ਪ੍ਰਸੰਗ ਨੰਬਰ 10: ਦੋ ਸ਼ਰਧਾਲੂ ਸਿੱਖਾਂ ਦੇ ਨਾਮ ‘ਤੇ ਇਕੋ ਹੀ ਨਗਰ / ਪਿੰਡ — ਦੋਵੇਂ ਹੀ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਮੁਰੀਦ
(ਸਫ਼ਰ-ਏ-ਪਾਤਸ਼ਾਹੀ ਨੌਵੀਂ — ਸ਼ਹੀਦੀ ਮਾਰਗ ਯਾਤਰਾ)
ਬੈਕਗ੍ਰਾਊੱਡ ਮਿਊਜ਼ਿਕ: ਗੁਰੂ ਚਰਿੱਤਰ ਦੀ ਗਰਿਮਾ ਨੂੰ ਰੇਖਾਂਕਿਤ ਕਰਦੀ ਗੰਭੀਰ, ਆਧਿਆਤਮਿਕ ਧੁਨ ਪ੍ਰਵਾਹਿਤ ਹੈ।
ਸੰਗਤ ਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!
ਅੱਜ ਫਿਰ ਇਕ ਭਾਗਾਂ ਭਰਿਆ ਦਿਨ ਆਯਾ ਹੈ। ਅਸੀਂ ਉਸ ਭੂ-ਭਾਗ ‘ਤੇ ਖੜੇ ਹਾਂ ਜਿੱਥੇ ਪੰਜਾਬ ਦੀਆਂ ਸਥਾਨਕ ਬੋਲੀਆਂ ਆਪਣੇ ਵਿਸ਼ੇਸ਼ ਸੁਰਾਂ ਨਾਲ ਜੀਉਂਦੇ ਇਤਿਹਾਸ ਦਾ ਰੂਪ ਧਾਰਨ ਕਰਦੀਆਂ ਹਨ। ਇਹ ਸਥਾਨ ਹੈ- ਹਸਨਪੁਰ–ਕਬੂਲਪੁਰ, ਜੋ ਪੂਆਧਕੇ ਇਲਾਕੇ ਦੇ ਅੰਦਰ ਆਉਂਦਾ ਹੈ। ਪੂਆਧੀ ਬੋਲੀ ਦੀ ਖਾਸੀਅਤ ਇਹ ਹੈ ਕਿ ਇੱਥੇ ‘ਦਾ’ ਦੀ ਥਾਂ ‘ਕਾ’ ਸ਼ਬਦ ਦਾ ਉਚਾਰਣ ਪ੍ਰਚਲਿਤ ਹੈ। ਗੁਰੂ ਪਰੰਪਰਾ ਦੇ ਵਚਨਾਂ ਵਿੱਚ ‘ਆਨੰਦਪੁਰ ਮ੍ਹਾਰਾ ਗਾਂਵ’ ਦੀ ਗੂੰਜ ਅੱਜ ਵੀ ਇਸੇ ਲੋਕ-ਬੋਲੀ ਵਿੱਚ ਪ੍ਰਤਿਧਵਨਿਤ ਹੋਈ ਮਹਿਸੂਸ ਹੁੰਦੀ ਹੈ। ਚੱਕ ਨਾਨਕੀ ਨੂੰ ਸ੍ਰੀ ਆਨੰਦਪੁਰ ਦੇ ਨਾਮ ਨਾਲ ਪ੍ਰਤਿਸ਼ਠਿਤ ਕੀਤੇ ਜਾਣ ਤੋਂ ਬਾਅਦ ਇਹ ਅਨੁਭੂਤੀ ਹੋਰ ਵੀ ਗਹਿਰੀ ਹੋ ਜਾਂਦੀ ਹੈ। ਸੰਸਾਰ ਦਾ ਹਰ ਇਕ ਸਿੱਖ ਸ੍ਰੀ ਆਨੰਦਪੁਰ ਸਾਹਿਬ ਦਾ ਵਾਸੀ ਹੈ। ਇਸੇ ਪੂਆਧਕੀ ਬੋਲੀ ਵਿੱਚ, ਇਸੇ ਆਤਮਿਕ ਸਨੇਹ ਨਾਲ, ਇਕ ਸਿੱਖ ਦੂਜੇ ਸਿੱਖ ਨੂੰ ਮਿਲ ਕੇ ਕਹਿੰਦਾ ਹੈ- ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ!
ਅੱਜ ਟੀਮ ਖੋਜ–ਵਿਚਾਰ ਹਸਨਪੁਰ–ਕਬੂਲਪੁਰ ਦੇ ਖੇਤਾਂ ਦੇ ਵਿਚਕਾਰ ਖੜੀ ਹੈ। ਪੰਜਾਬ ਦੀ ਇਹੀ ਵਿਸ਼ੇਸ਼ਤਾ ਹੈ ਕਿ ਕੁਝ ਕੋਸਾਂ ਦੀ ਦੂਰੀ ‘ਤੇ ਬੋਲੀ ਅਤੇ ਭਾਸ਼ਾ ਬਦਲ ਜਾਂਦੀ ਹੈ ਅਤੇ ਹਰ ਇਕ ਬੋਲੀ ਆਪਣੇ ਨਾਲ ਸਭਿਆਚਾਰ, ਯਾਦਾਂ ਅਤੇ ਇਤਿਹਾਸ ਦਾ ਇਕ ਅਲੱਗ ਸੰਸਾਰ ਲੈ ਕੇ ਚੱਲਦੀ ਹੈ। ਅਸੀਂ ਜਿਸ ਖੇਤਰ ਵਿੱਚ ਮੌਜੂਦ ਹਾਂ, ਉਹ ਪੂਆਧਕੀ ਇਲਾਕਾ ਹੈ। ਸਾਡੇ ਨਾਲ ਇਸ ਪਿੰਡ ਦੇ ਫੌਜੀ ਸਾਹਿਬ ਅਤੇ ਸਰਦਾਰ ਭਾਗ ਸਿੰਘ ਜੀ ਖੜੇ ਹਨ। ਸਾਡੇ ਪਿੱਛੇ ਸਕਰੀਨ ‘ਤੇ ਘਾਹ ਨਾਲ ਬਣੇ ਦੋ ਬੁਰਜ ਦਿੱਖ ਰਹੇ ਹਨ, ਜਿਨ੍ਹਾਂ ਨੂੰ ਬੱਚੇ ਟਾਵਰ ਕਹਿ ਸਕਦੇ ਹਨ, ਪਰ ਪੰਜਾਬੀ ਵਿੱਚ ਇਨ੍ਹਾਂ ਨੂੰ ‘ਕੂਪ’ ਕਿਹਾ ਜਾਂਦਾ ਹੈ। ਇਨ੍ਹਾਂ ਕੂਪਾਂ ਵਿੱਚ ਅਨਾਜ ਨੂੰ ਸੁਰੱਖਿਅਤ ਰੱਖਿਆ ਜਾਂਦਾ ਹੈ। ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਮਾਰਗ ‘ਤੇ ਇਹ ਸਫ਼ਰ ਲਗਾਤਾਰ ਅੱਗੇ ਵਧ ਰਿਹਾ ਹੈ; ਹੁਣ ਅਸੀਂ ਸਥਾਨਕ ਨਿਵਾਸੀਆਂ ਨਾਲ ਰੂਬਰੂ ਹੋਵਾਂਗੇ ਅਤੇ ਉਨ੍ਹਾਂ ਦੀ ਯਾਦਾਂ ਵਿੱਚ ਸੰਭਾਲਿਆ ਇਤਿਹਾਸ ਸੁਣਾਂਗੇ।
