ਪ੍ਰਸੰਗ ਨੰਬਰ 1: ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਤੱਕ ਜੀਵਨ ਯਾਤਰਾ ਦਾ ਇਤਿਹਾਸ

Spread the love

ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 1 ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਪਰਿਵਾਰ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੇ ਜਨਮ ਤੱਕ ਦੇ ਸਫ਼ਰ ਦਾ ਜ਼ਿਕਰ ਕਰਾਂਗੇ

ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ 1534 ਈਸਵੀ ਵਿੱਚ ਹੋਇਆ। ਉਹਨਾਂ ਦੇ ਮਾਤਾ ਪਿਤਾ ਬਚਪਨ ਵਿੱਚ ਹੀ ਚੜ੍ਹਾਈ ਕਰ ਗਏ ਸਨ। ਬਚਪਨ ਵਿੱਚ ਗੁਰੂ ਸਾਹਿਬ ਜੀ ਨੇ ਆਪਣੀ ਨਾਨੀ ਕੋਲ ਬਾਸਰਕੇ ਆ ਕੇ ਨਿਵਾਸ ਕੀਤਾ। ਇੱਥੇ ਹੀ ਗੁਰੂ ਸਾਹਿਬ ਘੁੰਗਣੀਆਂ ਵੇਚਦੇ ਹਨ। ਗੁਰੂ ਅਮਰਦਾਸ ਜੀ ਦੀ ਨਦਰ ਇਹਨਾਂ ਤੇ ਪੈਂਦੀ ਹੈ। ਗੁਰੂ ਰਾਮਦਾਸ ਜੀ ਗੁਰੂ ਘਰ ਵਿੱਚ ਆ ਕੇ ਸੇਵਾ ਕਰਦੇ ਹਨ। ਇਸ ਸੇਵਾ ਨੂੰ ਦੇਖਦਿਆਂ ਹੋਇਆਂ ਹੀ ਗੁਰੂ ਅਮਰਦਾਸ ਜੀ ਨੇ ਆਪਣੀ ਬੇਟੀ ਬੀਬੀ ਭਾਨੀ ਜੀ ਦਾ ਵਿਆਹ 1552 ਈਸਵੀ ਵਿੱਚ ਗੁਰੂ ਰਾਮਦਾਸ ਜੀ ਨਾਲ ਕਰ ਦਿੱਤਾ। ਇਹਨਾਂ ਦੇ ਘਰ 3 ਪੁੱਤਰਾਂ ਨੇ ਜਨਮ ਲਿਆ। ਸਭ ਤੋਂ ਵੱਡੇ ਪ੍ਰਿਥੀ ਚੰਦ ਜੀ, ਉਹਨਾਂ ਤੋਂ ਛੋਟੇ ਮਹਾਂਦੇਵ ਜੀ ਅਤੇ ਸਭ ਤੋਂ ਛੋਟੇ ਗੁਰੂ ਅਰਜਨ ਦੇਵ ਜੀ। ਗੋਇੰਦਵਾਲ ਸਾਹਿਬ ਦੀ ਧਰਤੀ ਤੇ 15 ਅਪ੍ਰੈਲ 1563 ਈਸਵੀ ਨੂੰ ਗੁਰੂ ਅਰਜਨ ਦੇਵ ਜੀ ਦਾ ਪ੍ਰਕਾਸ਼ ਹੁੰਦਾ ਹੈ। ਗੁਰੂ ਅਮਰਦਾਸ ਜੀ ਆਪਣੇ ਦੋਹਤੇ ਗੁਰੂ ਅਰਜਨ ਦੇਵ ਜੀ ਨੂੰ ਦੋਹਿਤਾ ਬਾਣੀ ਕਾ ਬੋਹਿਥਾ ਕਹਿ ਕੇ ਵੀ ਨਿਵਾਜਦੇ ਹਨ। ਸਮਾਂ ਆਉਣ ਤੇ ਗੁਰੂ ਅਮਰਦਾਸ ਜੀ ਦੇ ਹੁਕਮ ਨਾਲ ਚੱਕ ਰਾਮਦਾਸਪੁਰ ਦੀ ਨੀਂਹ ਰੱਖੀ ਜਾਂਦੀ ਹੈ।  