ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 15 ਵਿੱਚ ਅਸੀਂ ਗੁਰੂ ਹਰਿਰਾਇ ਜੀ ਦੇ ਕੀਰਤਪੁਰ ਸਾਹਿਬ ਵਿਖੇ ਵਾਪਰੀਆਂ ਘਟਨਾਵਾਂ ਦਾ ਜ਼ਿਕਰ ਕੀਤਾ ਸੀ ਕਿ ਸ਼ਾਹਜਹਾਂ, ਜੋ ਕਿ ਗੁਰੂ ਘਰ ਨਾਲ ਵੈਰ ਰੱਖਦਾ ਸੀ ਅਤੇ ਗੁਰੂ ਘਰ ਉੱਤੇ ਚੜ੍ਹਾਈ ਕਰਕੇ ਆਉਂਦਾ ਰਿਹਾ, ਉਹੀ ਸ਼ਾਹਜਹਾਂ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ
ਇਸ ਲੜੀ ਨੰ 16 ਵਿੱਚ ਅਸੀਂ ਗੁਰੂ ਹਰਿਰਾਇ ਜੀ ਵੱਲੋਂ ਰਾਮਰਾਇ ਜੀ ਨੂੰ ਦਿੱਲੀ ਭੇਜਣ ਦੌਰਾਨ ਹੋਈਆਂ ਘਟਨਾਵਾਂ ਦਾ ਜ਼ਿਕਰ ਕਰਾਂਗੇ
ਸਤਵੇਂ ਗੁਰੂ ਹਰਿਰਾਇ ਜੀ ਦੇ ਸਮੇਂ ਜਦੋਂ ਸ਼ਾਹਜਹਾਂ ਦਾ ਵੱਡਾ ਪੁੱਤਰ ਦਾਰਾ ਸ਼ਿਕੋਹ ਬੀਮਾਰ ਹੋ ਜਾਂਦਾ ਹੈ ਤਾਂ ਉਸਦਾ ਕਿਤੇ ਵੀ ਇਲਾਜ ਨਹੀਂ ਹੁੰਦਾ। ਉਸਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਨਾਨਕ ਸਾਹਿਬ ਦੀ ਸਤਵੀਂ ਜੋਤ ਗੁਰੂ ਹਰਿਰਾਇ ਸਾਹਿਬ ਜੀ ਨੇ ਕੀਰਤਪੁਰ ਸਾਹਿਬ ਵਿਖੇ ਇੱਕ ਬਹੁਤ ਵੱਡਾ ਦਵਾਖਾਨਾ ਖੋਲਿਆ ਹੈ ਤਾਂ ਉਹ ਆਪਣਾ ਇਲਾਜ ਕਰਵਾਉਣ ਲਈ ਗੁਰੂ ਹਰਿਰਾਇ ਜੀ ਕੋਲ ਆਉਂਦਾ ਹੈ। ਇੱਥੇ ਉਸਦਾ ਚੰਗੀ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਤੇ ਉਹ ਠੀਕ ਹੋ ਜਾਂਦਾ ਹੈ। ਜਿਹੜਾ ਸ਼ਾਹਜਹਾਂ ਕਦੇ ਗੁਰੂ ਘਰ ਤੇ ਚੜ੍ਹ ਕੇ ਆਇਆ ਸੀ, ਉਸ ਸ਼ਾਹਜਹਾਂ ਦੀ ਸ਼ਰਧਾ ਵੀ ਇੱਕ ਦਿਨ ਗੁਰੂ ਘਰ ਉੱਤੇ ਬਣ ਚੁੱਕੀ ਸੀ। ਦਾਰਾ ਸ਼ਿਕੋਹ ਗੁਰੂ ਘਰ ਦਾ ਸ਼ਰਧਾਲੂ ਬਣ ਗਿਆ ਸੀ।
