ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 13 ਵਿੱਚ ਪਾਠਕਾਂ ਨੂੰ ਗੁਰੂ ਤੇਗ ਬਹਾਦਰ ਜੀ ਦੇ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚਣ ਅਤੇ ਉੱਥੇ ਨਿਵਾਸ ਕਰਨ ਬਾਰੇ ਜਾਣੂ ਕਰਵਾਇਆ ਗਿਆ ਸੀ
ਇਸ ਲੜੀ ਨੰ 14 ਵਿੱਚ ਅਸੀਂ ਗੁਰੂ ਜੀ ਦੇ ਬਾਬਾ ਬਕਾਲਾ ਵਿਖੇ ਰਹਿੰਦਿਆਂ ਹੋਇਆਂ ੳੁਹਨਾਂ ਦੇ ਨਿੱਤਨੇਮ ਅਤੇ ਕਾਰਜ ਸ਼ੈਲੀ ਬਾਰੇ ਇਤਿਹਾਸ ਸ੍ਰਵਨ ਕਰਾਂਗੇ
ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰੀ ਜੀ ਅਤੇ ਮਾਤਾ ਨਾਨਕੀ ਜੀ ਨੇ ਬਕਾਲੇ ਵਿਖੇ ਭਾਈ ਮਿਹਰਾ ਜੀ ਦੇ ਘਰ ਨਿਵਾਸ ਰਖਿੱਆ ਹੋਇਆ ਸੀ, ਜੋ ਕਿ ਬਹੁਤ ਦੇਰ ਤੋਂ ਉਡੀਕ ਕਰ ਰਿਹਾ ਸੀ ਕਿ ਗੁਰੂ ਜੀ ਦੇ ਕੀਤੇ ਬਚਨ ਕਦੋਂ ਪੂਰੇ ਹੋਣਗੇ। ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਲਈ ਇੱਕ ਇਕਾਂਤ ਸਥਾਨ ਬਣਾਇਆ ਸੀ, ਜੋ ਕਿ ਜ਼ਮੀਨ ਦੇ ਨੀਚੇ ਸੀ, ਜਿਸਨੂੰ ਅੱਜ ਕੱਲ ਅਸੀਂ ਬੇਸਮੈਂਟ ਵੀ ਕਹਿ ਦਿੰਦੇ ਹਾਂ। ਇਸ ਜਗ੍ਹਾ ਦੀ ਖਾਸੀਅਤ ਇਹ ਸੀ ਕਿ ਗਰਮੀਆਂ ਵਿੱਚ ਇਹ ਜਗ੍ਹਾ ਅੰਦਰੋਂ ਠੰਡੀ ਰਹਿੰਦੀ ਸੀ ਅਤੇ ਸਰਦੀਆਂ ਵਿੱਚ ਇਹ ਅੰਦਰੋਂ ਗਰਮ ਰਹਿੰਦੀ ਸੀ। ਇਸ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਇਕਾਂਤ ਵਿੱਚ ਬੰਦਗੀ ਕਰਦਿਆਂ ਕੋਈ ਵਿਘਨ ਨਹੀਂ ਸੀ ਪੈਂਦਾ।। ਇਸੇ ਸਥਾਨ ਤੇ ਗੁਰੂ ਤੇਗ ਬਹਾਦਰ ਜੀ, ਨਾਮ ਸਿਮਰਨ ਅਤੇ ਬੰਦਗੀ ਵਿੱਚ ਜੁੜੇ ਰਹਿੰਦੇ ਸਨ। ਇਸ ਅਸਥਾਨ ਨੂੰ ਅੱਜ ਗੁਰਦੁਆਰਾ ਭੋਰਾ ਸਾਹਿਬ ਕਿਹਾ ਜਾਂਦਾ ਹੈ।