ਇਤਿਹਾਸਕ ਸੰਵਾਦ ਦੀ ਇਸ ਲੜੀ ਵਿੱਚ ਇਹ ਜਾਣਨ ਦੀ ਜਿਗਿਆਸਾ ਸਹਜ ਹੈ ਕਿ ਅੱਜ, ਸਨ 2025 ਵਿੱਚ, ਇਸ ਸਥਾਨ ‘ਤੇ ਸਿੱਖੀ ਦਾ ਪ੍ਰਚਾਰ–ਪ੍ਰਸਾਰ ਕਿਸ ਹੱਦ ਤੱਕ ਹੈ? ਅਤੇ ਕਿੰਨੇ ਬੱਚੇ ਸਿੱਖੀ ਨਾਲ ਜੁੜੇ ਹੋਏ ਹਨ? ਇਸੀ ਉਦੇਸ਼ ਨਾਲ ਪੂਆਧਕੀ ਬੋਲੀ ਵਿੱਚ ਪਿੰਡ ਦੇ ਫੌਜੀ ਸਾਹਿਬ ਨਾਲ ਸੰਵਾਦ ਹੁੰਦਾ ਹੈ। ਉਹ ਦੱਸਦੇ ਹਨ ਕਿ ਇਹ ਪੂਆਧਕੀ ਇਲਾਕਾ ਹੈ ਅਤੇ ਇਸ ਦੇ ਅੰਦਰ ਹਸਨਪੁਰ–ਕਬੂਲਪੁਰ, ਸਨਾਹਰਸੀ, ਬਰਤਾਪੁਰ, ਸਿੰਬੂ, ਹਲਾਣਾ, ਛੋਟੀ ਕਾਮੀ, ਵੱਡੀ ਕਾਮੀ, ਚਮਾਰੂ, ਝੰਡਮਗੋਲੀ, ਉੰਡਸਰ ਅਤੇ ਲੋਹ–ਸਿਮਲੀ ਵਰਗੇ ਪਿੰਡ ਆਉਂਦੇ ਹਨ। ਉਨ੍ਹਾਂ ਦੇ ਅਨੁਸਾਰ, ਇਸੇ ਖੇਤਰ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਰਾਤ ਦਾ ਵਿਸ਼ਰਾਮ ਕੀਤਾ ਸੀ ਅਤੇ ਅੱਜ ਵੀ ਇੱਥੇ ਸਿੱਖੀ ਦਾ ਵਿਸਤ੍ਰਿਤ ਪ੍ਰਚਾਰ ਹੈ; ਅੰਮ੍ਰਿਤ ਸੰਚਾਰ ਲਗਾਤਾਰ ਹੁੰਦਾ ਰਹਿੰਦਾ ਹੈ। ਸਰਦਾਰ ਭਾਗ ਸਿੰਘ ਜੀ ਵੀ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਹਸਨਪੁਰ–ਕਬੂਲਪੁਰ ਦਾ ਪੂਆਧਕੀ ਇਲਾਕਾ ਹੈ ਅਤੇ ਗੁਰੂ ਮਹਾਰਾਜ ਨੇ ਰਾਤ ਦੇ ਸਮੇਂ ਇਸ ਧਰਤੀ ਨੂੰ ਆਪਣੇ ਚਰਨਾਂ ਨਾਲ ਪਾਵਨ ਕੀਤਾ ਸੀ।
ਹੁਣ ਅਸੀਂ ਇਸ ਨਗਰ–ਪਿੰਡ ਵਿੱਚ ਦਾਖਲ ਹੁੰਦੇ ਹਾਂ ਅਤੇ ਇਸ ਦੇ ਇਤਿਹਾਸ ਨੂੰ ਸਥਾਨਕ ਨਿਵਾਸੀਆਂ ਦੀ ਬਾਣੀ ਵਿੱਚ ਸੁਣਨ ਦਾ ਸੰਕਲਪ ਕਰਦੇ ਹਾਂ। ਇਸ ਪਿੰਡ ਦੀ ਉਹ ਕਿਹੜੀ ਮਨੋਤ ਹੈ ਜੋ ਇਸ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨਾਲ ਜੋੜਦੀ ਹੈ? ਕੀ ਇਸ ਇਤਿਹਾਸ ਤੋਂ ਇਲਾਵਾ ਵੀ ਕੁਝ ਅਜਿਹੀਆਂ ਘਟਨਾਵਾਂ ਹਨ ਜੋ ਗੁਰੂ-ਇਤਿਹਾਸ ਦੀ ਲਗਾਤਾਰਤਾ ਵਿੱਚ ਇੱਥੇ ਵਾਪਰੀਆਂ? ਇਨ੍ਹਾਂ ਹੀ ਪ੍ਰਸ਼ਨਾਂ ਨਾਲ ਇਹ ਯਾਤਰਾ ਅੱਗੇ ਵਧਦੀ ਹੈ, ਉਸ ਸ਼ਹੀਦੀ ਮਾਰਗ ‘ਤੇ, ਉਹਨਾਂ ਰਾਹਾਂ ‘ਤੇ, ਜਿਨ੍ਹਾਂ ‘ਤੇ ਚੱਲ ਕੇ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦਿੱਲੀ ਸ਼ਹਾਦਤ ਦੇਣ ਲਈ ਗਏ ਸਨ। ਹਰ ਇਕ ਨਗਰ, ਹਰ ਇਕ ਰਾਹ, ਇਸ ਯਾਤਰਾ ਦੀ ਗਵਾਹ ਬਣੇਗੀ।
ਇਤਿਹਾਸਕ ਦ੍ਰਿਸ਼ਟੀ ਨਾਲ ਜਦੋਂ ਅਸੀਂ ਗੁਰਦੁਆਰਾ ਸਾਹਿਬ ਵੱਲ ਨਜ਼ਰ ਮਾਰਦੇ ਹਾਂ, ਤਾਂ ਉਸ ਦੀ ਦੀਵਾਰ ‘ਤੇ ਪ੍ਰਮੁੱਖਤਾ ਨਾਲ ਲੱਗੀ ਤਖਤੀ/ਬੋਰਡ ਧਿਆਨ ਖਿੱਚਦਾ ਹੈ। ਬਾਹਰ ਵੱਲ ਇਕ ਜੋਤ ਨਿਰੰਤਰ ਪ੍ਰਜਵਲਿਤ ਹੈ ਅਤੇ ਅੰਦਰ ਗੁਰਦੁਆਰਾ ਸਾਹਿਬ ਦਾ ਸ਼ਾਂਤ, ਪਵਿੱਤਰ ਮਾਹੌਲ ਵਿਹਲਦਾ ਹੈ। ਇਸ ਦੀ ਇਮਾਰਤ ਅੱਜ ਵੀ ਪੁਰਾਤਨ ਸਰੂਪ ਨੂੰ ਸੰਭਾਲ ਕੇ ਬੈਠੀ ਹੈ। ਇਸ ਸਮੇਂ ਪਿੰਡ ਦੀਆਂ ਮਾਵਾਂ ਅਤੇ ਭੈਣਾਂ ਸੁਖਮਨੀ ਸਾਹਿਬ ਦਾ ਪਾਠ ਕਰ ਰਹੀਆਂ ਹਨ। ਪਰਿਕਰਮਾ ਤੋਂ ਬਾਅਦ ਜਦੋਂ ਪੁਰਾਤਨ ਮੰਜੀ ਸਾਹਿਬ ਦੇ ਦਰਸ਼ਨ ਹੁੰਦੇ ਹਨ, ਤਾਂ ਕਾਂਚ ਦੀ ਫਰੇਮ ਵਿੱਚ ਸੁਸ਼ੋਭਿਤ ਹੁਕਮਨਾਮੇ ਅਤੇ ਕੁਝ ਤਾਮ੍ਰਪਟ ਦਿੱਖ ਪੈਂਦੇ ਹਨ। ਇਹ ਤਾਮ੍ਰਪਟ ਸਥਾਨਕ ਸੁਨਾਰ ਕੋਲੋਂ ਸਿੱਖਾਂ ਦੁਆਰਾ ਪ੍ਰਾਪਤ ਕੀਤੇ ਗਏ ਸਨ। ਇਸ ਇਤਿਹਾਸ ਨੂੰ ਅੱਗੇ ਹੋਰ ਵਿਸਥਾਰ ਨਾਲ ਜਾਣਿਆ ਜਾਵੇਗਾ।
ਇਸ ਸਥਾਨ ਦੀ ਇਕ ਅਦਭੁਤ ਵਿਸ਼ੇਸ਼ਤਾ ਇਹ ਹੈ ਕਿ ਇੱਥੇ ਦੋ ਪਿੰਡ ਵਸੇ ਹੋਏ ਹਨ- ਇਕ ਪਾਸੇ ਹਸਨਪੁਰ ਅਤੇ ਦੂਜੇ ਪਾਸੇ, ਕੁਝ ਹੀ ਕਦਮਾਂ ਦੀ ਦੂਰੀ ‘ਤੇ, ਕਬੂਲਪੁਰ। ਆਮ ਤੌਰ ‘ਤੇ ਇਸ ਪਿੰਡ ਨੂੰ ਹਸਨਪੁਰ–ਕਬੂਲਪੁਰ ਕਹਿ ਕੇ ਹੀ ਸੰਬੋਧਿਤ ਕੀਤਾ ਜਾਂਦਾ ਹੈ, ਪਰ ਸਧਾਰਨ ਦ੍ਰਿਸ਼ਟੀ ਨਾਲ ਇਹ ਸਮਝਣਾ ਔਖਾ ਹੈ ਕਿ ਪਿੰਡ ਇਕ ਹੀ ਹੈ ਅਤੇ ਨਾਮ ਦੋ ਹਨ। ਇਸ ਤੋਂ ਵੀ ਵਧ ਕਰ ਰੋਚਕ ਤੱਥ ਇਹ ਹੈ ਕਿ ਦੋਹਾਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਅਲੱਗ – ਅਲੱਗ ਹਨ। ਗੁਰਦੁਆਰਾ ਸਾਹਿਬ ਵਿੱਚ ਦਾਖਲ ਹੋਣ ਸਮੇਂ ਇਕ ਪਾਸੇ ਹਸਨਪੁਰ ਅਤੇ ਦੂਜੇ ਪਾਸੇ ਕਬੂਲਪੁਰ ਲਿਖਿਆ ਹੋਇਆ ਦਿੱਖਦਾ ਹੈ. ਜਿਵੇਂ ਸਰੀਰ ਦੋ ਹੋਣ ਅਤੇ ਪ੍ਰਾਣ ਇਕ। ਠੀਕ ਉਸੇ ਤਰ੍ਹਾਂ ਇਹ ਪਿੰਡ ਇਕ ਹੈ, ਪਰ ਨਾਮ ਦੋ ਹਨ।
ਕਿਹਾ ਜਾਂਦਾ ਹੈ ਕਿ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਪ੍ਰੇਮ ਅਤੇ ਏਕਤਾ ਦਾ ਸੰਦੇਸ਼ ਦਿੰਦਿਆਂ ਦੋ ਭਰਾਵਾਂ ਦੇ ਨਾਮ ਇਕੱਠੇ ਜੋੜ ਕੇ ਇਸ ਪਿੰਡ ਦਾ ਨਾਮ ਰੱਖਿਆ। ਹੁਣ ਅਸੀਂ ਕਬੂਲਪੁਰ ਤੋਂ ਕੁਝ ਕਦਮ ਅੱਗੇ ਵਧ ਕੇ ਹਸਨਪੁਰ ਵੱਲ ਆ ਜਾਂਦੇ ਹਾਂ। ਸਾਹਮਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋ ਰਹੇ ਹਨ। ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕੀਤੇ ਜਾਂਦੇ ਹਨ।
ਬੈਕਗ੍ਰਾਊੱਡ ਮਿਊਜ਼ਿਕ: ਹੌਲੀ–ਹੌਲੀ ਤਾਨਾਂ ਵਿੱਚ ਤਪੱਸਿਆ ਅਤੇ ਯਾਤਰਾ ਦਾ ਨਿਚੋੜ ਲੁਕਿਆ ਹੋਇਆ ਹੈ- ਸੁਰ ਅੱਗੇ ਵਧਦੇ ਕਦਮਾਂ ਵਾਂਗ।
ਡਾਕਟਰ ਖੋਜੀ– ਇੱਕ ਹੋਰ ਅਤਿ ਵਿਲੱਖਣ ਅਤੇ ਹਿਰਦੇ ਨੂੰ ਛੂਹ ਲੈਣ ਵਾਲੀ ਗੱਲ ਇਹ ਹੈ ਕਿ ਗੁਰਦੁਆਰਾ ਸਾਹਿਬ ਹਸਨਪੁਰ ਵਿੱਚ ਸਥਿਤ ਹੈ, ਜਦਕਿ ਲੰਗਰ-ਘਰ ਕਬੂਲਪੁਰ ਵਿੱਚ ਹੈ। ਅਰਥਾਤ ਗੁਰਦੁਆਰਾ ਸਾਹਿਬ ਜੀ ਤੋਂ ਲੰਗਰ ਛਕਣ ਲਈ ਸੰਗਤ ਕਬੂਲਪੁਰ ਵੱਲ ਜਾਂਦੀ ਹੈ। ਪਰ ਇਹ ਕਬੂਲਪੁਰ ਕੋਈ ਦੂਰਲਾ ਸਥਾਨ ਨਹੀਂ, ਸਗੋਂ ਗੁਰਦੁਆਰਾ ਪਰਿਸਰ ਦਾ ਹੀ ਅਟੂਟ ਅੰਗ ਹੈ। ਹਸਨਾ ਅਤੇ ਕਬੂਲਾ- ਇਨ੍ਹਾਂ ਦੋ ਸਗੇ ਭਰਾਵਾਂ ਦੇ ਪ੍ਰੇਮ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਇਸ ਤਰ੍ਹਾਂ ਇਕ ਹੀ ਡੋਰ ਵਿੱਚ ਪਰੋਇਆ ਕਿ ਅੱਜ ਵੀ ਸ਼ਰਧਾਲੂ ਸਿੱਖ ਗੁਰਦੁਆਰਾ ਹਸਨਪੁਰ ਤੋਂ ਚਲ ਕੇ ਲੰਗਰ ਛਕਣ ਲਈ ਕਬੂਲਪੁਰ ਜਾਂਦੇ ਹਨ ਅਤੇ ਰਾਹ ਵਿੱਚ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਸਿਮਰਦੇ ਹਨ।
ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਜਦੋਂ ਮਾਲਵਾ ਦੇ ਪ੍ਰਚਾਰ-ਦੌਰੇ ‘ਤੇ ਸਨ, ਤਦ ਉਹ ਬਹਾਦੁਰਗੜ੍ਹ ਆ ਕੇ ਠਹਿਰੇ ਸਨ। ਇਸੇ ਇਲਾਕੇ ਵਿੱਚ, ਮਾਲਵਾ ਦਾ ਰਟਨ ਕਰਦੇ ਹੋਏ, ਪਾਤਸ਼ਾਹ ਜੀ ਇਸ ਨਗਰ ਵਿੱਚ ਵੀ ਵਿਰਾਜਮਾਨ ਹੋਏ ਸਨ। ਉਸ ਸਮੇਂ ਇਸ ਨਗਰ ਵਿੱਚ ਦੋ ਮੁਸਲਿਮ ਭਰਾ- ਹਸਨਾ ਅਤੇ ਕਬੂਲਾ, ਵਸਦੇ ਸਨ। ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਆਪਣੇ ਇਨ੍ਹਾਂ ਦੋ ਸ਼ਰਧਾਲੂਆਂ ਨੂੰ ਮਿਲਣ ਆਪ ਹੀ ਆਏ ਸਨ। ਇਨ੍ਹਾਂ ਦੋਹਾਂ ਭਰਾਵਾਂ ਦੇ ਨੇੜੇ ਹੀ ਇਕ ਸਥਾਨ ਬਣਿਆ ਹੋਇਆ ਹੈ; ਆਓ, ਅਸੀਂ ਉਸ ਪਾਵਨ ਥਾਂ ਵੱਲ ਚੱਲੀਏ।
ਬੈਕਗ੍ਰਾਊੱਡ ਮਿਊਜ਼ਿਕ: ਸ਼ਹੀਦੀ ਭਾਵ ਨੂੰ ਛੂਹਦਾ ਸੰਗੀਤ ਕਥਾ ਦੇ ਪ੍ਰਭਾਵ ਨੂੰ ਹੋਰ ਵੀ ਗਹਿਰਾ ਕਰ ਰਿਹਾ ਹੈ।
ਡਾਕਟਰ ਖੋਜੀ– ਹੁਣ ਅਸੀਂ ਇਸ ਪਿੰਡ ਦੇ ਇਕ ਕੋਨੇ ‘ਤੇ ਪਹੁੰਚ ਗਏ ਹਾਂ। ਨੇੜੇ ਹੀ ਪਿੰਡ ਦੀ ਇਕ ਮਾੜੀ ਸਥਿਤ ਹੈ (ਪੀਰਾਂ, ਫਕੀਰਾਂ ਦਾ ਰੂਹਾਨੀ ਸਥਾਨ)। ਜਦੋਂ ਅਸੀਂ ਇਸ ਸਥਾਨ ‘ਤੇ ਪਹੁੰਚ ਕੇ ਦਰਵਾਜ਼ਾ ਖੋਲ੍ਹਿਆ, ਤਾਂ ਇਕ ਵਿਸ਼ਾਲ ਹਾਲ-ਨੁਮਾ ਕਮਰੇ ਅੰਦਰ ਕਈ ਕਬਰਾਂ ਨਜ਼ਰ ਆਈਆਂ। ਕੁਝ ਵੱਡੀਆਂ ਕਬਰਾਂ ਉਹਨਾਂ ਬਜ਼ੁਰਗਾਂ ਦੀਆਂ ਹਨ, ਜਿਨ੍ਹਾਂ ਨੂੰ ਇੱਥੇ ਪੀਰ ਮੰਨਿਆ ਜਾਂਦਾ ਹੈ। ਇਨ੍ਹਾਂ ਕਬਰਾਂ ਦੇ ਨੇੜੇ ਹੀ, ਇਕ ਕੋਨੇ ਵਿੱਚ ਹਸਨਾ ਅਤੇ ਕਬੂਲਾ- ਇਨ੍ਹਾਂ ਦੋਹਾਂ ਭਰਾਵਾਂ ਦੀਆਂ ਕਬਰਾਂ ਵੀ ਬਣੀਆਂ ਹੋਈਆਂ ਹਨ। ਇਹ ਦੋਵੇਂ ਭਰਾ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਬਹੁਤ ਹੀ ਪਿਆਰੇ ਅਤੇ ਪ੍ਰੇਮੀ ਸਿੱਖ ਸਨ, ਜਿਨ੍ਹਾਂ ਨੂੰ ਆਪ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਿਲਣ ਆਏ ਸਨ।
ਉਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਜੋ ਵਚਨ ਉਚਾਰੇ, ਉਹ ਅੱਜ ਵੀ ਮਨੁੱਖਤਾ ਦੀ ਆਤਮਾ ਨੂੰ ਪ੍ਰਕਾਸ਼ਿਤ ਕਰਦੇ ਹਨ-
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥
(ਅੰਗ ਕ੍ਰਮਾਂਕ 1349)
ਬੈਕਗ੍ਰਾਊੱਡ ਮਿਊਜ਼ਿਕ: ਗੁਰਮਤਿ-ਭਾਵਨਾ ਨਾਲ ਭਰਪੂਰ ਇਕ ਪਾਵਨ ਸੰਗੀਤ, ਜੋ ਸਾਂਝੀਵਾਲਤਾ ਦੇ ਮਾਹੌਲ ਨੂੰ ਦਿਵਿਆਤਾ ਨਾਲ ਭਰ ਰਿਹਾ ਹੈ।
ਇਨ੍ਹਾਂ ਵਚਨਾਂ ਨਾਲ ਹਸਨਾ ਅਤੇ ਕਬੂਲਾ ਬਹੁਤ ਪ੍ਰਭਾਵਿਤ ਹੋਏ। ਨਮਾਜ਼ ਦੀ ਗੱਲ ਚਲੀ- ‘ਪੰਜੇ ਵਕਤ ਨਮਾਜ਼ ਅਦਾ ਕਰਨ’ ਦੀ ਚਰਚਾ ਆਈ। ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਉਨ੍ਹਾਂ ਨੂੰ ਸਮਝਾਇਆ ਕਿ ਅੰਤਰਕਰਨ ਦਾ ਜੀਵਨ ਕੀ ਹੁੰਦਾ ਹੈ? ਅੰਦਰੂਨੀ ਸ਼ੁੱਧਤਾ ਅਤੇ ਸੱਚੀ ਬੰਦਗੀ ਦਾ ਸਰੂਪ ਕੀ ਹੈ? ਇਹੀ ਉਪਦੇਸ਼ ਸੁਣ ਕੇ ਦੋਵੇਂ ਭਰਾ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਦੇ ਮੁਰੀਦ ਹੋ ਗਏ ਅਤੇ ਉਨ੍ਹਾਂ ਦੀ ਸੇਵਾ ਨਾਲ ਜੁੜ ਕੇ ਅੱਲਾਹ ਦੀ ਬੰਦਗੀ ਕਰਨ ਲੱਗ ਪਏ।
ਅੱਜ ਵੀ, ਲਗਭਗ ਸਾਢੇ ਤਿੰਨ ਸੌ ਸਾਲ ਪੁਰਾਣਾ ਇਹ ਇਤਿਹਾਸ ਗਵਾਹੀ ਦਿੰਦਾ ਹੈ ਕਿ ਜਿਨ੍ਹਾਂ ਆਤਮਾਵਾਂ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਰੱਬ ਦਾ ਰੂਹਾਨੀ ਸੰਦੇਸ਼ ਦਿੱਤਾ ਸੀ, ਉਹ ਸੰਦੇਸ਼ ਅੱਜ ਵੀ ਇਨ੍ਹਾਂ ਦੋਹਾਂ ਭਰਾਵਾਂ ਦੀਆਂ ਕਬਰਾਂ ਰਾਹੀਂ ਸਾਂਝੀਵਾਲਤਾ ਦਾ ਦਰਸ਼ਨ ਕਰਾਂਦਾ ਹੈ।
ਬੈਕਗ੍ਰਾਊੱਡ ਮਿਊਜ਼ਿਕ: ਮੁਸਲਿਮ ਔਰਤਾਂ ਤਾਲੀਆਂ ਵਜਾ ਕੇ ਰੂਹਾਨੀ ਅੰਦਾਜ਼ ਵਿੱਚ ਬੰਦਗੀ ਕਰ ਰਹੀਆਂ ਹਨ।
ਡਾਕਟਰ ਖੋਜੀ– ਨਿਸ਼ਚਿਤ ਹੀ ਇਨ੍ਹਾਂ ਦੋਹਾਂ ਭਰਾਵਾਂ ਦਾ ਗੁਰੂ ਸਾਹਿਬ ਪ੍ਰਤੀ ਬਹੁਤ ਡੂੰਘਾ ਪ੍ਰੇਮ ਸੀ, ਇਕ ਅਤੁੱਟ ਆਤਮਿਕ ਡੋਰ ਸੀ। ਜਦੋਂ ਬਾਲ ਗੋਵਿੰਦ ਰਾਇ ਜੀ ਆਪਣੇ ਨਾਨਕੇ ਲਖਨੌਰ ਤੋਂ ਇਸ ਸਥਾਨ ‘ਤੇ ਆਏ, ਤਦ ਉਨ੍ਹਾਂ ਨੂੰ ਵੀ ਇਸ ਥਾਂ ਨਾਲ ਖ਼ਾਸ ਲਗਾਵ ਮਹਿਸੂਸ ਹੋਇਆ। ਧੰਨ ਸ੍ਰੀ ਗੁਰੂ ਗੋਵਿੰਦ ਰਾਇ ਜੀ ਨੇ ਆਪਣੇ ਬਚਪਨ ਵਿੱਚ ਇੱਥੇ ਆ ਕੇ ਇਸ ਸਥਾਨ ਦੇ ਕਈ ਮੁਸਲਮਾਨਾਂ ਨਾਲ ਮੁਲਾਕਾਤ ਕੀਤੀ ਸੀ।
ਅਸੀਂ, ਟੀਮ ਖੋਜ–ਵਿਚਾਰ, ਇਸ ਮਾਰਗ ‘ਤੇ ਅੱਗੇ ਵਧਦਿਆਂ ਇਕ ਮਹੱਤਵਪੂਰਨ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਸੀਸ ਅਰਪਣ ਕਰਨ ਲਈ ਇਸ ਮਾਰਗ ਤੋਂ ਲੰਘ ਰਹੇ ਸਨ, ਤਾਂ ਸੰਭਵ ਹੈ ਕਿ ਕੁਝ ਮੁਸਲਮਾਨ ਉਨ੍ਹਾਂ ਦੇ ਵਿਰੋਧੀ ਵੀ ਰਹੇ ਹੋਣ ਕਾਰਣ ਗੁਰੂ ਸਾਹਿਬ ਹਿੰਦੂ ਧਰਮ ਦੀ ਰੱਖਿਆ ਲਈ ਦਿੱਲੀ ਜਾ ਰਹੇ ਸਨ। ਪਰ ਇਹ ਵੀ ਉਤਨਾ ਹੀ ਸੱਚ ਹੈ ਕਿ ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਇਸ ਮਾਰਗ ਤੋਂ ਲੰਘੇ, ਤਦ ਉਨ੍ਹਾਂ ਨੇ ਇਸ ਇਲਾਕੇ ਦੀ ਸੰਗਤ ਨਾਲ ਮਿਲਾਪ ਕੀਤਾ- ਹਸਨਾ ਅਤੇ ਕਬੂਲਾ ਨਾਲ ਮਿਲੇ, ਬਹਾਦੁਰਗੜ੍ਹ ਵਿੱਚ ਨਵਾਬ ਸੈਫੁੱਦੀਨ ਨੂੰ ਵੀ ਮਿਲੇ, ਅਤੇ ਗੜ੍ਹੀ ਨਜ਼ੀਰ ਦੇ ਮੁਸਲਿਮ ਰਾਜੇ ਕੋਲ ਵੀ ਨਿਵਾਸ ਕੀਤਾ। ਉਹ ਰਾਜਾ ਵੀ ਤਾਂ ਮੁਸਲਿਮ ਹੀ ਸੀ।
ਅਸਲ ਵਿੱਚ ਪ੍ਰਸ਼ਨ ਕਿਸੇ ਧਰਮ-ਵਿਰੋਧ ਦਾ ਨਹੀਂ ਹੈ। ਗੁਰੂ ਸਾਹਿਬ ਦਾ ਸੰਦੇਸ਼ ਉਸ ਤੋਂ ਕਿਤੇ ਵੱਡਾ, ਕਿਤੇ ਉੱਚਾ ਹੈ- ਇਕ ਅਜਿਹਾ ਸੰਦੇਸ਼, ਜਿਸਨੂੰ ਇਸ ਸ਼ਹੀਦੀ ਮਾਰਗ ‘ਤੇ ਚੱਲਦਿਆਂ ਅਸੀਂ ਕ੍ਰਮਵਾਰ ਤੁਹਾਡੇ ਸਾਹਮਣੇ ਰੱਖਦੇ ਰਹਾਂਗੇ।
ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਇਸ ਨਗਰ ਵਿੱਚ ਵਿਰਾਜਮਾਨ ਹੋਏ ਸਨ; ਬਾਲ ਗੋਵਿੰਦ ਰਾਇ ਜੀ ਵੀ ਇੱਥੇ ਪਧਾਰੇ ਸਨ। ਜਦੋਂ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਸ਼ਹੀਦੀ ਮਾਰਗ ‘ਤੇ ਚੱਲਦਿਆਂ- ਅਰਥਾਤ ਆਪਣਾ ਸੀਸ ਅਰਪਣ ਕਰਨ ਲਈ, ਇਸ ਰਾਹ ਤੋਂ ਲੰਘੇ, ਤਦ ਉਹ ਮੁਕਰਾਮਪੁਰ ਤੋਂ ਹੋਂਦਿਆਂ ਇਸ ਸਥਾਨ ‘ਤੇ ਪਹੁੰਚੇ ਸਨ। (ਵਰਤਮਾਨ ਸਮੇਂ ਵਿੱਚ ਇਹ ਗੁਰਦੁਆਰਾ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ।) ਗੁਰਦੁਆਰੇ ਦੀ ਦੀਵਾਰ ‘ਤੇ ਇਕ ਬੋਰਡ ਸੁਸ਼ੋਭਿਤ ਹੈ, ਜਿਸ ‘ਤੇ ਇਸ ਇਤਿਹਾਸਕ ਤੱਥ ਦਾ ਸਪਸ਼ਟ ਉਲੇਖ ਅੰਕਿਤ ਹੈ।
ਉਸ ਸਮੇਂ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਮੱਖ ਹਸਨਾ ਅਤੇ ਕਬੂਲਾ ਵੱਲੋਂ ਕੇਹਡੀ – ਕੇਹਡੀ ਬੇਨਤਿਆਂ ਪੇਸ਼ ਕੀਤੀ ਗਇ ਸੀ? ਉਸ ਤੋਂ ਬਾਅਦ ਇਹ ਨਗਰ ਕਿਸ ਤਰ੍ਹਾਂ ਵੱਸਦਾ ਤੇ ਵਿਕਸਿਤ ਹੁੰਦਾ ਗਿਆ? ਇਸ ਸਥਾਨ ‘ਤੇ ਸੁਸ਼ੋਭਿਤ ਹੁਕਮਨਾਮੇ ਕਿੱਥੋਂ ਪ੍ਰਾਪਤ ਹੋਏ? ਇਹ ਵੀ ਜਾਣਕਾਰੀ ਮਿਲੀ ਹੈ ਕਿ ਧੰਨ ਸ੍ਰੀ ਗੁਰੂ ਗੋਵਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਨਾਂਦੇੜ ਤੋਂ ਕੁਝ ਸਿੱਖ ਇਸ ਸਥਾਨ ‘ਤੇ ਭੇਜ ਕੇ ਇਸ ਨੂੰ ਮੁੜ ਪ੍ਰਗਟ ਕੀਤਾ ਸੀ। ਇਨ੍ਹਾਂ ਸਾਰੇ ਤੱਥਾਂ ਅਤੇ ਯਾਦਾਂ ਨੂੰ ਅਸੀਂ ਇਸ ਨਗਰ ਦੇ ਬਜ਼ੁਰਗਾਂ ਤੋਂ ਵਿਸਥਾਰ ਨਾਲ ਜਾਣਾਂਗੇ ਕਿਉਂਕਿ ਇਹੀ ਜੀਵੰਤ ਇਤਿਹਾਸ ਦੀ ਸੱਚੀ ਆਵਾਜ਼ ਹੈ।
ਸਥਾਨਕ ਬਜ਼ੁਰਗ– ਗੁਰੂ–ਪਿਆਰੀ ਸਾਧ–ਸੰਗਤ ਜੀਓ, ਜੋ ਇਤਿਹਾਸ ਸਾਨੂੰ ਗੁਰੂ–ਪਰੰਪਰਾ ਤੋਂ ਪ੍ਰਾਪਤ ਹੋਇਆ ਹੈ, ਉਸ ਅਨੁਸਾਰ ਇਸ ਪਿੰਡ ਵਿੱਚ ਦੋ ਸ਼ੇਖ ਵਸਦੇ ਸਨ। ਇਹ ਦੋਵੇਂ ਪਿੰਡ ਦੇ ਇਕ ਪੀਰ ਸ਼ੇਖ ਕੋਲ ਸੇਵਾ ਕਰਦੇ ਸਨ। ਜਦੋਂ ਗੁਰੂ ਸਾਹਿਬ ਇਸ ਸਥਾਨ ‘ਤੇ ਆ ਕੇ ਵਿਰਾਜਮਾਨ ਹੋਏ ਅਤੇ ਉਹਨਾਂ ਸ਼ੇਖਾਂ ਨੂੰ ਇਸ ਦੀ ਜਾਣਕਾਰੀ ਹੋਈ, ਤਾਂ ਦੋਵੇਂ ਸ਼ੇਖ ਗੁਰੂ ਸਾਹਿਬ ਦੇ ਚਰਨਾਂ ਵਿੱਚ ਨਤਮਸਤਕ ਹੋ ਗਏ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ। ਗੁਰੂ ਸਾਹਿਬ ਜੀ ਨੇ ਇਸ ਸਥਾਨ ‘ਤੇ ਤਿੰਨ ਦਿਨ ਤੱਕ ਨਿਵਾਸ ਕੀਤਾ ਅਤੇ ਇਨ੍ਹਾਂ ਤਿੰਨੋ ਦਿਨਾਂ ਵਿੱਚ ਦੋਹਾਂ ਸ਼ੇਖਾਂ ਨੇ ਪੂਰੀ ਸ਼ਰਧਾ ਅਤੇ ਸਮਰਪਣ ਨਾਲ ਗੁਰੂ ਸਾਹਿਬ ਦੀ ਸੇਵਾ ਕੀਤੀ।
ਇਨ੍ਹਾਂ ਸ਼ੇਖਾਂ ਦੀ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਜੀ ਨੇ ਵਚਨ ਕੀਤੇ ਕਿ ਭਵਿੱਖ ਵਿੱਚ ਇਸ ਪਿੰਡ ਦਾ ਨਾਂ ਤੁਹਾਡੇ ਦੋਹਾਂ ਭਰਾਵਾਂ ਦੇ ਨਾਂ ‘ਤੇ ਰੱਖਿਆ ਜਾਵੇਗਾ। ਇਸ ਸਥਾਨ ‘ਤੇ ਦੋ ਪਿੰਡ ਵੱਸੇ ਹੋਏ ਹਨ ਅਤੇ ਦੋਹਾਂ ਪਿੰਡਾ ਦੇ ਵਿਚਕਾਰ ਸਿਰਫ਼ ਦਸ ਫੁੱਟ ਦਾ ਰਾਹ ਹੈ। ਇਕ ਪਿੰਡ ਦਾ ਨਾਂ ਕਬੂਲਪੁਰ ਹੈ ਅਤੇ ਦੂਜੇ ਦਾ ਨਾਮ ਹਸਨਪੁਰ ਹੈ। ਇਨ੍ਹਾਂ ਦੋਹਾਂ ਭਰਾਵਾਂ ਦੇ ਨਾਮਾਂ ‘ਤੇ ਹੀ ਇਹ ਪਿੰਡ ਅਸਤਿਤਵ ਵਿੱਚ ਆਇਆ।
ਇਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਦੂਜੀ ਵਾਰ ਇੱਥੇ ਪਧਾਰੇ, ਤਾਂ ਉਨ੍ਹਾਂ ਨੇ ਹੁਕਮਨਾਮੇ ਇਨ੍ਹਾਂ ਸ਼ੇਖਾਂ ਨੂੰ ਪ੍ਰਦਾਨ ਕੀਤੇ। ਇਹ ਹੁਕਮਨਾਮੇ ਲੰਬੇ ਸਮੇਂ ਤੱਕ ਸ਼ੇਖਾਂ ਕੋਲ ਹੀ ਰਹੇ। ਕੁਛ ਸਮਯ ਜਾਣ ਤੋ ਬਾਦ, ਇਨ੍ਹਾਂ ਅਨਪੜ੍ਹ ਸ਼ੇਖਾਂ ਨੇ ਹੁਕਮਨਾਮਿਆਂ ਨੂੰ ਨਗਰ ਦੇ ਇਕ ਸੁਨਾਰ ਕੋਲ ਪੜ੍ਹਵਾਉਣ ਲਈ ਦੇ ਦਿੱਤਾ। ਜਦੋਂ ਉਸ ਸੁਨਾਰ ਨੇ ਹੁਕਮਨਾਮੇ ਪੜ੍ਹੇ, ਤਾਂ ਉਸ ਨੇ ਸ਼ੇਖਾਂ ਨੂੰ ਕਿਹਾ ਕਿ ਇਹ ਤੁਹਾਡੇ ਕਿਸੇ ਕੰਮ ਦੇ ਨਹੀਂ ਹਨ, ਇਨ੍ਹਾਂ ਨੂੰ ਮੈਂ ਆਪਣੇ ਕੋਲ ਸੁਰੱਖਿਅਤ ਰੱਖ ਲੈਂਦਾ ਹਾਂ। ਉਸ ਸੁਨਾਰ ਨੇ ਉਹ ਹੁਕਮਨਾਮੇ ਸੰਭਾਲ ਕੇ ਆਪਣੇ ਕੋਲ ਰੱਖ ਲਏ।
ਬਾਅਦ ਵਿੱਚ ਜਦੋਂ ਦਸਮ ਪਾਤਸ਼ਾਹ ਜੀ ਨੇ ਨਾਂਦੇੜ ਤੋਂ ਸਿੱਖ ਭੇਜ ਕੇ ਇਸ ਸਥਾਨ ਨੂੰ ਪ੍ਰਗਟ ਕਰਨ ਦਾ ਹੁਕਮ ਦਿੱਤਾ, ਤਾਂ ਉਹ ਸਿੱਖ ਇੱਥੇ ਪਹੁੰਚ ਕੇ ਸਭ ਤੋਂ ਪਹਿਲਾਂ ਉਨ੍ਹਾਨੇ ਮਿੱਟੀ ਦੇ ਇਕ ਚਬੂਤਰੇ ਦਾ ਨਿਰਮਾਣ ਕੀਤਾ ਅਤੇ ਸੇਵਾ–ਸੰਭਾਲ ਵਿੱਚ ਲੱਗ ਗਏ। ਇਸ ਤੋਂ ਬਾਅਦ ਉਸ ਪਿੰਡ ਦੇ ਉਸ ਸੁਨਾਰ ਨੇ ਹੁਕਮਨਾਮੇ ਸਿੱਖਾਂ ਦੇ ਸਪੁਰਦ ਕਰ ਦਿੱਤੇ। ਹੌਲੀ–ਹੌਲੀ ਇੱਥੇ ਇਕ ਕੱਚੀ ਇਮਾਰਤ ਦਾ ਨਿਰਮਾਣ ਹੋਇਆ।