ਉਸ ਸਮੇਂ ਕੱਟੜ ਰਾਜਨੀਤੀ ਦੇ ਮਾਲਕ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ ਅਤੇ ਆਪਣੇ ਭਰਾ ਦਾਰਾ ਸ਼ਿਕੋਹ ਤੇ ਚੜ੍ਹਾਈ ਕਰਕੇ ਉਸਨੂੰ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ। ਦਾਰਾ ਸ਼ਿਕੋਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਦਿੱਲੀ ਤੋਂ ਲਾਹੌਰ ਵੱਲ ਭੱਜ ਗਿਆ। ਜਾਂਦੇ- ਜਾਂਦੇ ਉਸਨੂੰ ਪਤਾ ਲੱਗਿਆ ਕਿ ਗੁਰੂ ਹਰਿਰਾਇ ਜੀ ਗੋਇੰਦਵਾਲ ਸਾਹਿਬ ਵਿਖੇ ਆਏ ਹੋਏ ਹਨ ਤਾਂ ਸ਼ਾਹਜਹਾਂ ਨੇ ਗੁਰੂ ਸਾਹਿਬ ਕੋਲ ਆ ਕੇ ਮਦਦ ਮੰਗੀ ਕਿਉਂਕਿ ਗੁਰੂ ਸਾਹਿਬ ਕੋਲ ਹਮੇਸ਼ਾ 2200 ਘੋੜਸਵਾਰ ਰਹਿੰਦੇ ਸਨ। ਗੁਰਬਾਣੀ ਅਨੁਸਾਰ-
“ਜੋ ਸਰਣਿ ਆਵੈ ਤਿਸੁ ਕੰਠਿ ਲਾਵੈ”
ਭਾਵ ਜੋ ਸ਼ਰਣ ਆ ਗਿਆ, ਗੁਰੂ ਸਾਹਿਬ ਨੇ ਉਹਨੂੰ ਕੰਠ ਲਾਉਣਾ ਹੀ ਹੈ। ਗੁਰੂ ਸਾਹਿਬ ਨੇ ਆਪਣੀਆਂ ਫੌਜਾਂ ਭੇਜ ਕੇ ਦਾਰਾ ਸ਼ਿਕੋਹ ਦੀ ਮਦਦ ਕੀਤੀ। ਬਾਅਦ ਵਿੱਚ ਕੁਝ ਚੁਗਲਖੋਰਾਂ ਨੇ ਇਹ ਸਾਰੀਆਂ ਖਬਰਾਂ ਔਰੰਗਜ਼ੇਬ ਦੇ ਕੰਨ ਵਿੱਚ ਪਾਈਆਂ ਕਿ ਤੂੰ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਮਾਰ ਦਿੰਦਾ ਪਰ ਵਿੱਚ ਗੁਰੂ ਹਰਿਰਾਇ ਜੀ ਆ ਗੲੇ। ਗੁਰੂ ਜੀ ਨੇ ਉਸਦੀ ਮਦਦ ਕੀਤੀ ਹੈ। ਔਰੰਗਜ਼ੇਬ ਕੋਲ ਖਬਰਾਂ ਪਹੁੰਚਾਉਣ ਵਾਲਿਆਂ ਵਿੱਚ ਕਿਤੇ ਨਾ ਕਿਤੇ ਧੀਰ ਮੱਲ ਦਾ ਵੀ ਰੋਲ ਸੀ। ਸੋ, ਔਰੰਗਜ਼ੇਬ ਨੇ ਗੁਰੂ ਹਰਿਰਾਇ ਸਾਹਿਬ ਜੀ ਨੂੰ ਦਿੱਲੀ ਆਉਣ ਦਾ ਸੱਦਾ ਭੇਜਿਆ।
ਗੁਰੂ ਹਰਿਰਾਇ ਜੀ ਆਪ ਵੀ ਔਰਗਜੇਬ ਦੇ ਮੱਥੇ ਨਹੀਂ ਲਗਣਾ ਚਾਹੁੰਦੇ ਸਨ। ਗੁਰੂ ਜੀ ਨੇ ਆਪਣੇ ਵੱਡੇ ਪੁੱਤਰ ਰਾਮਰਾਇ ਜੀ ਨੂੰ ਬੁਲਾ ਕੇ ਕਿਹਾ, ” ਪੁੱਤਰ ਜੀ, ਸਾਡੀ ਜਗ੍ਹਾ ਤੇ ਤੁਸੀਂ ਜਾਓਗੇ। ਤੁਹਾਡੀ ਜ਼ੁਬਾਨ ਵਿੱਚ ਗੁਰੂ ਨਾਨਕ ਸਾਹਿਬ ਦਾ ਵਾਸਾ ਹੋਏਗਾ। ਤੁਸੀਂ ਜੋ ਕਹੋਗੇ, ਸੱਚ ਕਰ ਸਕਦੇ ਹੋ ਪਰ ਗੁਰੂ ਨਾਨਕ ਸਾਹਿਬ ਦੇ ਦਾਅਰੇ ਤੋਂ ਤੁਸੀਂ ਬਾਹਰ ਨਹੀਂ ਜਾਣਾ।” ਗੁਰੂ ਸਾਹਿਬ ਨੇ ਆਪਣੇ ਪੁੱਤਰ ਰਾਮਰਾਇ ਜੀ ਨਾਲ ਕੁਝ ਮਸੰਦਾਂ ਨੂੰ ਭੇਜਿਆ। ਦਿੱਲੀ ਪਹੁੰਚ ਕੇ ਰਾਮਰਾਇ ਜੀ ਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ। ਔਰੰਗਜ਼ੇਬ ਉੱਤੇ ਪ੍ਰਭਾਵ ਪਾਉਣ ਲਈ ਕਦੀ ਇਹ ਬਿਨਾਂ ਸਹਾਰੇ ਤੋਂ ਪਾਲਕੀ ਉੱਤੇ ਚੜ੍ਹ ਕੇ ਵੀ ਆਉਂਦੇ ਸਨ ਕਿਉਂਕਿ ਔਰੰਗਜ਼ੇਬ ਕਰਾਮਾਤਾਂ ਦੇਖਣ ਵਿੱਚ ਬੜਾ ਖੁਸ਼ ਹੁੰਦਾ ਸੀ।
ਇਤਿਹਾਸ ਵਿੱਚ ਇਹ ਵੀ ਜ਼ਿਕਰ ਹੈ ਕਿ ਔਰੰਗਜ਼ੇਬ ਨੂੰ ਰਾਮਰਾਇ ਜੀ ਨੇ 72 ਕਰਾਮਾਤਾਂ ਦਿਖਾਈਆਂ।
ਉੱਥੇ ਹੀ ਔਰਗਜ਼ੇਬ ਜੋ ਵੀ ਸਵਾਲ ਕਰਦਾ ਸੀ, ਰਾਮਰਾਇ ਜੀ ਉਸਦਾ ਜਵਾਬ ਤਸੱਲੀਪੂਰਨ ਨਿਰਪੱਖ ਹੋ ਕੇ ਦਿੰਦੇ ਸਨ ਕਿਉਂਕਿ ਇਹਨਾਂ ਦੀ ਜ਼ੁਬਾਨ ਵਿੱਚ ਗੁਰੂ ਨਾਨਕ ਸਾਹਿਬ ਦਾ ਵਾਸਾ ਸੀ। ਔਰੰਗਜ਼ੇਬ ਤੇ ਇਸਦਾ ਬਹੁਤ ਪ੍ਰਭਾਵ ਪਿਆ। ਉਸਨੇ ਰਾਮਰਾਇ ਜੀ ਦੀ ਬਹੁਤ ਸੇਵਾ ਕੀਤੀ ਕਿ ਇਹ ਤਾਂ ਗੁਰੂ ਪੁੱਤਰ ਹੈ, ਇਹ ਗੁਰਗੱਦੀ ਦਾ ਮਾਲਿਕ ਬਣ ਸਕਦਾ ਹੈ। ਲੋਕਾਂ ਨੇ ਵੀ ਰਾਮਰਾਇ ਜੀ ਦੀ ਬਹੁਤ ਜੈ-ਜੈ ਕਾਰ ਕੀਤੀ। ਇਸੇ ਗੱਲ ਵਿੱਚ ਰਾਮਰਾਇ ਜੀ ਹਉਮੈ ਵਿੱਚ ਆ ਗੲੇ ਕਿ ਮੇਰੀ ਸੇਵਾ ਹੁਣ ਜ਼ਿਆਦਾ ਹੋਣ ਲਗ ਗੲੀ ਹੈ, ਹੋ ਸਕਦਾ ਹੈ ਕਿ ਆਪਣੇ ਪਿਤਾ ਤੋਂ ਬਾਅਦ ਗੁਰਗੱਦੀ ਦਾ ਮਾਲਿਕ ਮੈਂ ਬਣਾਂ।
ਉਸ ਸਮੇਂ ਔਰਗਜ਼ੇਬ ਨੇ ਮੌਕ਼ਾ ਤਾਣਦਿਆਂ ਹੋਇਆਂ ਭਰੀ ਸਭਾ ਵਿੱਚ ਰਾਮਰਾਇ ਜੀ ਤੋਂ ਇੱਕ ਸਵਾਲ ਕੀਤਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਗੱਲ ਕਹੀ ਹੈ-
” ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿ੍ਆਰ”
ਇਸਦਾ ਅਰਥ ਕੀ ਹੈ? ਰਾਮਰਾਇ ਜੀ ਨੇ ਸੋਚਿਆ ਕਿ ਜੇ ਮੈਂ ਅੱਜ ਸੱਚ ਬੋਲਿਆ ਤਾਂ ਕਿਤੇ ਔਰੰਗਜ਼ੇਬ, ਜੋ ਅੱਜ ਤਾਂ ਮੇਰੇ ਤੋਂ ਬਹੁਤ ਖੁਸ਼ ਹੈ, ਕਿਤੇ ਇਹ ਮੇਰੇ ਨਾਲ ਨਰਾਜ਼ ਨਾ ਹੋ ਜਾਵੇ। ਰਾਮਰਾਇ ਜੀ ਨੇ ਉਸ ਸਮੇਂ ਗੁਰਬਾਣੀ ਦੀ ਤੁਕ ਹੀ ਬਦਲ ਕੇ ਰੱਖ ਦਿੱਤੀ ਅਤੇ ਕਿਹਾ ਕਿ ਔਰੰਗਜ਼ੇਬ ਤੈਨੂੰ ਭੁਲੇਖਾ ਲੱਗਿਆ ਹੈ। ਗੁਰੂ ਸਾਹਿਬ ਨੇ “ਮਿਟੀ ਬੇਈਮਾਨ ਕੀ” ਲਿਖਿਆ ਸੀ ਪਰ ਲਿਖਾਰੀ ਦੀ ਭੁੱਲ ਨਾਲ ” ਮਿਟੀ ਮੁਸਲਮਾਨ ਕੀ” ਲਿਖਿਆ ਗਿਆ ਹੈ। ਹੁਣ ਜਿਹੜੇ ਭਰੋਸੇ ਵਾਲੇ ਸਿੱਖ ਰਾਮਰਾਇ ਜੀ ਨਾਲ ਗੲੇ ਸਨ, ਉਹਨਾਂ ਸਿੱਖਾਂ ਨੇ ਤੁਰੰਤ ਦਿੱਲੀ ਤੋਂ ਚੱਲ ਕੇ ਗੁਰੂ ਹਰਿਰਾਇ ਜੀ ਨੂੰ ਇਹ ਗੱਲ ਦੱਸੀ ਕਿ ਤੁਹਾਡੇ ਪੁੱਤਰ ਨੇ ਸਾਰਾ ਕੁਝ ਗੁਰਮਤਿ ਦੇ ਦਾਅਰੇ ਵਿੱਚ ਕੀਤਾ। ਕਰਾਮਾਤਾਂ ਦਿਖਾਉਣ ਦੀ ਗੱਲ ਵੱਖ ਸੀ ਪਰ ਉਹਨਾਂ ਨੇ ਗੁਰਬਾਣੀ ਦੀ ਤੁਕ ਹੀ ਬਦਲ ਕੇ ਰੱਖ ਦਿੱਤੀ।
ਉਸ ਸਮੇਂ ਗੁਰੂ ਹਰਿਰਾਇ ਜੀ ਨੇ ਬਚਨ ਕੀਤੇ ਕਿ ਉਹ ਹੁਣ ਇਸ ਲਾਇਕ ਨਹੀਂ ਰਿਹਾ ਕਿ ਗੁਰੂ ਨਾਨਕ ਸਾਹਿਬ ਦੇ ਅਸੂਲਾਂ ਦੀ ਰਾਖੀ ਕਰ ਸਕੇ। ਉਸਨੂੰ ਕਹਿ ਦਵੋ ਕਿ ਅੱਜ ਤੋਂ ਬਾਅਦ ਮੇਰੇ ਮੱਥੇ ਨਾ ਲੱਗੇ। ਜਿੱਧਰ ਉਹ ਜਾਣਾ ਚਾਹੁੰਦਾ ਹੈ , ਚਲਾ ਜਾਵੇ। ਇਹ ਗੱਲ ਸਿੱਖਾਂ ਨੇ ਜਾ ਕੇ ਰਾਮਰਾਇ ਜੀ ਨੂੰ ਕਹੀ ਪਰ ਹੰਕਾਰ ਦੇ ਨਸ਼ੇ ਵਿੱਚ ਰਾਮਰਾਇ ਜੀ ਨੇ ਕਿਹਾ ,” ਕੋਈ ਗੱਲ ਨਹੀਂ, ਮੇਰੇ ਵੱਲ ਅੱਜ ਹਿੰਦੁਸਤਾਨ ਦਾ ਬਾਦਸ਼ਾਹ ਹੈ ਅਤੇ ਮੇਰੀ ਔਰੰਗਜ਼ੇਬ ਨਾਲ ਬਣਦੀ ਹੈ। “
ਇਹ ਸ਼ਾਤਿਰ ਔਰੰਗਜ਼ੇਬ ਕਿਤੇ ਨਾ ਕਿਤੇ ਕਾਮਯਾਬ ਹੋ ਚੁੱਕਿਆ ਸੀ। ਉਸਨੇ ਰਾਮਰਾਇ ਜੀ ਨੂੰ ਤਾਂ ਵੱਖ ਕਰ ਦਿੱਤਾ ਪਰ ਸਿੱਖੀ ਵਿੱਚ 2 ਧੜੇ ਨਾ ਬਣਾ ਸਕਿਆ। ਇਸ ਦਿਨ ਤੋਂ ਬਾਅਦ ਰਾਮਰਾਇ ਜੀ ਗੁਰੂ ਜੀ ਦੇ ਕਦੇ ਮੱਥੇ ਨਹੀਂ ਲਗਿਆ। ਔਰੰਗਜ਼ੇਬ ਨੇ ਇਸਨੂੰ ਦੇਹਰਾਦੂਨ ਵਿੱਚ ਜਗੀਰ ਦੇ ਦਿੱਤੀ। ਅੱਜ ਇਸੇ ਦੇਹਰਾਦੂਨ ਵਿੱਚ ਰਾਮਰਾਇ ਜੀ ਦਾ ਦੇਹੁਰਾ ਬਣਿਆ ਹੋਇਆ ਹੈ।
ਇੱਧਰ ਗੁਰੂ ਹਰਿਰਾਇ ਜੀ ਨੇ ਆਪਣਾ ਅੰਤਿਮ ਸਮਾਂ ਨੇੜੇ ਜਾਣ ਕੇ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੂੰ ਆਪਣੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਜੀ ਨੂੰ ਦੇਣ ਦਾ ਐਲਾਨ ਕਰ ਦਿੱਤਾ।
ਸੋ, ਅਗਲੀ ਲੜੀ ਵਿੱਚ ਅਸੀਂ ਗੁਰੂ ਹਰਿਰਾਇ ਜੀ ਦੇ ਜੋਤੀ ਜੋਤਿ ਸਮਾਉਣ ਬਾਰੇ ਅਤੇ ਗੁਰੂ ਹਰਕ੍ਰਿਸ਼ਨ ਜੀ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਗੁਰਗੱਦੀ ਮਿਲੀ, ਇਸ ਬਾਰੇ ਇਤਿਹਾਸ ਸ੍ਰਵਨ ਕਰਾਂਗੇ।