ਇੱਥੇ ਰਹਿੰਦਿਆਂ ਹੋਇਆਂ ਗੁਰੂ ਜੀ ਦਾ ਨਿਤਨੇਮ ਇਹ ਸੀ ਕਿ ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਨਾਮ ਸਿਮਰਨ ਬੰਦਗੀ ਵਿੱਚ ਜੁੜ ਜਾਂਦੇ ਸਨ। ਰੋਜ਼ਾਨਾ ਕੀਰਤਨ ਵੀ ਕਰਦੇ ਸਨ ਕਿਉਂਕਿ ਗੁਰੂ ਜੀ ਨੇ ਭਾਈ ਬਾਬਕ ਜੀ ਤੋਂ ਬਹੁਤ ਵਧੀਆ ਤਰੀਕੇ ਨਾਲ 30 ਰਾਗਾਂ ਵਿੱਚ ਕੀਰਤਨ ਸਿੱਖਿਆ ਹੋਇਆ ਸੀ। ਗੁਰੂ ਜੀ ਰੋਜ਼ ਗੁਰਬਾਣੀ ਉੱਤੇ ਕੀਰਤਨ ਕਰਿਆ ਕਰਦੇ ਸਨ ਅਤੇ ਆਈਆਂ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜ ਕੇ ਰੱਖਦੇ ਸਨ। ਦਿਨ ਚੜ੍ਹਦੇ ਹੀ ਗੁਰੂ ਜੀ ਧਰਮ ਦੀ ਕਿਰਤ ਕਰਦੇ, ਜੋ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਸਿਧਾਂਤ ਹੈ-
” ਘਾਲ ਖਾਇ ਕਿਛੁ ਹਥਹੁ ਦੇਇ,
ਨਾਨਕ ਰਾਹੁ ਪਛਾਣਹਿ ਸੇਇ ।। “
ਜੇ ਸੰਗਤਾਂ ਵਿੱਚੋਂ ਕੋਈ ਗੁਰੂ ਸਾਹਿਬ ਨੂੰ ਗੁਰੂ ਪੁੱਤਰ ਜਾਣ ਕੇ ਦਸਵੰਧ ਦੀ ਮਾਇਆ ਦੇ ਜਾਂਦਾ ਸੀ ਤਾਂ ਗੁਰੂ ਜੀ ਉਸਨੂੰ ਲੰਗਰਾਂ ਵਿੱਚ ਜਾਂ ਲੋਕ ਭਲਾਈ ਦੇ ਕੰਮਾਂ ਵਿੱਚ ਲਾ ਦਿੰਦੇ ਸਨ। ਗੁਰੂ ਜੀ ਕਦੇ ਵੀ ਦਸਵੰਧ ਦੀ ਮਾਇਆ ਆਪਣੇ ਘਰ ਨਹੀਂ ਸੀ ਵਰਤਦੇ। ਮਹਿਮਾ ਪ੍ਰਕਾਸ਼ ਦੇ ਅਨੁਸਾਰ,- ਗੁਰੂ ਜੀ ਤੇਗ਼ ਦੇ ਧਨੀ ਸਨ, ਸ਼ਸ਼ਤਰ ਵਿੱਦਿਆ ਵਿੱਚ ਮਾਹਿਰ ਸਨ। ਗੁਰੂ ਸਾਹਿਬ ਨੇ ਇਸ ਅਭਿਆਸ ਨੂੰ ਜਾਰੀ ਰੱਖਿਆ। ਕਦੇ ਕਦੇ ਗੁਰੂ ਜੀ ਘੋੜੀ ਤੇ ਚੜ੍ਹ ਕੇ ਜੰਗਲ ਵਿੱਚ ਸ਼ਿਕਾਰ ਖੇਡਣ ਵੀ ਜਾਇਆ ਕਰਦੇ ਸਨ
