਿਰਾਇ ਜੀ ਵਲੋਂ ਵੀ ਇੱਕ ਬਹੁਤ ਵੱਡਾ ਦਵਾਖਾਨਾ ਖੋਲਿਆ ਗਿਆ ਸੀ। ਜੜੀਆਂ ਬੂਟੀਆਂ ਦੁਆਰਾ ਲੋਕਾਂ ਦਾ ਇਲਾਜ ਕੀਤਾ ਜਾਂਦਾ ਸੀ।ਇਹ ਸਾਰੀਆਂ ਗੱਲਾਂ ਦਾ ਗੁਰੂ ਹਰਕ੍ਰਿਸ਼ਨ ਜੀ ਨੂੰ ਪਤਾ ਸੀ। ਗੁਰੂ ਹਰਕ੍ਰਿਸ਼ਨ ਜੀ ਵੀ ਆਪਣੇ ਪਿਤਾ ਕੋਲ ਰਹਿੰਦਿਆਂ ਹੋਇਆਂ ਇਹ ਸਾਰਾ ਕੁਝ ਸਿੱਖ ਚੁੱਕੇ ਸਨ।
ਹੁਣ ਜਦੋਂ ਦਿੱਲੀ ਵਿੱਚ ਚੇਚਕ ਦੀ ਬੀਮਾਰੀ ਫੈਲੀ ਤਾਂ ਗੁਰੂ ਹਰਕ੍ਰਿਸ਼ਨ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਰੀਤ ਨੂੰ ਜਾਰੀ ਰੱਖਿਆ ਕਿ ਭਾਵੇਂ ਜਾਨ ਚਲੀ ਜਾਵੇ ਪਰ ਦੀਨ ਦੁਨੀਆ ਦੀ ਸੇਵਾ ਕਰਨ ਤੋਂ ਪਿੱਛੇ ਨਹੀਂ ਹਟਣਾ। ਗੁਰੂ ਹਰਕ੍ਰਿਸ਼ਨ ਜੀ ਨੇ ਦਿੱਲੀ ਵਿੱਚ ਲੋਕਾਂ ਕੋਲ ਜਾ ਕੇ ਉਹਨਾਂ ਨੂੰ ਦਿਲਾਸਾ ਦਿੱਤਾ। ਦਿੱਲੀ ਵਿੱਚ ਆਪਣੇ ਦਰਸ਼ਨ ਦੀਦਾਰੇ ਦਿੱਤੇ।
“ਸ਼੍ਰੀ ਹਰਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭਿ ਦੁਖਿ ਜਾਇ”
“ਕ੍ਰਿਪਾ ਕਟਾਖ ਅਵਲੋਕਨੁ ਕੀਨੋ, ਦਾਸ ਕਾ ਦੂਖੁ ਬਿਦਾਰਿਓ”
ਜਿਸ ਉੱਤੇ ਗੁਰੂ ਸਾਹਿਬ ਨੇ ਆਪਣੀ ਨਜ਼ਰ ਪਾਈ, ਉਸਦੇ ਦੁੱਖ ਤਾਂ ਉਦੋਂ ਹੀ ਠੀਕ ਹੋ ਗੲੇ। ਗੁਰੂ ਹਰਕ੍ਰਿਸ਼ਨ ਜੀ ਲੋਕਾਂ ਦੇ ਘਰਾਂ ਦੀਆਂ ਗਲੀਆਂ ਵਿੱਚ ਗੲੇ, ਜਿੱਥੇ ਲਾਸ਼ਾਂ ਰੁਲ਼ ਰਹੀਆਂ ਸਨ। ਜਿੱਥੇ ਲੋਕ ਤ੍ਰਾਹ ਤ੍ਰਾਹ ਕਰਕੇ ਮਰ ਰਹੇ ਸਨ, ੳੁੱਥੇ ਗੁਰੂ ਸਾਹਿਬ ਨੇ ਜਾ ਕੇ ਲੋਕਾਂ ਦਾ ਇਲਾਜ ਕੀਤਾ। ਉਹਨਾਂ ਲੋਕਾਂ ਨੂੰ ਦਰਸ਼ਨ ਦੇ ਕੇ ਉਹਨਾਂ ਦੇ ਤਪਦੇ ਦਿਲਾਂ ਨੂੰ ਠਾਰਿਆ। ਅੱਜ ਜਿੱਥੇ ਗੁਰਦੁਆਰਾ ਬੰਗਲਾ ਸਾਹਿਬ ਬਣਿਆ ਹੋਇਆ ਹੈ, ਉੱਥੇ ਹੁਣ ਸੰਗਤਾਂ ਨੂੰ ਜਲ ਛਕਾਇਆ ਜਾਂਦਾ ਹੈ। ਇੱਥੇ ਗੁਰੂ ਸਾਹਿਬ ਨੇ ਇੱਕ ਸਾਫ਼ ਪਾਣੀ ਦਾ ਚੁੱਬਚਾ ਬਣਾਇਆ ਸੀ ਅਤੇ ਬੀਮਾਰ ਲੋਕਾਂ ਨੂੰ ਇੱਥੇ ਜਲ ਛਕਾਇਆ ਜਾਂਦਾ ਸੀ। ਗੁਰੂ ਸਾਹਿਬ ਨੇ ਆਪਣੀ ਮਿਹਰ ਭਰੀ ਨਜ਼ਰ ਉਹਨਾਂ ਲੋਕਾਂ ਤੇ ਪਾਈ। ਜੋ ਕੰਮ ਹਿੰਦੁਸਤਾਨ ਦਾ ਬਾਦਸ਼ਾਹ ਨਾ ਕਰ ਸਕਿਆ, ਉਹ ਕੰਮ ਦਿੱਲੀ ਵਿੱਚ ਜਾ ਕੇ ਗੁਰੂ ਹਰਕ੍ਰਿਸ਼ਨ ਜੀ ਨੇ ਕੀਤਾ। ਹਰ ਪਾਸੇ ਗੁਰੂ ਹਰਕ੍ਰਿਸ਼ਨ ਜੀ ਦੀ ਜੈ ਜੈ ਕਾਰ ਹੋ ਰਹੀ ਸੀ।
ਇਸ ਸੇਵਾ ਵਿੱਚ ਲੱਗਿਆਂ ਹੋਇਆਂ ਗੁਰੂ ਸਾਹਿਬ ਨੇ ਸਾਡੇ ਲੲੀ ਇਹ ਰਾਹ ਖੋਲ੍ਹ ਦਿੱਤੇ ਕਿ ਸਿੱਖ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਵੀ ਲੋਕਾਂ ਦਾ ਇਲਾਜ ਕਰਨਗੇ ਅਤੇ ਲੋਕਾਂ ਦੇ ਦੁੱਖ ਵਿੱਚ ਖੜ੍ਹੇ ਹੋਣਗੇ। ਇਹ ਪੂਰਨੇ ਗੁਰੂ ਹਰਕ੍ਰਿਸ਼ਨ ਜੀ ਨੇ ਸਾਨੂੰ ਪਾ ਕੇ ਦਿਖਾਏ।
ਹੌਲੀ ਹੌਲੀ ਗੁਰੂ ਹਰਕ੍ਰਿਸ਼ਨ ਜੀ ਉੱਤੇ ਵੀ ਚੇਚਕ ਦਾ ਅਸਰ ਹੋ ਗਿਆ।ਇਹ ਇੰਨਾ ਵੱਧ ਗਿਆ ਕਿ ਗੁਰੂ ਸਾਹਿਬ ਨੇ ਆਪਣੇ ਸਰੀਰ ਦੀ ਪ੍ਰਵਾਹ ਨਾ ਕਰਦਿਆਂ ਹੋਇਆਂ ਦਿੱਲੀ ਵਿੱਚ ਚੇਚਕ ਦੀ ਬੀਮਾਰੀ ਨੂੰ ਕਾਫੀ ਹੱਦ ਤੱਕ ਠੀਕ ਕੀਤਾ। ਗੁਰੂ ਹਰਕ੍ਰਿਸ਼ਨ ਜੀ ਦਿੱਲੀ ਵਿੱਚ ਕਾਫੀ ਬੀਮਾਰ ਹੋ ਚੁੱਕੇ ਸਨ। ਗੁਰੂ ਸਾਹਿਬ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਆਪਣੀ ਗੁਰਤਾਗੱਦੀ ਦੇਣ ਦਾ ਫੈਸਲਾ ਕੀਤਾ, ਇਹ ਅਸੀਂ ਲੜੀ ਨੰ 19 ਵਿੱਚ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ….