ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 16 ਵਿੱਚ ਅਸੀਂ ਪਾਠਕਾਂ ਨੂੰ ਗੁਰੂ ਹਰਿਰਾਇ ਜੀ ਦੁਆਰਾ ਰਾਮਰਾਇ ਜੀ ਨੂੰ ਦਿੱਲੀ ਭੇਜਣ ਦੌਰਾਨ ਹੋਈਆਂ ਘਟਨਾਵਾਂ ਤੋਂ ਜਾਣੂ ਕਰਵਾਇਆ ਗਿਆ ਸੀ
ਇਸ ਲੜੀ ਵਿੱਚ ਅਸੀਂ ਗੁਰੂ ਹਰਕ੍ਰਿਸ਼ਨ ਜੀ ਦੇ ਦਿੱਲੀ ਜਾਣ ਸਮੇਂ ਅਤੇ ਗੁਰੂ ਹਰਿਰਾਇ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਸ੍ਰਵਨ ਕਰਾਂਗੇ
ਕੀਰਤਪੁਰ ਸਾਹਿਬ ਵਿਖੇ 1661 ਈਸਵੀ ਵਿੱਚ ਗੁਰੂ ਹਰਿਰਾਇ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਇਹ ਫੈਸਲਾ ਕੀਤਾ ਕਿ ਗੁਰਤਾਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਤੀ ਜਾਵੇ। ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਪਿਛੋਂ ਜੁੜੀਆਂ ਹੋਈਆਂ ਸੰਗਤਾਂ ਦੇ ਭਰੇ ਪੰਡਾਲ ਵਿੱਚ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਤੇ ਬਿਰਾਜਮਾਨ ਕੀਤਾ ਗਿਆ।ਉਸ ਸਮੇਂ ਗੁਰੂ ਹਰਿਰਾਇ ਜੀ ਨੇ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਤੋਂ ਸਾਰੀ ਸਮੱਗਰੀ ਮੰਗਵਾਈ ਅਤੇ ਸਾਰੀ ਸੰਗਤ ਦੇ ਸਾਹਮਣੇ ਗੁਰੂ ਹਰਕ੍ਰਿਸ਼ਨ ਜੀ ਨੂੰ ਗੁਰਗੱਦੀ ਦਾ ਤਿਲਕ ਲਗਾਇਆ।