ਮਹਿਮਾ ਪ੍ਰਕਾਸ਼ ਦੇ ਅਨੁਸਾਰ-
“ਜਬ ਕਬ ਕਦ ਚੜ ਸ਼ਿਕਾਰ ਪ੍ਭ ਜਾਵਹਿ।।
ਨਹੀ ਲਹੈ ਸਮਾਂ ਕੋਊ ਦਰਸਨ ਪਾਵੈ।। “
ਡਾ. ਫੌਜਾਂ ਸਿੰਘ ਅਨੁਸਾਰ ਤਾਂ ਇਹ ਵੀ ਲਿਖਿਆ ਮਿਲਦਾ ਹੈ ਕਿ ਗੁਰੂ ਜੀ ਦੇ ਸ਼ਸ਼ਤਰ ਅੱਜ ਵੀ ਪਟਿਆਲਾ ਦੇ ਤੋਸ਼ੇਖਾਨੇ ਵਿੱਚ ਮਿਲ਼ਦੇ ਹਨ। ਗੁਰੂ ਜੀ ਦਾ ਤੇਗਾ ਵੀ ਹੈ ਜਿਸ ਵਿੱਚ ਗੁਰੂ ਜੀ ਦਾ ਨਾਮ ਵੀ ਮਿਲਦਾ ਹੈ ਅਤੇ ਬੜੌਦਾ ਸ਼ਹਿਰ ਦੇ ਅਜਾਇਬ ਘਰ ਵਿੱਚ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਪੰਚ ਕਲਾ ਸ਼ਸ਼ਤਰ ਵੀ ਪਿਆ ਹੈ, ਉੱਥੇ ਗੁਰੂ ਤੇਗ ਬਹਾਦਰ ਜੀ ਦੇ ਸ਼ਸਤਰ ਵੀ ਮੌਜੂਦ ਹਨ ਕਿਉਂਕਿ ਗੁਰੂ ਜੀ ਸ਼ਸਤਰਧਾਰੀ ਸਨ। ਇਹਨਾਂ ਸ਼ਸਤਰਾਂ ਦਾ ਅਭਿਆਸ ਗੁਰੂ ਜੀ ਕਰਦੇ ਰਹਿੰਦੇ ਸਨ। ਗੁਰੂ ਜੀ ਬਕਾਲੇ ਵਿਚ ਰਹਿੰਦਿਆਂ ਕਿਸੇ ਨਾਲ ਵੀ ਜ਼ਿਆਦਾ ਮੇਲ-ਜੋਲ ਨਾ ਰੱਖਦੇ। ਬਹੁਤ ਘੱਟ ਬੋਲਦੇ। ਗੁਰਬਾਣੀ ਦਾ ਫੁਰਮਾਨ ਹੈ-
ਕਬੀਰ ਜੀ ਘਰ ੧
।।੧ਓ ਸਤਿਗੁਰ ਪ੍ਰਸਾਦਿ।।
“ਸੰਤੁ ਮਿਲੈ ਕਿਛੁ ਸੁਨੀਐ ਕਹੀਐ”
ਭਾਵ ਦੇ ਕੋਈ ਭਲਾ ਮਨੁੱਖ ਮਿਲ ਜਾਏ ਤਾਂ ਉਸਦੀ ਗੱਲ ਸੁਣ ਲੈਣੀ ਚਾਹੀਦੀ ਹੈ। ਜੀਵਨ ਦੇ ਰਾਹ ਜਾਂ ਜੀਵਨ ਦੀਆਂ ਕੁਝ ਗੱਲਾਂ ਪੁੱਛ ਲੈਣੀਆਂ ਚਾਹੀਦੀਆਂ ਹਨ।
“ਮਿਲੈ ਅਸੰਤੁ ਮਸਟਿ ਕਰ ਰਹੀਐ ।।੧।।”
