ਗੁਰੂਬਾਣੀ: ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਰਾਗ ਗਉੜੀ ਮਹਿਲਾ ੯ ਵਿਚ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥੧॥ ਰਹਾਉ ॥
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥੧॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥੨॥੧॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)
ਭਾਵਾਰਥ-
ਹੋ ਸਾਧੂ-ਜਨੋ! (ਤੁਸੀਂ ਆਪਣੇ) ਮਨ ਦਾ ਹੰਕਾਰ (ਮਾਨ) ਤਿਆਗ ਦਿਓ। ਕਾਮ, ਕ੍ਰੋਧ (ਆਦਿ ਵਿਕਾਰਾਂ) ਅਤੇ ਮਾੜੇ ਮਨੁੱਖਾਂ ਦੀ ਸੰਗਤ ਤੋਂ ਦਿਨ-ਰਾਤ ਦੂਰ ਹੀ ਰਹੋ ।੧ ਰਹਾਉ। (ਜੋ ਵਿਅਕਤੀ) ਸੁਖ ਅਤੇ ਦੁਖ ਦੋਹਾਂ ਨੂੰ ਬਰਾਬਰ ਸਮਝਦਾ ਹੈ ਅਤੇ ਮਾਨ ਅਤੇ ਅਪਮਾਨ (ਨੂੰ ਵੀ ਸਮਾਨ ਜਾਣਦਾ ਹੈ) । ਖ਼ੁਸ਼ੀ ਅਤੇ ਗਮੀ ਤੋਂ ਨਿਰਲੇਪ ਰਹਿੰਦਾ ਹੈ, ਉਸੇ ਨੇ ਹੀ (ਸਹੀ ਢੰਗ ਨਾਲ) ਵਾਸਤਵਿਕਤਾ ਨੂੰ ਪਛਾਣਿਆ ਹੈ ।੧। ਉਸਤਤ ਅਤੇ ਨਿੰਦਿਆ ਦੋਹਾਂ ਨੂੰ (ਜੋ ਮਨੁੱਖ) ਤਿਆਗ ਦਿੰਦਾ ਹੈ, (ਉਹੀ) ਨਿਰਵਾਣ-ਪਦ ਨੂੰ ਖੋਜਦਾ ਹੈ । ਦਾਸ ਨਾਨਕ (ਦਾ ਕਥਨ ਹੈ ਕਿ) ਇਹ ਖੇਲ ਔਖਾ ਹੈ, (ਪਰ) ਕਿਸੇ ਵਿਰਲੇ ਨੇ ਇਸ ਨੂੰ ਗੁਰੂ ਦੀ ਸਿਖਿਆ ਦੁਆਰਾ ਜਾਣਿਆ ਹੈ ।੨।੧।
ਥਾਟ ————————————- ਭੈਰਵ
ਵਾਦੀ ———————————— ਰਿਸ਼ਭ
ਸੰਵਾਦੀ ——————————— ਪੰਚਮ
ਜਾਤੀ ———————————– ਔੜਵ, ਸੰਪੂਰਨ
ਆਰੋਹ ——————————— ਸ ਰੇ ਗ ਰੇ, ਮ ਪ ਨੀ ਸਂ
ਅਵਰੋਹ ——————————– ਸਂ ਨੀ ਧੁ ਪ, ਮ ਗ ਰੇ ਗ ਰੇ ਸ

ਗਉੜੀ ਮਹਲਾ ੯ ॥
ਸਾਧੇ ਰਚਨਾ ਰਾਮ ਬਨਾਈ ॥
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥੧॥ ਰਹਾਉ ॥
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥
ਝੂਠਾ ਤਨੁ ਸਾਚਾ ਕਰਿ ਮਾਨਿਓ ਜਿਉ ਸੁਪਨਾ ਰੈਨਾਈ ॥੧॥
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥੨॥੨॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)
ਭਾਵਾਰਥ-
ਹੋ ਸਾਧੋ। ਸ੍ਰਿਸ਼ਟੀ ਪ੍ਰਭੂ ਦੀ ਰਚੀ ਹੋਈ ਹੈ। ਇਕ (ਮਨੁੱਖ) ਮਰਦਾ ਹੈ, (ਪਰ) ਇਕ ਹੋਰ (ਮਨੁੱਖ ਆਪਣੇ ਆਪ ਨੂੰ) ਸਥਾਈ ਮੰਨਦਾ ਹੈ। (ਇਹ) ਅਸਚਰਜ ਸਮਝ ਵਿਚ ਨਹੀਂ ਆਉਂਦਾ ।੧। ਰਹਾਉ। ਕਾਮ ਅਤੇ ਕ੍ਰੋਧ ਦੇ ਵਸ ਵਿਚ ਹੋ ਕੇ ਪ੍ਰਾਣੀ ਨੇ ਪ੍ਰਭੂ ਦੀ ਹਸਤੀ ਨੂੰ ਭੁਲਾ ਦਿੱਤਾ ਹੈ। (ਉਹ) ਝੂਠੇ (ਅਰਥਾਤ ਨਾਸ਼ਮਾਨ) ਸ਼ਰੀਰ ਨੂੰ ਸੱਚਾ (ਸਥਾਈ) ਕਰਕੇ ਮੰਨਦਾ ਹੈ, ਜਿਵੇਂ ਰਾਤ ਦਾ ਸੁਪਨਾ (ਹੁੰਦਾ ਹੈ) ।੧ । ਜੋ ਦਿਸਦਾ ਹੈ, ਉਹ ਸਭ ਨਾਸ਼ ਹੋਣ ਵਾਲਾ ਹੈ, ਜਿਵੇਂ ਬੱਦਲ ਦੀ ਛਾਂ (ਹੁੰਦੀ ਹੈ)। ਦਾਸ ਨਾਨਕ (ਦਾ ਕਥਨ ਹੈ ਕਿ ਉਸ ਨੇ) ਜਗਤ ਨੂੰ ਝੂਠਾ ਸਮਝ ਲਿਆ ਹੈ ਅਤੇ ਰਾਮ ਦੀ ਸ਼ਰਣ ਵਿਚ ਰਹਿ ਰਿਹਾ ਹੈ ।੨।੨।

ਗਉੜੀ ਮਹਲਾ ੯ ॥
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥੧॥ ਰਹਾਉ ॥
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥
ਮ੍ਰਿਗ ਤ੍ਰਿਸਨਾ ਜਿਉ ਝੂਠੇ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥੧॥
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥
ਜਨ ਨਾਨਕ ਕੋਟਨ ਮੈ ਕੋਊ ਭਜਨੁ ਰਾਮ ਕੋ ਪਾਵੈ ॥੨॥੩॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)
ਭਾਵਾਰਥ-