ਪ੍ਰੋ਼. ਸਾਹਿਬ ਸਿੰਘ ਜੀ ਅਨੁਸਾਰ ਉਸ ਸਮੇਂ ਗੁਰੂ ਹਰਕ੍ਰਿਸ਼ਨ ਜੀ ਦੀ ਉਮਰ 5 ਸਾਲ 3 ਮਹੀਨੇ ਸੀ। ਸਾਰੀ ਸੰਗਤ ਵਲੋਂ ਗੁਰੂ ਹਰਕ੍ਰਿਸ਼ਨ ਜੀ ਨੂੰ ਵਧਾਈਆਂ ਦਿੱਤੀਆਂ ਗਈਆਂ। ਸੰਗਤਾਂ ਵੱਲੋਂ ਗੁਰੂ ਹਰਕ੍ਰਿਸ਼ਨ ਜੀ ਨੂੰ ਨਮਸਕਾਰ ਕਰਕੇ ਉਹਨਾਂ ਨੂੰ ਆਪਣਾ ਗੁਰੂ ਮੰਨਿਆ ਗਿਆ। ਜਦੋਂ ਇਹ ਗੱਲ ਰਾਮਰਾਇ ਜੀ ਨੂੰ ਪਤਾ ਲੱਗੀ ਤਾਂ ਉਹ ਸੋਚਦੇ ਹਨ ਕਿ ਮੈਂ ਵੱਡਾ ਪੁੱਤਰ ਸੀ, ਅਤੇ ਮੈਨੂੰ ਗੁਰਿਆਈ ਮਿਲਣੀ ਚਾਹੀਦੀ ਸੀ ਪਰ ਇਹ ਗੱਦੀ ਮੇਰੇ ਛੋਟੇ ਭਰਾ ਗੁਰੂ ਹਰਕ੍ਰਿਸ਼ਨ ਜੀ ਨੂੰ ਦੇ ਦਿੱਤੀ ਗਈ ਹੈ। ਰਾਮਰਾਇ ਜੀ ਨੇ ਉਸੇ ਦਿਨ ਤੋਂ ਗੂੰਦਾਂ ਗੂੰਦਣੀਆਂ ਸ਼ੁਰੂ ਕਰ ਦਿਤੀਆਂ ਕਿ ਇਸ ਗੁਰੂ ਨਾਨਕ ਸਾਹਿਬ ਦੀ ਗੱਦੀ ਦਾ ਮਾਲਕ ਮੈਂ ਬਣਾਂਗਾ।
ਰਾਮਰਾਇ ਜੀ ਨੇ ਦਿੱਲੀ ਤੱਕ ਕਈ ਵਾਰ ਆਪਣੀ ਪਹੁੰਚ ਕੀਤੀ ਪਰ ਔਰਗਜ਼ੇਬ ਉਸ ਸਮੇਂ ਕਸ਼ਮੀਰ ਵੱਲ ਗਿਆ ਹੋਇਆ ਸੀ।1664 ਈਸਵੀ ਵਿੱਚ ਜਦੋਂ ਔਰਗਜ਼ੇਬ ਕਸ਼ਮੀਰ ਤੋਂ ਵਾਪਸ ਆਇਆ ਤਾਂ ਰਾਮਰਾਇ ਜੀ ਨੇ ਔਰੰਗਜ਼ੇਬ ਕੋਲ ਆਪਣੇ ਗੁਰੂ ਹੋਣ ਦਾ ਹੱਕ ਮੰਗਿਆ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਗੁਰਗੱਦੀ ਦਾ ਮਾਲਿਕ ਮੈਂ ਹਾਂ। ਮੈਨੂੰ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਿਠਾਇਆ ਜਾਵੇ। ਔਰੰਗਜ਼ੇਬ ਤਾਂ ਇਹੀ ਚਾਹੁੰਦਾ ਸੀ ਕਿ ਜੇ ਰਾਮਰਾਇ ਜੀ ਗੁਰੂ ਬਣ ਜਾਣ ਤਾਂ ਉਹ ਮੇਰੇ ਕਹਿਣੇ ਲਗਣਗੇ। ਸਾਰੇ ਸਿੱਖ ਜਗਤ ਉੱਤੇ ਮੈਂ ਆਪਣਾ ਪ੍ਰਭਾਵ ਪਾ ਸਕਦਾ ਹਾਂ।
ਇਸ ਸਮੇਂ ਗੁਰੂ ਹਰਕ੍ਰਿਸ਼ਨ ਜੀ ਦੀ ਉਮਰ ਤਕਰੀਬਨ 7 ਸਾਲ ਹੋ ਚੁੱਕੀ ਸੀ ਅਤੇ ਗੁਰੂ ਹਰਕ੍ਰਿਸ਼ਨ ਜੀ ਛੋਟੀ ਉਮਰ ਵਿੱਚ ਹੀ ਬਹੁਤ ਵੱਡੇ ਕੰਮ ਕਰ ਰਹੇ ਸਨ। ਗੁਰੂ ਜੀ ਨੇ ਕੀਰਤਪੁਰ ਸਾਹਿਬ ਰਹਿੰਦਿਆਂ ਹੋਇਆਂ ਉਹ ਕੰਮ ਕੀਤੇ ਜੋ ਅਸੀਂ ਸੋਚ ਵੀ ਨਹੀਂ ਸਕਦੇ।