ਅੱਗੇ ਚਲ ਕੇ ਇਸ ਸਥਾਨ ‘ਤੇ ਇਕ ਨਿਹੰਗ ਸਿੰਘ ਨੇ ਆਪਣੀਆਂ ਸੇਵਾਵਾਂ ਅਰਪਿਤ ਕੀਤੀਆਂ। ਉਹ ਨਿਹੰਗ ਸਿੰਘ ਮਹਾਰਾਜਾ ਪਟਿਆਲਾ ਦਾ ਬਹੁਤ ਹੀ ਪ੍ਰੇਮੀ ਸੀ। ਮਹਾਰਾਜਾ ਪਟਿਆਲਾ ਹਰ ਸਾਲ ਉਸੇ ਨਿਹੰਗ ਸਿੰਘ ਤੋਂ ਅਖੰਡ ਪਾਠ ਸਾਹਿਬ ਕਰਵਾਉਂਦੇ ਸਨ। ਮਹਾਰਾਜਾ ਪਟਿਆਲਾ ਨੂੰ ਸੰਤਾਨ–ਸੁਖ ਪ੍ਰਾਪਤ ਨਹੀਂ ਸੀ, ਪਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਨ੍ਹਾਂ ਨੂੰ ਸੰਤਾਨ ਦਾ ਸੁਖ ਮਿਲਿਆ। ਇਸ ਤੋਂ ਬਾਅਦ ਇਸ ਸਥਾਨ ‘ਤੇ ਇਕ ਪੱਕੀ ਇਮਾਰਤ ਦਾ ਨਿਰਮਾਣ ਕੀਤਾ ਗਿਆ। ਬਾਅਦ ਵਿੱਚ ਇਸ ਇਮਾਰਤ ਦੇ ਪਿੱਛਲੇ ਹਿੱਸੇ ਵੱਲ ਆਕਾਸ਼ੀ ਬਿਜਲੀ ਡਿੱਗੀ, ਜਿਸ ਨਾਲ ਨੁਕਸਾਨ ਹੋਇਆ, ਅਤੇ ਫਿਰ ਇਸ ਦੀ ਮੁਰੰਮਤ ਕੀਤੀ ਗਈ। ਇੱਥੋਂ ਕੁਝ ਦੂਰੀ ‘ਤੇ ਹਰਪਾਲਪੁਰ ਸਥਿਤ ਹੈ, ਜਿੱਥੇ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਦਾ ਇਕ ਇਤਿਹਾਸਕ ਗੁਰਦੁਆਰਾ ਹੈ। ਉਸ ਸਥਾਨ ਦੇ ਸੰਤਾਂ ਨੇ ਵੀ ਇਸ ਇਮਾਰਤ ਦੀ ਸੰਪੂਰਨ ਸੇਵਾ ਕਰਵਾਈ। ਇਹ ਸੇਵਾ ਸਨ 1956 ਵਿੱਚ ਸ਼ੁਰੂ ਹੋਈ ਸੀ। ਹੌਲੀ–ਹੌਲੀ ਨਗਰਵਾਸੀਆਂ ਦੇ ਸਹਿਯੋਗ ਨਾਲ ਇਸ ਗੁਰਦੁਆਰਾ ਸਾਹਿਬ ਦੀ ਸੰਪੂਰਨ ਇਮਾਰਤ ਤਿਆਰ ਹੋ ਗਈ।
ਡਾਕਟਰ ਖੋਜੀ– ਜਦੋਂ ਅਸੀਂ ਇਤਿਹਾਸ ਦੀ ਖੋਜ ਕਰ ਰਹੇ ਸਾਂ, ਤਾਂ ਸਾਨੂੰ ਇਹ ਵੀ ਜਾਣਕਾਰੀ ਮਿਲੀ ਕਿ ਇਸ ਸਥਾਨ ‘ਤੇ ਇਕ ਰੁੱਖ ਅਤੇ ਇਕ ਸਰੋਵਰ ਵੀ ਮੌਜੂਦ ਸਨ।
ਸਥਾਨਕ ਬਜ਼ੁਰਗ– ਹੱਥ ਨਾਲ ਇਸ਼ਾਰਾ ਕਰਦੇ ਹੋਏ ਦੱਸਦੇ ਹਨ ਕਿ ਇਸ ਸਥਾਨ ‘ਤੇ ਨੀਮ ਦੇ ਰੁੱਖ ਦੇ ਨੇੜੇ ਇਕ ਕੇਂਦੂ ਦਾ ਰੁੱਖ ਸੀ, ਜੋ ਬਾਅਦ ਵਿੱਚ ਸੁੱਕ ਗਿਆ। ਇੱਥੇ ਇਕ ਪੁਰਾਤਨ ਕੂਆਂ ਅੱਜ ਵੀ ਮੌਜੂਦ ਹੈ। ਸਾਹਮਣੇ ਹੀ ਲੰਗਰ ਘਰ ਦੇ ਪਿੱਛੇ ਛੱਪੜ ( ਕੁਦਰਤੀ ਸਰੋਵਰ) ਦੀ ਸਿੜ੍ਹੀਆਂ ਬਣੀਆਂ ਹੋਈਆਂ ਹਨ ਅਤੇ ਉੱਥੇ ਇਕ ਚਬੂਤਰਾ ਵੀ ਹੈ, ਜਿੱਥੇ ਸੰਗਤ ਜਾ ਕੇ ਸਨਾਨ ਕਰਦੀ ਹੈ।
ਡਾਕਟਰ ਖੋਜੀ– ਸੰਗਤ ਜੀ, ਹੁਣ ਅਸੀਂ ਕੁਝ ਅਜਿਹੀਆਂ ਗੱਲਾਂ ਵੱਲ ਆਉਂਦੇ ਹਾਂ, ਜੋ ਕਿਤਾਬਾਂ ਵਿੱਚ ਨਹੀਂ ਲਿਖੀਆਂ ਜਾਂਦੀਆਂ। ਕਿਤਾਬਾਂ ਤਾਂ ਯੂਨੀਵਰਸਿਟੀਆਂ ਵਿੱਚ ਬੈਠ ਕੇ ਵੀ ਲਿਖੀਆਂ ਜਾ ਸਕਦੀਆਂ ਹਨ, ਪਰ ਜਦੋਂ ਅਸੀਂ ਜ਼ਮੀਨੀ ਸਤ੍ਹਾ ‘ਤੇ ਪਹੁੰਚ ਕੇ ਖੋਜ ਕਰਦੇ ਹਾਂ, ਤਾਂ ਕੁਝ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਜੋ ਸਾਨੂੰ ਵਿਸਮਯ ਨਾਲ ਭਰ ਦਿੰਦੀਆਂ ਹਨ।
ਇਸ ਸਥਾਨ ਦੇ ਬਜ਼ੁਰਗਾਂ ਨੇ ਦੱਸਿਆ ਕਿ ਅੱਜ ਤੋਂ ਲਗਭਗ ਤੀਹ ਸਾਲ ਪਹਿਲਾਂ, ਜਦੋਂ ਇੱਥੇ ਅੰਮ੍ਰਿਤ–ਸੰਚਾਰ ਹੋ ਰਿਹਾ ਸੀ, ਉਸੇ ਸਮੇਂ ਬਹੁਤ ਤੇਜ਼ੀ ਨਾਲ ਦਰਵਾਜ਼ਾ ਖੜਖੜਾਉਣ ਦੀ ਆਵਾਜ਼ ਆਈ। ਅੰਦਰ ਬੈਠੇ ਲੋਕ ਕਹਿ ਰਹੇ ਸਨ ਕਿ ਬਾਹਰ ਵਾਲਿਆਂ ਨੇ ਦਰਵਾਜ਼ਾ ਖੜਖੜਾਇਆ ਹੈ, ਜਦਕਿ ਬਾਹਰ ਵਾਲੇ ਕਹਿ ਰਹੇ ਸਨ ਕਿ ਅੰਦਰੋਂ ਆਵਾਜ਼ ਆਈ ਹੈ। ਤਦੋਂ ਇਕ ਛੋਟੇ ਬੱਚੇ ਨੇ ਉੱਚੀ ਆਵਾਜ਼ ਵਿੱਚ ਚੀਕ ਮਾਰ ਕੇ ਕਿਹਾ- “ਵੇਖੋ, ਉਹ ਨੀਲੇ ਘੋੜੇ ਵਾਲਾ ਜਾ ਰਿਹਾ ਹੈ… ਉਹ ਨੀਲੇ ਘੋੜੇ ਵਾਲਾ ਜਾ ਰਿਹਾ ਹੈ!”