ਭਾਵ ਜੇ ਕੋਈ ਭੈੜਾ ਬੰਦਾ ਮਿਲ ਜਾਏ ਤਾਂ ੳੁਥੇ ਚੁੱਪ ਰਹਿਣਾ ਹੀ ਠੀਕ ਹੈ।
“ਬਾਬਾ ਬੋਲਨਾ ਕਿਆ ਕਹੀਐ।।
ਜੈਸੇ ਰਾਮ ਨਾਮ ਰਵਿ ਰਹੀਐ।।੧।।ਰਹਾਉ।।
ਸੰਤਨ ਸਿਉ ਬੋਲੇ ਉਪਕਾਰੀ।।
ਮੂਰਖ ਸਿਉ ਬੋਲੇ ਝਖ ਮਾਰੀ।।੨।।
ਬੋਲਤ ਬੋਲਤ ਬਢਹਿ ਬਿਕਾਰਾ।।
ਬਿਨੁ ਬੋਲੇ ਕਿਆ ਕਰਹਿ ਬੀਚਾਰਾ।।੩।।
ਕਹੁ ਕਬੀਰ ਛੂਛਾ ਘਟੁ ਬੋਲੈ।।
ਭਰਿਆ ਹੋਇ ਸੁ ਕਬਹੁ ਨਾ ਡੋਲੈ।।੪।।੧।।”
ਇਸ ਕਰਕੇ ਗੁਰੂ ਜੀ ਬਹੁਤ ਘੱਟ ਬੋਲਦੇ ਅਤੇ ਬਹੁਤ ਘੱਟ ਮਿਲਵਰਤਨ ਰੱਖਦੇ ਸਨ। ਜ਼ਿਆਦਾ ਤੌਰ ਤੇ ਗੁਰੂ ਜੀ ਭਜਨ ਬੰਦਗੀ ਵਿੱਚ ਹੀ ਸਮਾਂ ਬਤੀਤ ਕਰਦੇ ਸਨ ਕਿਉਂਕਿ ਇਸੇ ਚੀਜ਼ ਦੀ ਲੋੜ ਸੀ ਭਾਵ ਗੁਰੂ ਤੇਗ ਬਹਾਦਰ ਜੀ ਨੇ ਉਹ ਕੰਮ ਕਰਨਾ ਸੀ ਜੋ ਅੱਜ ਤੱਕ ਕਿਸੇ ਹੋਰ ਨੇ ਨਹੀਂ ਸੀ ਕੀਤਾ।
“ਧਰਮ ਹੇਤਿ ਸਾਕਾ ਜਿਨਿ ਕੀਆ।।
ਸੀਸੁ ਦੀਆ ਪਰ ਸਿਰਰੁ ਨਾ ਦੀਆ।।”
ਇਸ ਲੲੀ ਭਜਨ ਬੰਦਗੀ ਤੋਂ ਸ਼ਹੀਦੀ ਤੱਕ ਪਹੁੰਚਣ ਦਾ ਸਫ਼ਰ ਬਹੁਤ ਉੱਚਾ ਤੇ ਸੁੱਚਾ ਮਾਰਗ ਸੀ, ਜਿਸਦੀ ਤਿਆਰੀ ਬਹੁਤ ਜ਼ਰੂਰੀ ਸੀ।
ਸੋ, ਇਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਬਾਬਾ ਬਕਾਲਾ ਵਿਖੇ ਰਹਿੰਦਿਆਂ ਹੋਇਆਂ ਆਪਣਾ ਜੀਵਨ ਗੁਜ਼ਾਰ ਰਹੇ ਸਨ। ਦੂਜੇ ਪਾਸੇ ਸੱਤਵੇਂ ਅਤੇ ਅੱਠਵੇਂ ਗੁਰੂ ਜੀ ਦੇ ਸਮੇਂ ਕਿਸ ਤਰ੍ਹਾਂ ਦੇ ਹਲਾਤ ਚਲ ਰਹੇ ਸਨ,। ਉਹ ਅਸੀਂ ਅੱਗੇ ਲੜੀ ਨੰ 15 ਵਿੱਚ ਸ੍ਰਵਨ ਕਰਾਂਗੇ। ਸੋ ਦੇਖਣਾ ਨਾ ਭੁੱਲਣਾ ਜੀ।