ਜੇ ਗੁਰੂ ਕਿਰਪਾ ਕਰੇ ਤਾਂ ਅਸੀਂ ਜਲਦ ਹੀ ਗੁਰੂ ਹਰਕ੍ਰਿਸ਼ਨ ਜੀ ਦੇ ਪੂਰੇ ਜੀਵਨ ਉੱਤੇ ਵੀਡੀਓਗਰਾਫੀ ਕਰਨ ਜਾ ਰਹੇ ਹਾਂ। ਉਸ ਵਿੱਚ ਗੁਰੂ ਹਰਕ੍ਰਿਸ਼ਨ ਜੀ ਦਾ ਪੂਰਾ ਜੀਵਨ ਦੱਸਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਹੁਣ ਸਿਰਫ਼ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦੀ ਗੱਲ ਕਰ ਰਹੇ ਹਾਂ।
ਔਰੰਗਜ਼ੇਬ ਵੱਲੋਂ ਰਾਜਾ ਜੈ ਸਿੰਘ ਜੀ ਨੂੰ ਵਿੱਚ ਪਾ ਕੇ ਗੁਰੂ ਹਰਕ੍ਰਿਸ਼ਨ ਜੀ ਨੂੰ ਦਿੱਲੀ ਲਿਆਉਣ ਦਾ ਸੱਦਾ ਭੇਜਿਆ ਕਿਉਂਕਿ ਉਂਝ ਤਾਂ ਗੁਰੂ ਜੀ ਨੇ ਨਹੀਂ ਆਉਣਾ ਪਰ ਸੰਗਤਾਂ ਦੇ ਦਰਸ਼ਨ ਦੀਦਾਰੇ ਲੲੀ ਇਹ ਬੇਨਤੀ ਕੀਤੀ ਜਾਏ ਕਿ ਕਿ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਆਉਣ। ਉਸਦਾ ਇੱਕ ਕਾਰਨ ਇਹ ਵੀ ਸੀ ਕਿ ਦਿੱਲੀ ਵਿੱਚ ਰਾਮਰਾਇ ਜੀ ਆਪਣੇ ਆਪ ਨੂੰ ਗੁਰੂ ਕਹਿ ਰਿਹਾ ਸੀ ਅਤੇ ਸੰਗਤਾਂ ਨੂੰ ਗੁਮਰਾਹ ਕਰ ਰਿਹਾ ਸੀ।ਇਸ ਲੲੀ ਕੁਝ ਸਿੱਖਾਂ ਦੇ ਕਹਿਣ ਤੇ ਗੁਰੂ ਹਰਕ੍ਰਿਸ਼ਨ ਜੀ ਨੇ ਕੀਰਤਪੁਰ ਸਾਹਿਬ ਤੋਂ ਦਿੱਲੀ ਵੱਲ ਚਾਲੇ ਪਾ ਦਿੱਤੇ। ਕੀਰਤਪੁਰ ਸਾਹਿਬ ਤੋਂ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾਇਆ ਗਿਆ । ਪਰਿਵਾਰ ਅਤੇ 2200 ਘੋੜਸਵਾਰ ਨਾਲ ਸਨ। ਕੀਰਤਪੁਰ ਤੋਂ ਹੁੰਂਦੇ ਹੋਏ ਗੁਰੂ ਜੀ ਇੱਥੇ ਪਹੁੰਚੇ, ਜਿੱਥੇ ਅੱਜ ਕਲ੍ਹ ਗੁਰਦੁਆਰਾ ਪੰਜੋਖੜਾ ਸਾਹਿਬ ਹੈ, ਜੋ ਕਿ ਅੰਬਾਲੇ ਕੋਲ ਹੈ। ਇਸ ਜਗ੍ਹਾ ਤੇ ਗੁਰੂ ਜੀ ਨੇ ਪੰਡਿਤ ਲਾਲ ਚੰਦ ਦਾ ਹੰਕਾਰ ਤੋੜਿਆ ਸੀ ਜੋ ਕਿ ਕਹਿੰਦਾ ਸੀ ਕਿ ਤੁਸੀਂ ਆਪਣੇ ਆਪ ਨੂੰ ਹਰਕ੍ਰਿਸ਼ਨ ਕਹਾਉਂਦੇ ਹੋ, ਕਿ੍ਸ਼ਨ ਜੀ ਨੇ ਤਾਂ ਗੀਤਾ ਦੇ ਅਰਥ ਕਰਕੇ ਦਿਖਾਏ ਸਨ, ਤੁਸੀਂ 2 ਲਾਈਨਾਂ ਦੇ ਅਰਥ ਹੀ ਕਰ ਕੇ ਦਿਖਾਓ। ਗੁਰੂ ਹਰਕ੍ਰਿਸ਼ਨ ਜੀ ਨੇ ਛੱਜੂ ਝੀਵਰ ਤੋਂ ਗੀਤਾ ਦੇ ਅਰਥ ਕਰਵਾ ਕੇ ਲਾਲ ਚੰਦ ਦਾ ਹੰਕਾਰ ਤੋੜਿਆ ਸੀ। ਸੋ, ਅੱਗੇ ਜਾ ਕੇ ਇਹਨਾਂ ਦੋਹਾਂ ਤੇ ਅਜਿਹੀ ਕਿਰਪਾ ਹੋਈ ਕਿ ਪੰਡਿਤ ਲਾਲ ਚੰਦ 1699 ਦੀ ਵਿਸਾਖੀ ਤੇ ਅੰਮਿ੍ਤ ਛੱਕ ਕੇ ਲਾਲ ਸਿੰਘ ਬਣ ਗਿਆ ਅਤੇ ਚਮਕੌਰ ਦੀ ਗੜ੍ਹੀ ਵਿੱਚ ਜਾ ਕੇ ਸ਼ਹੀਦ ਹੋਇਆ। ਛੱਜੂ ਝੀਵਰ ਨੂੰ ਗੁਰੂ ਹਰਕ੍ਰਿਸ਼ਨ ਜੀ ਨੇ ਧਰਮ ਪ੍ਰਚਾਰਕ ਥਾਪਿਆ। ਇਹ ਉੜੀਸਾ ਵੱਲ ਚਲਾ ਗਿਆ ਅਤੇ ਬਾਅਦ ਵਿੱਚ ਇਸਦੇ ਪਰਿਵਾਰ ਵਿੱਚੋਂ ਹੀ ਭਾਈ ਸਾਹਿਬ ਸਿੰਘ ਜੀ ਪੰਜ ਪਿਆਰੇ ਬਣੇ ਸਨ।
ਪੰਜੋਖੜੇ ਤੋਂ ਕੲੀ ਸ਼ਹਿਰਾਂ ਵਿੱਚ ਹੁੰਂਦੇ ਹੋਏ ਗੁਰੂ ਜੀ ਜਦੋਂ ਦਿੱਲੀ ਪਹੁੰਚੇ ਤਾਂ ਔਰਗਜ਼ੇਬ ਦੇ ਕਹੇ ਅਨੁਸਾਰ ਰਾਜਾ ਜੈ ਸਿੰਘ ਨੇ ਗੁਰੂ ਜੀ ਦੀ ਪ੍ਰੀਖਿਆ ਲੈਣ ਦੀ ਸੋਚੀ। ਉਸਨੇ ਰਾਣੀਆਂ ਨੂੰ ਗੋਲੀਆਂ ਵਾਲ਼ੇ ਕੱਪੜੇ ਪੁਆਏ ਅਤੇ ਗੋਲੀਆਂ ਨੂੰ ਰਾਣੀਆਂ ਵਾਲੇ ਕੱਪੜੇ ਪਹਿਨਾਏ। ਜਦੋਂ ਗੁਰੂ ਜੀ ਰਾਜਾ ਜੈ ਸਿੰਘ ਦੇ ਕਮਰੇ ਅੰਦਰ ਗੲੇ ਤਾਂ ਗੁਰੂ ਜੀ ਗੋਲੀ ਬਣੀ ਰਾਣੀ ਕੋਲ ਗੲੇ ਅਤੇ ਉਸਨੂੰ ਪਛਾਣ ਕੇ ਇਕ ਗੱਲ ਕਹੀ-