1573 ਵਿੱਚ ਗੁਰੂ ਕੇ ਚੱਕ ਵਿਖੇ ਹੀ ਗੁਰੂ ਰਾਮਦਾਸ ਜੀ ਨੇ ਗੁਰੂ ਬਣਨ ਤੋਂ ਪਹਿਲਾਂ ਇੱਥੇ ਹੀ ਇੱਕ ਛੋਟੀ ਜਿਹੀ ਛੱਪੜੀ ਬਣਾ ਕੇ ਨਿਵਾਸ ਕੀਤਾ। ਇੱਕ ਸਾਲ ਬਾਅਦ 1574 ਵਿੱਚ ਗੁਰੂ ਅਮਰਦਾਸ ਜੀ , ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕਰਦੇ ਹਨ ਅਤੇ ਬਾਅਦ ਵਿੱਚ 1577 ਵਿੱਚ  ਚੱਕ ਰਾਮਦਾਸਪੁਰ ਦੀ ਨੀਂਹ ਤੋਂ ਬਾਅਦ ਉਸਾਰੀ ਸ਼ੁਰੂ ਕੀਤੀ ਜਾਂਦੀ ਹੈ। ਗੁਰੂ ਰਾਮਦਾਸ ਜੀ ਜਿਹੜੀ ਜਗ੍ਹਾ ਤੇ ਨਿਵਾਸ ਕਰਦੇ ਸਨ, ਉਸ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਘਰ ਬਣਾਇਆ ਜਾਂਦਾ ਹੈ ਅਤੇ ਇਸਨੂੰ ਗੁਰੂ ਕੇ ਮਹਿਲ ‘  ਕਿਹਾ ਜਾਂਦਾ ਹੈ। ਇਹ ਉਹੀ ਗੁਰੂ ਕੇ ਮਹਿਲ ਹਨ ਜਿੱਥੇ ਗੁਰੂ ਤੇਗ ਬਹਾਦਰ ਜੀ ਦਾ ਜਨਮ ਹੋਣਾ ਹੈ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਗੁਰੂ ਰਾਮਦਾਸ ਜੀ ਆਪਣੇ ਤਿੰਨਾਂ ਪੁੱਤਰਾਂ – ਪ੍ਰਿਥੀ ਚੰਦ ਜੀ, ਮਹਾਂਦੇਵ ਜੀ ਅਤੇ ਗੁਰੂ ਅਰਜਨ ਦੇਵ ਜੀ ਨੂੰ ਲੈ ਕੇ ਪੱਕੇ ਤੌਰ ਤੇ ਆਪਣਾ ਨਿਵਾਸ ਅਸਥਾਨ ਗੁਰੂ ਕੇ ਮਹਿਲ ਵਿਖੇ ਰੱਖ ਲੈਂਦੇ ਹਨ। ਇਸ ਸਮੇਂ ਗੁਰੂ ਅਰਜਨ ਦੇਵ ਜੀ ਦੀ ਉਮਰ ਲਗਭਗ 11 ਸਾਲ ਦੀ ਸੀ।  ਇੱਥੇ ਰਹਿੰਦਿਆਂ ਹੋਇਆਂ ਹੀ ਗੁਰੂ ਰਾਮਦਾਸ ਜੀ ਵੱਲੋਂ ਸਾਰੀਆਂ ਸੇਵਾਵਾਂ ਜਾਰੀ ਕੀਤੀਆਂ ਜਾਂਦੀਆਂ ਹਨ। ਸਮਾਂ ਆਉਣ ਤੇ ਗੁਰੂ ਅਰਜਨ ਦੇਵ ਦੀ ਬਰਾਤ ਗੁਰੂ ਕੇ ਮਹਿਲ ਤੋਂ ਰਵਾਨਾ ਹੁੰਦੀ ਹੈ ਅਤੇ ਮਾਤਾ ਗੰਗਾ ਜੀ ਵਿਆਹ ਕੇ ਇਸ ਘਰ ਵਿੱਚ ਆਉਂਦੇ ਹਨ। 1581 ਈਸਵੀ ਵਿੱਚ ਗੁਰੂ ਅਰਜਨ ਦੇਵ ਜੀ ਨੂੰ ਗੁਰਗੱਦੀ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ। ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਵਿਖੇ ਹੀ ਜੋਤੀ ਜੋਤਿ ਸਮਾ ਜਾਂਦੇ ਹਨ।

ਇਸੇ ਘਰ ਵਿੱਚ ਰਹਿੰਦਿਆਂ ਹੋਇਆਂ ਗੁਰੂ ਅਰਜਨ ਦੇਵ ਜੀ ਨੇ ਇੱਕ ਦਰਸ਼ਨੀ ਡਿਉਢੀ ਵੀ ਬਣਵਾਈ। ਇਹ ਦਰਸ਼ਨੀ ਡਿਉਢੀ, ਦਰਬਾਰ ਸਾਹਿਬ ਦੇ ਪਹਿਲੇ ਮੁੱਖ ਦਰਵਾਜ਼ੇ ਦੇ ਕੋਲ ਹੈ। ਅੱਜ ਇਹ ਦਰਸ਼ਨੀ ਡਿਉਢੀ , ਮਾਈ ਸੇਵਾਂ ਬਜ਼ਾਰ ਦੇ ਅੰਦਰ ਹੈ। ਹੁਣ ਅਸੀਂ ਦੂਜੇ ਰਸਤੇ ਤੋਂ ਦਰਬਾਰ ਸਾਹਿਬ ਵੱਲ ਜਾਂਦੇ ਹਾਂ ਪਰ ਜੋ ਪੁਰਾਤਨ ਰਸਤਾ ਹੈ,ਉਹ ਗੁਰੂ ਕੇ ਮਹਿਲ ਨੂੰ ਜਾਂਦਿਆਂ ਹੋਇਆਂ, ਦਰਸ਼ਨੀ ਡਿਉਢੀ ਤੋਂ ਹੁੰਦਿਆਂ ਹੋਇਆਂ ਦਰਬਾਰ ਸਾਹਿਬ ਨੂੰ ਜਾਂਦਾ ਸੀ। ਇਸੇ ਰਸਤੇ ਤੋਂ ਗੁਰੂ ਅਰਜਨ ਦੇਵ ਜੀ ਦਰਬਾਰ ਸਾਹਿਬ ਆਉਂਦੇ ਸਨ। ਅੱਜ- ਕੱਲ੍ਹ ਇਹ ਭੀੜਾ ਬਜ਼ਾਰ ਹੋਣ ਕਰਕੇ ਇੱਥੇ ਦਰਸ਼ਨੀ ਡਿਉਢੀ ਹੈ। ਇੱਥੇ ਹੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਹੈ। ਇਸਨੂੰ ਗੁਰਦੁਆਰਾ ਦਰਸ਼ਨੀ ਡਿਉਢੀ ਕਹਿੰਦੇ ਹਨ।  ਸੋ ਕੁਝ ਸਮਾਂ ਅਜਿਹਾ ਵੀ ਆਇਆ ਕਿ ਗੁਰੂ ਅਰਜਨ ਦੇਵ ਜੀ ਨੂੰ ਆਪਣੇ ਵੱਡੇ ਭਰਾ ਪ੍ਰਿਥੀ ਚੰਦ ਜੀ ਦੇ ਨਾਲ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ। ਗੁਰੂ ਸਾਹਿਬ ਜੀ ਦਾ ਵੱਡਾ ਭਰਾ ਇਹਨਾਂ ਨਾਲ਼ ਈਰਖਾ ਕਰਦਾ ਸੀ। ਇਸ ਕਰਕੇ ਗੁਰੂ ਅਰਜਨ ਦੇਵ ਜੀ ਵੱਲੋਂ ਆਪਣੇ ਪਰਿਵਾਰ ਨੂੰ ਗੁਰੂ ਕੀ ਵਡਾਲੀ ਭੇਜਿਆ ਜਾਂਦਾ ਹੈ। ਇੱਥੇ ਹੀ 1595 ਈਸਵੀ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਉਸਤੋਂ ਬਾਅਦ ਗੁਰੂ ਅਰਜਨ ਦੇਵ ਜੀ ਆਪਣੇ ਪਰਿਵਾਰ ਸਮੇਤ ਇਸ ਘਰ ਵਿੱਚ ਆ ਜਾਂਦੇ ਹਨ। ਬਾਅਦ ਵਿੱਚ ਕੁਝ ਸਮੇਂ ਬਾਅਦ ਗੁਰੂ ਅਰਜਨ ਦੇਵ ਜੀ, ਗੁਰੂ ਹਰਿਗੋਬਿੰਦ ਜੀ ਨੂੰ ਵੀ ਆਪਣੇ ਜੱਦੀ ਘਰ ‘ ਗੁਰੂ ਕੇ ਮਹਿਲ ‘ ਵਿਖੇ ਲੈ ਕੇ ਆ ਜਾਂਦੇ ਹਨ। ਇਸੇ ਘਰ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਜਵਾਨ ਹੁੰਦੇ ਹਨ। ਸੋ ਅਗਲੀ ਲੜੀ ਨੰ 2 ਵਿੱਚ ਅਸੀਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀਆਂ ਸੰਤਾਨਾਂ ਅਤੇ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦੀ ਗੱਲ ਕਰਾਂਗੇ।

ਪ੍ਰਸੰਗ ਨੰਬਰ 2: ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਜੀਵਨ ਯਾਤਰਾ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦਾ ਇਤਿਹਾਸ

KHOJ VICHAR YOUTUBE CHANNEL


Spread the love
0 0 votes
Article Rating
Subscribe
Notify of
guest
0 Comments
Oldest
Newest Most Voted
Inline Feedbacks
View all comments