ਪ੍ਰਾਣੀ ਨੂੰ ਹਰਿ ਦਾ ਜਸ ਮਨ ਵਿਚ (ਵਸਾਉਣਾ) ਨਹੀਂ ਆਉਂਦਾ। (ਜੋ ਵਿਅਕਤੀ) ਦਿਨ ਰਾਤ ਮਾਇਆ ਵਿਚ ਲੀਨ ਰਹਿੰਦਾ ਹੈ, (ਭਲਾ) ਦਸੋ (ਉਹ ਪ੍ਰਭੂ ਦਾ) ਗੁਣ-ਗਾਨ ਕਿਵੇਂ ਕਰ ਸਕਦਾ ਹੈ ? ੧ ।ਰਹਾਉ। ਪੁੱਤਰ, ਮਿਤਰ ਅਤੇ ਮਾਇਆਵੀ ਮਮਤਾ ਨਾਲ ਇਸ ਤਰ੍ਹਾਂ ਆਪਣੇ ਆਪ ਨੂੰ ਬੰਨ੍ਹਵਾ ਲੈਂਦਾ ਹੈ, ਜਿਵੇਂ ਮ੍ਰਿਗ-ਤ੍ਰਿਸ਼ਨਾ (ਦੇ ਭੁਲਾਵੇ ਕਰਕੇ) ਇਸ ਝੂਠੇ ਜਗਤ ਨੂੰ ਵੇਖ ਕੇ ਉਸ ਵਲ ਦੌੜਦਾ ਰਹਿੰਦਾ ਹੈ।੧। ਭੋਗ ਅਤੇ ਮੋਖ ਦਾ ਕਾਰਣ ਰੂਪ ਪ੍ਰਭੂ ਹੈ, ਮੂਰਖ (ਮਨੁੱਖ) ਉਸ ਨੂੰ ਭੁਲਾ ਦਿੰਦਾ ਹੈ। ਦਾਸ ਨਾਨਕ (ਦਾ ਕਥਨ ਹੈ ਕਿ) ਕਰੋੜਾਂ ਵਿਚੋਂ ਕੋਈ (ਵਿਰਲਾ ਹੀ ਹੁੰਦਾ ਹੈ ਜੋ) ਰਾਮ ਦੀ ਭਜਨ-ਬੰਦਗੀ ਪ੍ਰਾਪਤ ਕਰਦਾ ਹੈ ।੨।੩।

ਗਉੜੀ ਮਹਲਾ ੯ ॥
ਸਾਧੋ ਇਹੁ ਮਨੁ ਗਹਿਓ ਨ ਜਾਈ ॥
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥੧॥ ਰਹਾਉ ॥
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥
ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ ॥੧॥
ਜੋਗੀ ਜਤਨ ਕਰਤ ਸਭਿ ਹਾਰੇ ਗੁਨੀ ਰਹੇ ਗੁਨ ਗਾਈ ॥
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥੨॥੪॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)
ਭਾਵਾਰਥ-
ਹੈ ਸੰਤੋ ! ਇਸ ਮਨ ਉਤੇ ਕਾਬੂ ਨਹੀਂ ਪਾਇਆ ਜਾ ਸਕਦਾ (ਕਿਉਂਕਿ ਇਹ) ਚੰਚਲ ਤ੍ਰਿਸ਼ਨਾ ਦੀ ਸੰਗਤ ਵਿਚ ਵਸਦਾ ਹੈ, ਇਸ ਲਈ ਸਥਿਰ ਨਹੀਂ ਰਹਿੰਦਾ ।੧ ਰਹਾਉ।ਕਠੋਰ ਕ੍ਰੋਧ ਵੀ ਹਿਰਦੇ ਵਿਚ (ਵਸਦਾ ਹੈ) ਜਿਸ ਨੇ (ਮਨੁੱਖ ਦੀ) ਸਾਰੀ ਹੋਸ਼ ਭੁਲਾਈ ਹੋਈ ਹੈ। (ਇਸ ਕ੍ਰੋਧ ਨੇ) ਸਾਰਿਆਂ (ਮਨੁੱਖਾਂ) ਦਾ ਗਿਆਨ ਰੂਪ ਰਤਨ ਚੁਰਾ ਲਿਆ ਹੈ। ਉਸ ਅਗੇ ਕਿਸੇ ਦਾ ਵਸ ਨਹੀਂ ਚਲਦਾ ।੧। ਸਾਰੇ ਜੋਗੀ ਸਾਧਨਾ ਕਰਕੇ ਹਾਰ ਗਏ ਹਨ ਅਤੇ ਗੁਣਵਾਨ ਵਿਅਕਤੀ ਆਪਣੀ ਵਿਦਿਆ ਰਾਹੀਂ) ਗੁਣ-ਗਾਨ ਕਰਦਿਆਂ ਥਕ ਗਏ ਹਨ। ਦਾਸ ਨਾਨਕ (ਦਾ ਕਥਨ ਹੈ ਕਿ ਜਦੋਂ) ਪਰਮਾਤਮਾ ਦਿਆਲੂ ਹੁੰਦਾ ਹੈ, ਤਦੋਂ ਸਭ ਤਰ੍ਹਾਂ ਨਾਲ ਬਣ ਆਉਂਦੀ ਹੈ (ਅਰਥਾਤ ਸਫਲ-ਮਨੋਰਥ ਹੋ ਜਾਈਦਾ ਹੈ) ।੨।੪।