“ਮਹਾਰਾਜ ਕੀ ਤੂ ਪਟਰਾਨੀ,
ਕਹਾ ਕਪਟ ਕਰਬੇ ਬਿਧ ਫਾਨੀ”
ਗੁਰੂ ਹਰਕ੍ਰਿਸ਼ਨ ਜੀ ਨੇ ਰਾਜਾ ਜੈ ਸਿੰਘ ਅਤੇ ਉਸਦੀ ਰਾਣੀ ਨੂੰ ਇਹ ਗੱਲ ਕਹੀ ਕਿ ਤੁਹਾਨੂੰ ਕਪਟ ਕਰਨ ਦੀ ਕੀ ਲੋੜ ਸੀ।ਸੋ, ਗੁਰੂ ਹਰਕ੍ਰਿਸ਼ਨ ਜੀ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਨਿਵਾਸ ਰੱਖਦੇ ਹਨ। ਸੰਗਤਾਂ ਦਰਸ਼ਨ ਕਰਨ ਆਉਂਦੀਆਂ ਹਨ ਅਤੇ ਭੇਟਾਵਾਂ ਲੈ ਕੇ ਆਉਂਦੀਆਂ ਹਨ। ਜਦੋਂ ਔਰਗਜੇਬ ਗੁਰੂ ਜੀ ਕੋਲ ਆਇਆ ਤਾਂ ਗੁਰੂ ਜੀ ਔਰੰਗਜ਼ੇਬ ਦੇ ਮੱਥੇ ਨਹੀਂ ਲੱਗੇ। ਲਿਖਾਰੀਆਂ ਅਨੁਸਾਰ ਅੱਧੀ ਘੜੀ ਜਾਂ ਤਿੰਨ ਘੜੀਆਂ ਖੜ ਕੇ ਔਰੰਗਜ਼ੇਬ ਵਾਪਸ ਚਲਾ ਗਿਆ। ਗੁਰੂ ਹਰਕ੍ਰਿਸ਼ਨ ਜੀ ਨੇ 7 ਸਾਲ ਦੀ ਉਮਰ ਵਿੱਚ ਦਰ ਤੇ ਆਏ ਹੋਏ ਹਿੰਦੁਸਤਾਨ ਦੇ ਬਾਦਸ਼ਾਹ ਔਰੰਗਜ਼ੇਬ ਨੂੰ ਵਾਪਿਸ ਮੋੜ ਦਿੱਤਾ। ਗੁਰੂ ਜੀ ਨੇ ਕਿਹਾ ਕਿ ਮੇਰੇ ਪਿਤਾ ਗੁਰੂ ਹਰਿਰਾਇ ਸਾਹਿਬ ਜੀ ਨੇ ਬਚਨ ਕੀਤੇ ਹਨ ਕਿ-
“ਨੈਂਹ ਮਲੇਸ਼ ਕੋ ਦਰਸਨ ਦੇਹੈਂ,
ਨੈਂਹ ਮਲੇਸ਼ ਕੋ ਦਰਸਨ ਲੇਹੈਂ”
ਕਿ ਮੈਂ ਇਹਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਇਤਿਹਾਸਿਕ ਤੱਥਾਂ ਵੱਲ ਦੇਖਦੇ ਹੋਏ ਇੱਕ ਗੱਲ ਹੋਰ ਸਾਹਮਣੇ ਆਉਂਦੀ ਹੈ ਕਿ ਜਦੋਂ 1661 ਈਸਵੀ ਵਿੱਚ ਗੁਰੂ ਹਰਿਰਾਇ ਜੀ ਜੋਤੀ ਜੋਤਿ ਸਮਾਉਂਦੇ ਹਨ ਤਾਂ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਧਰਮ ਪ੍ਰਚਾਰ ਦੌਰਿਆਂ ਤੇ ਆਏ ਹੋਏ ਸਨ ਜੋ ਕਿ ਲਖਨੳੂ ਅਤੇ ਕਾਨਪੁਰ ਨੇੜੇ ਇਲਾਕਿਆਂ ਵਿੱਚ ਪ੍ਰਚਾਰ ਕਰ ਰਹੇ ਸਨ। ਜਦੋਂ ਗੁਰੂ ਤੇਗ ਬਹਾਦਰ ਜੀ ਵਾਪਸ ਆਉਂਦੇ ਹਨ ਤਾਂ ਪਤਾ ਲਗਦਾ ਹੈ ਕਿ ਗੁਰੂ ਹਰਕ੍ਰਿਸ਼ਨ ਜੀ ਦਿੱਲੀ ਆਏ ਹੋਏ ਹਨ ਤਾਂ ਗੁਰੂ ਤੇਗ ਬਹਾਦਰ ਜੀ ਦਿੱਲੀ ਵਿੱਚ ਭਾਈ ਕਲਿਆਣਾ ਜੀ ਦੇ ਘਰ ਰੁਕਦੇ ਹਨ। ਭਾਈ ਕਲਿਆਣਾ ਜੀ ਦਾ ਉਹ ਘਰ ਜਿੱਥੇ ਗਵਾਲੀਅਰ ਤੋਂ ਆਂਦਿਆਂ ਹੋਇਆਂ ਗੁਰੂ ਹਰਿਗੋਬਿੰਦ ਸਾਹਿਬ ਜੀ ਇੱਥੇ ਰੁਕੇ ਸਨ। ਭਾਈ ਕਲਿਆਣਾ ਜੀ ਗੁਰੂ ਘਰ ਦੇ ਸੇਵਕ ਅਤੇ ਸ਼ਰਧਾਲੂ ਸਨ। ਇਸੇ ਘਰ ਵਿੱਚ 21 ਮਾਰਚ ਤੋਂ 23 ਮਾਰਚ 1664 ਈਸਵੀ ਤੱਕ ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ 3 ਦਿਨ ਮੁਲਾਕਾਤ ਹੋਣ ਦਾ ਵੇਰਵਾ ਵੀ ਇਤਿਹਾਸ ਵਿੱਚ ਮਿਲਦਾ ਹੈ। ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਹਰਕ੍ਰਿਸ਼ਨ ਜੀ ਦੀ ਮੁਲਾਕਾਤ ਹੋਣ ਤੋਂ ਜੋ ਸਬੂਤ ਸਾਨੂੰ ਮਿਲਦੇ ਹਨ ਉਹ ਹਨ –
1) ਗੁਰੂ ਦੀ ਸਾਖੀਆਂ ਸਾਖੀ ਨੰ 21
( ਪ੍ਰਿੰਸੀਪਲ ਸਤਿਬੀਰ ਸਿੰਘ,
“ਅਸ਼ਟਮ ਬਲਬੀਰਾ” , ਕਿਤਾਬ ਪੰਨਾ 118)
2) ਜੀਵਨ ਗਾਥਾ ਸ੍ਰੀ ਗੁਰੂ ਹਰਕ੍ਰਿਸ਼ਨ ਜੀ
ਪੰਨਾ ਨੰ 12
(ਸਿਖ ਮਿਸ਼ਨਰੀ ਕਾਲਜ ਵਲੋਂ)
ਸੋ, ਅਗਲੀ ਲੜੀ ਵਿੱਚ ਅਸੀਂ ਗੁਰੂ ਹਰਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਅਤੇ ਬਾਬਾ ਬਕਾਲਾ ਬਚਨ ਕਰਨ ਬਾਰੇ ਇਤਿਹਾਸ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ…..