ਸਫ਼ਰ ਏ ਪਾਤਸ਼ਾਹੀ ਨੌਵੀਂ ਦੀ ਲੜੀ ਨੰ 96 ਵਿੱਚ ਅਸੀਂ ਸ੍ਰਵਨ ਕੀਤਾ ਸੀ ਕਿ ਗੁਰੂ ਤੇਗ ਬਹਾਦਰ ਜੀ ਇਟਾਵਾ ਅਤੇ ਪੂਰਬੀ ਟੋਲਾ ਦੇ ਰਸਤੇ ਪ੍ਰਚਾਰ ਕਰਦੇ ਹੋਏ ਕਾਨਪੁਰ ਪਹੁੰਚਦੇ ਹਨ ਜਿੱਥੇ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਗੁਰਦੁਆਰਾ ਸਾਹਿਬ ਸੁਸ਼ੋਭਿਤ ਹਨ
ਇਸ ਲੜੀ ਵਿੱਚ ਅਸੀਂ ਸ੍ਰਵਨ ਕਰਾਂਗੇ ਕਿ ਗੁਰੂ ਤੇਗ ਬਹਾਦਰ ਜੀ ਕਾਨਪੁਰ ਤੋਂ ਅੱਗੇ ਕੜਾ ਮਾਣਕਪੁਰ ਵਿਖੇ ਸੰਤ ਮਲੂਕਾ ਜੀ ਨੂੰ ਨਾਮ ਬਾਣੀ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹਨ
ਕਾਨਪੁਰ ਤੋਂ ਤਕਰੀਬਨ 150 ਕਿਲੋਮੀਟਰ ਅੱਗੇ ਚੱਲ ਕੇ ਫਤਿਹਪੁਰ ਦੇ ਰਸਤੇ ਹੁੰਦੇ ਹੋਏ ਗੁਰੂ ਤੇਗ ਬਹਾਦਰ ਜੀ ਆਪਣੇ ਪੂਰੇ ਪਰਿਵਾਰ ਅਤੇ ਸਿੱਖ ਸੰਗਤਾਂ ਸਮੇਤ ਕੜਾ ਮਾਣਕਪੁਰ ਵਿਖੇ ਪਹੁੰਚਦੇ ਹਨ। ਕੜਾ ਮਾਣਕਪੁਰ, ਗੰਗਾ ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਹਿੰਦੂ ਧਰਮ ਦਾ ਪੱਵਿਤਰ ਧਰਮ ਅਸਥਾਨ ਹੈ, ਜਿੱਥੇ ਕਾਲੇਸ਼ਵਰ ਨਾਂ ਦਾ ਮੰਦਿਰ ਮੌਜੂਦ ਹੈ। ਹਿੰਦੂ ਧਰਮ ਦੀ ਇਸ ਅਸਥਾਨ ਤੇ ਬਹੁਤ ਆਸਥਾ ਹੈ। ਇਸ ਅਸਥਾਨ ਤੇ ਇੱਕ ਸੰਤ ਮਲੂਕ ਦਾਸ ਜੀ ਰਹਿੰਦਾ ਸੀ। ਇਹ ਸੰਤ ਮਲੂਕ ਦਾਸ ਗੁਰੂ ਹਰਿਰਾਇ ਜੀ ਦੇ ਵੇਲੇ ਕੀਰਤਪੁਰ ਸਾਹਿਬ ਵੀ ਰਹਿ ਕੇ ਆਇਆ ਸੀ, ਜਿੱਥੇ ਇਹ ਗੁਰਬਾਣੀ ਤੋਂ ਪ੍ਰਭਾਵਿਤ ਹੋ ਕੇ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੇ ਬਹੁਤ ਆਸਥਾ ਰੱਖਣ ਲੱਗ ਪਿਆ ਸੀ। ਜਦੋਂ ਸੰਤ ਮਲੂਕ ਦਾਸ ਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਜੀ ਇਸ ਪਾਸੇ ਵੱਲ ਆਏ ਹੋਏ ਹਨ ਤਾਂ ਇਹ ਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਤੇ ਬੇਨਤੀ ਕਰਕੇ ਉਹਨਾਂ ਨੂੰ ਕੜਾ ਮਾਣਕਪੁਰ ਲੈ ਕੇ ਆਇਆ। ਉਸਨੇ ਆਪਣੇ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਦਾ ਨਿਵਾਸ ਕਰਵਾਇਆ ਅਤੇ ਸੰਗਤਾਂ ਦੇ ਰਹਿਣ ਦਾ ਪ੍ਰਬੰਧ ਵੀ ਕੀਤਾ। ਇੱਥੇ ਰੋਜ਼ਾਨਾ ਸਤਿਸੰਗਤ ਹੁੰਦੀ ਸੀ। ਸੰਤ ਮਲੂਕ ਦਾਸ ਨੇੜੇ ਤੇੜੇ ਦੀਆਂ ਸੰਗਤਾਂ ਨੂੰ ਪ੍ਰੇਰ ਕੇ ਗੁਰੂ ਤੇਗ ਬਹਾਦਰ ਜੀ ਕੋਲ ਲੈ ਕੇ ਆਉਂਦਾ ਹੈ। ਇੱਥੇ ਗੁਰੂ ਨਾਨਕ ਸਾਹਿਬ ਜੀ, ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ ਦੀ ਬਾਣੀ ਦਾ ਪ੍ਰਚਾਰ ਅਤੇ ਰੋਜ਼ਾਨਾ ਆਸਾ ਦੀ ਵਾਰ ਦਾ ਕੀਰਤਨ ਕੀਤਾ ਜਾਂਦਾ ਸੀ। ਇੱਥੇ ਹੀ ਰੋਜ਼ਾਨਾ ਗੁਰੂ ਤੇਗ ਬਹਾਦਰ ਜੀ, ਸੰਤ ਮਲੂਕ ਦਾਸ ਜੀ ਦਾ ਮਾਸ ਖਾਣ ਜਾਂ ਨਾ ਖਾਣ ਬਾਰੇ ਵਹਿਮ ਵੀ ਦੂਰ ਕਰਦੇ ਸਨ। ਗੁਰੂ ਸਾਹਿਬ ਜੀ, ਸੰਤ ਮਲੂਕ ਦਾਸ ਜੀ ਨੂੰ ਨਾਮ ਬਾਣੀ ਅਤੇ ਜੀਵਨ ਜੁਗਤ ਜਿਉਣ ਦੀ ਜਾਚ ਵੀ ਦਿੰਦੇ ਹਨ। ਪ੍ਰਿੰਸੀਪਲ ਸਤਿਬੀਰ ਸਿੰਘ ਜੀ ਦੇ ਲਿਖੇ ਅਨੁਸਾਰ ਗੁਰੂ ਸਾਹਿਬ ਜੀ, ਸੰਤ ਮਲੂਕ ਦਾਸ ਜੀ ਨੂੰ ਗੁਰਬਾਣੀ ਦਾ ਇੱਕ ਗੁਟਕਾ ਸਾਹਿਬ ਵੀ ਦਿੰਦੇ ਹਨ। ਕਦੇ ਇਸ ਅਸਥਾਨ ਤੇ ਗੁਰੂ ਤੇਗ ਬਹਾਦਰ ਜੀ ਦੇ ਨਾਮ ਤੇ ਗੁਰਦੁਆਰਾ ਸੰਗਤ ਸਾਹਿਬ ਗੁਰੂ ਤੇਗ ਬਹਾਦਰ ਜੀ ਮੌਜੂਦ ਸੀ। ਇੱਥੇ ਗੁਰੂ ਤੇਗ ਬਹਾਦਰ ਜੀ ਦਾ ਅਸਥਾਨ ਮੌਜੂਦ ਸੀ ਪਰ ਸਿੱਖ ਸੰਗਤਾਂ ਦੇ ਨਾ ਹੋਣ ਕਾਰਨ ਅੱਜ ਇਹ ਅਸਥਾਨ ਇੱਥੋਂ ਅਲੋਪ ਹੋ ਗਿਆ ਹੈ। ਸੰਤ ਮਲੂਕ ਦਾਸ ਜੀ ਦਾ ਡੇਰਾ ਭਾਵ ਉਹਨਾਂ ਦਾ ਅਸਥਾਨ ਕੜਾ ਮਾਣਕਪੁਰ ਵਿਖੇ ਮੌਜੂਦ ਹੈ। ਸਾਨੂੰ ਧਰਮ ਪ੍ਰਚਾਰ ਕਮੇਟੀਆਂ ਨੂੰ ਇਸ ਪਾਸੇ ਵੱਲ ਧਿਆਨ ਦੇਣਾ ਚਾਹੀਦਾ ਹੈ ਕਿ ਗੁਰੂ ਤੇਗ ਬਹਾਦਰ ਜੀ ਅਤੇ ਸੰਤ ਮਲੂਕ ਦਾਸ ਜੀ ਦਾ ਪਿਆਰ, ਸ਼ਰਧਾ ਅਤੇ ਵਿਸ਼ਵਾਸ ਨੂੰ ਲੋਕਾਂ ਵਿੱਚ ਪ੍ਰਚਾਰ ਕੀਤਾ ਜਾਵੇ ਕਿ ਕਿਵੇਂ ਗੁਰੂ ਤੇਗ ਬਹਾਦਰ ਜੀ ਨੇ ਸੰਤ ਮਲੂਕ ਦਾਸ ਜੀ ਨੂੰ ਗੁਰਬਾਣੀ ਨਾਲ ਜੋੜਿਆ ਸੀ। ਇਹ ਸਭ ਸੰਗਤਾਂ ਨੂੰ ਪ੍ਰਚਾਰ ਕਰਕੇ ਜ਼ਰੂਰ ਦੱਸਣਾ ਚਾਹੀਦਾ ਹੈ। ਕੜਾ ਮਾਣਕਪੁਰ ਤੋਂ ਅੱਗੇ ਚੱਲ ਕੇ ਕਿਹੜਾ ਸੁਨਹਿਰੀ ਪੰਨਾ ਇਤਿਹਾਸ ਵਿੱਚ ਦਰਜ ਕੀਤਾ ਜਾਂਦਾ ਹੈ, ਇਹ ਅਸੀਂ ਅਗਲੀ ਲੜੀ ਨੰ 98 ਵਿੱਚ ਸ੍ਰਵਨ ਕਰਾਂਗੇ।