ਗਉੜੀ ਮਹਲਾ ੯ ॥
ਸਾਧੇ ਗੋਬਿੰਦ ਕੇ ਗੁਨ ਗਾਵਉ ॥
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥੧॥ ਰਹਾਉ ॥
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥
ਗਜ ਕੋ ਤ੍ਰਾਸੁ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵਉ ॥੧॥
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥੨॥੫॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੧੯)
ਭਾਵਾਰਥ-
ਹੋ ਸਾਧੋ! (ਤੁਸੀਂ) ਪ੍ਰਭੂ ਦੇ ਗੁਣ ਗਾਓ। (ਤੁਸੀਂ) ਅਮੋਲਕ ਮਾਨਵ ਜਨਮ ਪ੍ਰਾਪਤ ਕੀਤਾ ਹੈ, (ਉਸ ਨੂੰ) ਵਿਅਰਥ ਵਿਚ ਕਿਉਂ ਗਵਾ ਰਹੇ ਹੋ ।੧ ਰਹਾਉ । ਪਰਮਾਤਮਾ ਪਤਿਤਾਂ ਨੂੰ ਪਵਿਤਰ ਕਰਨ ਵਾਲਾ ਅਤੇ ਦੀਨਾਂ (ਗ਼ਰੀਬਾਂ) ਦਾ ਬੰਧੂ ਹੈ, (ਤੁਸੀਂ) ਉਸ ਦੀ ਸ਼ਰਣ ਵਿਚ ਆਓ। ਜਿਸ (ਪ੍ਰਭੂ) ਨੂੰ ਸਿਮਰਨ ਨਾਲ (ਤੰਦੂਏ ਦੁਆਰਾ ਪਕੜੇ ਜਾਣ ‘ਤੇ) ਹਾਥੀ ਦਾ ਡਰ ਦੂਰ ਹੋ ਗਿਆ, (ਉਸ ਨੂੰ) ਤੁਸੀਂ ਕਿਉਂ ਭੁਲਾਉਂਦੇ ਹੋ? ।੧। (ਆਪਣੇ) ਹੰਕਾਰ ਅਤੇ ਮਾਇਆ ਦੇ ਮੋਹ ਨੂੰ ਛਡ ਕੇ ਫਿਰ ਪ੍ਰਭੂ ਦੀ ਭਗਤੀ ਵਿਚ ਚਿਤ ਲਗਾਓ। ਨਾਨਕ ਦਾ ਕਥਨ ਹੈ ਕਿ (ਭਵ-ਸਾਗਰ ਤੋਂ) ਮੁਕਤ ਹੋਣ ਦਾ ਇਹੀ ਮਾਰਗ ਹੈ, ਗੁਰਮੁਖ ਹੋ ਕੇ ਤੁਸੀਂ (ਇਸ ਨੂੰ) ਪ੍ਰਾਪਤ ਕਰੋ ।੨ ।੫।

ਗਉੜੀ ਮਹਲਾ ੯ ॥
ਕੋਊ ਮਾਈ ਭੂਲਿਓ ਮਨੁ ਸਮਝਾਵੈ ॥
ਬੇਦ ਪੁਰਾਨ ਸਾਧ ਮਗ ਸੁਨਿ ਕਰਿ ਨਿਮਖ ਨ ਹਰਿ ਗੁਨ ਗਾਵੈ ॥੧॥ ਰਹਾਉ ॥
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥੧॥
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥੨॥੬॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੨੦)
ਭਾਵਾਰਥ-
ਹੇ ਮਾਤਾ! ਕੋਈ ਮੇਰੇ ਭੁਲੇ ਹੋਏ ਮਨ ਨੂੰ ਸਮਝਾਵੇ। ਵੇਦਾਂ, ਪੁਰਾਣਾਂ ਅਤੇ ਸਾਧਾਂ (ਦੁਆਰਾ ਸੁਝਾਏ ਹੋਏ) ਮਾਰਗ ਨੂੰ ਸੁਣ ਕੇ ਛਿਣ ਭਰ ਲਈ ਵੀ (ਇਹ) ਹਰਿ ਦੇ ਗੁਣਾਂ ਦਾ ਗਾਇਨ ਨਹੀਂ ਕਰਦਾ ।੧ ਰਹਾਉ। ਮਨੁੱਖ ਦੀ ਦੁਰਲਭ ਦੇਹ ਪ੍ਰਾਪਤ ਕਰਕੇ ਵੀ (ਇਹ) ਜਨਮ ਨੂੰ ਵਿਅਰਥ ਵਿਚ ਗੁਜ਼ਾਰ ਰਿਹਾ ਹੈ। ਮਾਇਆ ਦਾ ਮੋਹ ਰੂਪ (ਜੋ) ਦੁਖਦਾਇਕ ਜੰਗਲ ਹੈ, ਉਸ ਪ੍ਰਤਿ ਇਸ ਨੇ ਰੁਚੀ ਪੈਦਾ ਕਰ ਲਈ ਹੈ ।੧। ਅੰਦਰ ਬਾਹਰ ਹਮੇਸ਼ਾ ਸੰਗ ਰਹਿਣ ਵਾਲਾ ਪ੍ਰਭੂ ਹੈ, (ਇਹ) ਉਸ ਨਾਲ ਪ੍ਰੇਮ ਨਹੀਂ ਲਗਾਉਂਦਾ। ਨਾਨਕ (ਦਾ ਕਥਨ ਹੈ ਕਿ) ਤੁਸੀਂ ਉਸ ਨੂੰ ਹੀ ਮੁਕਤ ਸਮਝੋ ਜਿਸ ਦੇ ਹਿਰਦੇ ਵਿਚ ਪ੍ਰਭੂ ਸਮਾ ਰਿਹਾ ਹੋਵੇ ।੨॥੬॥

ਗਉੜੀ ਮਹਲਾ ੯ ॥
ਸਾਧੇ ਰਾਮ ਸਰਨਿ ਬਿਸਰਾਮਾ ॥
ਬੇਦ ਪੁਰਾਨ ਪੜੇ ਕੇ ਇਹ ਗੁਨ ਸਿਮਰੈ ਹਰਿ ਕੋ ਨਾਮਾ ॥੧॥ ਰਹਾਉ ॥
ਲੋਭ ਮੋਹ ਮਾਇਆ ਮਮਤਾ ਫੁਨਿ ਅਉ ਬਿਖਿਅਨ ਕੀ ਸੇਵਾ ॥
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥੧॥
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥
ਉਸਤਤਿ ਨਿੰਦਾ ਏ ਸਮ ਜਾ ਕੈ ਲੋਭੁ ਮੋਹੁ ਫੁਨਿ ਤੈਸਾ ॥੨॥
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥੩॥੭॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੨੦)
ਭਾਵਾਰਥ-
ਹੇ ਸੰਤੋ | ਪ੍ਰਭੂ ਦੀ ਸ਼ਰਣ ਪਿਆਂ ਹੀ ਸ਼ਾਂਤੀ ਪ੍ਰਾਪਤ ਹੁੰਦੀ ਹੈ। ਵੇਦ ਅਤੇ ਪੁਰਾਣ (ਆਦਿ ਧਰਮ ਗ੍ਰੰਥ) ਪੜ੍ਹਨ ਦਾ ਇਹ ਗੁਣ ਅਥਵਾ ਲਾਭ (ਹੋਣਾ ਚਾਹੀਦਾ ਹੈ ਕਿ ਮਨੁੱਖ) ਹਰ ਦੇ ਨਾਮ ਦਾ ਸਿਮਰਨ ਕਰੋ ।੧ ਰਹਾਉ। ਲੋਭ, ਮੋਹ, ਮਾਇਆਵੀ ਮਮਤਾ ਅਤੇ ਫਿਰ ਹੋਰ ਵਿਸ਼ਿਆ ਦਾ ਸੇਵਨ (ਜਿਸ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ), ਜਿਸ ਨੂੰ ਹਰਖ ਅਤੇ ਸੋਗ ਛੋਹ ਨਹੀਂ ਸਕਦੇ, ਉਹ (ਸਹੀ ਅਰਥਾਂ ਵਿਚ) ਪਰਮਾਤਮਾ ਦਾ ਰੂਪ ਹੈ।੧। ਜਿਸ ਮਨੁੱਖ ਲਈ ਨਰਕ ਅਤੇ ਸਵਰਗ, ਅੰਮ੍ਰਿਤ ਅਤੇ ਵਿਸ਼ (ਇਕ-ਸਮਾਨ ਹਨ) ਅਤੇ ਉਸੇ ਤਰ੍ਹਾਂ ਸੋਨਾ ਅਤੇ ਤਾਂਬਾ (ਪੈਸਾ) (ਬਰਾਬਰ ਹਨ); ਜਿਸ ਲਈ ਉਸਤਤ ਅਤੇ ਨਿੰਦਿਆ ਇਕੋ ਜਿਹੀਆਂ ਹਨ ਅਤੇ ਉਸੇ ਤਰ੍ਹਾਂ ਲੋਭ ਅਤੇ ਮੋਹ (ਵੀ ਇਕੋ ਜਿਹੇ ਲਗਦੇ ਹਨ)।੨।ਜਿਸ ਨੂੰ ਦੁਖ ਅਤੇ ਸੁਖ ਬੰਨ੍ਹਦੇ ਨਹੀਂ ਹਨ, ਉਸ ਨੂੰ ਤੁਸੀਂ ‘ਗਿਆਨੀ’ ਸਮਝੋ । ਨਾਨ ਕਥਨ ਹੈ ਕਿ) ਇਸ ਤਰ੍ਹਾਂ ਦਾ ਜੋ ਪ੍ਰਾਣੀ (ਅਰਥਾਤ ਮਨੁੱਖ) ਹੈ, ਤੁਸੀਂ ਉਸ ਨੂੰ ਹੀ ਸਮਝੋ।੩।੭।

ਗਉੜੀ ਮਹਲਾ ੯ ॥
ਮਨ ਰੇ ਕਹਾ ਭਇਓ ਤੈ ਬਉਰਾ ॥
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥੧॥ ਰਹਾਉ ॥
ਜੋ ਤਨੁ ਤੈ ਅਪਨੇ ਕਰਿ ਮਾਨਿਓ ਅਰੁ ਸੁੰਦਰ ਗ੍ਰਿਹ ਨਾਰੀ ॥
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥੧॥
ਰਤਨ ਜਨਮੁ ਅਪਨੇ ਤੈ ਹਾਰਿਓ ਗੋਬਿੰਦ ਗਤਿ ਨਹੀ ਜਾਨੀ ॥
ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਅਉਧ ਸਿਰਾਨੀ ॥੨॥
ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥੩॥੮॥
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੨੦)
ਭਾਵਾਰਥ-
ਹੇ ਮਨ! ਤੂੰ (ਸੰਸਾਰਿਕਤਾ ਵਿਚ ਉਲਝ ਕੇ) ਕਿਉਂ ਪਾਗਲ ਹੋ ਗਿਆ ਹੈ। (ਤੂੰ) ਨਹੀਂ ਜਾਣਦਾ ਕਿ ਦਿਨ ਰਾਤ ਉਮਰ ਘਟ ਰਹੀ ਹੈ ਅਤੇ (ਤੂੰ) ਲੋਭ ਵਿਚ ਪੈਣ ਕਾਰਣ (ਆਤਮਿਕ ਤੌਰ ‘ਤੇ) ਹੌਲਾ ਹੋ ਗਿਆ ਹੈਂ ।੧ ।ਰਹਾਉ। ਜਿਸ ਸ਼ਰੀਰ ਅਤੇ ਘਰ ਦੀ ਸੁੰਦਰ ਨਾਰੀ ਨੂੰ ਤੂੰ ਆਪਣਾ ਸਮਝ ਰਖਿਆ ਹੈ, ਇਨ੍ਹਾਂ ਵਿਚੋਂ ਕੁਝ ਵੀ ਤੇਰਾ ਨਹੀਂ ਹੈ, (ਤੂੰ) ਸੋਚ ਵਿਚਾਰ ਕੇ ਵੇਖ ਲੈ ।੧ । ਤੂੰ ਆਪਣਾ ਰਤਨ ਤੁੱਲ ਜਨਮ (ਜੂਏ ਦੀ ਬਾਜ਼ੀ ਵਾਂਗ) ਹਾਰ ਦਿੱਤਾ ਹੈ (ਕਿਉਂਕਿ ਤੂੰ) ਪ੍ਰਭੂ ਦੀ ਗਤੀਵਿਧੀ ਨੂੰ ਨਹੀਂ ਜਾਣਿਆ। ਛਿਣ ਭਰ ਲਈ ਵੀ (ਤੂੰ ਪ੍ਰਭੂ ਦੇ) ਚਰਣਾਂ ਵਿਚ ਲੀਨ ਨਹੀਂ ਹੋਇਆ, ਵਿਅਰਥ ਵਿਚ (ਸਾਰੀ) ਉਮਰ ਗੁਜ਼ਾਰ ਦਿੱਤੀ ਹੈ ।੨। ਨਾਨਕ ਦਾ ਕਥਨ ਹੈ ਕਿ ਉਹੀ ਮਨੁੱਖ ਸੁਖੀ ਹੈ ਜੋ ਰਾਮ-ਨਾਮ ਦੇ ਗੁਣਾਂ ਦਾ ਗਾਇਨ ਕਰਦਾ ਹੈ । ਹੋਰ ਸਾਰਾ ਜਗਤ ਮਾਇਆ ਵਿਚ ਮੋਹਿਆ ਹੋਇਆ ਹੈ, (ਇਸ ਲਈ ਉਹ) ਨਿਰਭੈਅਤਾ ਦੀ ਸਥਿਤੀ ਨੂੰ ਪ੍ਰਾਪਤ ਨਹੀਂ ਹੁੰਦਾ ।੩।੮।

ਗਉੜੀ ਮਹਲਾ ੯ ॥
ਨਰ ਅਚੇਤ ਪਾਪ ਤੇ ਡਰੁ ਰੇ ॥
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥੧॥ ਰਹਾਉ ॥
ਬੇਦ ਪੁਰਾਨ ਜਾਸ ਗੁਨ ਗਾਵਤ ਤਾ ਕੋ ਨਾਮੁ ਹੀਐ ਮੋ ਧਰੁ ਰੇ ॥
ਪਾਵਨ ਨਾਮੁ ਜਗਤਿ ਮੈ ਹਰਿ ਕੋ ਸਿਮਰਿ ਸਿਮਰਿ ਕਸਮਲ ਸਭ ਹਰੁ ਰੇ ॥੧॥
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥
ਨਾਨਕ ਕਹਤ ਗਾਇ ਕਰੁਨਾ ਮੈ ਭਵ ਸਾਗਰ ਕੈ ਪਾਰਿ ਉਤਰੁ ਰੇ ॥੨॥੯॥੨੫੧॥
(ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ ੨੨੦)
ਭਾਵਾਰਥ-
ਹੇ ਮੂਰਖ ਮਨੁੱਖ। ਪਾਪ ਤੋਂ ਡਰ । ਤੂੰ ਦੀਨਾਂ (ਗ਼ਰੀਬਾਂ) ਉਪਰ ਦਇਆ ਕਰਨ ਵਾਲੇ ਅਤੇ ਸਾਰਿਆਂ ਡਰਾਂ ਨੂੰ ਖ਼ਤਮ ਕਰਨ ਵਾਲੇ ਉਸ (ਪ੍ਰਭੂ) ਦੀ ਸ਼ਰਣ ਵਿਚ ਪੈ ।੧ ਰਹਾਉ। ਜਿਸ ਦੇ ਗੁਣ ਵੇਦ ਅਤੇ ਪੁਰਾਣ (ਆਦਿਕ ਧਰਮ ਗ੍ਰੰਥ) ਗਾ ਰਹੇ ਹਨ, ਉਸ ਦਾ ਨਾਮ (ਆਪਣੇ) ਹਿਰਦੇ ਵਿਚ ਧਾਰਣ ਕਰ । ਜਗਤ ਵਿਚ ਹਰਿ ਦਾ ਨਾਮ ਹੀ ਪਵਿਤਰ ਹੈ, (ਉਸ ਨੂੰ) ਸਿਮਰ ਸਿਮਰ ਕੇ ਸਾਰੇ ਪਾਪ ਦੂਰ ਕਰ ਦੇ ।੧। ਮਨੁੱਖ ਸ਼ਰੀਰ ਫਿਰ ਨਹੀਂ ਮਿਲਣਾ, (ਇਸ ਲਈ) ਮੁਕਤੀ ਦਾ ਕੁਝ ਉਪਾ ਕਰ ਲੈ। ਨਾਨਕ ਦਾ ਕਥਨ ਹੈ ਕਿ ਕੁਰਣਾਮਈ (ਪਰਮਾਤਮਾ ਦੇ ਗੁਣਾਂ ਨੂੰ ਗਾਇਨ ਕਰਕੇ ਭਵ-ਸਾਗਰ ਤੋਂ ਪਾਰ ਹੋ ਜਾ ੨।੯।੨੫੧।