ਬਜ਼ੁਰਗਾਂ ਅਨੁਸਾਰ, ਉਹ ਬੱਚਾ ਖੇਡ ਰਿਹਾ ਸੀ ਅਤੇ ਸਾਹਮਣੇ ਲੰਗਰ ਚੱਲ ਰਿਹਾ ਸੀ। ਉਸ ਸਮੇਂ ਤੇਗ ਤਪ ਰਹੀ ਸੀ। ਬੱਚਾ ਖੇਡਦਾ–ਖੇਡਦਾ ਲੋਹੇ ਦੇ ਗਰਮ ਤਵੇ ‘ਤੇ ਦੌੜ ਗਿਆ, ਜਿਸ ਨਾਲ ਉਸ ਦੇ ਪੈਰ ਸੜ੍ਹ ਗਏ। ਪਰ ਹੈਰਾਨੀ ਦੀ ਗੱਲ ਇਹ ਸੀ ਕਿ ਉਹ ਬੱਚਾ ਰੋਇਆ ਨਹੀਂ। ਉਸ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਗਏ ਅਤੇ ਗੁਰੂ–ਕਿਰਪਾ ਨਾਲ ਉਹ ਪੂਰੀ ਤਰ੍ਹਾਂ ਠੀਕ ਹੋ ਗਿਆ।
ਡਾਕਟਰ ਖੋਜੀ– ਕਿਤੇ ਇਹ ਸੰਦੇਸ਼ ਤਾਂ ਨਹੀਂ ਕਿ ਗੁਰੂ ਸਾਹਿਬ ਕਿਧਰ ਗਏ ਹੀ ਨਹੀਂ ਹਨ, ਕਿਸੇ ਨ ਕਿਸੇ ਰੂਪ ਵਿੱਚ ਅੱਜ ਵੀ ਇਸ ਸਥਾਨ ‘ਤੇ ਮੌਜੂਦ ਹਨ। ਇੰਝ ਹੀ ਨਹੀਂ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਇਸ ਨਗਰ ਵਿੱਚ ਆਏ ਸਨ ਅਤੇ ਇੰਝ ਹੀ ਨਹੀਂ ਧੰਨ ਸ੍ਰੀ ਗੁਰੂ ਗੋਵਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ ਦੀ ਧਰਤੀ ਤੋਂ ਸਿੱਖ ਭੇਜ ਕੇ ਇਸ ਸਥਾਨ ਨੂੰ ਮੁੜ ਪ੍ਰਗਟ ਕਰਵਾਇਆ।
ਨਗਰ ਦੇ ਬਜ਼ੁਰਗਾਂ ਅਨੁਸਾਰ, ਨਿਸ਼ਾਨਦੇਹੀ ਦੇ ਆਧਾਰ ‘ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਬਾਲ ਅਵਸਥਾ ਵਿੱਚ ਧੰਨ ਸ੍ਰੀ ਗੁਰੂ ਗੋਵਿੰਦ ਸਿੰਘ ਮਹਾਰਾਜ ਇਸ ਸਥਾਨ ‘ਤੇ ਆਏ ਸਨ। ਉਨ੍ਹਾਂ ਨੂੰ ਆਪਣੇ ਪਿਤਾ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਪਾਤਸ਼ਾਹ ਜੀ ਨਾਲ ਅਤਿਅੰਤ ਪ੍ਰੇਮ ਸੀ। ਜਿੱਥੇ–ਜਿੱਥੇ ਗੁਰੂ ਸਾਹਿਬ ਵਿਰਾਜਮਾਨ ਹੋਏ ਸਨ, ਉਹ ਸਥਾਨ ਅੱਜ ਵੀ ਸ਼ੋਭਾਯਮਾਨ ਹਨ।
ਇਤਿਹਾਸ ਦੇ ਇਨ੍ਹਾਂ ਪੰਨਿਆਂ ਨੂੰ ਇੱਥੇ ਹੀ ਵਿਸਰਾਮ ਦਿੰਦੇ ਹਾਂ। ਮਿਲਦੇ ਹਾਂ- ਅਗਲੇ ਪ੍ਰਸੰਗ ਦੇ ਅਗਲੇ ਭਾਗ ਵਿੱਚ…
ਸੰਗਤ ਜੀ ਲਈ ਵਿਨਮ੍ਰ ਬੇਨਤੀ
ਇਤਿਹਾਸ ਦੀ ਖੋਜ, ਸਥਾਨਾਂ ਦਾ ਅਵਲੋਕਨ, ਮਾਰਗ-ਯਾਤਰਾਵਾਂ ਅਤੇ ਵਿਸਤ੍ਰਿਤ ਦਸਤਾਵੇਜ਼ੀਕਰਨ- ਇਹ ਸਭ ਬਹੁਤ ਵੱਡਾ ਖਰਚਾ ਮੰਗਦਾ ਹੈ। ਜੇ ਤੁਸੀਂ ਇਸ ਗੁਰੂਵਰ-ਕਥਾਨਕ ਨੂੰ, ਇਸ ਸ਼ਹੀਦੀ ਮਾਰਗ ਪ੍ਰਸੰਗ ਨੂੰ ਅਤੇ ਅੱਗੇ ਆਉਣ ਵਾਲੇ ਸਾਰੇ ਇਤਿਹਾਸਕ ਯਤਨਾਂ ਨੂੰ ਆਪਣਾ ਸਹਿਯੋਗ ਦੇਣਾ ਚਾਹੁੰਦੇ ਹੋ, ਤਾਂ—ਮੋਬਾਈਲ ਨੰਬਰ 97819 13113 ‘ਤੇ ਸੰਪਰਕ ਕਰੋ। ਤੁਹਾਡਾ ਅਮੂਲਕ ਸਹਿਯੋਗ ਗੁਰੂ ਸਾਹਿਬ ਦੀ ਮਹਿਮਾ ਅਤੇ ਇਸ ਇਤਿਹਾਸ ਦੀ ਸੱਚਾਈ ਨੂੰ ਹਰ ਘਰ ਤੱਕ ਪਹੁੰਚਾਉਣ ਵਿੱਚ ਬਹੁਤ ਹੀ ਸਹਾਇਕ ਹੋਵੇਗਾ।
ਤੁਹਾਡਾ ਆਪਣਾ ਵੀਰ-ਇਤਿਹਾਸਕਾਰ,
ਡਾ. ਭਗਵਾਨ ਸਿੰਘ ‘ਖੋਜੀ’
ਬੈਕਗ੍ਰਾਊੱਡ ਮਿਊਜ਼ਿਕ: (ਗੁਰੂ-ਚਰਿਤ ਦੀ ਮਹਿਮਾ ਉਭਾਰਦੀ ਗੰਭੀਰ, ਆਧਿਆਤਮਿਕ ਧੁਨ ਵਾਤਾਵਰਨ ਵਿੱਚ ਗੂੰਜ ਰਹੀ ਹੈ।)
ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ!